News

ਰੇਲਵੇ ਓਵਰ ਬ੍ਰਿਜ ਤੇ ਅੰਡਰ ਬ੍ਰਿਜ ਬਣਾਉਣ ’ਤੇ ਖਰਚੇ ਜਾਣਗੇ 42 ਕਰੋੜ ਰੁਪਏ

ਪੁਲ੍ਹ ਬਣਾਉਣ ਲਈ 2.23 ਏਕੜ ਰਕਬੇ ਦੇ 14 ਮਾਲਕਾਂ ਦੀ ਜ਼ਮੀਨ ਕੀਤੀ ਜਾਵੇਗੀ ਐਕੁਆਇਰ

ਮੰਡੀ ਗੋਬਿੰਦਗੜ੍ਹ (ਫ਼ਤਹਿਗੜ੍ਹ ਸਾਹਿਬ), 15 ਦਸੰਬਰ:
            ਮੰਡੀ ਗੋਬਿੰਦਗੜ੍ਹ ਦੀ ਗੁਰੂ ਕੀ ਨਗਰੀ ਵਿਖੇ ਬਣਾਏ ਜਾਣ ਵਾਲੇ ਰੇਲਵੇ ਓਵਰ ਬ੍ਰਿਜ ਤੇ ਅੰਡਰ ਬ੍ਰਿਜ ਲਈ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਜ਼ਮੀਨ ਮਾਲਕਾਂ ਤੇ ਇਲਾਕਾ ਨਿਵਾਸੀਆਂ ਨਾਲ ਅੱਜ ਜਨਤਕ ਸੁਣਵਾਈ ਕੀਤੀ। ਜਿਸ ਵਿੱਚ ਜਿਆਦਾਤਰ ਜ਼ਮੀਨ ਮਾਲਕਾਂ ਨੇ ਆਪਣੀ ਜ਼ਮੀਨ ਸਹੀ ਭਾਅ ’ਤੇ ਦੇਣ ਦਾ ਭਰੋਸਾ ਦਿੱਤਾ ਅਤੇ ਕਿਸੇ ਨੇ ਵੀ ਪੁਲ੍ਹ ਬਣਾਏ ਜਾਣ ਦਾ ਵਿਰੋਧ ਨਹੀਂ ਕੀਤਾ।
             ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਇਸ ਪੁਲ੍ਹ ਬਾਰੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀ ਅਤੇ ਕਈ ਵਾਰ ਰਾਜਨੀਤਿਕ ਦਲਾਂ ਵੱਲੋਂ ਘੋਸ਼ਣਾਵਾਂ ਵੀ ਕੀਤੀਆਂ ਗਈਆਂ ਪਰ ਮੌਜੂਦਾ ਸਰਕਾਰ ਨੇ ਇਸ ’ਤੇ ਤੇਜੀ ਨਾਲ ਕੰਮ ਕਰਦਿਆਂ ਲੋਕਾਂ ਦੀ ਮੰਗ ਨੂੰ ਜਲਦੀ ਤੋਂ ਜਲਦੀ ਪੂਰੀ ਕਰਨ ਦੀ ਕੋਸਿ਼ਸ਼ ਕੀਤੀ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇਸ ਪੁਲ੍ਹ ਦੇ ਬਣਨ ਨਾਲ ਹੋਣ ਵਾਲੇ ਸਮਾਜਿਕ ਪ੍ਰਭਾਵਾਂ ’ਤੇ ਵਿਸਥਾਰ ਪੂਰਬਕ ਅਧਿਐਨ ਕੀਤਾ ਹੈ ਅਤੇ ਆਪਣੀ ਰਿਪੋਰਟ ਪੇਸ਼ ਕੀਤੀ ਹੈ।
              ਉਨ੍ਹਾਂ ਦੱਸਿਆ ਕਿ ਇਸ ਪੁਲ੍ਹ ਦੇ ਬਣਨ ਨਾਲ ਗੁਰੂ ਕੀ ਨਗਰੀ ਅਤੇ ਜਿ਼ਲ੍ਹਾ ਹੈਡ ਕੁਆਰਟਰ ਦੇ ਵਿੱਚ ਲਗਭਗ ਪੰਜ ਕਿਲੋਮੀਟਰ ਦੂਰੀ ਘੱਟ ਜਾਵੇਗੀ। ਵੱਡੀ ਆਬਾਦੀ ਨੂੰ ਹਸਪਤਾਲ, ਸਕੂਲ, ਕਾਲਜ਼ ਅਤੇ ਹੋਰ ਜਰੂਰੀ ਸਰਕਾਰੀ ਅਤੇ ਵਪਾਰਕ ਸੇਵਾਵਾਂ ਲਈ ਰੇਲਵੇ ਫਾਟਕ ’ਤੇ ਕਈ-ਕਈ ਘੰਟੇ ਉਡੀਕਣਾ ਨਹੀਂ ਪਵੇਗਾ। ਇਸ ਦੇ ਨਾਲ-ਨਾਲ ਜੀ.ਟੀ. ਰੋਡ ’ਤੇ ਟਰੈਫਿਕ ਘਟੇਗਾ ਅਤੇ ਚੰਡੀਗੜ੍ਹ ਜਾਂ ਬਸੀ ਪਠਾਣਾ ਜਾਣ ਵਾਲੇ ਲੋਕਾਂ ਲਈ ਇੱਕ ਹੋਰ ਵਾਧੂ ਸੜਕ ਮਿਲ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਬਣਾਏ ਜਾਣ ਵਾਲੇ ਇਨ੍ਹਾਂ ਪੁਲ੍ਹਾਂ ਬਾਰੇ ਦੱਸਿਆ ਕਿ ਇੱਕ ਪੁਲ੍ਹ (ਓਵਰ ਬ੍ਰਿਜ) 790 ਮੀਟਰ ਲੰਮਾਂ ਅਤੇ ਰੇਲਵੇ ਲਾਈਨਾਂ ਦੇ ਉਪਰੋਂ ਦੀ ਲੰਘੇਗਾ ਜਦਕਿ ਦੋ ਪਹੀਆ ਵਾਹਨਾਂ ਅਤੇ ਰਿਕਸ਼ਾ ਰੇਹੜੀ ਲਈ  ਇੱਕ ਅੰਡਰ ਬ੍ਰਿਜ ਇਸੇ ਇਲਾਕੇ ਵਿੱਚ ਬਣਾਇਆ ਜਾਵੇਗਾ। ਗੁਰੂ ਕੀ ਨਗਰੀ ਵਿਖੇ ਬਣਨ ਵਾਲੇ ਇਨ੍ਹਾਂ ਪੁਲ੍ਹਾਂ ਲਈ 2.23 ਏਕੜ ਰਕਬਾ ਜ਼ਮੀਨ ਇਕੁਆਇਰ ਕੀਤੀ ਜਾਵੇਗੀ। ਇਹ ਕੰਮ ਸੰਭਾਵਿਤ ਰੂਪ ਨਾਲ ਅਗਲੇ ਤਿੰਨ ਚਾਰ ਮਹੀਨਿਆਂ ਵਿੱਚ ਹੋ ਜਾਵੇਗਾ। ਨਿਸ਼ਾਨਦੇਹੀ ਵਗੈਰਾ ਕੀਤੀ ਜਾ ਚੁੱਕੀ ਹੈ। ਰੇਲਵੇ ਵੱਲੋਂ ਵੀ ਇਹ ਦੋਵੋਂ ਪੁਲ ਪਾਸ ਕੀਤੇ ਜਾ ਚੁੱਕੇ ਹਨ। ਡਰਾਇੰਗਾਂ ਤਿਆਰ ਹਨ ਅਤੇ ਲੋਕਾਂ ਨੂੰ ਮੁਆਵਜਾ ਦੇਣ ਦੇ ਨਾਲ ਹੀ ਇਸ ’ਤੇ ਕੰਮ ਸ਼ੁਰੂ ਹੋ ਜਾਵੇਗਾ।
              ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਲਗਭਗ 42 ਕਰੋੜ ਰੁਪਏ ਦੀ ਲਾਗਤ ਨਾਲ ਇਨ੍ਹਾਂ ਪੁਲ੍ਹਾਂ ਦੀ ਉਸਾਰੀ ਕੀਤੀ ਜਾਵੇਗੀ ਜਿਸ ਨਾਲ ਜਿਥੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇਗਾ ਉਥੇ ਹੀ ਰੇਲਵੇ ਫਾਟਕ ਬੰਦ ਹੋਣ ਕਾਰਨ ਉਨ੍ਹਾਂ ਦੇ ਥੱਲਿਓਂ ਲੰਘਣ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ’ਤੇ ਵੀ ਰੋਕ ਲੱਗੇਗੀ।
          ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪੁਲ ਬਣਾਉਣ ਲਈ ਤਕਨੀਕ ਵਧੀਆ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਰੇਲਵੇ ਦੇ ਡਾ. ਸਿਨਹਾ ਜੋ ਕਿ ਇਸ ਟੀਮ ਨੂੰ ਹੈਡ ਕਰ ਰਹੇ ਹਨ ਜਿਨ੍ਹਾਂ ਨੂੰ ਬਹੁਤ ਲੰਮਾਂ ਤਜ਼ਰਬਾ ਹੈ। ਇਸ ਲਈ ਸਥਾਨਕ ਐਸ.ਡੀ.ਐਮ. ਸ਼੍ਰੀ ਆਨੰਦ ਸਾਗਰ ਸ਼ਰਮਾ ਦੇ ਨਾਲ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੋਕ ਇਹੋ ਚਾਹੁੰਦੇ ਹਨ ਕਿ ਇਨ੍ਹਾਂ ਪੁਲਾਂ ਦਾ ਛੇਤੀ ਤੋਂ ਛੇਤੀ ਨਿਰਮਾਣ ਕੀਤਾ ਜਾਵੇ ਤਾਂ ਜੋ ਗੁਰੂ ਕੀ ਨਗਰੀ ਦੇ ਨਾਗਰਿਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਛੇਤੀ ਹੀ ਜ਼ਮੀਨ ਇਕੁਆਇਰ ਕਰਕੇ ਸਾਲ 2021 ਵਿੱਚ ਪੁਲ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਮੀਨ ਇਕੁਆਇਰ ਕਰਨ ਸਮੇਂ ਕਿਸੇ ਨਾਲ ਧੱਕਾ ਨਹੀਂ ਕੀਤਾ ਜਾਵੇਗਾ ਅਤੇ ਸਰਕਾਰੀ ਰੇਟਾਂ ਅਨੁਸਾਰ ਜਿਸ ਜ਼ਮੀਨ ਦਾ ਜਿਨ੍ਹਾਂ ਵੀ ਮੁੱਲ ਹੋਵੇਗਾ ਉਸ ਅਨੁਸਾਰ ਅਦਾਇਗੀ ਕੀਤੀ ਜਾਵੇਗੀ।
         ਇਸ ਮੌਕੇ ਐਸ.ਡੀ.ਐਮ. ਅਮਲੋਹ ਸ਼੍ਰੀ ਆਨੰਦ ਸਾਗਰ ਸ਼ਰਮਾ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਬਲਵਿੰਦਰ ਸਿੰਘ, ਕਾਰਜ ਸਾਧਕ ਅਫਸਰ ਚਰਨਜੀਤ ਸਿੰਘ, ਜੀ.ਐਸ. ਅਸ਼ਕ, ਬਲਵਿੰਦਰ ਸਿੰਘ ਸਾਬਕਾ ਸਰਪੰਚ ਡਡਹੇੜੀ, ਸ਼ਰਨਜੀਤ ਸਿੰਘ, ਹਰਦੇਵ ਸਿੰਘ, ਕੁਲਬੀਰ ਸਿੰਘ, ਅਜਮੇਰ ਸਿੰਘ, ਰਾਮ ਕਿਸ਼ੋਰ, ਰਿਚਾ ਗੋਇਲ, ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਮੈਨੇਜਰ ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ ਸਾਬਕਾ ਐਮ.ਸੀ., ਡਾ. ਅਮਿਤ ਸੰਦਲ, ਹਰਭਜਨ ਸਿੰਘ ਡਡਹੇੜੀ ਤੋਂ ਇਲਾਵਾ ਹੋਰ ਅਧਿਕਾਰੀ ਤੇ ਇਲਾਕਾ ਨਿਵਾਸੀ ਮੌਜੂਦ ਸਨ।
-Nav Gill
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button