ਲੋਕਾਂ ਦੇ ਮਾਣ ਸਤਿਕਾਰ ਦੀ ਗੱਲ, ਭੀਖ ਨਹੀਂ, ਰੁਜਗਾਰ ਚਾਹੀਦਾ !
ਸੁਬੇਗ ਸਿੰਘ, ਸੰਗਰੂਰ
ਸੰਸਾਰ ਦਾ ਕੋਈ ਵੀ ਜੀਵ ਜੰਤੂ, ਪਸ਼ੂ ਪੰਛੀ, ਜਾਨਵਰ ਅਤੇ ਮਨੁੱਖ, ਜਿਉਂ ਹੀ ਜਨਮ ਲੈਂਦਾ ਹੈ ਤਾਂ ਉਸਨੂੰ ਜਿਉਂਦੇ ਰਹਿਣ ਅਤੇ ਆਪਣੀ ਜੀਵਨ ਰੂਪੀ ਗੱਡੀ ਨੂੰ ਤੋਰਨ ਲਈ, ਸਮੇਂ ਦੇ ਅਨੁਸਾਰ ਕਿਸੇ ਨਾ ਕਿਸੇ ਚੀਜ ਦੀ ਜਰੂਰਤ ਪੈਂਦੀ ਹੈ।ਇੰਨ੍ਹਾਂ ਲੋੜਾਂ ਦੀ ਪੂਰਤੀ ਦੇ ਲਈ ਹੀ,ਇਹ ਸਾਰੇ ਪ੍ਰਾਣੀ ਇੱਕ ਦੂਜੇ ਤੇ ਨਿਰਭਰ ਵੀ ਹੁੰਦੇ ਹਨ।ਇਸ ਤਰ੍ਹਾਂ,ਇੰਨ੍ਹਾਂ ਸਾਰਿਆਂ ਦਾ ਆਪਸੀ ਤਾਲਮੇਲ ਹੋਣਾ,ਬੜਾ ਜਰੂਰੀ ਹੁੰਦਾ ਹੈ।
ਮਨੁੱਖ ਨੇ ਆਪਣੀਆਂ ਸਮਾਜਿਕ ਲੋੜਾਂ ਨੂੰ ਲੋੜ ਤੋਂ ਜਿਆਦਾ ਹੀ ਵਧਾ ਲਿਆ ਹੈ।ਇਹੋ ਕਾਰਨ ਹੈ,ਕਿ ਮਨੁੱਖ ਦੀ ਦੂਸਰੇ ਮਨੁੱਖਾਂ ਅਤੇ ਸੰਸਾਰ ਦੇ ਦੂਸਰੇ ਸਾਰੇ ਪ੍ਰਾਣੀਆਂ ਤੇ ਨਿਰਭਰਤਾ,ਬਹੁਤ ਜਿਆਦਾ ਵੱਧ ਗਈ ਹੈ।ਭਾਵੇਂ,ਜਿੰਦਗੀ ਜਿਉਣ ਲਈ ਤਾਂ,ਕੁੱਲੀ,ਗੁੱਲੀ ਤੇ ਜੁੱਲੀ ਦੀ ਹੀ ਜਰੂਰਤ ਪੈਂਦੀ ਹੈ।ਪਰ ਮਨੁੱਖ ਨੇ,ਵਧੀਆ ਜਿੰਦਗੀ ਜਿਉਣ ਲਈ,ਆਰਾਮਦਾਇਕ ਲੋੜਾਂ ਦੀ ਪੂਰਤੀ ਵੀ ਕਰਨੀ ਹੁੰਦੀ ਹੈ ਅਤੇ ਉਸ ਤੋਂ ਬਾਅਦ,ਵਿਲਾਸਤਾ ਪੂਰਵਕ ਚੀਜਾਂ ਦੀ ਲੋੜ ਵੀ ਮਹਿਸੂਸ ਹੋਣ ਲੱਗਦੀ ਹੈ।ਕਿਉਂਕਿ,ਮਨੁੱਖ ਆਪਣੇ ਆਪ ਨੂੰ ਦੂਸਰਿਆਂ ਤੋਂ ਉੱਤਮ ਸਮਝਣ ਦੀ ਕੋਸ਼ਿਸ਼ ਚ ਵੀ ਲੱਗਿਆ ਰਹਿੰਦਾ ਹੈ,ਜਿਹੜਾ ਮਨੁੱਖ ਦਾ ਸੁਭਾਅ ਹੁੰਦਾ ਹੈ।
ਸਮਾਜ ਚ ਦੋ ਤਰ੍ਹਾਂ ਦੇ ਲੋਕ ਰਹਿੰਦੇ ਹਨ।ਇੱਕ ਲਾਈਲੱਗ ਅਤੇ ਦੂਸਰੇ ਹਰ ਕੰਮ ਨੂੰ ਆਪਣੇ ਦਿਮਾਗ ਤੋਂ ਕੰਮ ਲੈ ਕੇ ਸਹੀ ਅਤੇ ਗਲਤ ਦੀ ਪਹਿਚਾਣ ਕਰਕੇ, ਕੰਮ ਨੂੰ ਕਰਨ ਵਾਲੇ ਹੁੰਦੇ ਹਨ।ਇੱਕ ਉਹ ਲੋਕ ਹੁੰਦੇ ਹਨ,ਜਿਹੜੇ ਵਿਹਲੇ ਬੈਠਕੇ ਦੂਸਰੇ ਦੇ ਸਿਰ ਤੋਂ ਖਾਣ ਵਾਲੇ ਹੁੰਦੇ ਹਨ ਅਤੇ ਕੁੱਝ ਲੋਕ ਉਹ ਵੀ ਹੁੰਦੇ ਹਨ,ਜਿਹੜੇ ਆਪਣੀ ਮਿਹਨਤ ਅਤੇ ਹੱਕ ਹਲਾਲ ਦੀ ਕਮਾਈ ਖਾਣ ਵਾਲੇ ਹੁੰਦੇ ਹਨ ਅਤੇ ਆਪਣੀ ਜਿੰਦਗੀ ਨੂੰ ਅਣਖ ਨਾਲ ਜੀਣ ਚ ਵਿਸ਼ਵਾਸ ਰੱਖਦੇ ਹਨ। ਅਸਲ ਵਿੱਚ,ਆਪਣੇ ਦਮ ਤੇ ਆਪਣਾ ਪੇਟ ਭਰਨ ਵਾਲੇ ਅਤੇ ਆਪਣੀ ਮਾਨ ਸਨਮਾਨ ਦੀ ਜਿੰਦਗੀ ਜਿਉਣ ਵਾਲੇ ਲੋਕ ਹੀ,ਸਮਾਜ ਚ ਇੱਜਤ ਦੇ ਹੱਕਦਾਰ ਹੁੰਦੇ ਹਨ।ਹਰ ਵਕਤ,ਦੂਸਰਿਆਂ ਵੱਲ ਵੇਖਣ ਵਾਲੇ ਅਤੇ ਕਿਸੇ ਕਿਸਮ ਦੀ ਝਾਕ ਰੱਖਣ ਵਾਲੇ ਲੋਕ ਭਾਵੇਂ ਆਪਣਾ ਪੇਟ ਤਾਂ ਭਰ ਲੈਂਦੇ ਹਨ।ਪਰ ਉਨ੍ਹਾਂ ਦੀ ਸਮਾਜ ਚ ਰੱਤੀ ਭਰ ਵੀ ਇੱਜਤ ਅਤੇ ਵੁੱਕਤ ਨਹੀਂ ਹੁੰਦੀ।
ਇਹੋ ਕਾਰਨ ਹੈ,ਕਿ ਜੰਗਲ ਦਾ ਰਾਜਾ ਤਾਂ,ਸ਼ੇਰ ਹੀ ਅਖਵਾਉਂਦਾ ਹੈ।ਕਿਉਂਕਿ ਉਹ ਆਪਣਾ ਸ਼ਿਕਾਰ ਆਪ ਕਰਕੇ ਖਾਂਦਾ ਹੈ।ਜਿਹੜੇ ਜਾਨਵਰ, ਉਸਦਾ ਬਚਿਆ ਹੋਇਆ ਸ਼ਿਕਾਰ ਖਾ ਕੇ ਆਪਣਾ ਢਿੱਡ ਭਰਦੇ ਹਨ,ਉਨ੍ਹਾਂ ਦੀ ਕੋਈ ਹੋਂਦ ਨਹੀਂ ਹੁੰਦੀ।ਭਾਵੇਂ ਉਹ ਆਪਣੀ ਜਿੰਦਗੀ ਜਿਉਂਦੇ ਹੀ ਹਨ।ਇਹੋ ਹਾਲ,ਇੱਜਤ ਤੇ ਅਣਖ ਨਾਲ ਜਿਉਣ ਵਾਲੇ ਲੋਕਾਂ ਦਾ ਵੀ ਹੁੰਦਾ ਹੈ।ਭਾਵੇਂ ਇੰਨ੍ਹਾਂ ਲੋਕਾਂ ਕੋਲ ਦੁਨੀਆਂ ਦੀ ਹਰ ਵਸਤੂ ਉੱਪਲੱਭਧ ਨਹੀਂ ਹੁੰਦੀ।ਪਰ ਲੋਕ,ਫੇਰ ਵੀ ਇੰਨ੍ਹਾਂ ਦੀਆਂ ਸਿਫਤਾਂ ਵੀ ਕਰਦੇ ਹਨ ਅਤੇ ਇੰਨ੍ਹਾਂ ਨੂੰ ਸਲਾਮਾਂ ਵੀ ਕਰਦੇ ਹਨ।
ਇਹੋ ਕਾਰਨ ਹੈ,ਕਿ ਦੇਸ਼ ਦੇ ਮਰਹੂਮ ਪੂਰਬ ਰਾਸਟਰਪਤੀ,ਸ਼੍ਰੀ ਅਬਦੁਲ ਕਲਾਮ ਜੀ ਨੇ ਵੀ ਕਿਹਾ ਸੀ,ਕਿ ਅਗਰ ਤੁਸੀਂ ਕਿਸੇ ਨੂੰ ਭੀਖ ਦੇ ਦੇਵੋਗੇ,ਤਾਂ ਉਸਦੀ ਇੱਕ ਜਾਂ ਦੋ ਦਿਨਾਂ ਦੀ ਭੁੱਖ ਮਿਟਾ ਸਕਦੇ ਹੋ।ਪਰ ਅਗਰ ਤੁਸੀਂ, ਉਸਨੂੰ ਕਿਸੇ ਰੁਜਗਾਰ ਦੇ ਕਾਬਲ ਬਣਾ ਦੇਵੋਂਗੇ,ਤਾਂ ਉਹਦੀਆਂ ਕਈ ਪੀੜ੍ਹੀਆਂ ਭੁੱਖ ਤੋਂ ਛੁਟਕਾਰਾ ਪਾ ਲੈਣਗੀਆਂ।ਇਸੇ ਤਰ੍ਹਾਂ ਹੀ, ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੇ ਵੀ ਕਿਹਾ ਹੈ,ਕਿ ਲੋਕਾਂ ਨੂੰ ਵੱਧ ਤੋਂ ਵੱਧ ਸਿੱਖਿਆ ਗ੍ਰਹਿਣ ਕਰਨੀ ਚਾਹੀਦੀ ਹੈ,ਤਾਂ ਕਿ ਉਨ੍ਹਾਂ ਨੂੰ ਰੁਜਗਾਰ ਦੇ ਨਾਲ 2,ਸਹੀ ਜਿੰਦਗੀ ਜਿਉਣ ਦਾ ਚੱਜ ਵੀ ਆ ਜਾਵੇ ਪਰ ਅਫਸੋਸ,ਕਿ ਸਮੇਂ ਦੀਆਂ ਸਰਕਾਰਾਂ ਅਤੇ ਦੇਸ਼ ਦੀ ਹਰ ਰਾਜਨੀਤਕ ਪਾਰਟੀ,ਲੋਕਾਂ ਨੂੰ ਧਰਮਾਂ,ਜਾਤਾਂ,ਤਰ੍ਹਾਂ 2 ਦੇ ਲੁਭਾਵਣੇ ਲਾਰਿਆਂ ਅਤੇ ਨਾਅਰਿਆਂ,ਨਸ਼ਾ ਖੋਰੀ ਅਤੇ ਮੁੱਫਤ ਦੀਆਂ ਸਕੀਮਾਂ ਦੇ ਕੇ ਉਨ੍ਹਾਂ ਨੂੰ ਗੁਮਰਾਹ ਕਰਦੇ ਹਨ ਅਤੇ ਵੋਟਾਂ ਦੇ ਵਕਤ,ਉਨ੍ਹਾਂ ਦੀ ਕੀਮਤੀ ਵੋਟ ਆਪਣੇ ਹੱਕ ਚ ਭੁਗਤਾਅ ਲੈਂਦੇ ਹਨ। ਇਹ ਰਾਜਨੀਤਕ ਲੋਕ ਫਿਰ ਪੰਜ ਸਾਲ,ਦੇਸ਼ ਦੀ ਜਨਤਾ ਨੂੰ ਲੁੱਟਦੇ ਅਤੇ ਕੁੱਟਦੇ ਹਨ ਅਤੇ ਆਪ ਐਸ਼ਾਂ ਕਰਦੇ ਹਨ।
ਪਰ ਦੂਸਰੇ ਪਾਸੇ ਦੇਸ਼ ਦੀ ਜਨਤਾ,ਮੰਦਹਾਲੀ ਦਾ ਜੀਵਨ ਜਿਉਣ ਲਈ ਮਜਬੂਰ ਹੋ ਜਾਂਦੀ ਹੈ।ਲੋਕਾਂ ਦੀਆਂ ਜਰੂਰੀ ਲੋੜਾਂ, ਕੁੱਲੀ,ਗੁੱਲੀ ਤੇ ਜੁੱਲੀ ਦਾ ਮਸਲਾ ਵੀ ਹੱਲ ਨਹੀਂ ਹੁੰਦਾ।ਸਮੇਂ ਦੀਆਂ ਸਰਕਾਰਾਂ,ਲੋਕਾਂ ਨੂੰ ਸਸਤੀ ਵਿਦਿਆ,ਸਸਤੇ ਤੇ ਵਧੀਆ ਸਿਹਤ ਅਤੇ ਆਵਾਜਾਈ ਦੀਆਂ ਸਹੂਲਤਾਂ ਅਤੇ ਰੁਜਗਾਰ ਦੇਣ ਦੀ ਥਾਂ ਤੇ,ਦੇਸ਼ ਚ ਫਿਰਕਾਪ੍ਰਸਤੀ,ਧਾਰਮਿਕ ਕੱਟੜਤਾ,ਨਸ਼ਾ ਖੋਰੀ ਜਿਹੀਆਂ ਅਲਾਮਤਾਂ,ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਅਤੇ ਅਸ਼ਮਾਨ ਨੂੰ ਛੂੰਹਦੀ ਮਹਿੰਗਾਈ ਦਾ ਜੰਜਾਲ ਲੋਕਾਂ ਦੀ ਝੋਲੀ ਚ ਪਾ ਦਿੰਦੀਆਂ ਹਨ।ਜਿਸਦੇ ਚੱਕਰ ਚ ਉੱਲਝ ਕੇ,ਉਨ੍ਹਾਂ ਦੀ ਸਹੀ ਸੋਚ ਹੀ ਖਤਮ ਹੋ ਜਾਂਦੀ ਹੈ। ਭਾਵੇਂ ਲੋਕ,ਸਰਕਾਰਾਂ ਅਤੇ ਰਾਜਨੀਤਕ ਪਾਰਟੀਆਂ ਦੀਆਂ ਅਜਿਹੀਆਂ ਕਾਰਵਾਈਆਂ ਤੋਂ ਤੰਗ ਆ ਚੁੱਕੇ ਹਨ ਅਤੇ ਉਨ੍ਹਾਂ ਦੇ ਮਨਸੂਬਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਹਨ।ਪਰ ਹਰ ਵਾਰ ਦੀਆਂ ਚੋਣਾਂ ਚ,ਇਹ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਮੂਰਖ ਬਨਾਉਣ ਲਈ,ਕੋਈ ਨਵਾਂ ਸ਼ੋਸ਼ਾ ਘੜ੍ਹ ਲੈਂਦੀਆਂ ਹਨ।ਜਿਸਦੇ ਪ੍ਰਭਾਵ ਹੇਠ ਆ ਕੇ,ਲੋਕ ਫੇਰ ਗੁਮਰਾਹ ਹੋ ਜਾਂਦੇ ਹਨ ਅਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਨਹੀਂ ਕਰ ਪਾਉਂਦੇ।ਇਸ ਤਰ੍ਹਾਂ,ਇਹ ਸਿਲਸਿਲਾ,ਦੇਸ਼ ਦੀ ਆਜਾਦੀ ਤੋਂ ਬਾਅਦ ਲਗਾਤਾਰ ਚੱਲ ਰਿਹਾ ਹੈ।ਇਹਦੇ ਵਿੱਚ,ਕੋਈ ਵੀ ਰਾਜਨੀਤਕ ਪਾਰਟੀ ਪਿੱਛੇ ਨਹੀਂ ਰਹਿੰਦੀ।ਹਰ ਪਾਰਟੀ,ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀ ਹੈ।
ਦੇਸ਼ ਦੇ ਪੰਜ ਸੂਬਿਆਂ ਦੇ ਨਾਲ,ਪੰਜਾਬ ਚ ਵੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ।ਇੰਨ੍ਹਾਂ ਚੋਣਾਂ ਦੇ ਦੌਰਾਨ ਵੀ,ਹਰ ਰਾਜਨੀਤਕ ਪਾਰਟੀ ਨੇ ਆਪਣੇ ਵੱਲੋਂ ਚੋਣਾਂ ਜਿੱਤਣ ਲਈ ਪੂਰੀ ਵਾਅ ਲਾਈ ਹੋਈ ਹੈ।ਇਹੋ ਕਾਰਨ ਹੈ,ਕਿ ਹਰ ਪਾਰਟੀ ਨੇ ਲੋਕਾਂ ਨੂੰ ਆਰਾਮ ਪ੍ਰਸਤ ਅਤੇ ਨਿਕੰਮੇ ਬਨਾਉਣ ਲਈ ਮੁਫਤ ਦੀਆਂ ਸਕੀਮਾਂ ਦੇਣ ਦਾ ਢਿੰਡੋਰਾ,ਪੂਰੇ ਜੋਰਾਂ ਸ਼ੋਰਾਂ ਨਾਲ ਪਿੱਟਿਆ ਹੋਇਆ ਹੈ।ਪਰ ਅਫਸੋਸ,ਕਿ ਕਿਸੇ ਵੀ ਰਾਜਨੀਤਕ ਪਾਰਟੀ ਨੇ,ਵੱਧ ਤੋਂ ਵੱਧ ਰੁਜਗਾਰ,ਸਸਤੀ ਵਿੱਦਿਆ,ਨਸ਼ਿਆਂ ਦਾ ਖਾਤਮਾ,ਬਿਹਤਰ ਸਿਹਤ ਅਤੇ ਆਵਾਜਾਈ ਦੀਆਂ ਸਹੂਲਤਾਂ ਦੇਣ ਦਾ ਖੁੱਲ੍ਹਕੇ ਸਮਰਥਨ ਨਹੀਂ ਕੀਤਾ।ਇਹ ਲੋਕ ਤਾਂ,ਸਗੋਂ ਪੰਜਾਬ ਦੀ ਜਨਤਾ ਨੂੰ ਭਿਖਾਰੀ ਦੇ ਰੂਪ ਚ,ਕੁੱਝ ਸਕੀਮਾਂ ਤੇ ਰਿਆਇਤਾਂ ਦੇ ਕੇ ਉਨ੍ਹਾਂ ਦੀ ਜਮੀਰ ਨੂੰ ਮਾਰੀ ਜਾ ਰਹੇ ਹਨ।
ਜਿਹੜਾ ਕਿ ਪੰਜਾਬ ਦੇ ਲੋਕਾਂ ਲਈ,ਡੁੱਬਕੇ ਮਰਨ ਵਾਲੀ ਗੱਲ ਹੈ। ਮੁੱਕਦੀ ਗੱਲ ਤਾਂ ਇਹ ਹੈ,ਕਿ ਪੰਜਾਬ ਦੇ ਲੋਕਾਂ ਨੂੰ ਮੁੱਫਤ ਦੀਆਂ ਸਕੀਮਾਂ ਦੀ ਵਜਾਏ, ਰੁਜਗਾਰ ਚਾਹੀਦਾ ਹੈ,ਤਾਂ ਕਿ ਉਹ ਆਪਣੀ ਜਿੰਦਗੀ ਮਾਣ ਸਤਿਕਾਰ ਨਾਲ ਜਿਉਂ ਸਕਣ।ਅਜੋਕੇ ਦੌਰ ਦੇ ਵਾਂਗ,ਲੋਕਾਂ ਨੂੰ ਮੁਫਤਖੋਰੀ ਦੀਆਂ ਸਕੀਮਾਂ ਦੇ 2 ਕੇ,ਉਨ੍ਹਾਂ ਦੀ ਅਣਖ ਮਾਰਨ ਦੇ ਬਰਾਬਰ ਹੈ।ਸੋ,ਪੰਜਾਬ ਦੇ ਲੋਕ,ਮੁਫਤਖੋਰੀ ਦੀਆਂ ਸਕੀਮਾਂ ਦੀ ਵਜਾਏ,ਹਰ ਇੱਕ ਨੂੰ ਰੁਜਗਾਰ,ਸਸਤੀ ਵਿੱਦਿਆ, ਬਿਹਤਰ ਸਿਹਤ ਤੇ ਆਵਾਜਾਈ ਦੀਆਂ ਸਹੂਲਤਾਂ ਅਤੇ ਨਸ਼ਾਖੋਰੀ ਤੋਂ ਮੁੱਕਤੀ ਚਾਹੁੰਦੇ ਹਨ,ਤਾਂ ਕਿ ਇਹ ਪੰਜਾਬ ਦੇ ਅਣਖੀ ਲੋਕ ਆਪਣੀ ਵਿਰਾਸਤ ਨੂੰ ਸਾਂਭ ਸਕਣ ਅਤੇ ਆਪਣੀ ਜਿੰਦਗੀ ਆਪਣੇ ਪੁਰਖਿਆਂ ਦੇ ਵਾਂਗ ਮਾਣ ਸਤਿਕਾਰ ਦੇ ਨਾਲ ਜਿਉਂ ਸਕਣ।ਕਿਉਂਕਿ ਇਕੱਲਾ ਪੇਟ ਭਰ ਲੈਣਾ ਹੀ,ਮਨੁੱਖ ਲਈ ਕਾਫੀ ਨਹੀਂ ਹੁੰਦਾ।ਸਗੋਂ ਮਾਣ ਸਤਿਕਾਰ ਨਾਲ ਜਿਉਣਾ ਵੀ ਕਿਤੇ ਜਰੂਰੀ ਹੁੰਦਾ ਹੈ।ਕਿਉਂਕਿ ਇਹ ਪੰਜਾਬ ਦੇ ਲੋਕਾਂ ਦਾ ਵਿਰਸ਼ਾ ਹੈ ਅਤੇ ਲੋਕਾਂ ਦੀ ਇੱਜਤ ਤੇ ਅਣਖ ਦਾ ਸਵਾਲ ਹੈ।
93169 10402
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.