Breaking NewsD5 specialNewsPress ReleasePunjab

ਰੰਧਾਵਾ ਨੇ ਪੰਜਾਬ ਪੁਲਿਸ ਹੈਡਕੁਆਰਟਰ ‘ਤੇ ਕੀਤੀ ਅਚਨਚੇਤੀ ਚੈਕਿੰਗ, ਗੈਰਹਾਜ਼ਰ ਕਰਮੀਆਂ ਨੂੰ ਚਿਤਾਵਨੀ ਦੇ ਕੇ ਛੱਡਿਆ

ਪੰਜਾਬ ਸੁਰੱਖਿਅਤ ਹੱਥਾਂ ਵਿੱਚ, ਉਪ ਮੁੱਖ ਮੰਤਰੀ ਰੰਧਾਵਾ ਨੇ ਪ੍ਰਗਟਾਇਆ ਵਿਸ਼ਵਾਸ
ਅਫ਼ਵਾਹਾਂ ਫੈਲਾਉਣ ਖਿਲਾਫ ਦਿੱਤੀ ਚਿਤਾਵਨੀ
ਚੰਡੀਗੜ੍ਹ:ਕੁਝ ਸੁਆਰਥੀ ਤੱਤਾਂ ਵੱਲੋਂ ਆਪਣੇ ਸੌੜੇ ਹਿੱਤਾਂ ਲਈ ਪੰਜਾਬ ਵਿੱਚ ਅਤੇ ਇਸ ਤੋਂ ਬਾਹਰ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਖਿਲਾਫ ਚਿਤਾਵਨੀ ਦਿੰਦੇ ਹੋਏ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਨਾਲ ਸੂਬੇ ਦੇ ਲੋਕਾਂ ਦਰਮਿਆਨ ਬੇਲੋੜਾ ਡਰ ਅਤੇ ਅਸਰੁੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ।ਸੂਬੇ ਵਿੱਚ ਸਰਕਾਰ ਬਦਲਣ ਮਗਰੋਂ ਪਾਕਿਸਤਾਨ ਤੋਂ ਦਰਪੇਸ਼ ਖਤਰੇ ਸਬੰਧੀ ਬਖੇੜਾ ਖੜ੍ਹਾ ਕਰਨ ਵਾਲੇ ਸਮੂਹ ਆਲੋਚਕਾਂ ਨੂੰ ਉਨ੍ਹਾਂ ਕਿਹਾ, ”ਚਿੰਤਾ ਨਾ ਕਰੋ, ਪੰਜਾਬ ਸੁਰੱਖਿਅਤ ਹੱਥਾਂ ਵਿੱਚ ਹੈ ਅਤੇ ਜਦੋਂ ਵੀ ਲੋੜ ਪਈ ਤਾਂ ਹਰ ਕੁਰਬਾਨੀ ਦਿੱਤੀ ਜਾਵੇਗੀ।”ਸ. ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਇਥੇ ਸੈਕਟਰ-9 ਸਥਿਤ ਪੰਜਾਬ ਪੁਲਿਸ ਦੇ ਹੈਡਕੁਆਰਟਰ ਵਿਖੇ ਸਵੇਰੇ 9 ਵਜੇ ਅਚਨਚੇਤੀ ਚੈਕਿੰਗ ਕਰਨ ਉਪਰੰਤ ਕੁਝ ਮੀਡੀਆਂ ਕਰਮੀਆਂ ਨਾਲ ਗੈਰ ਰਸਮੀ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਦੇ ਨਾਲ ਕਾਰਜਕਾਰੀ ਡੀ.ਜੀ.ਪੀ. ਇਕਬਾਲ ਪ੍ਰੀਤ ਸਿੰਘ ਸਹੋਤਾ, ਏ.ਡੀ.ਜੀ.ਪੀ. ਕਾਨੂੰਨ ਤੇ ਵਿਵਸਥਾ ਗੌਰਵ ਯਾਦਵ, ਏ.ਡੀ.ਜੀ.ਪੀ. ਪ੍ਰੋਵੀਜ਼ਨਿੰਗ ਨਰੇਸ਼ ਅਰੋੜਾ ਅਤੇ ਏ.ਡੀ.ਜੀ.ਪੀ. ਤਕਨੀਕੀ ਸੇਵਾਵਾਂ ਕੁਲਦੀਪ ਸਿੰਘ ਵੀ ਨਾਲ ਸਨ।ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸੂਬਾ/ਜ਼ਿਲਾ/ਤਹਿਸੀਲ/ਬਲਾਕ ਪੱਧਰ ਉਤੇ ਸਾਰੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਸਵੇਰੇ 9 ਵਜੇ ਤੋਂ ਆਪੋ-ਆਪਣੇ ਦਫਤਰਾਂ ਵਿੱਚ ਪਹੁੰਚਣ ਅਤੇ ਦਫਤਰੀ ਸਮੇਂ ਤੱਕ ਆਪਣੇ ਦਫਤਰ ਵਿੱਚ ਮੌਜੂਦ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ ਤਾਂ ਜੋ ਸੂਬੇ ਦੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਨਿਰਵਿਘਨ ਤੇ ਸੌਖਾਲੀਆ ਦਿੱਤੀਆਂ ਜਾਣ।ਉਪ ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਇਹ ਸੱਚ ਹੈ ਕਿ ਪਾਕਿਸਤਾਨ ਅਤੇ ਉਸ ਦੀਆਂ ਜਾਸੂਸੀ ਏਜੰਸੀਆਂ ਭਾਰਤ ਅਤੇ ਸਰਹੱਦੀ ਸੂਬੇ ਪੰਜਾਬ ਲਈ ਹਮੇਸ਼ਾ ਖਤਰੇ ਪੈਦਾ ਕਰਦੀਆਂ ਰਹੀਆਂ ਹਨ ਪਰ ਇਸ ਦੇ ਨਾਲ ਹੀ ਪੰਜਾਬੀਆਂ ਨੇ ਆਪਣੀ ਹਿੰਮਤ ਅਤੇ ਹੌਸਲੇ ਨਾਲ ਹਰੇਕ ਚੁਣੌਤੀ ਦਾ ਸਾਹਮਣਾ ਕੀਤਾ ਹੈ।
ਉਨ੍ਹਾਂ ਅੱਗੇ ਕਿਹਾ, ”ਇਸ ਖਤਰੇ ਸਬੰਧੀ ਕੁਝ ਵੀ ਨਵਾਂ ਨਹੀਂ ਹੈ, ਸਗੋਂ ਇਹ ਤਾਂ ਪਹਿਲਾਂ ਵੀ ਮੌਜੂਦ ਸੀ ਅਤੇ ਅੱਗੇ ਵੀ ਰਹੇਗਾ।” ਉਨ੍ਹਾਂ ਸਵਾਲ ਕੀਤਾ, ”ਹੁਣ ਦੋ ਹਫਤਿਆਂ ਵਿੱਚ ਕੀ ਬਦਲ ਗਿਆ?” ਉਨ੍ਹਾਂ ਪੰਜਾਬ ਨੂੰ ਦੇਸ਼ ਦੀ ਖੜਗ ਭੁਜਾ ਕਿਹਾ ਜਿਸ ਨੇ ਹਰ ਫਰੰਟ ‘ਤੇ ਦੇਸ਼ ਦੀ ਰੱਖਿਆ ਕੀਤੀ ਹੈ।ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਸਮੇਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਕੀਤੀਆਂ ਕੁਰਬਾਨੀਆਂ ਦਾ ਹਵਾਲਾ ਦਿੰਦੇ ਹੋਏ ਸ. ਰੰਧਾਵਾ ਨੇ ਕਿਹਾ, ”ਇਨ੍ਹਾਂ ਕੁਰਬਾਨੀਆਂ ਤੋਂ ਹਰੇਕ ਕਾਂਗਰਸ ਵਰਕਰ ਨੂੰ ਉਤਸ਼ਾਹ ਮਿਲਿਆ ਹੈ ਅਤੇ ਇਹ ਕੁਰਬਾਨੀਆਂ ਅਜਾਈਂ ਨਹੀਂ ਜਾਣਗੀਆਂ। ਅਸੀਂ ਆਪਣੀਆਂ ਜ਼ਿੰਦਗੀਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਵਾਰੀਆਂ ਹਨ ਜਦੋਂ ਕਿ ਬਾਕੀ ਤਾਂ ਇਕ ਸੁਰੱਖਿਅਤ ਦੂਰੀ ‘ਤੇ ਬੈਠ ਕੇ ਮੂਕ ਦਰਸ਼ਨ ਬਣੇ ਰਹੇ ਹਨ।” ਉਨ੍ਹਾਂ ਇਹ ਵੀ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਸਾਨੂੰ ਕੋਈ ਖਤਰਾ ਦਰਪੇਸ਼ ਹੋਵੇ।ਉਪ ਮੁੱਖ ਮੰਤਰੀ ਨੇ ਗਿਲਾ ਕੀਤਾ ਕਿ ਸਿਰਫ ਕੁਝ ਰਾਜਸੀ ਵਿਰੋਧੀਆਂ ਵੱਲੋਂ ਬੇਲੋੜੇ ਖੌਫ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਵਿੱਚ ਘਬਰਾਹਟ ਫੈਲੇ।
ਉਨ੍ਹਾਂ ਪੁੱਛਿਆ, ”ਅਜਿਹੇ ਬੇਲੋੜੇ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਕੇ ਤੁਸੀਂ ਕਿਸ ਦੀ ਮੱਦਦ ਕਰਨਾ ਚਾਹੁੰਦੇ ਹੋ?” ਉਨ੍ਹਾਂ ਕਿਹਾ ਕਿ ਚੁਣੌਤੀ ਦਾ ਸਾਹਮਣਾ ਕਰਨਾ ਇਕ ਗੱਲ ਹੈ ਜਦੋਂ ਕਿ ਝੂਠੀਆਂ ਸੂਚਨਾਵਾਂ ਰਾਹੀਂ ਅਫਵਾਹ ਫੈਲਾਉਣਾ ਸਰਾਸਰ ਗਲਤ ਹੈ।ਗ੍ਰਹਿ ਮੰਤਰੀ ਨੇ ਇਹ ਵੀ ਸਵਾਲ ਕੀਤਾ ਕਿ ਕੁਝ ਹੀ ਦਿਨਾਂ ਦੇ ਵਕਫੇ ਵਿੱਚ ਅਜਿਹਾ ਕੀ ਬਦਲ ਗਿਆ ਕਿ ਇਕ ਹਫਤਾ ਪਹਿਲਾਂ ਪੰਜਾਬ ਬਿਲਕੁਲ ਸੁਰੱਖਿਅਤ ਸੀ ਅਤੇ ਹੁਣ ਅਚਾਨਕ ਹੀ ਇੱਥੇ ਦਾ ਮਾਹੌਲ ਸੁਰੱਖਿਅਤ ਨਹੀਂ ਰਿਹਾ ਜਿਵੇਂ ਕਿ ਆਲੋਚਕਾਂ ਵੱਲੋਂ ਸੁਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ”ਜੇਕਰ ਪੰਜਾਬ ਇਸ ਸਮੇਂ ਸੱਚਮੁੱਚ ਖਤਰੇ ਵਿੱਚ ਹੈ ਤਾਂ ਇਸ ਦੇ ਬੀਜ ਹਫਤੇ ਪਹਿਲਾ ਨਹੀਂ ਸਗੋਂ ਕਾਫੀ ਸਮਾਂ ਪਹਿਲਾਂ ਬੀਜੇ ਗਏ ਹੋਣਗੇ।”
ਉਨ੍ਹਾਂ ਇਹ ਜਵਾਬ ਵੀ ਮੰਗਿਆ ਕਿ ਇਸ ਖਤਰੇ ਨੂੰ ਨੱਥ ਪਾਉਣ ਲਈ ਕੀ ਕਦਮ ਚੁੱਕੇ ਗਏ।ਸ. ਰੰਧਾਵਾ ਨੇ ਵਾਅਦਾ ਕਰਦਿਆਂ ਕਿਹਾ, ”ਅੰਤ ਵਿੱਚ ਮੈਂ ਸਾਰਿਆਂ ਜਿਹੜੇ ਪੰਜਾਬ ਦੀ ਸ਼ਾਂਤੀ ਨੂੰ ਲੈ ਕੇ ਚਿੰਤਤ ਹਨ, ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਸੂਬੇ ਦੀ ਸੁਰੱਖਿਆ, ਅਮਨ ਤੇ ਸ਼ਾਂਤੀ ਅਤੇ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ।”ਉਪ ਮੁੱਖ ਮੰਤਰੀ ਨੇ ਅੱਜ ਪੰਜਾਬ ਪੁਲਿਸ ਹੈਡਕੁਆਰਟਰ ‘ਤੇ ਗੈਰਹਾਜ਼ਰ ਰਹਿਣ ਵਾਲੇ ਪੁਲਿਸ ਕਰਮੀਆਂ ਨੂੰ ਇਕ ਵਾਰ ਛੱਡਦਿਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਚੈਕਿੰਗ ਦਾ ਮਕਸਦ ਲੋਕਾਂ ਨੂੰ ਬਿਹਤਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਾਗਰਿਕ ਪੱਖੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਰਮੀ ਸਮੇਂ ਸਿਰ ਆਉਣ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਉਡੀਕ ਨਾ ਕਰਨੀ ਪਵੇ।
ਉਨ੍ਹਾਂ ਕਿਹਾ ਕਿ ਪੁਲਿਸ ਕਰਮੀ ਇਹ ਯਕੀਨੀ ਬਣਾਉਣ ਕਿ ਪੁਲਿਸ ਥਾਣਿਆਂ ਵਿੱਚ ਲੋਕਾਂ ਨੂੰ ਕੋਈ ਖੱਜਲ ਖੁਆਰੀ ਨਾ ਹੋਵੇ।ਸ. ਰੰਧਾਵਾ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਨਸ਼ਿਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ਨੂੰ ਲੋਕਾਂ ਦੀ ਹਿੱਸੇਦਾਰੀ ਖਾਸ ਕਰਕੇ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣ ਉਤੇ ਵੀ ਜ਼ੋਰ ਦਿੱਤਾ।ਇਸੇ ਦੌਰਾਨ ਉਪ ਮੁੱਖ ਮੰਤਰੀ ਨੇ ਇਹ ਵਿਸ਼ਵਾਸ ਦਿਵਾਇਆ ਕਿ ਸਾਰੇ ਪੁਲਿਸ ਅਮਲੇ ਦੀਆਂ ਤਰੱਕੀਆਂ ਸਮੇਂ ਸਿਰ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ 10,000 ਪੁਲਿਸ ਕਰਮੀਆਂ ਦੀ ਭਰਤੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਉਨ੍ਹਾਂ ਪੁਲਿਸ ਵਿੱਚ ਖੇਡ ਕੋਟੇ ਦੀਆਂ ਅਸਮੀਆਂ ਸਮਾਂ ਰਹਿੰਦਿਆਂ ਭਰਨ ਉਤੇ ਵੀ ਜ਼ੋਰ ਦਿੱਤਾ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button