ਲਹਿੰਦੇ ਪੰਜਾਬ ਦੀ ਪਹਿਲੀ ਪੰਜਾਬਣ ਧੀ ਡਾ.ਨਾਬੀਲਾ ਰਹਿਮਾਨ ਉਪ ਕੁਲਪਤੀ ਬਣੀ
ਉਜਾਗਰ ਸਿੰਘ
ਦੇਸ਼ ਦੀ ਵੰਡ ਸਮੇਂ ਅੱਜ ਤੋਂ 75 ਸਾਲ ਪਹਿਲਾਂ ਜਿਹੜਾ ਖ਼ੂਨ ਖ਼ਰਾਬਾ ਹੋਇਆ ਸੀ, ਉਸਦਾ ਸੰਤਾਪ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ
ਨਿਵਾਸੀਆਂ ਨੇ ਆਪਣੇ ਪਿੰਡੇ ਤੇ ਹੰਢਾਇਆ ਸੀ। ਜਿਸਦੇ ਜ਼ਖ਼ਮ ਕਾਫੀ ਲੰਬਾ ਸਮਾਂ ਰਿਸਦੇ ਰਹੇ। ਭਾਰਤ ਪਾਕਿ ਲੜਾਈਆਂ ਵੀ ਹੋਈਆਂ।
ਪੰਜਾਬੀਆਂ ਵਿੱਚ ਘਿਰਣਾ ਦੀ ਲਕੀਰ ਖਿਚੀ ਗਈ ਸੀ। ਪਰੰਤੂ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਅਦੀਬਾਂ ਨੇ ਆਪਣੀਆਂ ਸਾਹਿਤਕ
ਸਰਗਰਮੀਆਂ ਨਾਲ ਉਸ ਲਕੀਰ ਨੂੰ ਮਿਟਾਉਣ ਵਿੱਚ ਵਿਲੱਖਣ ਯੋਗਦਾਨ ਪਾਇਆ। ਅੱਜ ਦਿਨ ਭਾਵੇਂ ਦੋਹਾਂ ਦੇਸ਼ਾਂ ਦੇ ਸਿਆਸਤਦਾਨ ਕੁਝ
ਵੀ ਸੋਚਣ ਪਰੰਤੂ ਸਾਹਿਤ ਪ੍ਰੇਮੀ ਦੁਬਾਰਾ ਇਕਮਿਕ ਹੋਣ ਦੇ ਸੁਪਨੇ ਸਿਰਜ ਰਹੇ ਹਨ।
ਭਾਸ਼ਾਵਾਂ ਦੀਆਂ ਹੱਦਾਂ ਨਹੀਂ ਹੋ ਸਕਦੀਆਂ ਕਿਉਂਕਿ ਉਹ ਭਾਵਨਾਵਾਂ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ। ਹੁਣ ਜਦੋਂ ਲੁਧਿਆਣਾ ਜਿਲ੍ਹੇ ਦੇ ਜ਼ਿੰਮੀਦਾਰ ਪਰਿਵਾਰ ਦੀ ਧੀ ਨਾਬੀਲਾ ਰਹਿਮਾਨ ਚੜ੍ਹਦੇ ਪੰਜਾਬ ਦੀ ਝੰਗ ਯੂਨੀਵਰਸਿਟੀ ਦੀ ਉਪ ਕੁਲਪਤੀ ਬਣੀ ਹੈ ਤਾਂ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਨਾਬੀਲਾ ਰਹਿਮਾਨ ਦੀ ਨਿਯੁਕਤੀ ਦੀ ਖ਼ੁਸ਼ੀ ਦੀਆਂ ਸੁਗੰਧੀਆਂ ਹਵਾਵਾਂ ਵਿੱਚ ਘੁਲਕੇ ਚੜ੍ਹਦੇ ਪੰਜਾਬ ਨੂੰ ਸੁਗੰਧਤ ਕਰ ਰਹੀਆਂ ਹਨ। ਪਾਕਿਸਤਾਨ ਵਿੱਚ ਡਾ.ਨਾਬੀਲਾ ਰਹਿਮਾਨ ਪੰਜਾਬੀ ਦੇ ਝੰਡਾ ਬਰਦਾਰ ਹਨ। ਉਹ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੀ ਪਹਿਲੀ ਪੰਜਾਬੀ ਭਾਸ਼ਾ ਦੀ ਮਾਹਿਰ ਵਿਦਵਾਨ ਕਵਿਤਰੀ ਉਪਕੁਲਪਤੀ ਨਿਯੁਕਤ ਕੀਤੀ ਗਈ ਹੈ। ਇਸ ਸਮੇਂ ਡਾ.ਨਾਬੀਲਾ ਰਹਿਮਾਨ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪੰਜਾਬੀ ਵਿਭਾਗ ਦੀ ਡਾਇਰੈਕਟਰ ਹਨ।
ਉਨ੍ਹਾਂ ਨੂੰ ਪੰਜਾਬ ਦੀ ਝੰਗ ਯੂਨੀਵਰਸਿਟੀ ਦੀ ਉਪ ਕੁਲਪਤੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਪ੍ਰੋ.ਡਾ.ਸ਼ਹਿਦ ਮਨੀਰ ਦੇ ਅਸਤੀਫ਼ੇ ਤੋਂ ਬਾਅਦ ਨਿਯੁਕਤ ਕੀਤਾ ਗਿਆ ਹੈ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਡਾ.ਨਾਬੀਲਾ ਰਹਿਮਾਨ ਪੰਜਾਬੀ ਭਾਸ਼ਾ ਦੀ ਪਹਿਲੀ ਇਸਤਰੀ ਉਪ ਕੁਲਪਤੀ ਹੋਵੇਗੀ। ਇਸ ਤੋਂ ਪਹਿਲਾਂ ਚੜ੍ਹਦੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੇ ਅਧਿਆਪਕ ਸ.ਪ.ਸਿੰਘ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਦੇ ਉਪ ਕੁਲਪਤੀ ਬਣੇ ਸਨ। ਪੰਜਾਬੀ ਯੂਨੀਵਰਸਿਟੀ ਜਿਹੜੀ ਪੰਜਾਬੀ ਭਾਸ਼ਾ ਦੀ ਯੂਨੀਵਰਸਿਟੀ ਹੈ, ਇਸ ਵਿੱਚ ਵੀ ਹੁਣ ਤੱਕ ਪੰਜਾਬੀ ਦਾ ਕੋਈ ਅਧਿਆਪਕ ਉਪ ਕੁਲਪਤੀ ਨਹੀਂ ਲਗਾਇਆ ਗਿਆ। ਡਾ.ਜੋਗਿੰਦਰ ਸਿੰਘ ਪੁਆਰ Çਲੰਗੁਇਸਟਿਕ ਦੇ ਪ੍ਰੋਫ਼ੈਸਰ ਸਨ। ਡਾ.ਨਾਬੀਲਾ ਰਹਿਮਾਨ ਲਹਿੰਦੇ ਪੰਜਾਬ ਦੇ ਲਾਇਲਪੁਰ ਜਿਲ੍ਹੇ ਦੇ ਟੋਭਾ ਟੇਕ ਸਿੰਘ ਦੀ ਜੰਮਪਲ ਹਨ, ਜਿਥੇ ਉਨ੍ਹਾਂ ਦਾ ਜਨਮ 18 ਜੂਨ 1968 ਨੂੰ ਹੋਇਆ ਸੀ। ਉਨ੍ਹਾਂ ਦੇ ਪੁਰਖੇ ਦੇਸ਼ ਦੀ ਵੰਡ ਸਮੇਂ ਲੁਧਿਆਣਾ ਜਿਲ੍ਹੇ ਤੋਂ ਪਾਕਿਸਤਾਨ ਗਏ ਸਨ।
ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਟੋਭਾ ਟੇਕ ਸਿੰਘ ਦਾ ਵਿਸ਼ੇਸ਼ ਸਥਾਨ ਹੈ। ਉਹ ਪੰਜਾਬੀ, ਉਰਦੂ, ਹਿੰਦੀ, ਸਿੰਧੀ ਅਤੇ ਪਰਸੀਅਨ ਭਾਸ਼ਾਵਾਂ ਦੇ ਗਿਆਤਾ ਹਨ। ਡਾ.ਨਾਬੀਲਾ ਰਹਿਮਾਨ ਪੰਜਾਬੀ ਦੇ ਸਿਰਮੌਰ ਨਾਮਵਰ ਵਿਦਵਾਨ ਹਨ, ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੀਆਂ 10 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ। ਜਿਨ੍ਹਾਂ ਵਿੱਚ ‘ਮਸਲੇ ਸ਼ੇਖ਼ ਫਰੀਦ ਜੀ.ਕੇ.’, ‘ਪਾਕਿਸਤਾਨੀ ਪੰਜਾਬੀ ਮਜ਼ਾਹੀਆ ਸ਼ਾਇਰੀ’, ‘ਪੰਜਾਬੀ ਸਾਹਿਤਕ ਅਤੇ ਆਲੋਚਨਾਤਮਿਕ ਸ਼ਬਦਾਵਲੀ’ ‘ਰਮਜ਼ ਵਜੂਦ ਵੰਝਾਵਣ ਦੀ’ (ਫਕੀਰ ਕਾਦਿਰ ਬਖ਼ਸ਼ ਬੇਦਲ) ,‘ ਪੰਜਾਬੀ ਅਦਬੀ ਤੇ ਤਨਕੀਦੀ ਸ਼ਬਦਾਵਲੀ (ਸਾਹਿਤਕ ਪੰਜਾਬੀ ਭਾਸ਼ਾ ਦੀ ਟਰਮੀਨਾਲੋਜੀ)’, ‘ਕਲਾਮ ਪੀਰ ਫ਼ਜ਼ਲ’, ‘ਗੁਰਮੁਖੀ ਸ਼ਾਹਮੁਖੀ’, ‘ਹੁਸਨ ਜਮਾਲ ਗ਼ਜ਼ਲ ਦਾ’, ਪ੍ਰਕਾਸ਼ਤ ਹੋ ਚੁੱਕੀਆਂ ਹਨ। ਤਿਆਰੀ ਅਧੀਨ ‘ਕਲਾਮ ਮੀਰਾ ਭੀਖ ਚਿਸ਼ਤੀ’, ਤਲਾਸ਼-ਏ-ਫਰੀਦ, ਗੁਰੂ ਗ੍ਰੰਥ ਸਾਹਿਬ ਮੇਂ ਸੇ’ (ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਰਦੂ ਵਿੱਚ ਅਨੁਵਾਦ), ‘ਦੀਵਾਨ-ਏ- ਇਮਾਮ ਬਖ਼ਸ਼’ ਹਨ।
ਉਹ ਸੂਫ਼ੀਵਾਦ, ਸੂਫ਼ੀਆਂ ਦੇ ਚਿਸ਼ਤੀ ਤੇ ਕਾਦਰੀ ਅੰਗ, ਦੱਖਣੀ ਏਸ਼ੀਆ ਦੇ ਸਰਬ ਸਾਂਝੇ ਸਭਿਆਚਾਰ, ਸਮਾਜ ਸ਼ਾਸਤਰੀ, ਨਾਰੀ ਚੇਤਨਾ, ਵਿਸ਼ਵਕਸ਼ ਤੇ ਡਿਕਸ਼ਨਰੀ ਅਧਿਐਨ ਤੋਂ ਇਲਾਵਾ ਸਾਹਿਤਕ ਲਿਪੀਅੰਤਰ ਵਿੱਚ ਵਿਸ਼ੇਸ਼ ਮੁਹਾਰਤ ਰੱਖਦੇ ਹਨ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ 2002 ਵਿੱਚ ਕਾਦਰੀ ਸੂਫ਼ੀ ਆਰਡਰ ਵਿਸ਼ੇ ‘ਤੇ ਪੀ.ਐਚ.ਡੀ.ਕੀਤੀ ਸੀ। ਡਾ.ਨਬੀਲਾ ਨੇ 1990 ਵਿੱਚ ਐਮ.ਏ.ਪੰਜਾਬੀ ਅਤੇ 1992 ਵਿੱਚ ਐਮ.ਏ.ਉਰਦੂ ਦੀਆਂ ਡਿਗਰੀਆਂ ਲਹੌਰ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀਆਂ ਹਨ। ਉਸ ਤੋਂ ਬਾਅਦ ਉਨ੍ਹਾਂ ਹਿੰਦੀ, ਸਿੰਧੀ ਅਤੇ ਪਰਸੀਅਨ ਦੀ ਪੜ੍ਹਾਈ ਕੀਤੀ। ਪਾਕਿਸਤਾਨ ਵਿੱਚ ਨਾਬੀਲਾ ਰਹਿਮਾਨ ਦੀ ਨਿਗਰਾਨੀ ਹੇਠ ਸਭ ਤੋਂ ਵੱਧ ਵਿਦਿਆਰਥੀਆਂ ਨੇ ਪੀ.ਐਚ.ਡੀ.ਕੀਤੀ ਹੈ। ਉਨ੍ਹਾਂ ਨੇ ਜਪੁਜੀ ਸਾਹਿਬ ਤੇ ਖੋਜ ਵੀ ਕਰਵਾਈ ਹੈ। ਪੰਜਾਬੀ ਭਾਸ਼ਾ ਨਾਲ ਪਿਆਰ ਅਤੇ ਪੰਜਾਬ ਦੀ ਤ੍ਰਾਸਦੀ ਦੀ ਹੂਕ ਉਨ੍ਹਾਂ ਦਾ ਅੰਗਰੇਜ਼ੀ ਦੀਆਂ ਦੋ ਪੁਸਤਕਾਂ ਦੇ ਪੰਜਾਬੀ ਵਿੱਚ ਅਨੁਵਾਦ ਕਰਨ ਤੋਂ ਝਲਕਦਾ ਹੈ।
ਉਨ੍ਹਾਂ ਨੇ ਮਰਹੂਮ ਜੋਗਿੰਦਰ ਸ਼ਮਸ਼ੇਰ ਦੀ ਅੰਗਰੇਜ਼ੀ ਦੀ ਪੁਸਤਕ ‘1919 ਦਾ ਪੰਜਾਬ’ ਦਾ ਪੰਜਾਬੀ ਅਨੁਵਾਦ ‘ਲਹੂ ਲਹੂ ਪੰਜਾਬ’ ਸਿਰਲੇਖ ਹੇਠ ਕੀਤਾ ਹੈ। ਡਾ.ਨਬੀਲਾ ਰਹਿਮਾਨ ਵਲੋਂ ਅਨੁਵਾਦ ਕੀਤੀ ਇਸ ਪੁਸਤਕ ਦੇ ਨਾਮ ਰੱਖਣ ਤੋਂ ਹੀ ਉਸਦਾ ਪੰਜਾਬ ਦੀ ਤ੍ਰਾਸਦੀ ਦਾ ਦੁੱਖ ਵਿਖਾਈ ਦਿੰਦਾ ਹੈ। ਦੂਜੀ ਵਰਲਡ ਸਿੱਖ ਸੰਸਥਾ ਦੇ ਬਾਨਂੀ ਪ੍ਰਧਾਨ ਗਿਆਨ ਸਿੰਘ ਸੰਧੂ ਦੀ ਅੰਗਰੇਜ਼ੀ ਵਿੱਚ ਲਿਖੀ ਪੁਸਤਕ ‘ ਟਵੰਟੀ ਮਿਨਟਸ ਗਾਈਡ ਟੂ ਸਿੱਖ ਫੇਥ’ ਦਾ ਸ਼ਾਹਮੁਖੀ ਵਿੱਚ ਬਹੁਤ ਹੀ ਖ਼ੂਬਸੂਰਤ ਸ਼ਬਦਾਵਲੀ ਵਿੱਚ ਅਨੁਵਾਦ ਕੀਤਾ ਹੈ। ਇਨ੍ਹਾਂ ਦੋਹਾਂ ਪੁਸਤਕਾਂ ਨੂੰ ਅਨੁਵਾਦ ਕਰਨ ਦੀ ਭਾਵਨਾ ਪੰਜਾਬੀਆਂ ਨਾਲ ਲਗਾਓ ਦਾ ਪ੍ਰਤੀਕ ਹੈ। ਇਸ ਤੋਂ ਡਾ.ਨਾਬੀਲਾ ਰਹਿਮਾਨ ਦੀ ਪੰਜਾਬੀਆਂ ਪ੍ਰਤੀ ਸੋਚ ਦਾ ਵੀ ਪਤਾ ਲਗਦਾ ਹੈ। ਹੋਰ ਵੀ ਖ਼ੁਸ਼ੀ ‘ਤੇ ਸੰਤੋਖ ਦੀ ਗੱਲ ਹੈ ਕਿ ਡਾ.ਨਬੀਲਾ ਰਹਿਮਾਨ ਮੁਸਲਮਾਨ ਸੂਫ਼ੀ ਢਾਡੀ ਅਤੇ ਰਬਾਬੀ ਪਰੰਪਰਾ ਬਾਰੇ ਖੋਜ ਕਾਰਜ ਕਰ ਰਹੀ ਗੁਰਮਤਿ ਕਾਲਜ ਦੀ ਪਿ੍ਰੰਸੀਪਲ ਡਾ.ਜਸਬੀਰ ਕੌਰ ਨੂੰ ਪੂਰਾ ਸਹਿਯੋਗ ਦੇ ਰਹੇ ਹਨ।
ਡਾ.ਜਸਬੀਰ ਕੌਰ ਅਤੇ ਡਾ.ਸੁਰਜੀਤ ਕੌਰ ਸੰਧੂ ਜਿਹੜੇ ਪਿਛਲੇ ਹਫ਼ਤੇ ਪਾਕਿਸਤਾਨ ਤੋਂ ਡਾ.ਨਾਬੀਲਾ ਰਹਿਮਾਨ ਨੂੰ ਮਿਲਕੇ ਵਾਪਸ ਆਏ ਹਨ, ਉਨ੍ਹਾਂ ਨੇ ਦੱਸਿਆ ਕਿ ਡਾ.ਨਬੀਲਾ ਰਹਿਮਾਨ ਨੇ ਆਪਣੀ ਨਿਯੁਕਤੀ ਦੀ ਖ਼ੁਸ਼ੀ ਸਭ ਤੋਂ ਪਹਿਲਾਂ ਉਨ੍ਹਾਂ ਨਾਲ ਸਾਂਝੀ ਕੀਤੀ ਹੈ। ਲਹਿੰਦੇ ਪੰਜਾਬ ਦੀ ਧੀ ਦੇ ਉਪ ਕੁਲਪਤੀ ਨਿਯੁਕਤ ਹੋਣ ਦੀ ਖ਼ਬਰ ਚੜ੍ਹਦੇ ਪੰਜਾਬ ਵਿੱਚ ਪੁਜਣ ਤੋਂ ਬਾਅਦ ਪੰਜਾਬੀ ਦੇ ਪ੍ਰੇਮੀਆਂ, ਪੰਜਾਬੀ ਵਿਦਵਾਨਾ, ਖੋਜੀਆਂ ਅਤੇ ਸਾਹਿਤਕਾਰਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਡਾ.ਸ.ਪ.ਸਿੰਘ ਸਾਬਕਾ ਉਪ ਕੁਲਪਤੀ, ਡਾ.ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਡਾ.ਦੀਪਕ ਮਨਮੋਹਨ ਸਿੰਘ ਪ੍ਰਧਾਨ ਵਰਲਡ ਪੰਜਾਬੀ ਕਾਂਗਰਸ ਇੰਡੀਆ , ਕਨਵੀਨਰ ਸਹਿਜਪ੍ਰੀਤ ਸਿੰਘ ਮਾਂਗਟ, ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਰਾਈਟਰਜ਼ ਐਸਸੀਏਸ਼ਨ ਅਤ ਤ੍ਰੈਲੋਚਨ ਲੋਚੀ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਉਨ੍ਹਾਂ ਦੇ ਉਪ ਕੁਲਪਤੀ ਬਣਨ ਨਾਲ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਦਾ ਹੋਰ ਵਿਕਾਸ ਹੋਣ ਦੀ ਸੰਭਾਵਨਾ ਵੱਧ ਗਈ ਹੈ।
ਕੈਨੇਡਾ ਤੋਂ ਅਦਬੀ ਸੰਗਤ ਕੈਨੇਡਾ ਦੇ ਰੂਹੇ ਰਵਾਂ ਭਾਈ ਜੈਤੇਗ ਸਿੰਘ ਅਨੰਤ, ਗਿਆਨ ਸਿੰਘ ਸੰਧੂ ਅਤੇ ਸੁਰਿੰਦਰ ਸਿੰਘ ਜੱਬਲ ਰਾਮਗੜ੍ਹੀਆ ਸੋਸਾਇਟੀ ਨੇ ਡਾ.ਨਬੀਲਾ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਵਿੱਚ ਉਹ ਪੰਜਾਬੀ ਦੇ ਸਭ ਤੋਂ ਵੱਡੇ ਮੁੱਦਈ ਹਨ। ਇਸ ਸਮੇਂ ਡਾ.ਨਾਬੀਲਾ ਰਹਿਮਾਨ ਡਾਇਰੈਕਟਰ ਆਫ ਦਾ ਇਨਸਟੀਚਿਊਟ ਆਫ਼ ਪੰਜਾਬੀ ਐਂਡ ਕਲਚਰ ਪੰਜਾਬ ਯੂਨੀਵਰਸਿਟੀ ਲਾਹੌਰ ਹਨ। ਉਨ੍ਹਾਂ ਦਾ 23 ਸਾਲ ਦਾ ਵਿਦਿਅਕ ਤਜਰਬਾ ਹੈ। ਉਹ ਖੋਜੀ ਰੁਚੀ ਦੇ ਮਾਲਕ ਹਨ ਅਤੇ ਬਹੁਤ ਸਾਰੇ ਸਾਹਿਤਕ ਅਤੇ ਖੋਜ ਰਸਾਲਿਆਂ ਦੇ ਸੰਪਾਦਕ ਵੀ ਰਹੇ ਹਨ। ਹੁਣ ਤੱਕ ਉਨ੍ਹਾਂ ਦੇ 60 ਖੋਜ ਪੱਤਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਪ੍ਰਕਾਸ਼ਤ ਹੋ ਚੁੱਕੇ ਹਨ। ਉਹ ਪੰਜਾਬੀ ਦੇ ਵਿਕਾਸ ਸੰਬੰਧੀ ਹੁੰਦੀਆਂ ਕਾਨਫਰੰਸਾਂ ਵਿੱਚ ਦੇਸ਼ ਵਿਦੇਸ਼ ਵਿਚ ਸ਼ਾਮਲ ਹੁੰਦੇ ਰਹਿੰਦੇ ਹਨ।
ਉਨ੍ਹਾਂ ਨੇ 28 ਕੌਮੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚਸ਼ਮੂਲੀਅਤ ਕਰਕੇ ਖੋਜ ਪੇਪਰ ਪੜ੍ਹੇ ਹਨ। ਉਨ੍ਹਾਂ ਬਹੁਤ ਸਾਰੇ ਅਕਾਦਮਿਕ ਸੈਮੀਨਾਰ ਅਤੇ ਕਾਨਫਰੰਸਾਂ ਵੀ ਲਾਹੌਰ ਯੂਨੀਵਰਸਿਟੀ ਵਿੱਚ ਕਰਵਾਈਆਂ ਹਨ। ਉਹ ਕਲਾਮ ਫ਼ਾਊਂਡੇਸ਼ਨ ਕੈਨੇਡਾ ਦੇ ਪਾਕਿਸਤਾਨ ਚੈਪਟਰ ਦੇ ਚੇਅਰ ਪਰਸਨ ਹਨ। ਇਸੇ ਤਰ੍ਹਾਂ ਪਾਕਿ ਪੰਜਾਬੀ ਅਦਬੀ ਕੌਂਸਲ ਦੇ ਵੀ ਚੇਅਰਪਰਸਨ ਹਨ। ਪਾਕਿਸਤਾਨ ਵਿੱਚ ਪੰਜਾਬੀ ਬੋਲੀ ਦੀ ਪ੍ਰਚਾਰ ਕਮੇਟੀ ਦੇ ਵੀ ਮੈਂਬਰ ਹਨ। ਡਾ.ਨਾਬਿਲਾ ਰਹਿਮਾਨ ਉਪਸਾਲਾ ਯੂਨੀਵਰਸਿਟੀ ਸਵੀਡਨ ਦੇ ਇਨਸਟੀਚਿਊਟ ਆਫ Çਲੰਗੁਇਸਟਿਕ ਐਂਡ ਫਿਲਾਲੋਜੀ ਵਿਭਾਗ ਦੇ ਵਿਜਿਟਿੰਗ ਪ੍ਰੋਫੈਸਰ ਰਹੇ ਹਨ। ਉਨ੍ਹਾਂ ਦੀਆਂ ਪੁਸਤਕਾਂ ਐਮ.ਏ.ਅਤੇ ਐਮ.ਫਿਲ.ਦੇ ਕੋਰਸਾਂ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਨੂੰ ਦੇਸ਼ ਵਿਦੇਸ਼, ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀਆਂ ਸਾਹਿਤਕ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਰੋਲ ਆਫ਼ ਆਨਰ ਕਲਾਮ ਫ਼ਾਊਂਡੇਸ਼ਨ ਕੈਨੇਡਾ, ਬਾਬਾ ਫਰੀਦ ਅਵਾਰਡ ਪੰਜਾਬੀ ਯੂਨੀਵਰਸਿਟੀ ਪਟਿਆਲਾ, ਮਾਤਾ ਦਰਸ਼ਨ ਕੌਰ ਅਵਾਰਡ ਪੰਜਾਬੀ ਅਦਬੀ ਸੰਗਤ ਲਿਟਰੇਰੀ ਸੋਸਾਇਟੀ ਕੈਨੇਡਾ, ਖਾਲਸਾ ਹੈਰੀਟੇਜ ਅਵਾਰਡ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰਸੰਸਾ ਪੱਤਰ ਕੇਂਦਰੀ ਸਾਹਿਤ ਸਭਾ ਵਾਲਵਰ ਹੈਮਪਟਨ ਬਰਤਾਨੀਆ, ਸ਼ਰੀਫ਼ ਕੁੰਜਾਹੀ ਅਵਾਰਡ ਰਾਈਟਰਜ਼ ਕਲੱਬ ਗੁਜਰਾਤ, ਮਸੂਦ ਖੱਦਰ ਪੋਸ਼ ਅਵਾਰਡ ਲਾਹੌਰ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਵਿਦਿਆਰਥੀ ਜੀਵਨ ਵਿੱਚ ਭਾਸ਼ਣ ਮੁਕਾਬਲਿਆਂ ਵਿੱਚ ਉਨ੍ਹਾਂ ਨੇ ਅਨੇਕਾਂ ਅਵਾਰਡ ਜਿੱਤੇ ਹਨ। ਪੰਜਾਬੀ ਦੇ ਪਾਕਿਸਤਾਨ ਦੇ ਉਹ ਨਾਮਵਰ ਵਿਦਵਾਨ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.