OpinionD5 special

ਸ਼ਹੀਦ ਬਾਬਾ ਦੀਪ ਸਿੰਘ ਜੀ – ਪ੍ਰਕਾਸ਼ ਪੁਰਬ ਮੌਕੇ

ਡਾ.ਚਰਨਜੀਤ ਸਿੰਘ ਗੁਮਟਾਲਾ

ਬਾਬਾ ਦੀਪ ਸਿੰਘ ਦਾ ਜਨਮ 14 ਮਾਘ ਸੰਮਤ 1739 ਬਿਕਰਮੀ ਨੂੰ ਪਿੰਡ ਪਹੂਵਿੰਡ ਜ਼ਿਲ੍ਹਾ ਤਰਨਤਾਰਨ ਵਿੱਚ ਮਾਤਾ ਜਿਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿੱਚ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਂ ਦੀਪਾ ਸੀ।ਛੋਟੇ ਹੁੰਦਿਆਂ ਹੀ ਉਨ੍ਹਾਂ ਨੇ ਗੁਰਮੁੱਖੀ ਪੜ੍ਹੀ ਤੇ ਗੁਰਬਾਣੀ ਦਾ ਪਾਠ ਕਰਨਾ ਸਿੱਖਿਆ। ਵਾਹੀ ਵੀ ਕੀਤੀ , ਨੇਜ਼ਾ ਸੁੱਟਣ ਅਤੇ ਘੋੜ ਸਵਾਰੀ ਵੀ ਕੀਤੀ। ਸਰੀਰਕ ਤੌਰ ‘ਤੇ ਉਹ ਰਿਸ਼ਟ ਪੁਸ਼ਟ, ਚੰਗੇ ਕੱਦ ਕਾਠ ਵਾਲੇ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ। ਜਦ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਸਾਜਿਆ ਤਾਂ ਇਸ ਦੀ ਚਰਚਾ ਪਿੰਡ ਪਿੰਡ ਹੋਣ ਲੱਗੀ। ਜਦ ਆਪ ਨੇ ਵੀ ਇਸ ਬਾਰੇ ਸੁਣਿਆ ਤਾਂ ਆਪ ਵੀ ਮਾਤਾ ਪਿਤਾ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਜਾ ਨਿਵਾਜੇ। ਉਨ੍ਹਾਂ ਨੇ ਵੀ ਗੁਰੂ ਜੀ ਪਾਸੋਂ ਅੰਮ੍ਰਿਤਪਾਨ ਕੀਤਾ। ਉਸ ਸਮੇਂ ਆਪ ਜੀ ਦੀ ਉਮਰ 18 ਸਾਲ ਸੀ।ਗੁਰੂ ਜੀ ਨੇ ਉਨ੍ਹਾਂ ਨੂੰ ਕੁਝ ਸਮਾਂ ਅਨੰਦਪੁਰ ਸਾਹਿਬ ਰਹਿਣ ਲਈ ਕਿਹਾ। ਉੱਥੇ ਰਹਿ ਕੇ ਆਪ ਲੰਗਰ ਦੀ ਸੇਵਾ ਦੇ ਨਾਲ ਛੋਟੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਉਣ ਤੇ ਅਰਥ ਸਮਝਾਉਣ ਦੀ ਸੇਵਾ ਕਰਦੇ ਰਹੇ। ਸਤਿਗੁਰੂ ਜੀ ਨੇ ਆਪ ਨੂੰ ਗੁਰਮੁੱਖੀ, ਅਰਬੀ, ਫਾਰਸੀ ਭਾਸ਼ਾ ਦੀ ਪੜ੍ਹਾਈ ਕਰਾਕੇ ਇੱਕ ਸੁਘੜ ਵਿਦਵਾਨ ਬਣਾ ਦਿੱਤਾ।

ਅਨੰਦਪੁਰ ਵਿਖੇ ਰਹਿੰਦੇ ਹੋਏ ਉਨ੍ਹਾਂ ਭਾਈ ਮਨੀ ਸਿੰਘ ਪਾਸੋਂ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ ਤੇ ਨਾਲ ਹੀ ਸ਼ਸਤਰ ਯੁੱਧ ਵਿੱਚ ਵੀ ਜੂਝਣ ਦੀ ਸਿੱਖਿਆ ਗ੍ਰਹਿਣ ਕੀਤੀ। ਇਸ ਤਰ੍ਹਾਂ 20-22 ਸਾਲ ਦੀ ਉਮਰ ਵਿੱਚ ਆਪ ਇੱਕ ਸੂਝਵਾਨ ਵਿਦਵਾਨ ਤੇ ਸੂਰਬੀਰ ਜੋਧੇ ਬਣ ਗਏ। ਇੱਕ ਪਾਸੇ ਪਵਿੱਤਰ ਗੁਰਬਾਣੀ ਦਾ ਗਿਆਨ ਕਰਵਾਉਂਦੇ, ਗੁਰੂ ਜੀ ਦੇ ਆਦੇਸ਼ ਅਨੁਸਾਰ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਾਕੇ ਸਿੱਖਾਂ ਵਿੱਚ ਨਵਾਂ ਧਾਰਮਿਕ ਜੋਸ਼ ਭਰਦੇ, ਦੂਜੇ ਪਾਸੇ ਸਿੰਘ ਸੂਰਮਿਆਂ ਦੇ ਜਥੇ ਤਿਆਰ ਕਰਕੇ ਲੋੜ ਸਮੇਂ ਮੈਦਾਨੇ ਜੰਗ ਭੇਜਦੇ। ਮੁਕਤਸਰ ਦੀ ਜੰਗ ਪਿੱਛੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਈ ਪਿੰਡਾਂ ਤੋਂ ਹੁੰਦੇ ਹੋਏ ਸਾਬੋ ਕੀ ਤਲਵੰਡੀ ਪਹੁੰਚੇ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਇਸ ਥਾਂ ਗੁਰੂ ਜੀ ਨੂੰ ਮਿਲੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਭਾਈ ਮਨੀ ਸਿੰਘ ਤੋਂ ਲਿਖਵਾਉਂਦਿਆਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਣੀ ਨੂੰ ਵੀ ਸ਼ਾਮਿਲ ਕਰਵਾਇਆ। ਅੰਤਮ ਰੂਪ ਦਿੰਦਿਆਂ ਬਾਬਾ ਦੀਪ ਸਿੰਘ ਜੀ ਨੇ ਵੀ ਸਹਾਇਤਾ ਕੀਤੀ, ਜਿਨ੍ਹਾਂ ਨੂੰ ਇੱਕ ਸਿੰਘ ਭਾਈ ਸ਼ੇਰ ਸਿੰਘ ਨੂੰ ਪਹੁਵਿੰਡ ਭੇਜ ਕੇ ਬੁਲਾਇਆ ਗਿਆ ਸੀ। ਆਪ ਕਲਮਾਂ, ਸਿਆਹੀ ਅਤੇ ਕਾਗਜ਼ ਆਦਿ ਤਿਆਰ ਕਰਦੇ ਸਨ। ਇਸ ਬੀੜ ਨੂੰ ਦਮਦਮੇ ਸਾਹਿਬ ਵਾਲੀ ਬੀੜ ਕਿਹਾ ਜਾਂਦਾ ਹੈ ਜੋ ਇਸ ਸਮੇਂ ਗੁਰਦੁਆਰਿਆਂ ਵਿੱਚ ਸੁਸ਼ੋਭਿਤ ਹੈ।

ਬਾਬਾ ਦੀਪ ਸਿੰਘ ਦੀ ਲਿਖਾਈ ਅਤੇ ਅੱਖਰਾਂ ਦੀ ਬਨਾਵਟ ਬਹੁਤ ਸੁੰਦਰ ਸੀ। ਗੁਰੂ ਜੀ ਨੇ ਆਪ ਨੂੰ ਚਾਰ ਹੱਥ ਲਿਖਤਾਂ ਬੀੜ ਤਿਆਰ ਕਰਨ ਲਈ ਕਿਹਾ। ਇਹ ਕੰਮ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸੰਪੂਰਨ ਕੀਤਾ ਤੇ ਇਸ ਉਪਰ 1716 ਤੋਂ 1726 ਈ. ਤੱਕ ਦਾ ਸਮਾਂ ਲੱਗਾ ਤੇ ਇਨ੍ਹਾਂ ਬੀੜਾਂ ਨੂੰ ਚਾਰੇ ਤਖ਼ਤਾਂ ਨੂੰ ਭੇਜਿਆ। ਬਾਬਾ ਦੀਪ ਸਿੰਘ ਅਰਬੀ ਫ਼ਾਰਸੀ ਦੇ ਵੀ ਵਿਦਵਾਨ ਸਨ।ਆਪ ਜੀ ਨੇ ਲਗਾਤਾਰ ਮਿਹਨਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਰਬੀ ਭਾਸ਼ਾ ਵਿੱਚ ਤਰਜਮਾ ਕੀਤਾ। ਇਹ ਪਵਿੱਤਰ ਬੀੜ ਸ. ਕ੍ਰਿਪਾਲ ਸਿੰਘ ਦੇ ਕਥਨ ਅਨੁਸਾਰ ਅੱਜ ਕੱਲ੍ਹ ਬਗ਼ਦਾਦ ਯੂਨੀਵਰਸਿਟੀ ਵਿੱਚ ਸੰਭਾਲ ਕੇ ਰੱਖੀ ਹੋਈ ਹੈ। ਜਦ ਬੰਦਾ ਸਿੰਘ ਬਹਾਦਰ 1709 ਈ. ਵਿੱਚ ਪੰਜਾਬ ਆਇਆ ਤਾਂ ਗੁਰੂ ਸਾਹਿਬ ਦੇ ਅਨੁਯਾਈਆਂ ਵਿੱਚ ਬਾਬਾ ਦੀਪ ਸਿੰਘ ਵੀ ਸਾਬੋ ਕੀ ਤਲਵੰਡੀ ਤੋਂ ਆਣ ਮਿਲੇ। ਉਨ੍ਹਾਂ ਨੇ ਵੱਖ ਵੱਖ ਇਲਾਕਿਆਂ ਨੂੰ ਜਿੱਤਣ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਮਦਦ ਕੀਤੀ। ਬਾਬਾ ਦੀਪ ਸਿੰਘ ਜੀ ਨੇ ਸਿਆਲਕੋਟ ਦੇ ਕੁਝ ਇਲਾਕੇ ‘ਤੇ ਕਬਜ਼ਾ ਲਿਆ ਜਿਹੜਾ ਮੁਹੰਮਦ ਅਮੀਨ ਖਾਂ ਕੋਲ ਸੀ ਤੇ ਫਿਰ ਆਪਣੇ ਸਾਥੀਆਂ ਦਯਾਲ ਸਿੰਘ ਤੇ ਨੱਥਾ ਸਿੰਘ ਨੂੰ ਸੌਂਪ ਦਿੱਤਾ। ਸੰਨ 1708 ਤੋਂ 1715 ਸੰਨ ਤੀਕ ਆਪ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ।

ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਡ ਗੁਰਦਾਸ ਨੰਗਲ (ਨੇੜੇ ਗੁਰਦਾਸਪੁਰ) ਵਿੱਚ ਸ਼ਾਹੀ ਫੌਜਾਂ ਘੇਰ ਲਿਆ। ਉਸ ਦਾ ਸਾਥ ਆਪਣੇ ਹੀ ਕਈ ਸਾਥੀ ਛੱਡ ਗਏ। ਹਵੇਲੀ ਅੰਦਰ ਖਾਣ ਪੀਣ ਦਾ ਸਾਮਾਨ ਖ਼ਤਮ ਹੋ ਗਿਆ। ਉਸ ਨੂੰ ਸਾਥੀਆਂ ਸਮੇਤ 7 ਦਸੰਬਰ ਸੰਨ 1715 ਈ. ਨੂੰ ਗ੍ਰਿਫ਼ਤਾਰ ਕਰ ਲਿਆ ਤੇ ਦਿੱਲੀ ਲਿਜਾ ਕੇ 700 ਸਾਥੀਆਂ ਸਮੇਤ ਸ਼ਹੀਦ ਕਰ ਦਿੱਤਾ ਗਿਆ। 17ਵੀਂ ਸਦੀ ਵਿੱਚ ਸਾਰਾ ਖ਼ਾਲਸਾ ਪੰਥ ਜੰਗਲਾਂ ਅਤੇ ਪਹਾੜਾਂ ਵਿੱਚੋਂ ਬਾਹਰ ਆ ਕੇ ਇਕੱਠਾ ਹੋ ਗਿਆ। ਖ਼ਾਲਸਾ ਪੰਥ 12 ਮਿਸਲਾਂ ਵਿੱਚ ਵੰਡਿਆ ਗਿਆ ਜਿਸ ਦੇ 12 ਮੁੱਖ ਜਥੇਦਾਰ ਥਾਪੇ ਗਏ। ਇਨ੍ਹਾਂ ਵਿੱਚੋਂ ਇੱਕ ਮਿਸਲ ਸੀ ਸ਼ਹੀਦ ਮਿਸਲ। ਬਾਬਾ ਦੀਪ ਸਿੰਘ, ਸ਼ਹੀਦ ਮਿਸਲ ਦੇ ਮੁੱਖ ਜਥੇਦਾਰ ਥਾਪੇ ਗਏ। ਇਸ ਸਦੀ ਅੰਦਰ ਭਾਰਤ ਨੂੰ ਵਿਦੇਸ਼ੀ ਹਮਲਾਵਰਾਂ ਨੇ ਖ਼ੂਬ ਲੁਟਿਆ ਤੇ ਇੱਥੋਂ ਦੀਆਂ ਬਹੁ-ਬੇਟੀਆਂ ਦੀ ਇੱਜ਼ਤ ਦਾ ਵੀ ਖਿਲਵਾੜ ਕੀਤਾ। ਮਿਸਲਾਂ ਦੇ ਜਥੇਦਾਰਾਂ ਨੇ ਇਕੱਠੇ ਹੋ ਕੇ ਅਫ਼ਗਾਨ ਧਾੜਵੀਆਂ ਦਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਭਾਰਤ ਦਾ ਲੁਟਿਆ ਬਹੁਤ ਕੀਮਤੀ ਸਾਮਾਨ ਵਾਪਿਸ ਦਿਵਾਇਆ ਜਾਂਦਾ ਰਿਹਾ।

5 ਫਰਵਰੀ ਸੰਨ 1762 ਈ. ਨੂੰ ਕੁੱਪ ਰਹੀੜੇ ਦੇ ਅਸਥਾਨ ‘ਤੇ ਹੋਏ ਵੱਡੇ ਘਲੂਘਾਰੇ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਜਦ ਮੁੜਦਿਆਂ ਵਾਪਸ ਲਾਹੌਰ ਵੱਲ ਆਇਆ ਤਾਂ ਰਸਤੇ ਵਿੱਚ ਸਿੰਘਾਂ ਉੱਪਰ ਖਿਝੇ ਹੋਏ ਨੇ ਸਿੰਘਾਂ ਦਾ ਬੀਜ ਨਾਸ ਕਰਨ ਲਈ ਸ੍ਰੀ ਅੰਮ੍ਰਿਤਸਰ ਦਾ ਤਾਲ ਮਿੱਟੀ ਨਾਲ ਭਰਵਾ ਦਿੱਤਾ ਤੇ 10 ਅਪ੍ਰੈਲ ਸੰਨ 1762 ਈ. ਮੁ. 1819 ਬਿਕਰਮੀ ਨੂੰ ਨੀਹਾਂ ਹੇਠ ਬਾਰੂਦ ਦੇ ਕੁੱਪੇ ਰੱਖਵਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਉਡਾ ਦਿੱਤਾ।ਇਸ ਹਮਲੇ ਸਮੇਂ ਅੰਮ੍ਰਿਤਸਰ ਸ਼ਹਿਰ ਦੇ ਇਨਚਾਰਜ ਜਮਾਲ ਖਾਨ ਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ, ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਸਾਬੋ ਕੀ ਤਲਵੰਡੀ ਦੇ ਅਸਥਾਨ `ਤੇ ਪੁੱਜੀ ਤਾਂ ਆਪ ਦੇ ਦਿਲ `ਤੇ ਅਸਹਿ ਸੱਟ ਵੱਜੀ। ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤ੍ਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ। ਆਸ-ਪਾਸ ਦੇ ਨਗਰਾਂ ਤੇ ਟਿਕਾਣਿਆਂ `ਤੇ ਇਤਲਾਹ ਦਿੱਤੀ ਗਈ। ਵੱਖ-ਵੱਖ ਨਗਰਾਂ ਤੋਂ ਅਣਗਿਣਤ ਸਿੰਘ ਬਾਬਾ ਜੀ ਦੀ ਅਗਵਾਈ ਵਿੱਚ ਪਾਵਨ ਧਰਮ ਅਸਥਾਨ ਦੀ ਰੱਖਿਆ ਲਈ ਹਾਜ਼ਰ ਹੋਏ। ਇਸ ਤਰ੍ਹਾਂ ਦਲ ਖਾਲਸਾ ਦੀ ਗਿਣਤੀ ਅਣਗਿਣਤ ਹੋ ਗਈ। ਬਿਆਸ ਦਰਿਆ ਪਾਰ ਕਰਕੇ ਸਿੰਘਾਂ ਦਾ ਜੱਥਾ ਮਾਝੇ ਦੇ ਇਲਾਕੇ ਅੰਦਰ ਦਾਖਲ ਹੋਇਆ। ਤਰਨਤਾਰਨ ਸਾਹਿਬ ਦੇ ਪਾਵਨ ਅਸਥਾਨ ਵਿਖੇ ਪਹੁੰਚ ਕੇ ਸਿੰਘਾਂ ਦੇ ਸਾਰੇ ਸਮੂਹ ਨੇ ਅਰਦਾਸ ਕੀਤੀ। । ਇਸ ਸ਼ਹਿਰ ਤੋਂ ਬਾਹਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਇੱਕ ਲਕੀਰ ਖਿੱਚੀ ਅਤੇ ਕਿਹਾ ਕਿ ਜੋ ਸ਼ਹੀਦੀ ਪਾਉਣ ਲਈ ਤਿਆਰ ਹੈ, ਉਹ ਇਸ ਲਕੀਰ ਨੂੰ ਪਾਰ ਕਰੇ, ਜਿਹੜਾ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚਲਿਆ ਜਾਵੇ। ਸਾਰੇ ਸਿੰਘ ਜੈਕਾਰੇ ਗਜਾਉਂਦੇ ਹੋਏ ਲਕੀਰ ਪਾਰ ਕਰਕੇ ਅੰਮ੍ਰਿਤਸਰ ਵੱਲ ਵਧਣ ਲੱਗੇ।

ਤਰਨ ਤਾਰਨ ਤੋਂ 10 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਗੋਹਲਵੜ ਪਿੰਡ ਕੋਲ ਜਾ ਕੇ ਬਾਬਾ ਜੀ ਨੇ ਆਪਣੇ ਸਿੰਘਾਂ ਦੇ ਜਥੇ ਨਾਲ ਦੁਸ਼ਮਣ ਦੀ ਫ਼ੌਜ ਨੂੰ ਲੜਾਈ ਲਈ ਲਲਕਾਰਿਆ। ਇਸ ਜਗ੍ਹਾ ਗੁਰਦੁਆਰਾ ਲਲਕਾਰ ਸਾਹਿਬ ਬਣਿਆ ਹੋਇਆ ਹੈ। ਗੋਹਲਵੜ ਵਿੱਚ ਬਾਬਾ ਜੀ ਦਾ ਸਾਹਮਣਾ ਜਮਾਲ ਖ਼ਾਨ ਨਾਲ ਹੋਇਆ। ਬਾਬਾ ਦੀਪ ਸਿੰਘ ਜੀ 8 ਸੇਰ ਕੱਚੇ ਦਾ ਦੋ-ਧਾਰਾ ਖੰਡਾ ਖੜਕਾਉਂਦੇ ਵੈਰੀਆਂ ਨੂੰ ਸਦਾ ਦੀ ਨੀਂਦ ਸੁਆਉਂਦੇ ਹੋਏ ਅੱਗੇ ਵਧਦੇ ਜਾ ਰਹੇ ਸਨ। ਜਮਾਲ ਖਾਨ ਅੱਗੇ ਵਧਿਆ ਤੇ ਬਾਬਾ ਜੀ `ਤੇ ਵਾਰ ਕਰਨ ਲੱਗਾ। ਅੱਗੋਂ ਬਾਬਾ ਜੀ ਨੇ ਵੀ ਵਾਰ ਕੀਤਾ। ਇਸ ਸਾਂਝੇ ਵਾਰ ਵਿੱਚ ਬਾਬਾ ਜੀ ਨੇ ਉਸ ਮੁਗ਼ਲ ਕਮਾਂਡਰ ਨੂੰ ਤਾਂ ਥਾਂ `ਤੇ ਹੀ ਖ਼ਤਮ ਕਰ ਦਿੱਤਾ ਪਰ ਨਾਲ ਹੀ ਇਨ੍ਹਾਂ ਦੀ ਧੌਣ ਉੱਤੇ ਇੱਕ ਘਾਤਕ ਘਾਉ ਲੱਗਾ, ਜਿਸ ਨਾਲ ਬਾਬਾ ਜੀ ਦਾ ਸੀਸ ਧੜ ਤੋਂ ਅਲੱਗ ਹੋ ਗਿਆ। ਇੱਕ ਸਿੰਘ ਨੇ ਹੱਥ ਜੋੜਕੇ ਬਾਬਾ ਜੀ ਨੂੰ ਆਪਣਾ ਪ੍ਰਣ ਯਾਦ ਕਰਵਾਇਆ ।ਫੇਰ ਕੀ ਸੀ ਬਚਨ ਕੇ ਬਲੀ ਸ਼ੂਰਬੀਰ ਯੋਧੇ ਬਾਬਾ ਜੀ ਦਾ ਧੜ ਹਰਕਤ ਵਿੱਚ ਆ ਗਿਆ ਤੇ ਉਨ੍ਹਾਂ ਆਪਣਾ ਪਾਵਨ ਸੀਸ਼ ਖੱਬੇ ਹੱਥ ਤੇ ਧਰ ਕੇ ਆਪਣਾ ਸਵਾ ਮਣ ਦਾ ਖੰਡਾ ਵਾਹੁੰਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਤਕ ਜਾ ਪਹੁੰਚੇ। ਇਥੋਂ ਤਕ ਅੱਪੜਦਿਆਂ ਬਾਬਾ ਜੀ ਨੇ ਕਈ ਪਠਾਣ ਤੇ ਅਫ਼ਗਾਨ ਮਾਰ ਮੁਕਾਏ ਸਨ। ਇਸ ਤਰ੍ਹਾਂ ਇਸ ਘਮਸਾਨ ਦੀ ਜੰਗ ਅੰਦਰ ਅਫ਼ਗਾਨ ਜਰਨੈਲਾਂ ਦੇ ਮਾਰੇ ਜਾਣ ਨਾਲ ਅਫ਼ਗਾਨੀ ਫੌਜ ਦੇ ਹੌਸਲੇ ਟੁੱਟ ਗਏ ਤੇ ਬਾਬਾ ਦੀਪ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਅੰਦਰ ਪਹੁੰਚ ਕੇ ਸ਼ਹੀਦੀ ਪ੍ਰਾਪਤ ਕਰ ਗਏ।

ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੇੜੇ ਇੱਕ ਥੜ੍ਹੇ ਉੱਪਰ ਨਿਸ਼ਾਨ ਸਾਹਿਬ ਝੁਲਾਇਆ ਹੋਇਆ ਹੈ। ਉਸ ਥੜ੍ਹੇ ਉਂਪਰ ਕੁਝ ਸਿੰਘਾਂ ਦੇ ਨਾਮ ਹੇਠ ਲਿਖੇ ਅਨੁਸਾਰ ਲਿਖੇ ਹੋਏ ਹਨ:
1. ਬਾਬਾ ਦੀਪ ਸਿੰਘ ਜੀ ਸ਼ਹੀਦ ਹੈੱਡ ਜਥੇਦਾਰ
2. ਬਾਬਾ ਬਲਵੰਤ ਸਿੰਘ ਜੀ ਸ਼ਹੀਦ ਜਥੇਦਾਰ
3. ਬਾਬਾ ਹੀਰਾ ਸਿੰਘ ਜੀ ਸ਼ਹੀਦ ਜਥੇਦਾਰ
4. ਬਾਬਾ ਗੰਡਾ ਸਿੰਘ ਜੀ ਸ਼ਹੀਦ ਜਥੇਦਾਰ
5. ਬਾਬਾ ਲਹਿਣਾ ਸਿੰਘ ਜੀ ਸ਼ਹੀਦ ਜਥੇਦਾਰ
6. ਬਾਬਾ ਰਣ ਸਿੰਘ ਜੀ ਸ਼ਹੀਦ ਜਥੇਦਾਰ
7. ਬਾਬਾ ਗੁਪਾਲ ਸਿੰਘ ਜੀ ਸ਼ਹੀਦ ਜਥੇਦਾਰ
8. ਬਾਬਾ ਭਾਗ ਸਿੰਘ ਜੀ ਸ਼ਹੀਦ ਜਥੇਦਾਰ
9. ਬਾਬਾ ਸੱਜਣ ਸਿੰਘ ਜੀ ਸ਼ਹੀਦ ਜਥੇਦਾਰ
10. ਬਾਬਾ ਬਹਾਦਰ ਸਿੰਘ ਜੀ ਸ਼ਹੀਦ ਜਥੇਦਾਰ

ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਜ਼ਾਲਮਾਂ ਤੋਂ ਬਦਲਾ ਲੈਂਦੇ ਹੋਏ ਅਤੇ ਧਰਮ ਤੇ ਕੌਮ ਦੀ ਸ਼ਾਨ ਬਦਲੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਰਾਮਸਰ ਸਾਹਿਬ ਦੇ ਨੇੜੇ ਹੈ, ਜਿੱਥੇ ਅੱਜ ਕਲ੍ਹ `ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ` ਸੁਸ਼ੋਭਿਤ ਹੈ। ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਕਰਮਾਂ ਵਿੱਚ ਜਿੱਥੇ ਬਾਬਾ ਜੀ ਨੇ ਸੀਸ ਭੇਟ ਕੀਤਾ ਸੀ, ਉਥੇ ਵੀ ਪਾਵਨ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ। ਬਾਬਾ ਦੀਪ ਸਿੰਘ ਜੀ ਦਾ ਉਹ ਦੋ-ਧਾਰਾ ਖੰਡਾ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਸਤਰਾਂ ਵਿੱਚ ਸੰਭਾਲ ਕੇ ਰੱਖਿਆ ਗਿਆ, ਜਿਸ ਦੇ ਹਰ ਰੋਜ਼ ਸ਼ਾਮ ਨੂੰ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button