Breaking NewsD5 specialInternationalNewsTop News

‘ਮੈਮੋਰੀਅਲ ਡੇਅ ਪਰੇਡ’ ‘ਚ ਸ਼ਹੀਦ ਹੋਏ ਅਮਰੀਕੀ ਅਤੇ ਸਿੱਖ ਫੌਜੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ

ਵਾਸ਼ਿੰਗਟਨ : ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਪਰਿੰਗਫੀਲਡ ਵਿਖੇ ਸ਼ਹੀਦ ਫ਼ੌਜੀਆਂ ਨੂੰ ਯਾਦ ਕਰਨ ਲਈ ਹਰ ਸਾਲ ਮਨਾਏ ਜਾਂਦੇ ‘ਮੈਮੋਰੀਅਲ ਡੇਅ’ ਮੌਕੇ ਇੱਥੋਂ ਦੀ ਬਹੁਤ ਹੀ ਪ੍ਰਸਿੱਧ ਸਲਾਨਾ ਪਰੇਡ ਦਾ ਆਯੋਜਨ ਕੀਤਾ ਗਿਆ। ਵੱਖ ਵੱਖ ਵਿਭਾਗਾਂ, ਜਥੇਬੰਦੀਆਂ, ਵਿੱਦਿਅਕ ਤੇ ਧਾਰਮਿਕ ਅਦਾਰਿਆਂ ਦੀਆਂ ਝਲਕੀਆਂ, ਇਸ ਪਰੇਡ ਦੀ ਵਿਸ਼ੇਸ਼ ਖਿੱਚ ਸਨ। ਫੋਜ ਦੀਆਂ ਜੀਪਾਂ, ਫਾਇਰ ਟਰੱਕ, ਮੋਟਰਸਾਈਕਲ, ਅਣਗਿਣਤ ਵਾਹਨ ਇਸ ਪਰੇਡ ਦਾ ਹਿੱਸਾ ਸਨ। ਪਰੇਡ ਵਿਚ ਬਹੁਤ ਸਾਰੇ ਵਾਹਨਾਂ ਉੱਪਰ ਇੱਥੋਂ ਦੇ ਸ਼ਹੀਦਾਂ ਦੀਆਂ ਤਸਵੀਰਾਂ ਪੋਸਟਰਾਂ ‘ਤੇ ਲਾ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਸੜਕਾਂ ਕੰਢੇ ਹਜ਼ਾਰਾਂ ਲੋਕ ਪ੍ਰਵਾਰ ਸਮੇਤ ਅਮਰੀਕਾ ਦੇ ਝੱਡੇ ਦੇ ਰੰਗ ਨਾਲ ਮੇਚ ਕਰਦੇ ਲਾਲ, ਚਿੱਟੇ, ਅਤੇ ਨੀਲੇ ਕੱਪੜੇ ਪਾ ਕੇ ਇਨ੍ਹਾਂ ਦੇ ਸੁਆਗਤ ਲਈ ਬੈਠੇ ਸਨ।

ਪਿਛਲੇ 24 ਸਾਲਾਂ ਤੋਂ ਇੱਥੋਂ ਦੇ ਵਸਨੀਕ ਅਵਤਾਰ ਸਿੰਘ, ਉਨ੍ਹਾਂ ਦੀ ਪਤਨੀ ਸਰਬਜੀਤ ਕੌਰ ਤੇ ਬੱਚੇ ਲਗਾਤਾਰ ਇਸ ਪਰੇਡ ਦਾ ਹਿੱਸਾ ਬਣਦੇ ਆ ਰਹੇ ਹਨ। ਉਹਨਾਂ ਵਲੋਂ ਕਈ ਵਰਿਆਂ ਪਹਿਲਾਂ ਕੀਤੇ ਗਏ ਇਸ ਉਧਮ ਤੋਂ ਬਾਅਦ ਹੁਣ ਸਪਰਿੰਗਫੀਲਡ ਦੇ ਨਾਲ ਲਗਦੇ ਸ਼ਹਿਰ ਡੇਟਨ, ਸਿਨਸਿਨਾਟੀ, ਕੋਲੰਬਸ ਅਤੇ ਇੰਡੀਆਣਾ ਸੂਬੇ ਤੋਂ ਵੀ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਇਸ ਵਿੱਚ ਭਾਗ ਲੈਂਦਾ ਹੈ। ਅਮਰੀਕਨ ਝੰਡਿਆਂ, ਬੈਨਰਾਂ, ਪੋਸਟਰਾਂ ਨਾਲ ਸਜਾਈਆਂ ਸਿੱਖ ਝਾਕੀਆਂ ਉੱਪਰ ਵਿਸ਼ਵ ਯੁੱਧਾਂ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਬਾਰੇ ਜਾਣਕਾਰੀ ਦਿੱਤੀ ਗਈ, ਤਸਵੀਰਾਂ ਦਾ ਪ੍ਰਦਰਸ਼ਨ ਤੇ ਸ਼ੁਭ- ਕਾਮਨਾਵਾਂ ਭੇਟ ਕੀਤੀਆਂ ਗਈਆਂ।

ਕਰੀਬ ਤਿੰਨ ਮੀਲ ਲੰਮੀ ਇਹ ਪਰੇਡ ਜੱਦ ਬਜਾਰਾਂ ਵਿੱਚੋਂ ਲੰਘੀ ਤਾਂ ਹਮੇਸ਼ਾਂ ਦੀ ਤਰ੍ਹਾਂ ਸਿੱਖ ਝਾਕੀ ਦਾ ਸੜ੍ਹਕ ਕੰਢੇ ਖੜੇ ਅਤੇ ਬੈਠੇ ਹਜ਼ਾਰਾਂ ਸ਼ਹਿਰੀਆਂ ਨੇ ਹੱਥਾਂ ਵਿੱਚ ਅਮਰੀਕੀ ਝੰਡੇ ਲੈ ਕੇ ਹੱਥ ਹਿਲਾ ਕੇ ਨਿੱਘਾ ਸਵਾਗਤ ਕੀਤਾ ਅਤੇ ਉਹ ‘ਮਿਸਟਰ ਸਿੰਘ, ਹੈਪੀ ਮੈਮੋਰੀਅਲ ਡੇਅ’ ਵੀ ਕਹਿ ਰਹੇ ਸਨ। ਇਹ ਪਰੇਡ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਪਰੇਡਾਂ ਵਿਚੋਂ ਇਕ ਮੰਨੀ ਜਾਂਦੀ ਹੈ ਜਿਸ ਵਿੱਚ ਸ਼ਹਿਰ ਦੇ ਬਜਾਰਾਂ, ਘਰਾਂ ਦੇ ਬਾਹਰ ਅਤੇ ਪਾਰਕਾਂ ਵਿਚ ਲਗਭਗ 35 ਹਜ਼ਾਰ ਲੋਕ ਆਨੰਦ ਮਾਣਦੇ ਹਨ ਅਤੇ ਤਕਰੀਬਨ 2500 ਲੋਕ, 300 ਗੱਡੀਆਂ ਤੇ 120 ਸਥਾਨਕ ਸੰਸਥਾਵਾਂ ਭਾਗ ਲੈਂਦੀਆਂ ਹਨ।

ਸਰਬਜੀਤ ਕੌਰ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਪਹਿਲੀ ਵਾਰ 1999 ਵਿਚ ਪਰਿਵਾਰ ਸਮੇਤ ਇਸ ਪਰੇਡ ਵਿੱਚ ਸ਼ਾਮਲ ਹੋਏ ਸਨ ਤੇ ਉਨ੍ਹਾਂ ਨੂੰ ਇਸ ਕਮਿਊਨਟੀ ਦਾ ਹਿੱਸਾ ਹੋਣ ਤੇ ਮਾਣ ਹੈ। ਪਰੇਡ ਵਿੱਚ ਸ਼ਮੂਲੀਅਤ ਸਾਨੂੰ ਵਿਸ਼ਵ ਯੁੱਧਾਂ ਵਿਚ ਸ਼ਹੀਦ ਹੋਏ ਸਿੱਖ ਅਤੇ ਅਮਰੀਕੀ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਤੇ ਅਮਰੀਕੀ ਲੋਕਾਂ ਨੂੰ ਸਿੱਖਾਂ ਵਲੋਂ ਵਿਸ਼ਵ ਅਤੇ ਹੋਰਨਾਂ ਯੁੱਧਾਂ ‘ਚ ਦਿੱਤੀਆਂ ਗਈਆਂ ਕੁਰਬਾਨੀਆਂ ਬਾਰੇ ਜਾਣਕਾਰੀ ਦੇਣ ਦਾ ਮੌਕਾ ਦਿੰਦੀ ਹੈ। ਉਹਨਾਂ ਕਿਹਾ ਕਿ ਅਮਰੀਕਾ ਵਿਚ ਸਤੰਬਰ 2001 ਦੇ ਹਮਲੇ ਤੋਂ ਬਾਅਦ ਸਿੱਖਾਂ ਨੂੰ ਬਹੁਤ ਸਾਰੇ ਨਸਲੀ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ ਸੀ।

ਇਸ ਲਈ ਇਹ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਇਹਨਾਂ ਪ੍ਰੋਗਰਾਮਾਂ ਵਿਚ ਭਾਗ ਲਈਏ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸਿੱਖਾਂ ਬਾਰੇ ਜਾਣਕਾਰੀ ਮਿਲ ਸਕੇ। ਉਨ੍ਹਾਂ ਨੂੰ ਇਹ ਦੇਖ ਕੇ ਅਹਿਸਾਸ ਹੋਵੇ ਕਿ ਸਿੱਖ ਵੀ ਸਾਡੇ ਕਮਿਊਨਿਟੀ ਦਾ ਹਿੱਸਾ ਹਨ। ਲੋਕਾਂ ਨੂੰ ਸਿੱਖਾਂ ਦੀ ਨਿਵੇਕਲੀ ਪਛਾਣ ਤੋਂ ਜਾਣੂ ਕਰਵਾਉਣ ਲਈ ਕਿਤਾਬਚਾ ਵੀ ਵੰਡੇ ਗਏ। ਪਰੇਡ ਦੀਆਂ ਅਨਮੋਲ ਯਾਦਾਂ ਨੂੰ ਕੈਮਰਾਬੰਦ ਕਰਨ ਦੀ ਸੇਵਾ ਡੇਟਨ ਤੋਂ ਏ.ਐਂਡ.ਏ. ਫੋਟੋਗ੍ਰਾਫੀ ਦੇ ਸੁਨੀਲ ਮੱਲੀ ਵਲੋਂ ਕੀਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button