Breaking NewsD5 specialNewsPress ReleasePunjabTop News

ਰਾਜਾ ਵੜਿੰਗ ਵੱਲੋਂ ਟਰਾਂਸਪੋਰਟ ਵਿਭਾਗ ਦੀ 21 ਦਿਨਾਂ ਦੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਪੇਸ਼

ਡਿਫ਼ਾਲਟਰਾਂ ਤੋਂ ਬਕਾਇਆ ਟੈਕਸਾਂ ਦੇ 3.29 ਕਰੋੜ ਰੁਪਏ ਵਸੂਲੇ, 53 ਲੱਖ ਰੁਪਏ ਰੋਜ਼ਾਨਾ ਦੇ ਵਾਧੇ ਨਾਲ ਵਿਭਾਗ ਦੀ ਆਮਦਨ ਵਿੱਚ 7.98 ਕਰੋੜ ਦਾ ਵਾਧਾ ਹੋਇਆ
ਕਰੀਬ 800 ਡਰਾਈਵਰਾਂ, ਕੰਡਕਟਰਾਂ ਅਤੇ ਹੋਰ ਸਟਾਫ਼ ਦੀ ਭਰਤੀ ਪ੍ਰਕਿਰਿਆ ਜਾਰੀ
ਨਵੇਂ ਬੱਸ ਅੱਡੇ ਤੇ ਵਰਕਸ਼ਾਪਾਂ ਬਣਾਉਣ ਅਤੇ ਨਵੀਨੀਕਰਨ ਲਈ 400 ਕਰੋੜ ਰੁਪਏ ਖ਼ਰਚੇ ਜਾਣਗੇ
ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੂੰ ਪੱਤਰ ਲਿਖ ਕੇ ਵਿਭਾਗ ਦੀ ਬਿਹਤਰੀ ਲਈ ਸੁਝਾਅ ਮੰਗੇ
ਚੰਡੀਗੜ੍ਹ :  ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮੁੜ ਵਿਭਾਗ ਦੇ ਕੰਮਕਾਜ ਵਿੱਚ ਪੂਰਣ ਪਾਰਦਰਸ਼ਤਾ ਲਿਆਉਣ ਅਤੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾ ਰਹੇ ਟੈਕਸ ਡਿਫ਼ਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਦਾ ਪ੍ਰਣ ਲਿਆ।
ਇੱਥੇ ਪੰਜਾਬ ਭਵਨ ਵਿਖੇ ਟਰਾਂਸਪੋਰਟ ਮੰਤਰੀ ਵਜੋਂ ਆਪਣੀਆਂ 21 ਦਿਨਾਂ ਦੀਆਂ ਪ੍ਰਾਪਤੀਆਂ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਜਾ ਵੜਿੰਗ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਟਰਾਂਸਪੋਰਟ ਵਿਭਾਗ ਨੇ ਆਪਣੀ ਆਮਦਨੀ ਵਿੱਚ 17.24 ਫ਼ੀਸਦੀ ਵਾਧੇ ਨਾਲ ਮੁੜ ਰਫ਼ਤਾਰ ਫੜੀ ਹੈ। ਇਹ ਵਾਧਾ 15 ਅਕਤੂਬਰ ਤੱਕ 7.98 ਕਰੋੜ ਰੁਪਏ ਬਣਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੀ ਰੋਜ਼ਾਨਾ ਆਮਦਨ ਵਿੱਚ ਕਰੀਬ 53 ਲੱਖ ਰੁਪਏ ਦਾ ਵਾਧਾ ਹੋਇਆ ਹੈ। 15 ਸਤੰਬਰ ਤੋਂ 30 ਸਤੰਬਰ ਤੱਕ ਵਿਭਾਗ ਨੂੰ 46.28 ਕਰੋੜ ਰੁਪਏ ਆਮਦਨ ਹੋਈ ਜਦ ਕਿ 1 ਅਕਤੂਬਰ ਤੋਂ 15 ਅਕਤੂਬਰ ਤੱਕ 54.26 ਕਰੋੜ ਰੁਪਏ ਰੋਜ਼ਾਨਾ ਆਮਦਨ ਦਰਜ ਕੀਤੀ ਗਈ।
ਟੈਕਸ ਡਿਫ਼ਾਲਟਰਾਂ ਅਤੇ ਗ਼ੈਰ-ਕਾਨੂੰਨੀ ਪਰਮਿਟ ਧਾਰਕਾਂ ਵਿਰੁੱਧ ਕਾਰਵਾਈ ਨੂੰ ਜਾਇਜ਼ ਕਰਾਰ ਦਿੰਦਿਆਂ ਸ੍ਰੀ ਰਾਜਾ ਵੜਿੰਗ ਨੇ ਕਿਹਾ ਕਿ ਲੋਕਾਂ ਦੇ ਭਰੋਸੇ ਨੂੰ ਬਹਾਲ ਕਰਨ ਲਈ ਦਾਲ ਵਿੱਚੋਂ ਕੋਕੜੂਆਂ ਦੀ ਛਾਂਟੀ ਬਹੁਤ ਜ਼ਰੂਰੀ ਸੀ ਕਿਉਂਕਿ ਡਿਫ਼ਾਲਟਰ ਬੱਸ ਆਪ੍ਰੇਟਰ ਪਿਛਲੇ 10 ਮਹੀਨਿਆਂ ਤੋਂ ਜਿਸ ਟੈਕਸ ਨੂੰ ਦੇਣ ਤੋਂ ਟਾਲਾ ਵੱਟ ਰਹੇ ਹਨ, ਉਹ ਉਨ੍ਹਾਂ ਨੇ ਪਹਿਲਾਂ ਹੀ ਸਵਾਰੀਆਂ ਤੋਂ ਟਿਕਟਾਂ ਦੇ ਰੂਪ ਵਿੱਚ ਵਸੂਲਿਆ ਹੋਇਆ ਹੈ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਕਿ ਟੈਕਸਾਂ ਦਾ ਭੁਗਤਾਨ ਨਾ ਕਰਨ, ਗ਼ੈਰ-ਕਾਨੂੰਨੀ ਪਰਮਿਟ, ਦਸਤਾਵੇਜ਼ ਆਦਿ ਦੀ ਘਾਟ ਕਾਰਨ ਹੁਣ ਤੱਕ ਲਗਭਗ 258 ਬੱਸਾਂ ਨੂੰ ਜ਼ਬਤ ਕੀਤਾ ਗਿਆ ਜਾਂ ਚਲਾਨ ਕੀਤਾ ਗਿਆ। ਡਿਫ਼ਾਲਟਰਾਂ ਵਿਰੁੱਧ ਸਖ਼ਤੀ ਪਿੱਛੋਂ ਵਿਭਾਗ ਨੇ ਲੰਬਤ ਸਰਕਾਰੀ ਟੈਕਸ ਦੀ 3.29 ਕਰੋੜ ਰੁਪਏ ਦੀ ਰਕਮ ਵਸੂਲੀ ਕੀਤੀ ਹੈ ਅਤੇ ਇਸ ਵਿੱਚ ਵੱਡੀ ਰਕਮ ਵੱਡੀਆਂ ਕੰਪਨੀਆਂ/ਆਪ੍ਰੇਟਰਾਂ ਵੱਲੋਂ ਜਮ੍ਹਾਂ ਕਰਵਾਈ ਗਈ ਹੈ। ਸ੍ਰੀ ਰਾਜਾ ਵੜਿੰਗ ਨੇ ਉਚੇਚੇ ਤੌਰ ‘ਤੇ ਕਿਹਾ, “ਵਿਰੋਧੀ ਪਾਰਟੀਆਂ ਦੇ ਕਿਸੇ ਵੀ ਨੇਤਾ ਨੇ ਇਹ ਦਾਅਵਾ ਨਹੀਂ ਕੀਤਾ ਕਿ ਅਸੀਂ ਟੈਕਸ ਡਿਫ਼ਾਲਟਰਾਂ ਵਿਰੁੱਧ ਸਖ਼ਤੀ ਅਪਣਾ ਕੇ ਕੁਝ ਗ਼ਲਤ ਕੀਤਾ ਹੈ।” ਉਨ੍ਹਾਂ ਕਿਹਾ ਕਿ ਵਿਭਾਗ ਨੇ ਆਰ.ਟੀ.ਏ. ਦੇ ਨਾਲ-ਨਾਲ ਬੱਸ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਵੀ ਵਧੇਰੇ ਸ਼ਕਤੀਆਂ ਦਿੰਦਿਆਂ ਉਨ੍ਹਾਂ ਨੂੰ ਬੱਸ ਸਟੈਂਡ ਦੇ ਆਲੇ-ਦੁਆਲੇ ਦੇ 500 ਮੀਟਰ ਦੇ ਘੇਰੇ ਵਿੱਚ ਵਾਹਨਾਂ ਦੀ ਜਾਂਚ ਕਰਨ ਦੇ ਅਧਿਕਾਰ ਦਿੱਤੇ ਹਨ।
ਨਵੇਂ ਬੱਸ ਅੱਡੇ ਤੇ ਵਰਕਸ਼ਾਪਾਂ ਬਣਾਉਣ ਅਤੇ ਅਪਗ੍ਰੇਡੇਸ਼ਨ ਲਈ 400 ਰੁਪਏ ਖ਼ਰਚੇ ਜਾਣਗੇ
ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਨਵੇਂ ਬੱਸ ਅੱਡੇ ਅਤੇ ਵਰਕਸ਼ਾਪਾਂ ਬਣਾਉਣ ਅਤੇ ਇਨ੍ਹਾਂ ਦੇ ਨਵੀਨੀਕਰਨ ‘ਤੇ 400 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। 230 ਕਰੋੜ ਰੁਪਏ ਨਾਲ 52 ਨਵੇਂ ਬੱਸ ਅੱਡਿਆਂ ਦਾ ਨਿਰਮਾਣ ਕੀਤਾ ਜਾਵੇਗਾ ਜਦਕਿ 70 ਬੱਸ ਅੱਡਿਆਂ ਨੂੰ 45 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾਵੇਗਾ। ਇਸੇ ਤਰ੍ਹਾਂ 81 ਕਰੋੜ ਰੁਪਏ 16 ਵਰਕਸ਼ਾਪਾਂ ਦੀ ਨਵੀਂ ਉਸਾਰੀ ਅਤੇ ਨਵੀਨੀਕਰਨ ‘ਤੇ ਖ਼ਰਚੇ ਜਾਣਗੇ।
842 ਨਵੀਆਂ ਬੱਸਾਂ ਅਤੇ 800 ਨਵੀਆਂ ਭਰਤੀਆਂ
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ 842 ਨਵੀਆਂ ਬੱਸਾਂ, ਜਿਨ੍ਹਾਂ ਵਿੱਚ ਪੰਜਾਬ ਰੋਡਵੇਜ਼ ਦੀਆਂ 587 ਅਤੇ ਪੀ.ਆਰ.ਟੀ.ਸੀ. ਦੀਆਂ 255 ਸ਼ਾਮਲ ਹਨ, ਖ਼ਰੀਦਣ ਲਈ ਟਾਟਾ ਮੋਟਰਜ਼ ਨੂੰ ਪਹਿਲਾਂ ਹੀ ਆਰਡਰ ਦਿੱਤਾ ਜਾ ਚੁੱਕਾ ਹੈ ਅਤੇ 45 ਦਿਨਾਂ ਦੇ ਅੰਦਰ ਇਹ ਨਵੀਆਂ ਬੱਸਾਂ ਸੂਬੇ ਦੀਆਂ ਸੜਕਾਂ ‘ਤੇ ਦੌੜਣਗੀਆਂ। ਉਨ੍ਹਾਂ ਖ਼ਾਸ ਤੌਰ ‘ਤੇ ਦੱਸਿਆ ਕਿ ਨਵੀਆਂ ਬੱਸਾਂ ਲਈ ਲਗਭਗ 800 ਡਰਾਈਵਰਾਂ, ਕੰਡਕਟਰਾਂ ਅਤੇ ਹੋਰ ਸਟਾਫ਼ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਡਰਾਈਵਿੰਗ ਲਾਇਸੈਂਸ/ਰਜਿਸਟ੍ਰੇਸ਼ਨ ਸਰਟੀਫ਼ਿਕੇਟ ਵਿੱਚ ਦੇਰੀ ਬਰਦਾਸ਼ਤ ਨਹੀਂ ਹੋਵੇਗੀ
ਮੰਤਰੀ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਡਰਾਈਵਿੰਗ ਲਾਇਸੈਂਸਾਂ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟਾਂ ਦੇ ਲੰਬਤ ਮਾਮਲਿਆਂ ਦੇ ਛੇਤੀ ਤੋਂ ਛੇਤੀ ਨਿਪਟਾਰੇ ਲਈ ਸਾਰੇ 32 ਡਰਾਈਵਿੰਗ ਅਤੇ ਟੈਸਟਿੰਗ ਟਰੈਕ ਸ਼ਨੀਵਾਰ ਨੂੰ ਵੀ ਖੋਲ੍ਹੇ ਜਾਣ ਤਾਂ ਜੋ ਕੰਮ ਕਰਨ ਵਾਲੇ ਅਤੇ ਹੋਰ ਲੋਕ ਉਸ ਦਿਨ ਟੈਸਟਿੰਗ ਲਈ ਜਾ ਸਕਣ। ਇਸ ਤੋਂ ਇਲਾਵਾ ਬੁਕਿੰਗ ਸਲਾਟ ਦਾ ਸਮਾਂ 30 ਤੋਂ ਵਧਾ ਕੇ 45 ਦਿਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਰਟ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਬਣਾਉਣ ਲਈ ਕੇਂਦਰੀਕ੍ਰਿਤ ਆਊਟਸੋਰਸ ਏਜੰਸੀ ਨੂੰ ਪਾਬੰਦ ਕੀਤਾ ਗਿਆ ਹੈ ਕਿ ਉਹ ਸਮਝੌਤੇ ਮੁਤਾਬਕ ਨਿਰਧਾਰਤ ਸਮਾਂ ਹੱਦ ਦੇ ਅੰਦਰ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਭੇਜਣਾ ਯਕੀਨੀ ਬਣਾਏ, ਨਹੀਂ ਤਾਂ ਦੇਰੀ ਲਈ ਕੰਪਨੀ ‘ਤੇ ਜੁਰਮਾਨਾ ਲਗਾਇਆ ਜਾਵੇਗਾ।  ਮੰਤਰੀ ਨੇ ਕਿਹਾ ਕਿ ਹੁਣ ਵਪਾਰਕ/ਗ਼ੈਰ-ਵਪਾਰਕ ਵਾਹਨ ਦੀ ਜਾਂਚ ਕਿਸੇ ਵੀ ਨੇੜਲੇ ਸਥਾਨ ‘ਤੇ ਕੀਤੀ ਜਾ ਸਕਦੀ ਹੈ ਭਾਵੇਂ ਕਿ ਬਿਨੈਕਾਰ ਨੇ ਕਿਤੇ ਵੀ ਅਰਜ਼ੀ ਦਿੱਤੀ ਹੋਵੇ। ਉਨ੍ਹਾਂ ਕਿਹਾ ਕਿ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਆਰ.ਟੀ.ਏ. ਦਫ਼ਤਰ ਨਾਲ ਸਬੰਧਤ ਹੋਰਨਾਂ ਮਾਮਲਿਆਂ ਦੇ ਹੱਲ ਲਈ “ਵਿਸ਼ੇਸ਼ ਪੈਂਡੈਂਸੀ ਮੇਲੇ” ਲਾਏ ਜਾਣਗੇ ਅਤੇ ਪਹਿਲਾ “ਵਿਸ਼ੇਸ਼ ਪੈਂਡੈਂਸੀ ਮੇਲਾ” ਸ੍ਰੀ ਮੁਕਤਸਰ ਸਾਹਿਬ ਵਿੱਚ ਲਾਇਆ ਜਾਵੇਗਾ।
ਹੋਰ ਅਹਿਮ ਪਹਿਲਕਦਮੀਆਂ
ਸ੍ਰੀ ਰਾਜਾ ਵੜਿੰਗ ਨੇ ਕਿਹਾ ਕਿ ਬੱਸ ਸਟੈਂਡ ਅਤੇ ਬੱਸਾਂ ਨੂੰ ਸਾਫ਼-ਸੁਥਰਾ ਰੱਖਣ ਲਈ ਪੰਦਰਵਾੜਾ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਹਰ ਪੰਦਰਵਾੜੇ ਮੌਕੇ ਵਿਭਾਗ ਦੇ ਸਾਰੇ ਮੁਲਾਜ਼ਮ ਸੂਬੇ ਦੇ ਸਾਰੇ ਬੱਸ ਸਟੈਂਡਾਂ ਵਿੱਚ ਸਫ਼ਾਈ ਮੁਹਿੰਮ ਵਿੱਚ ਹਿੱਸਾ ਲੈ ਰਹੇ ਹਨ। ਨਸ਼ਿਆਂ ਵਿਰੁੱਧ ਜ਼ੀਰੋ ਟੌਲਰੈਂਸ ਦੀ ਵਚਨਬੱਧਤਾ ਦੁਹਰਾਉਂਦਿਆਂ ਮੰਤਰੀ ਨੇ ਦੱਸਿਆ ਕਿ ਸਰਕਾਰੀ ਬੱਸਾਂ ਤੋਂ ਤੰਬਾਕੂ, ਪਾਨ ਮਸਾਲਾ ਆਦਿ ਨਾਲ ਸਬੰਧਤ ਇਸ਼ਤਿਹਾਰ ਹਟਾ ਦਿੱਤੇ ਗਏ ਹਨ। ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ, “ਜੇ ਕਿਸੇ ਨੂੰ ਬੱਸਾਂ ਵਿੱਚ ਅਜਿਹੇ ਇਸ਼ਤਿਹਾਰ ਮਿਲਦੇ ਹਨ ਜਾਂ ਹੋਰ ਕਿਸੇ ਕਿਸਮ ਦੀ ਉਲੰਘਣਾ ਦਿੱਸਦੀ ਹੈ ਤਾਂ ਮੇਰੇ ਨਿੱਜੀ ਵਟਸਐਪ ਨੰਬਰ 94784-54701 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।”
ਮੰਤਰੀ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਾਹਨ ਟਰੈਕਿੰਗ ਸਿਸਟਮ ਤੇਜ਼ ਸਪੀਡ ਅਤੇ ਹੋਰ ਗਤੀਵਿਧੀਆਂ ਦੇ ਨਾਲ-ਨਾਲ ਲੋਕਾਂ ਪ੍ਰਤੀ ਡਰਾਈਵਰਾਂ ਤੇ ਕੰਡਕਟਰਾਂ ਦੇ ਵਤੀਰੇ ਦੀ ਨਿਗਰਾਨੀ ਕਰ ਰਿਹਾ ਹੈ ਜਿਸ ਦੇ ਆਧਾਰ ‘ਤੇ ਹਰ ਪੰਦਰਵਾੜੇ ਦੌਰਾਨ ਹਰ ਡਿਪੂ ‘ਤੇ ਵਧੀਆ ਕਾਰਗੁਜ਼ਾਰੀ ਵਾਲੇ 3-3 ਡਰਾਈਵਰਾਂ ਤੇ ਕੰਡਕਟਰਾਂ ਦਾ ਸਨਮਾਨ ਕੀਤਾ ਜਾਵੇਗਾ ਜਦਕਿ 11 ਡਰਾਈਵਰਾਂ ਤੇ 11 ਕੰਡਕਟਰਾਂ ਨੂੰ ਹਰ ਮਹੀਨੇ ਰਾਜ ਪੱਧਰ ‘ਤੇ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ/ਕਾਲਜਾਂ, ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜਾਂ ਵਿੱਚ ਪੜ੍ਹਦੇ ਬੱਚਿਆਂ ਲਈ ਬੱਸ ਪਾਸਾਂ ਦੀ ਤਜਵੀਜ਼ ਸਬੰਧਤ ਮੰਤਰੀਆਂ ਨੂੰ ਅਗਲੇਰੀ ਪ੍ਰਵਾਨਗੀ ਲਈ ਭੇਜ ਦਿੱਤੀ ਗਈ ਹੈ। ਮੰਤਰੀ ਨੇ ਕਿਹਾ ਕਿ ਵਿਭਾਗ ਵਿੱਚ ਹੋਰ ਸੁਧਾਰ ਲਈ ਉਨ੍ਹਾਂ ਨੇ ਆਪਣੇ ਕੈਬਨਿਟ ਸਹਿਯੋਗੀਆਂ ਅਤੇ ਵਿਧਾਇਕਾਂ ਨੂੰ ਪੱਤਰ ਲਿਖ ਕੇ ਕੀਮਤੀ ਸੁਝਾਅ ਮੰਗੇ ਹਨ। ਇਸ ਦੌਰਾਨ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕੇ. ਸਿਵਾ ਪ੍ਰਸਾਦ, ਡਾਇਰੈਕਟਰ ਸਟੇਟ ਟਰਾਂਸਪੋਰਟ ਸ੍ਰੀ ਭੁਪਿੰਦਰ ਸਿੰਘ ਰਾਏ, ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਮਿਤ ਤਲਵਾੜ ਤੇ ਹੋਰ ਅਧਿਕਾਰ ਹਾਜ਼ਰ ਸਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button