Press ReleaseBreaking NewsD5 specialNewsPunjab

ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾਂ ਮਰੀਜ਼ਾਂ ਦੇ ਇਲਾਜ਼ ਲਈ ਗੁਰੂ ਘਰਾਂ ਵਿਚ ਆਰਜ਼ੀ ਵਾਡਰ ਸਥਾਪਿਤ

ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵਿਖੇ ਆਕਸੀਜਨ ਪਲਾਂਟ ਤਿਆਰ, ਇੱਕ ਹਫਤੇ ਤੱਕ ਦੇਵੇਗਾ ਸੇਵਾਵਾਂ- ਬੀਬੀ ਜਗੀਰ ਕੌਰ 
ਅੰਮ੍ਰਿਤਸਰ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾਂ ਮਰੀਜ਼ਾਂ ਦੇ ਇਲਾਜ਼ ਲਈ ਆਕਸੀਜਨ ਪਲਾਂਟ ਸਥਾਪਿਤ ਕਰਨ ਦੇ ਨਾਲ ਨਾਲ ਕਾਨਸੰਟ੍ਰੇਟਰ ਰਾਹੀਂ ਹਵਾ ਤੋਂ ਆਕਸੀਜਨ ਤਿਆਰ ਕਰਕੇ ਮੈਡੀਕਲ ਸੇਵਾਵਾਂ ਦੇਣ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਕਾਰਨ ਮੌਜੂਦਾਂ ਹਾਲਾਤਾਂ ਨਾਲ ਨਜਿੱਠਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਆਕਸੀਜਨ ਪਲਾਂਟ ਤਿਆਰ ਕੀਤਾ ਗਿਆ ਹੈ, ਜੋ ਇੱਕ ਹਫਤੇ ਤੱਕ ਸੇਵਾਵਾਂ ਆਰੰਭ ਦੇਵੇਗਾ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਕੇਂਦਰ ਸਰਕਾਰ ਦੀ ਮਨਜੂਰੀ ਹਾਸਲ ਕੀਤੀ ਜਾ ਚੁੱਕੀ ਹੈ ਅਤੇ ਸਰਕਾਰ ਦੀਆਂ ਸ਼ਰਤਾਂ ਅਨੁਸਾਰ 2 ਵੱਡੇ ਜਨਰੇਟਰ ਵੀ ਖਰੀਦੇ ਗਏ ਹਨ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਹਵਾ ਤੋਂ ਆਕਸੀਜਨ ਤਿਆਰ ਕਰਨ ਲਈ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਲਈ ਅਮਰੀਕਾ ਦੇ ਇੱਕ ਸ਼ਰਧਾਲੂ ਨੇ 200 ਕਾਨਸੰਟ੍ਰੇਟਰ ਦੀ ਸੇਵਾ ਕਰਵਾਈ ਹੈ। ਇਸ ਤੋਂ ਇਲਾਵਾ ਜਰੂਰਤ ਅਨੁਸਾਰ ਸ਼੍ਰੋਮਣੀ ਕਮੇਟੀ ਖੁਦ ਵੀ ਕਾਨਸੰਟ੍ਰੇਟਰ ਖਰੀਦੇਗੀ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਹਸਪਤਾਲ ਸ੍ਰੀ ਅੰਮ੍ਰਿਤਸਰ ਨੂੰ ਪਹਿਲਾਂ ਹੀ ਕੋਰੋਨਾ ਮਰੀਜ਼ਾਂ ਲਈ ਰਾਖਵਾਂ ਕੀਤਾ ਗਿਆ ਹੈ, ਜਿਸ ਵਿਚ 100 ਬੈੱਡ ਅਤੇ 37 ਵੈਂਟੀਲੇਟਰਾਂ ਦਾ ਪ੍ਰਬੰਧ ਹੈ। ਹੁਣ ਵਧ ਰਹੇ ਕੋਰੋਨਾ ਕੇਸਾਂ ਨੂੰ ਧਿਆਨ ਵਿਚ ਰੱਖਦਿਆਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਦੀਵਾਨ ਹਾਲ ਵਿਚ ਦੋ ਭਾਗਾਂ ਵਿਚ 25-25 ਬੈੱਡਾਂ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ 25 ਬੈਡਾਂ ਦਾ ਆਰਜੀ ਵਾਰਡ ਤਿਆਰ ਕੀਤਾ ਜਾ ਰਿਹਾ ਹੈ।
ਇਥੇ ਕਾਨਸੰਟ੍ਰੇਟਰ ਰਾਹੀਂ ਮਰੀਜ਼ਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ ਅਤੇ ਹੰਗਾਮੀ ਹਾਲਤ ਲਈ ਮੈਡੀਕਲ ਐਂਬੂਲੈਂਸ ਦਾ ਵੀ ਪ੍ਰਬੰਧ ਹੋਵੇਗਾ ਤਾਂ ਜੋ ਲੋੜ ਪੈਣ ਤੇ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਇਆ ਜਾ ਸਕੇ। ਇਨ੍ਹਾਂ ਵਾਰਡਾਂ ਵਿਚ ਦੋ ਸ਼ਿਫਟਾਂ ਵਿਚ ਮੈਡੀਕਲ ਟੀਮਾਂ ਕੰਮ ਕਰਨਗੀਆਂ।
ਸ਼੍ਰੋਮਣੀ ਕਮੇਟੀ ਨੇ ਵਿੱਤੀ ਆਡਿਟ ਲਈ 24 ਕੰਪਨੀਆਂ ਦੀਆਂ ਸੇਵਾਵਾਂ ਲਈਆਂ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਅਤੇ ਵਿਦਿਅਕ ਅਦਾਰਿਆਂ ਦੇ ਵਿੱਤੀ ਕੰਮ ਕਾਜ ਨੂੰ ਪਾਰਦਰਸ਼ੀ ਢੰਡ ਨਾਲ ਆਡਿਟ ਕਰਨ ਲਈ 24 ਕੰਪਨੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸੀਏ ਫਰਮਾਂ ਗੁਰਦੁਆਰਿਆਂ ਅਤੇ ਵਿਦਿਅਕ ਅਦਾਰਿਆਂ ਦਾ ਇੰਟਰਨਲ ਆਡਿਟ ਕਰਨ ਲਈ ਜਿਲ੍ਹਾ ਪੱਧਰ ’ਤੇ ਕਾਰਜਸ਼ੀਲ ਹੋਣਗੀਆਂ। ਫਿਲਹਾਲ ਇਹ ਸੇਵਾਵਾਂ ਵਿੱਤੀ ਸਾਲ 2021-22 ਲਈ ਲਈਆਂ ਜਾ ਰਹੀਆਂ ਹਨ, ਜਿਸ ਲਈ ਕਰੀਬ 49 ਲੱਖ ਰੁਪਏ ਸਾਲਾਨਾ ਭੁਗਤਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰ ਫਰਮ ਨੂੰ ਮਹੀਨੇ ਦੀ 10 ਤਰੀਕ ਤੱਕ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਆਪਣੀ ਰਿਪੋਰਟ ਦੇਣੀ ਲਾਜ਼ਮੀ ਹੋਵੇਗੀ।
ਉਨ੍ਹਾਂ ਕਿਹਾ ਕਿ ਵਿੱਤੀ ਪਾਰਦਰਸ਼ਤਾ ਲਈ ਸੰਸਥਾ ਦਾ ਕੰਮਕਾਜ ਮਾਹਿਰ ਸੀਏ ਤੋਂ ਕਰਵਾਇਆ ਜਾਣਾ ਜ਼ਰੂਰੀ ਹੈ, ਇਸ ਵਾਸਤੇ ਸਬ ਕਮੇਟੀ ਨੇ ਬਕਾਇਦਾ ਇੰਟਰਵਿਊ ਰਾਹੀ ਸੀਏ ਫਰਮਾਂ ਦੀ ਚੋਣ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਰ ਫਰਮ ਸ਼੍ਰੋਮਣੀ ਕਮੇਟੀ ਵੱਲੋਂ ਬਕਾਇਦਾ ਤਿਆਰ ਕੀਤੇ ਗਏ ਨਿਯਮਾਂ ਤਹਿਤ ਕੰਮ ਕਰੇਗੀ। ਆਡਿਟ ਦੇ ਨਾਲ ਨਾਲ ਵਿਦਿਅਕ ਅਦਾਰਿਆਂ ਤੇ ਗੁਰਦੁਆਰਾ ਸਾਹਿਾਬਨ ਦੇ ਸਟਾਫ ਨੂੰ ਇਨ੍ਹਾਂ ਫਰਮਾਂ ਵੱਲੋਂ ਦੋਹਰਾ ਇੰਦਰਾਜ਼ ਅਤੇ ਕੰਪਿਊਟਰੀਕਰਨ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਫਰਮਾਂ ਨੂੰ ਆਡਿਟ ਕਰਦੇ ਸਮੇਂ ਕੋਈ ਕੋਸੇ ਵੀ ਮਾਮਲੇ ਸਬੰਧੀ ਅਧਿਕਾਰਾਂ ਤੋਂ ਬਾਹਰ ਜਾ ਕੇ ਕੀਤੇ ਹੋਏ ਕੰਮ ਬਾਰੇ ਸ਼੍ਰੋਮਣੀ ਕਮੇਟੀ ਮੁੱਖ ਦਫਤਰ ਦੇ ਧਿਆਨ ਵਿਚ ਲਿਆਉਣਾ ਜ਼ਰੂਰੀ ਹੋਵੇਗਾ ਅਤੇ ਉਸ ਨੂੰ ਸੀਏ ਫਰਮਾਂ ਮਹੀਨਾਵਾਰ ਆਪਣੀ ਰਿਪੋਰਟ ਵਿਚ ਵਿਸ਼ੇਸ਼ ਤੌਰ ’ਤੇ ਦਰਜ਼ ਕਰਕੇ ਵੀ ਭੇਜਣਗੀਆਂ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਾਡਾ ਮੰਤਵ ਗੁਰਦੁਆਰਾ ਪ੍ਰਬੰਧਾਂ ਨੂੰ ਹਰ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਸੰਗਤਾਂ ਸਾਹਮਣੇ ਪੇਸ਼ ਕਰਨਾ ਹੈ ਅਤੇ ਇਸੇ ਅਨੁਸਾਰ ਹੀ ਕਾਰਜ ਕੀਤੇ ਜਾ ਰਹੇ ਹਨ। ਇਸੇ ਦੌਰਾਨ ਬੀਬੀ ਜਗੀਰ ਕੌਰ ਨੇ ਤਖਤ ਸ੍ਰੀ ਪਟਨਾ ਸਾਹਿਬ ਸਬੰਧੀ ਧਮਕੀ ਭਰੇ ਪੱਤਰ ਦੇ ਮਾਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਕੁਝ ਸਮਾਜ ਵਿਰੋਧੀ ਲੋਕ ਗੁਰੂ ਘਰਾਂ ਦੀਆਂ ਮਾਵਨ ਹਿਤਕਾਰੀ ਸੇਵਾਵਾਂ ਨੂੰ ਬਰਦਾਸ਼ਤ ਨਹੀਂ ਕਰ ਰਹੇ ਅਤੇ ਸਮੇਂ ਸਮੇਂ ਨਫਰਤੀ ਭਾਵਨਾ ਨਾਲ ਅਜਿਹੀਆਂ ਘਿਨੌਣੀਆਂ ਚਾਲਾਂ ਚੱਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਸਰਕਾਰਾਂ ਸਖਤੀ ਨਾਲ ਪੇਸ਼ ਆਉਣ ਅਤੇ ਇਨ੍ਹਾਂ ਦਾ ਚਿਹਰਾ ਵੀ ਨੰਗਾ ਕਰਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਸ. ਅਜਮੇਰ ਸਿੰਘ ਖੇੜਾ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਚਰਨਜੀਤ ਸਿੰਘ ਕਾਲੇਵਾਲ, ਬੀਬੀ ਪਰਮਜੀਤ ਕੌਰ ਲਾਂਡਰਾਂ, ਬੀਬੀ ਕਿਰਨਜੋਤ ਕੌਰ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਸੁਖਮਿੰਦਰ ਸਿੰਘ, ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਆਦਿ ਮੌਜੂਦ ਸਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button