EDITORIAL

ਮੋਦੀ ਤੇ ਮਾਨ, ਭੁੱਲੇ ਮਹਿੰਗਾਈ ਤੇ ਕਿਸਾਨ

'ਝਾੜੂ' ਵੀ ਸੀ ਆਜ਼ਾਦੀ ਦੀ ਲੜਾਈ ਦਾ ਹਥਿਆਰ : ਮੋਦੀ

ਬੀਜੇਪੀ ਨੇ ‘ਹਿੰਦੂਤਵ’ ਦਾ ਮੁੱਦਾ ਛੱਡਿਆ !

ਅਮਰਜੀਤ ਸਿੰਘ ਵੜੈਚ (9417801988)

ਕੱਲ੍ਹ ਪੂਰਾ ਦੇਸ਼ 76ਵੇਂ ਆਜ਼ਾਦੀ ਦਿਵਸ ਦੇ ਅਵਸਰ ‘ਤੇ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਦੇ ਜਸ਼ਨ ਮਨਾ ਰਿਹਾ ਸੀ ਜੋ ਪਿਛਲੇ ਵਰ੍ਹੇ ਪੂਰੇ ਦੇਸ਼ ਵਿੱਚ ‘ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ’ ਵਜੋਂ ਸ਼ੁਰੂ ਕੀਤੇ ਗਏ ਸਨ।  ਇਸ ਮੌਕੇ ਦਿੱਲੀ ਦੇ ਲਾਲ ਕਿਲ੍ਹੇ ‘ਤੇ ਰਾਸ਼ਟਰੀ ਝੰਡਾ ਫਹਿਰਾਉਣ ਮਗਰੋਂ ਪ੍ਰਧਾਨ-ਮੰਤਰੀ ਨਰਿੰਦਰ ਮੋਦ‌ੀ ਨੇ ਜਿਥੇ ਹੁਣ ਤੱਕ ਦੇਸ਼ ਦੀਆਂ ਪਰਾਪਤੀਆਂ ਸਵੱਛਤਾ ਅਭਿਆਨ, ਡਿਜ਼ੀਟਲ ਇੰਡੀਆ, ਹਰ ਘਰ ਮੇਂ ਜਲ, ਖਾੜੀ ਤੋਂ ਝਾੜੀ ਦਾ ਤੇਲ (ਗੰਨੇ ਤੋਂ ਐਥਨੌਲ), ਢਾਈ ਕਰੋੜ ਲੋਕਾਂ ਨੂੰ ਬਿਜਲੀ, ਕਰੋਨਾ ਦੀ ਦਵਾਈ, ਖੁੱਲ੍ਹੇ ‘ਚ ਸ਼ੌਚ-ਮੁਕਤ ਭਾਰਤ, ਸਟਾਰਟ-ਅੱਪ ਆਦਿ ਦਾ ਜ਼ਿਕਰ ਕੀਤਾ ਓਥੇ ਨਾਲ ਦੀ ਨਾਲ ਪਹਿਲੀ ਵਾਰ ਬਾਕੀ ਆਜ਼ਾਦੀਆਂ ਘੁਲਾਟੀਆਂ ਦੇ ਨਾਲ ਪਹਿਲੇ ਪ੍ਰਧਾਨ-ਮੰਤਰੀ ਪੰਡਿਤ ਨਹਿਰੂ ਦਾ ਨਾਂ ਵੀ ਸਤਿਕਾਰ ਨਾਲ ਲਿਆ ਜੋ ਪਹਿਲਾਂ ਕਦੇ ਮੋਦੀ ਦੇ ਭਾਸ਼ਣ ‘ਚ ਨਹੀਂ ਸੀ ਲਿਆ ਗਿਆ, ਇਹ ਇਕ ਚੰਗੀ ਪਹਿਲ ਹੈ। ਕਾਂਗਰਸ ਦੀਆਂ ਸਰਕਾਰਾਂ ਵੇਲੇ, ਆਜ਼ਾਦੀ ਸੰਗਰਾਮ ‘ਚ ਹਿੱਸਾ ਲੈਣ ਵਾਲੇ ਹਿੰਦੂ ਮਹਾਂਸਭਾ ਤੇ ਭਾਰਤੀ ਜਨ ਸੰਘ ਦੇ ਲੀਡਰਾਂ ਦੇ ਨਾਮ ਨਹੀਂ ਲਏ ਜਾਂਦੇ ਸੀ।

ਭਾਰਤ ਦੇ ਲੋਕਤੰਤਰ ਨੂੰ ਮੋਦੀ ਨੇ ‘ਲੋਕਤੰਤਰ ਦੀ ਮਾਂ’ ਦਾ ਮਾਣ ਦਿੰਦਿਆਂ  ਇਕ ਮਹੱਤਵਪੂਰਨ ਗੱਲ ਕਹੀ ਕਿ ਆਜ਼ਾਦੀ ਦੇ 2047 ‘ਚ 100 ਸਾਲ ਪੂਰੇ ਹੋਣ ‘ਤੇ ਭਾਰਤ  ਵਿਕਾਸਸ਼ੀਲ ਤੋਂ  ਵਿਕਤਿਸ ਦੇਸ਼ ਤਾਂ ਹੀ ਬਣਗੇ ਜੇ ਕਰ ਸਾਡੀ ਅਗਲੇ 25 ਵਰਿਆਂ ‘ਚ ‘ਮਾਨਵ ਕੇਂਦਰਿਤ ਵਿਵਸਥਾ’ ਹੋਵੇਗੀ ; ਕੀ ਇਸ ਦਾ ਅਰਥ ਸਮਝ ਲਿਆ ਜਾਵੇ ਕਿ ਹੁਣ ਬੀਜੇਪੀ ‘ਹਿੰਦੂ ਰਾਸ਼ਟਰ’ ਵਾਲ਼ਾ ਰਾਗ ਛੱਡ ਦੇਵੇਗੀ ? ਇਸ ਸਵਾਲ ਦਾ ਜਵਾਬ ਅਗਲੇ ਦਿਨਾਂ ‘ਚ ਹੀ ਮਿਲ ਸਕੇਗਾ। ਮੋਦੀ ਨੇ ਦੇਸ਼ ਵਾਸੀਆਂ ਨੂੰ ‘ਪੰਜ ਸੰਕਲਪ’ ਲੈਣ ਦੀ ਅਪੀਲ ਕੀਤੀ ; ਪਹਿਲਾ  ਵਿਕਾਸਸ਼ੀਲ ਤੋਂ ਵਿਕਸਿਤ ਦੇਸ਼ ਬਣਨ ਲਈ ‘ਵੱਡੇ ਸੰਕਲਪ’ ਹੋਣ, ਦੂਜਾ ਸਾਡੇ ਮਨਾਂ ‘ਚੋਂ ਗ਼ੁਲਾਮੀ ਦੇ ਬੀਜ ਖ਼ਤਮ ਹੋਣ, ਤੀਜਾ  ਅਸੀਂ ਆਪਣੀ ਵਿਰਾਸਤ ਨਾਲ ਲੈਕੇ ਚੱਲੀਏ, ਚੌਥਾ ਏਕਤਾ ਨੂੰ ਬਣਾਕੇ ਰੱਖੀਏ ਤੇ ਪੰਜਵਾਂ ਨਾਗਰਿਕ ਫ਼ਰਜ਼ਾਂ ਨੂੰ ਆਪਣੀ ਰੋਜ਼ ਮੱਰਾ ਜ਼ਿੰਦਗੀ ਦਾ ਹਿੱਸਾ ਬਣਾਉਣ। ਪੀਐੱਮ ਨੇ ਕਿਹਾ ਕਿ ਸਾਨੂੰ ਕਿਸੇ ਵਰਗਾ ਬਣਨ ਦੀ ਲੋੜ ਨਹੀਂ। ਆਪਣੀ ਪਹਿਚਾਣ ਬਣਾਉਣ ਲਈ ਆਪਣ‌ੀ ਮਿੱਟੀ ਨਾਲ ਜੁੜਨ ਦੀ ਲੋੜ ਹੈ ;” ਜਬ ਤੁੱਮ ਅਪਨੀ ਧਰਤੀ ਸੇ ਜੁੜੋਗੇ, ਤਬੀ ਤੋ ਊਚਾ ਉੜੋਗੇ “।

ਮੋਦੀ ਨੇ ਕਿਸਾਨਾਂ ਨਾਲ ਸਬੰਧਿਤ ਮੁੱਦੇ ਖੇਤੀ ਤੇ ਪਾਣੀ ਸਿਰਫ਼  ਨਾਮ ਮਾਤਰ ਹੀ ਛੋਹੇ। ਪੀਐੱਮ ਨੇ ਬਿਨ੍ਹਾਂ ਕਿਸੇ ਦਾ ਨਾਮ ਲਿਆ ਕਿਹਾ ਕਿ ਦੇਸ਼ ‘ਚੋਂ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਖਤਮ ਹੋਣੇ ਚਾਹੀਦੇ ਹਨ ਜੋ ਹਰ ਵਿਭਾਗ ‘ਚ ਪੈਰ ਜਮਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾ ਚਿਰ ਗੰਦਗੀ ਪ੍ਰਤੀ ਨਫ਼ਰਤ ਪੈਦਾ ਨਹੀਂ ਹੁੰਦੀ ਓਨਾ ਚਿਰ ਸਵੱਛਤਾ ਨਹੀ ਹੋ ਸਕਦੀ। ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਭ੍ਰਿਸ਼ਟਾਚਾਰੀਆਂ ਲਈ ਨਫ਼ਰਤ ਪੈਦਾ ਕਰਨੀ ਪਵੇਗੀ। ਪੀਐੱਮ ਨੇ ਦੇਸ਼ ਦੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਦੇਸ਼ ਦੇ ਬੱਚੇ ਭਾਰਤ ‘ਚ ਬਣੇ ਖਿਡੌਣਿਆਂ ਨਾਲ ਖੇਡਦੇ ਹਨ ਤੇ ਚੀਨੀ ਖਿਡਾਉਣਿਆਂ ਨੂੰ ਪਸੰਦ ਨਹੀਂ ਕਰਦੇ ਭਾਵ ਦੇਸ਼ ਵਿੱਚ ਘਰੇਲੂ ਉਤਪਾਦਨ ਵਧਿਆ ਹੈ। ਅਸਲੀਅਤ ਇਹ ਹੈ ਕਿ ਖਿਡੌਣੇ ਛੱਡਕੇ ਦੂਸਰੀਆਂ  ਸਾਰੀਆਂ ਵਸਤੂਆਂ ਦਾ ਚੀਨੀ ਆਯਾਤ ਦਿਨੋਂ ਦਿਨ ਵਧ ਰਿਹਾ ਹੈ ਜਿਸ ਕਾਰਨ ਦੇਸ਼ ਦਾ ਚੀਨ ਨਾਲ ਵਪਾਰ ਘਾਟਾ ਵੀ ਉਛਾਲ਼ੇ ਮਾਰ ਰਿਹਾ ਹੈ।

ਆਜ਼ਾਦੀ ਮਗਰੋਂ ਦੇਸ਼ ਵਿੱਚ ਪਹਿਲਾ ਇਨਕਲਾਬ ‘ਹਰੀ ਕਰਾਂਤੀ’ ਦੇ ਰੂਪ ‘ਚ ਆਇਆ ਸੀ। ਮੋਦੀ ਨੇ ਕੱਲ੍ਹ ਨਾ ਤਾਂ ਕਿਸਾਨਾਂ ਦਾ ਜ਼ਿਕਰ ਕੀਤਾ ਤੇ ਨਾ ਹੀ ਮਹਿੰਗਾਈ ਦੀ ਕੋਈ ਗੱਲ ਕੀਤੀ। ਮੋਦੀ ਨੇ ਦਲਿਤ ਲੋਕ ਵੀ ਵਿਸਾਰ ਦਿਤੇ ਅਤੇ ਦੇਸ਼ ਵਿੱਚ ਧਰਮ ਦੇ ਨਾਂ ‘ਤੇ ਹੋ ਰਹੇ ਦੰਗਿਆਂ ਦਾ ਵੀ ਜ਼ਿਕਰ ਨਹੀਂ ਕੀਤਾ। ਚੀਨ ਤੇ ਪਾਕਿਸਤਾਨ ਬਾਰੇ ਵੀ ਮੋਦੀ ਚੁੱਪ ਹੀ ਰਹੇ। ਇਕ ਕਮਾਲ ਦੀ ਗੱਲ ਮੋਦੀ ਜੀ ਨੇ ਕਹੀ ਕਿ ਆਜ਼ਾਦੀ ਹਾਸਿਲ ਕਰਨ ਲਈ ਕਿਸੇ ਨੇ ‘ਝਾੜੂ’ ਕਿਸੇ ਨੇ ਤੱਕਲ਼ੀ, ਕਿਸੇ ਨੇ ਸਤਿਆਗ੍ਰਹਿ ਤੇ ਕਿਸੇ ਨੇ ਕਰਾਂਤੀ ਦੇ ਜੋਸ਼ ਦੀ ਵਰਤੋਂ ਕੀਤੀ। ਇਹ ਖੋਜੀਆਂ ਲਈ ਖੋਜ ਦਾ ਨਵਾਂ ਵਿਸ਼ਾ ਹੈ ਕਿ ਕਿਹੜੇ ‘ਆਜ਼ਾਦੀ ਸੰਗਰਾਮੀਆਂ ਨੇ ਆਜ਼ਾਦੀ ਸੰਗਰਾਮ ‘ਚ ‘ਝਾੜੂ’ ਵੀ ਅੰਗਰੇਜ਼ਾਂ ਨੂੰ ਭਜਾਉਣ ਲਈ ਵਰਤੇ ਸੀ।

ਇਧਰ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਨੇ ਲੁਧਿਆਣੇ ਚ’ ਰਾਸ਼ਟਰੀ ਝੰਡਾ ਫਹਿਰਾਇਆ ਤੇ ਪੰਜਾਬ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਸਾਡੇ ਬੱਚੇ ਲੱਖਾਂ ਰੁਪਏ ਖਰਚ ਕੇ ਬਾਹਰ ਜਾ ਰਹੇ ਹਨ। ਉਨ੍ਹਾਂ ਮੁਤਾਬਿਕ ਹੁਣ ਪੰਜਾਬ ‘ਚ ਮਾਹੌਲ ਬਦਲੇਗਾ ਤੇ ਲੋਕਾਂ ਨੂੰ ਇਥੇ ਹੀ ਰੁਜ਼ਗਾਰ ਮਿਲੇਗਾ। ਚੋਣਾਂ ਵਰਗਾ ਜੋਸ਼ ਭਰਦਿਆਂ ਮਾਨ ਨੇ ਕਿਹਾ ਕਿ ਨਵੀਆਂ ਨੌਕਰੀਆਂ ਵੀ ਮਿਲਣਗੀਆਂ, ਕੱਚੇ ਪੱਕੇ ਵੀ ਹੋਣਗੇ ਤੇ ਰਾਜ ਵਿੱਚ ਨਵਾਂ ਉਦਯੋਗ ਵੀ ਆਏਗਾ ਜਿਸ ਕੋਲੋਂ ਉਹ(ਮਾਨ) ਪਹਿਲੀਆਂ ਸਰਕਾਰਾਂ ਵਾਂਗ ਕਮਿਸ਼ਨ ਨਹੀਂ ਮੰਗਣਗੇ ਬਲਕਿ ਲੋਕਾਂ ਨੂੰ  ਵੱਧ ਰੁਜ਼ਗਾਰ ਦੇਣ ਦਾ ਵਾਅਦਾ ਲੈਣਗੇ।

ਮਾਨ ਨੇ ਵੀ ਪੀਐੱਮ ਵਾਂਗ ਕਿਹਾ ਕਿ ਧਰਤੀ ਨੂੰ ਪਿਆਰ ਕਰਨ ਨਾਲੋਂ ਹੋਰ ਕੋਈ ਵੱਡਾ ਪਿਆਰ ਨਹੀਂ ਹੋ ਸਕਦਾ। ਮੁੱਖ-ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਚਹੇਤਿਆਂ,ਰਿਸ਼ਤੇਦਾਰਾਂ ਤੇ ਰਸੂਖਦਾਰਾਂ ਨੂੰ ਬੁਢਾਪਾ ਪੈਨਸ਼ਨਾਂ ਵਰਗੇ ਨਜਾਇਜ਼ ਲਾਭ ਦਿੱਤੇ। ਭ੍ਰਿਸ਼ਟਾਚਾਰ  ਦਾ ਭਾਂਡਾ ਵੀ ਮੋਦੀ ਵਾਂਗ ਮਾਨ ਨੇ ਪੁਰਾਣੀਆਂ ਸਰਕਾਰਾਂ ਸਿਰ ਭੰਨਿਆਂ।

ਜਿਵੇਂ ਮੋਦੀ ਭੁੱਲ ਗਏ ਉਂਜ ਹੀ ਮਾਨ ਵੀ ਕਿਸਾਨਾਂ ਤੇ ਮਹਿੰਗਾਈ ਦੇ ਮੁੱਦਿਆਂ ‘ਤੇ ਬਿਲਕੁਲ ਹੀ ਨਹੀਂ ਬੋਲੇ ਤੇ ਨਾ ਹੀ ਮਾਨ ਨੇ ਨਸ਼ਿਆਂ ਬਾਰੇ ਕੋਈ ਜ਼ਿਕਰ ਕੀਤਾ। ਵੈਸੇ ਮਾਨ ਨੇ ਪੰਜਾਬ ‘ਚ ਭਾਈਚਾਰੇ ਨੂੰ ਵਿਗਾੜਨ ਵਾਲ਼ੀਆਂ ਸਰਹੱਦੋਂ ਪਾਰ ਸ਼ਕਤੀਆਂ ਨੂੰ ਚਿਤਾਵਨੀ ਵੀ ਦੇ ਦਿਤੀ ਜੋ ਮੋਦੀ ਨਹੀਂ ਦੇ ਸਕੇ। ਪਿਛਲੇ ਦਿਨਾਂ ‘ਚ ਸੰਗਰੂਰ ਤੋਂ ਨਵੇਂ ਬਣੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ‘ਤੇ ਸਵਾਲ ਖੜੇ ਕੀਤੇ ਸਨ ਜਿਸ ਦਾ ਦੇਸ਼ ਪੱਧਰ ‘ਤੇ ਵਿਰੋਧ ਹੋਇਆ ਸੀ ; ਮਾਨ ਨੇ ਬਿਨਾ ਨਾਮ ਲਿਆਂ  ਕਿਹਾ ਕਿ ਲੋਕ ਸ਼ਹੀਦ ਭਗਤ ਸਿੰਘ ਦੀ ਕਰਬਾਨੀ ‘ਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਇਸ ਗੱਲ ਦਾ ਫ਼ਿਕਰ ਨਹੀਂ ਸੀ ਕਿ ਦੇਸ਼ ਕਦੋਂ  ਆਜ਼ਾਦ ਹੋਏਗਾ ਬਲਕਿ  ਉਨ੍ਹਾਂ ਨੂੰ ਹਮੇਸ਼ਾ ਫਿਕਰ ਰਹਿੰਦਾ ਸੀ ਕਿ ਆਜ਼ਾਦ ਹੋਣ ਮਗਰੋਂ ਦੇਸ਼ ਕਿਨ੍ਹਾ ਹੱਥਾਂ ‘ਚ ਜਾਏਗਾ ?

ਸੁਨਾਮ ‘ਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਵਾਂਗ ਇਸ ਵਾਰ ਵੀ ਮਾਨ ਸਾਹਿਬ ਟਪਲਾ ਖਾ ਗਏ ; ਉਨ੍ਹਾ ਕਿਹਾ ਕਿ ਪੰਜਾਬ ਵਾਸੀਆਂ ਨੂੰ ਆਜ਼ਾਦੀ ਦੀ 75 ਵੀ ਵਰ੍ਹੇ ਗੰਢ ‘ਤੇ ਮੁਬਾਰਕਾਂ  ਤੇ ਇਹ ਵੀ ਐਲਾਨ ਕਰ ਦਿੱਤਾ ਕਿ ਇਹ ਸਮਾਗਮ ਸਾਰਾ ਸਾਲ ਚੱਲਣਗੇ ; ਦਰਅਸਲ ਕੱਲ 76ਵੀਂ ਵਰ੍ਹੇ ਗੰਢ ਮਨਾਈ ਗਈ ਸੀ ਤੇ ਇਕ ਸਾਲ  ਦੇਸ਼ ਭਰ ‘ਚ ਚੱਲਣ ਵਾਲੇ ਸਮਾਗਮ ਪਿਛਲੇ ਵਰ੍ਹੇ 15 ਅਗਸਤ ਤੋਂ ਸ਼ੁਰੂ ਹੋਏ ਸਨ ਜੋ ਕੱਲ੍ਹ ਸਮਾਪਤ ਹੋ ਗਏ ਹਨ । ਪ੍ਰਧਾਨ-ਮੰਤਰੀ ਦੇ ਐਲਾਨ ਮੁਤਾਬਿਕ ਹੁਣ ਅੱਜ ਤੋਂ ਅਗਲੇ 25 ਸਾਲ, ਹੋਣਗੇ ‘ਅੰਮ੍ਰਿਤਕਾਲ’ !

ਰੱਬ ਖ਼ੈਰ ਕਰੇ !

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button