ਲੀਡਰਾਂ ਦੀ ਵਿਗੜੀ ਭਾਸ਼ਾ
ਅਮਰਜੀਤ ਸਿੰਘ ਵੜੈਚ
ਭਾਰਤੀ ਸਿਆਸਤ ਵਿੱਚ ਭਾਸ਼ਾ ਦੀ ਪੱਧਰ ਕਿਸ ਹੱਦ ਤੱਕ ਗਰਕ ਚੁੱਕੀ ਹੈ ਇਸ ਦੀਆਂ ਅਨੇਕ ਮਿਸਾਲਾਂ ਤੁਹਾਨੂੰ ਨੇੜਲੇ ਅਤੀਤ ਵਿੱਚੋਂ ਬਹੁਤ ਮਿਲ ਜਾਣਗੀਆਂ। ਇਹ ਬੜੇ ਦੁੱਖ ਵਾਲੀ ਸਥਿਤੀ ਹੈ ਕਿ ਇਹ ਰੁਝਾਨ ਦਿਨੋਂ ਦਿਨ ਵਧ ਰਿਹਾ ਹੈ। ਇਹ ਪਿਛਲੇ 15 ਕੁ ਸਾਲਾਂ ਦੇ ਵਿੱਚ ਹੀ ਰੁਝਾਨ ਬਦਲਿਆ ਹੈ ਕਿ ਦੂਜੇ ਲੀਡਰ ਨੂੰ ਨੀਵਾਂ ਦਿਖਾਉਣ ਲਈ ਲੀਡਰ ਭੱਦੀ ਤੋਂ ਭੱਦੀ ਭਾਸ਼ਾ ‘ਚੱਬਣ’ ਲੱਗ ਪਏ ਹਨ। ਅਸੀਂ ਇਥੇ’ ਇਸਤੇਮਾਲ’ ਜਾਂ ‘ਵਰਤੋਂ’ ਸ਼ਬਦਾਂ ਦੀ ਥਾਂ ‘ਚੱਬਣ’ ਸ਼ਬਦ ਇਸ ਲਈ ਵਰਤਿਆ ਹੈ ਕਿ ਲੀਡਰਾਂ ਵੱਲੋਂ ਬੋਲੀ ਜਾਂਦੀ ਭਾਸ਼ਾ ਲਈ ਇਹ ਸ਼ਬਦ ਵਰਤਣਾ ਇਨ੍ਹਾਂ ਸ਼ਬਦਾਂ ਦੀ ਤੌਹੀਨ ਹੋਵੇਗੀ।
ਮੰਦੀ ਭਾਸ਼ਾ ਲੀਡਰ ਜ਼ਿਆਦਾਤਰ ਉਸ ਵਕਤ ਮੂੰਹ ਚੋਂ ਕੱਡਦੇ ਹਨ ਜਦੋਂ ਚੋਣਾਂ ਹੁੰਦੀਆਂ ਹਨ ਪਰ ਹੁਣ ਤਾਂ ਇਹ ਵਰਤਾਰਾ ਆਮ ਹੀ ਹੋ ਗਿਆ ਹੈ। ਪਿਛਲੇ ਸਮੇਂ ‘ਚ ਅਸੀਂ, ਪੱਪੂ, ਮੁੱਨੀ, ਬਾਈ. ਮੌਨ ਸਿੰਘ, ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ …., ਅਰਬਨ ਨਕਸਲ, ਓ ਦੀਦੀ, ਲੰਬੂ ਕਾਂ, ਜੀਜਾ, ਤੂੰ ਸਾਲਾ, ਭਾਈਆ, ਠੋਕੋ ਤਾਲ ਪੈਰ ਦੀ ਜੁੱਤੀ, ਐਲਾਨਜੀਤ, ਪੈੱਗਵੰਤ, ਐਲਾਨਵੰਤ, ਵਿਦੇਸ਼ੀ ਬਹੂ, ਗੱਪੀ, ਫੀਮਚੀ, ਬਾਬਾ,ਪਾਗਲ, ਦਿਮਾਗ, ਫੇਕੂ ਆਦਿ ਸ਼ਬਦ ਵੱਖ ਵੱਖ ਲੀਡਰਾਂ ਦੇ ਮੂੰਹੋਂ ਸੁਣੇ ਹੋਣਗੇ। ਇਹ ਸ਼ਬਦ ਪੜ੍ਹਦਿਆਂ ਹੀ ਉਸ ਲੀਡਰ ਦੀ ਸ਼ਕਲ ਅੱਖਾਂ ਸਾਹਮਣੇ ਆ ਜਾਂਦੀ ਹੈ ਜਿਸ ਨੇ ਇਹ ਸ਼ਬਦ ਵਰਤੇ ਹਨ ਅਤੇ ਜਿਸ ਲਈ ਵਰਤੇ ਗਏ ਹਨ।
ਲੀਡਰ ਸਮਾਜ ਦੇ ਪ੍ਰਤੀਨਿਧ ਹੁੰਦੇ ਹਨ ਅਤੇ ਖਾਸ ਕਰ ਸਾਬਕਾ ਜਾਂ ਮੌਜੂਦਾ ਪ੍ਰਧਾਨ ਮੰਤਰੀ, ਮੰਤਰੀ, ਮੁੱਖ ਮੰਤਰੀ, ਐੱਮਐੱਲਏ/ਐੱਮਪੀ/ਕੌਂਸਲਰ ਆਦਿ ਤਾਂ ਸਮਾਜ ਵਿੱਚ ਵਿਸ਼ੇਸ ਥਾਂ ਰੱਖਦੇ ਹਨ। ਜੇਕਰ ਇਹ ਲੋਕ ਹੀ ਲੋਕਾਂ/ਮੀਡੀਆ ਵਿੱਚ ਮਾੜੀ ਭਾਸ਼ਾ ਦਾ ਸੁੱਟਣਗੇ ਤਾਂ ਇਸ ਦਾ ਸਮਾਜ ‘ਤੇ ਕੀ ਅਸਰ ਹੋਵੇਗਾ। ਨੌਜਵਾਨ ਇਸ ਤੋਂ ਕੀ ਸਿਖਣਗੇ। ਕੀ ਵਰਤਮਾਨ ਲੀਡਰਸ਼ਿਪ ਚਾਹੁੰਦੀ ਹੈ ਕਿ ਭਵਿੱਖ ਵਿੱਚ ਏਹੋ ਜਿਹੀ ਭਾਸ਼ਾ ਲੀਡਰ ਦੂਜਿਆਂ ਲਈ ਵਰਤਣ? ਕੀ ਅਸੀ ਆਪਣੀਆਂ ਸੱਭਿਆਚਾਰਕ ਰਵਾਇਤਾਂ ਭੁੱਲ ਗਏ ਹਾਂ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ;
” ਫਲ ਫਿਕੇ ਫੁਲ ਬਕਬਕੇ ਕੰਮ ਨ ਆਵਹਿ ਪਤ।।
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ (ਅੰਗ 470)
ਚੰਗੀ ਭਾਸ਼ਾ ਤੁਹਾਡੀ ਸ਼ਖ਼ਸੀਅਤ ਦਾ ਗਹਿਣਾ ਬਣ ਸਕਦੀ ਹੈ ਅਤੇ ਮਾੜੀ ਭਾਸ਼ਾ ਤੁਹਾਡੇ ਮੂੰਹ ‘ਤੇ ਮੱਖੀਆਂ ਭਿਣਕਣ ਲਾ ਦਿੰਦੀ ਹੈ। ਇਹ ਤੁਹਾਡੇ ਬੋਲ ਹੀ ਹੁੰਦੇ ਨੇ ਜੋ ਤੁਹਾਨੂੰ ਰਾਜਗੱਦੀ ‘ਤੇ ਬਿਠਾ ਸਕਦੇ ਹਨ ਅਤੇ ਇਹ ਤੁਹਾਡੀ ਬੋਲੀ ਹੀ ਹੈ ਜੋ ਭੀਖ ਵੀ ਮੰਗਣ ਲਾ ਸਕਦੀ ਹੈ।ਸਾਡੇ ਸਿਆਸਤਦਾਨਾਂ ਨੂੰ ਚਾਹੀਦਾ ਹੈ ਕਿ ਉਹ ਸਮਾਜ ਲਈ ਇਕ ਮਾਡਲ ਦਾ ਕੰਮ ਕਰਨ ਤਾਂ ਕਿ ਨੌਜਵਾਨ ਪੀੜ੍ਹੀ ਉਨ੍ਹਾਂ ਦੇ ਪੂਰਨਿਆਂ ‘ਤੇ ਚੱਲ ਸਕੇ। ਸ਼ਬਦਾਂ ਦੀ ਚੋਣ ਤੁਹਾਡੀ ਸੋਚ ਦਾ ਦਾਇਰਾ ਵਸੀਹ ਕਰਦੀ ਹੈ। ਬੱਸਾਂ ਵਿੱਚ ਲਿਖਿਆ ਹੁੰਦਾ ਹੈ ‘ਜੀ ਕਹੋ ਇਜ਼ਤ ਮੁਫ਼ਤ ਮਿਲ਼ੇਗੀ’। ਸਕੂਲਾਂ/ਕਾਲਜਾਂ ਵਿੱਚ ਕੰਧਾਂ ‘ਤੇ ਲਿਖਿਆ ਹੁੰਦਾ ਹੈ ‘ਜੀ ਕਹੋ ਜੀ ਕਹਾਓ’।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.