Breaking NewsD5 specialNewsPress ReleasePunjabTop News

ਯੂਨੀਅਨਾਂ ਦਾ ਕੰਮ ਸਿਰਫ਼ ਧਰਨੇ-ਮੁਜ਼ਾਹਰੇ ਕਰਨਾ ਹੀ ਨਹੀਂ : ਜੈ ਸਿੰਘ ਛਿੱਬਰ

ਕਲਮ ਤੇ ਤਲਵਾਰ ਵਿਚ ਕੋਈ ਜ਼ਿਆਦਾ ਫ਼ਰਕ ਨਹੀਂ ਹੁੰਦਾ : ਬਲਵਿੰਦਰ ਜੰਮੂ

ਪੰਜਾਬੀ ਲੇਖਕ ਸਭਾ ਨੇ ਸਜਾਈ ਪੱਤਰਕਾਰਾਂ ਦੀ ਕਾਵਿ ਮਹਿਫ਼ਲ

ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ, ਪੰਜਾਬ ਸਾਹਿਤ ਅਕਾਦਮੀ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਚੰਡੀਗੜ੍ਹ ਵੱਲੋਂ ਸਾਂਝੇ ਤੌਰ ’ਤੇ ਅੱਜ ‘ਖ਼ਬਰਾਂ ਤੋਂ ਹਟ ਕੇ-ਪੱਤਰਕਾਰਾਂ ਦਾ ਕਵੀ ਦਰਬਾਰ’ ਸਿਰਲੇਖ ਹੇਠ ਖੁੱਲ੍ਹੀ ਕਾਵਿ ਮਹਿਫ਼ਲ ਸਜਾਈ ਗਈ। ਜਿਸ ਵਿਚ ਵੱਖੋ-ਵੱਖ ਅਦਾਰਿਆਂ ਦੇ, ਵੱਖੋ-ਵੱਖ ਵਿਧਾਵਾਂ ਦੇ ਪੱਤਰਕਾਰਾਂ ਨੇ, ਪੱਤਰਕਾਰਤਾ ਨਾਲ ਸਬੰਧਤ ਹੋਰ ਹਸਤੀਆਂ ਨੇ ਤੇ ਸਾਹਿਤਕਾਰ ਕਵੀਆਂ ਨੇ ਆਪੋ-ਆਪਣੀਆਂ ਰਚਨਾਵਾਂ ਸੁਣਾ ਕੇ ਮਹਿਫ਼ਲ ਵਿਚ ਰੰਗ ਭਰ ਦਿੱਤਾ।

WhatsApp Image 2022 06 12 at 7.01.28 PM

ਇਸ ਨਿਵੇਕਲੇ ਢੰਗ ਦੇ ਸਮਾਗਮ ਦੀ ਅਗਵਾਈ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕੀਤੀ, ਸਮਾਗਮ ਦੀ ਪ੍ਰਧਾਨਗੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਚੰਡੀਗੜ੍ਹ ਦੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਪਰਿਵਾਰ ਇਨਕਲੇਵ ਦੇ ਐੱਮ.ਡੀ. ਅਜੇ ਜਿੰਦਲ ਅਤੇ ਪੱਤਰਕਾਰ ਯੂਨੀਅਨ ਦੇ ਚੇਅਰਮੈਨ ਬਲਵਿੰਦਰ ਜੰਮੂ ਹੁਰਾਂ ਨੇ ਸ਼ਮੂਲੀਅਤ ਕੀਤੀ। ਪ੍ਰਧਾਨ ਵਜੋ ਟਿੱਪਣੀ ਕਰਦਿਆਂ ਜੈ ਸਿੰਘ ਛਿੱਬਰ ਨੇ ਆਖਿਆ ਕਿ ਅਕਸਰ ਇਹ ਧਾਰਨਾ ਬਣ ਗਈ ਹੈ ਕਿ ਯੂਨੀਅਨਾਂ ਤਾਂ ਧਰਨੇ, ਪ੍ਰਦਰਸ਼ਨ, ਜ਼ਿੰਦਾਬਾਦ, ਮੁਰਦਾਬਾਦ ਹੀ ਕਰਦੀਆਂ ਹਨ।

WhatsApp Image 2022 06 12 at 8.19.27 PM 2

ਪਰ ਸਾਡਾ ਸੰਗਠਨ ਜਿੱਥੇ ਲਗਾਤਾਰ ਪੱਤਰਕਾਰ ਭਾਈਚਾਰੇ ਦੇ ਧਰਾਤਲ ’ਤੇ ਕੰਮ ਕਰ ਰਿਹਾ ਹੈ, ਉਥੇ ਹੀ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਅਸੀਂ ਹਰ ਮਹੀਨੇ ਇਕ ਸੈਮੀਨਾਰ, ਕੋਈ ਸੰਵਾਦ ਸਮਾਗਮ ਰਚਦੇ ਰਹਿੰਦੇ ਹਾਂ, ਉਸੇ ਤਹਿਤ ਪੰਜਾਬੀ ਲੇਖਕ ਸਭਾ ਨਾਲ ਮਿਲ ਕੇ ਅਸੀਂ ਅੱਜ ਜੋ ਇਹ ਪੱਤਰਕਾਰਾਂ ਤੇ ਸਾਹਿਤਕਾਰਾਂ ਦੀ ਸਾਂਝੀ ਕਾਵਿ ਮਹਿਫ਼ਲ ਰਚਾਈ ਉਸ ਵਿਚ ਬਹੁਤ ਕਵਿਤਾ ਦੇ ਰੂਪ ਵਿਚ ਉਸਾਰੂ ਵਿਚਾਰ ਸਾਹਮਣੇ ਆਏ। ਇਸੇ ਤਰ੍ਹਾਂ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਹੁਰਾਂ ਨੇ ਸਵਾਗਤੀ ਸ਼ਬਦ ਆਖਦਿਆਂ ਕਿਹਾ ਕਿ ਕਵੀ ਤਾਂ ਸਿਰਫ਼ ਆਪਣੀਆਂ ਭਾਵਨਾਵਾਂ ਨੂੰ ਹੀ ਬਿਆਨ ਕਰਦਾ ਹੈ, ਪਰ ਜਦੋਂ ਪੱਤਰਕਾਰ ਕਵੀ ਬਣਦਾ ਹੈ ਤਦ ਉਸ ਦੀ ਕਵਿਤਾ ਵਿਚ ਭਾਵਨਾ ਦੇ ਨਾਲ-ਨਾਲ ਸਮਾਜਿਕ ਫਿਕਰ, ਸਮਾਜਿਕ ਚਿੰਤਾਵਾਂ, ਰਾਜਨੀਤੀ ਦਾ ਅਕਸ ਤੇ ਵਾਪਰ ਰਹੇ ਵਰਤਾਰੇ ਦਾ ਦਿ੍ਰਸ਼ ਵੀ ਸ਼ਾਮਲ ਹੁੰਦਾ ਹੈ।

2

ਉਨ੍ਹਾਂ ਸਮੁੱਚੇ ਸਰੋਤਿਆਂ,ਕਵੀਆਂ ਦੇ ਨਾਲ-ਨਾਲ ਉਚੇਚੇ ਤੌਰ ’ਤੇ ਪੱਤਰਕਾਰ ਕਵੀਆਂ ਨੂੰ ਜੀ ਆਇਆਂ ਆਖਿਆ। ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਅਜੇ ਜਿੰਦਲ ਹੁਰਾਂ ਨੇ ਜਿੱਥੇ ਇਸ ਸਮਾਗਮ ਦੀ ਰਚਨਾ ਲਈ ਸੰਗਠਨਾਂ ਨੂੰ ਵਧਾਈ ਦਿੱਤੀ, ਉਥੇ ਹੀ ਉਨ੍ਹਾਂ ਕਿਹਾ ਕਿ ਮੈਨੂੰ ਇਸ ਕਾਵਿ ਮਹਿਫ਼ਲ ਵਿਚ ਆ ਕੇ ਜ਼ਿੰਦਗੀ ਦੇ ਕਈ ਹੋਰ ਪਹਿਲੂਆਂ ਤੋਂ ਜਾਣੂ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੈਂ ਤੁਹਾਡੇ ਨਾਲ ਜੁੜਿਆ ਰਹਾਂਗਾ। ਇਸੇ ਤਰ੍ਹਾਂ ਬਲਵਿੰਦਰ ਜੰਮੂ ਹੁਰਾਂ ਨੇ ਆਪਣੇ ਵਡਮੁੱਲਾ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਪੱਤਰਕਾਰ ਇਕੋ ਸਮੇਂ ਕਈ ਮੋਰਚਿਆਂ ’ਤੇ ਜੰਗ ਲੜ ਰਿਹਾ ਹੁੰਦਾ ਹੈ ਤੇ ਉਸਦੀ ਕਲਮ ਤੇ ਤਲਵਾਰ ਵਿਚ ਕੋਈ ਜ਼ਿਆਦਾ ਅੰਤਰ ਨਹੀਂ ਹੁੰਦਾ, ਪਰ ਮੈਨੂੰ ਖੁਸ਼ੀ ਹੈ ਕਿ ਚਾਹੇ ਸਾਡੇ ਸਮੇਂ ਦੇ ਸਾਥੀ ਹੋਣ ਤੇ ਚਾਹੇ ਨਵੀਂ ਪੀੜ੍ਹੀ ਦੇ ਪੱਤਰਕਾਰ, ਉਹ ਕਵਿਤਾ ਦੇ ਖੇਤਰ ਵਿਚ ਵੀ ਵੱਡੀਆਂ ਮੱਲਾਂ ਮਾਰ ਰਹੇ ਹਨ। ਇਸ ਸਭ ਦੇ ਲਈ ਤੁਸੀਂ ਸਭ ਵਧਾਈ ਦੇ ਪਾਤਰ ਹੋ।

4 9

ਪੱਤਰਕਾਰਾਂ ਅਤੇ ਸਾਹਿਤਕਾਰ ਕਵੀਆਂ ਦੀ ਇਸ ਸਾਂਝੀ ਕਾਵਿ ਮਹਿਫ਼ਲ ਵਿਚ ਕਰੀਬ ਦੋ ਦਰਜਨ ਪੱਤਰਕਾਰਾਂ ਨੇ ਪੰਜਾਬੀ ਅਤੇ ਹਿੰਦੀ ਦੇ ਵਿੱਚ ਆਪਣੀਆਂ ਨਜ਼ਮਾਂ ਪੇਸ਼ ਕੀਤੀਆਂ ਤੇ ਡੇਢ ਦਰਜਨ ਦੇ ਕਰੀਬ ਪੰਜਾਬੀ ਲੇਖਕ ਸਭਾ ਨਾਲ ਜੁੜੇ ਕਵੀਆਂ ਨੇ ਵੀ ਆਪਣੀ ਕਵਿਤਾ ਨਾਲ ਵੱਖਰੀ ਰਵਾਨਗੀ ਸਾਹਮਣੇ ਲਿਆਂਦੀ। ਪੱਤਰਕਾਰਾਂ ਵੱਲੋਂ ਪੇਸ਼ ਕੀਤੀਆਂ ਕਵਿਤਾਵਾਂ ਵਿਚ ਜਿੱਥੇ ਰਾਜਨੀਤਿਕ ਦਾਅਪੇਚ, ਸਮਾਜਿਕ ਵਰਤਾਰਾ ਸ਼ਾਮਲ ਸੀ, ਉਥੇ ਹੀ ਪੱਤਰਕਾਰਤਾ ਵਿਚ ਕਾਬਜ ਹੋ ਰਿਹਾ ਕਾਰਪੋਰੇਟ ਘਰਾਣਾ ਤੇ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਚੁਣੌਤੀਆਂ ਨੂੰ ਬਿਆਨ ਕਰਦੀਆਂ ਨਜ਼ਮਾਂ, ਕਵਿਤਾਵਾਂ ਤੇ ਤੰਜ ਵੀ ਸ਼ਾਮਲ ਸਨ।

3 10

ਇਸ ਸਾਂਝੇ ਕਵੀ ਦਰਬਾਰ ਵਿਚ ਪੰਜਾਬ ਲੋਕ ਸੰਪਰਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ, ਲੋਕ ਸੰਪਰਕ ਅਧਿਕਾਰੀ ਕੁਲਤਾਰ ਮੀਆਂਪੁਰੀ ਤੇ ਬਲਜਿੰਦਰ ਸਿੰਘ ਨੇ ਜਿੱਥੇ ਆਪਣੀਆਂ ਨਜ਼ਮਾਂ ਨਾਲ ਤਾੜੀਆਂ ਲੁੱਟੀਆਂ, ਉਥੇ ਹੀ ਸੀਨੀਅਰ ਪੱਤਰਕਾਰ ਖੁਸ਼ਹਾਲ ਲਾਲੀ, ਦਵਿੰਦਰ ਸਿੰਘ ਕੋਹਲੀ, ਪੱਤਰਕਾਰ ਤੇ ਕਵੀ ਦੀਪਕ ਸ਼ਰਮਾ ਚਨਾਰਥਲ, ਲਲਿਤ ਪਾਂਡੇ, ਜਗਸੀਰ ਸਿੰਘ, ਅਮਨਦੀਪ ਠਾਕੁਰ, ਜੈ ਸਿੰਘ ਛਿੱਬਰ, ਬਿੰਦੂ ਸਿੰਘ, ਹਰਨਾਮ ਡੱਲਾ, ਬਲਜਿੰਦਰ ਸੈਣੀ, ਜਗਤਾਰ ਭੁੱਲਰ, ਅਸ਼ਵਨੀ, ਸੁਖਜਿੰਦਰ ਸੋਢੀ ਕੁਰਾਲੀ, ਜਸਵਿੰਦਰ ਰੁਪਾਲ, ਬਲਜਿੰਦਰ ਕੌਰ, ਰੋਮੀ ਘੜਾਮੇ ਵਾਲਾ, ਨੌਜਵਾਨ ਪੱਤਰਕਾਰ ਕਵੀ ਭੱਟੀ ਆਦਿ ਨੇ ਵੱਖੋ-ਵੱਖ ਵਿਧਾਵਾਂ ਵਾਲੀਆਂ ਨਜ਼ਮਾਂ ਸੁਣਾ ਕੇ ਮਹਿਫ਼ਲ ਵਿਚ ਨਵੀਂ ਤਰ੍ਹਾਂ ਦੀ ਚੇਤਨਾ ਪੈਦਾ ਕੀਤੀ। ਜ਼ਿਕਰਯੋਗ ਹੈ ਕਿ ਅੱਜ ਦੀ ਇਸ ਨਿਵੇਕਲੀ ਕਾਵਿ ਮਹਿਫ਼ਲ ਦੀ ਸ਼ੁਰੂਆਤ ਪ੍ਰਸਿੱਧ ਸ਼ਾਇਰਾ ਮਨਜੀਤ ਕੌਰ ਮੋਹਾਲੀ ਨੇ ਆਪਣੀ ਧਾਰਮਿਕ ਕਵਿਤਾ ਨਾਲ ਕੀਤੀ। ਇਸ ਪ੍ਰਕਾਰ ਨਰਿੰਦਰ ਕੌਰ ਨਸਰੀਨ, ਲਿੱਲੀ ਸਵਰਨ, ਗੁਰਦਰਸ਼ਨ ਸਿੰਘ ਮਾਵੀ, ਜਗਦੀਪ ਨੂਰਾਨੀ, ਭਗਤ ਰਾਮ ਰੰਘਾੜਾ, ਸੁਖਵਿੰਦਰ ਸਿੱਧੂ, ਸਿਮਰਜੀਤ ਗਰੇਵਾਲ, ਧਿਆਨ ਸਿੰਘ ਕਾਹਲੋਂ, ਰਜਿੰਦਰ ਰੇਣੂ, ਦਰਸ਼ਨ ਤਿ੍ਰਊਣਾ, ਦਵਿੰਦਰ ਕੌਰ ਢਿੱਲੋਂ, ਨਵਨੀਤ ਕੌਰ ਮਠਾੜੂ, ਬਾਬੂ ਰਾਮ ਦੀਵਾਨਾ, ਕਮਲੇਸ਼ ਕੁਮਾਰ, ਪਾਲ ਅਜਨਬੀ, ਸੁਰਿੰਦਰ ਗਿੱਲ, ਰਾਖੀ ਬਾਲਾ ਸੁਬਰਾਮਨੀਅਮ, ਲਾਭ ਸਿੰਘ ਲਹਿਲੀ, ਭਰਪੂਰ ਸਿੰਘ, ਵਰਿੰਦਰ ਚੱਠਾ, ਮਲਕੀਤ ਨਾਗਰਾ, ਰਵਿੰਦਰ ਕੌਰ, ਬਲਦੇਵ ਸਿੰਘ ਬਿੰਦਰਾ ਆਦਿ ਨੇ ਵੀ ਆਪਣੀਆਂ ਨਜ਼ਮਾਂ, ਕਵਿਤਾਵਾਂ, ਗੀਤ ਪੇਸ਼ ਕਰਕੇ ਵੱਖੋ-ਵੱਖ ਵੰਨਗੀਆਂ ਰਾਹੀਂ ਖੂਬ ਵਾਹ-ਵਾਹ ਖੱਟੀ।

ਇਸ ਦੌਰਾਨ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਤੇ ਲੇਖਕ ਡਾ. ਸੁਰਿੰਦਰ ਗਿੱਲ ਦੀ ਕਿਤਾਬ ‘ਰਾਜਨੀਤਿਕ ਪੰਜਾਬੀ ਕਵਿਤਾ’ ਵੀ ਲੋਕ ਅਰਪਣ ਕੀਤੀ ਗਈ। ਇਸ ਮੌਕੇ ਆਏ ਹੋਏ ਮਹਿਮਾਨਾਂ ਦਾ, ਪ੍ਰਧਾਨਗੀ ਮੰਡਲ ਦਾ, ਲੋਕ ਸੰਪਰਕ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਦਾ, ਪੱਤਰਕਾਰਾਂ ਦਾ, ਕਵੀਆਂ ਦਾ,ਸਾਹਿਤਕਾਰਾਂ ਦਾ ਤੇ ਵੱਡੀ ਗਿਣਤੀ ਵਿਚ ਮੌਜੂਦ ਸਰੋਤਿਆਂ ਦਾ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਹੁਰਾਂ ਨੇ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਸਭਾ ਆਉਂਦੇ ਸਮੇਂ ਵਿਚ ਵੀ ਸੈਮੀਨਾਰ ਵਰਗੇ ਅਜਿਹੇ ਕਵੀ ਦਰਬਾਰ ਆਯੋਜਿਤ ਕਰਦੀ ਰਹੇਗੀ। ਇਸ ਨਿਵੇਕਲੀ ਕਾਵਿ ਮਹਿਫ਼ਲ ਦੀ ਸਮੁੱਚੀ ਕਾਰਵਾਈ ਪੱਤਰਕਾਰ ਤੇ ਕਵੀ ਅਤੇ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸੰਪਰਕ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ. ਮੇਘਾ ਸਿੰਘ, ਸ਼ੋ੍ਰਮਣੀ ਪੱਤਰਕਾਰ ਕੰਵਲਜੀਤ ਬਨਵੈਤ, ਇਫਟਾ ਦੇ ਆਗੂ ਤੇ ਨਾਮੀ ਨਾਟਕਕਾਰ ਸੰਜੀਵਨ ਸਿੰਘ, ਮਨਜੀਤ ਕੌਰ ਮੀਤ, ਹਰਮਿੰਦਰ ਕਾਲੜਾ, ਗੁਰਮਿੰਦਰ ਬੱਬੂ, ਸਰਦਾਰਾ ਸਿੰਘ ਚੀਮਾ, ਕ੍ਰਿਸ਼ਨ ਲਾਲ ਸ਼ਰਮਾ, ਭੁਪਿੰਦਰ ਸਿੰਘ ਮਲਿਕ, ਡਾ. ਹਰਬੰਸ ਕੌਰ ਗਿੱਲ, ਹਰਸਿਮਰਨ ਕੌਰ, ਗੁਰਜੰਟ ਸਿੰਘ, ਪ੍ਰਲਾਦ ਸਿੰਘ, ਸੰਜੀਵ ਸਿੰਘ ਸੈਣੀ, ਜੋਗਿੰਦਰ ਸਿੰਘ ਜੱਗਾ, ਆਤਿਸ਼ ਗੁਪਤਾ, ਕੌਮੀਤਾ ਮਿਨਹਾਸ ਭੱਟੀ ਅਤੇ ਪ੍ਰੋ. ਦਿਲਬਾਗ ਸਿੰਘ ਆਦਿ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button