Press ReleasePunjabTop News
ਮੁੱਖ ਸਕੱਤਰ ਵੱਲੋਂ ਅਧਿਕਾਰੀਆਂ ਨੂੰ ਸੀਵਰੇਜ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪ੍ਰਾਜੈਕਟਾਂ ਨੂੰ ਸਮਾਂਬੱਧ ਢੰਗ ਨਾਲ ਪੂਰਾ ਕਰਨ ਦੇ ਨਿਰਦੇਸ਼
ਵਾਤਾਵਰਣ ਸਬੰਧੀ ਮੁੱਦਿਆਂ ਦੇ ਹੱਲ ਲਈ ਵੱਖ-ਵੱਖ ਵਿਭਾਗਾਂ ਨਾਲ ਕੀਤੀ ਉੱਚ ਪੱਧਰੀ ਮੀਟਿੰਗ

ਚੰਡੀਗੜ੍ਹ : ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਅੱਜ ਵੱਖ-ਵੱਖ ਵਿਭਾਗਾਂ ਨਾਲ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੂੰ ਸੀਵਰੇਜ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਾਲ ਸਬੰਧਤ ਸਾਰੇ ਪ੍ਰੋਜੈਕਟਾਂ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਵਿਗਿਆਨ ਤੇ ਤਕਨਾਲੋਜੀ, ਸਥਾਨਕ ਸਰਕਾਰਾਂ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਜਲ ਸਰੋਤ ਵਿਭਾਗ, ਐਮ.ਸੀ. ਲੁਧਿਆਣਾ, ਐਮ.ਸੀ. ਜਲੰਧਰ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਮੁੱਖ ਸਕੱਤਰ ਨੇ ਸਪੱਸ਼ਟ ਤੌਰ `ਤੇ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਾਤਾਵਰਨ ਦੀ ਸੰਭਾਲ ਲਈ ਵੱਖ-ਵੱਖ ਪਹਿਲਕਦਮੀਆਂ ਕਰ ਰਹੀ ਹੈ ਅਤੇ ਸਾਰੇ ਵਿਭਾਗ ਇਸ ਵੱਲ ਖਾਸ ਤਵੱਜੋਂ ਦੇਣ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਵਾਤਾਵਰਣ ਸਬੰਧੀ ਮੁੱਖ ਮੁੱਦਿਆਂ ਜਿਵੇਂ ਪਾਣੀ ਅਤੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਅਤੇ ਸੂਬੇ ਵਿੱਚ ਠੋਸ ਅਤੇ ਪਲਾਸਟਿਕ ਰਹਿੰਦ-ਖੂੰਹਦ ਦੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।
ਮੀਟਿੰਗ ਦੌਰਾਨ ਸੀਵਰੇਜ ਅਤੇ ਗੰਦੇ ਪਾਣੀ ਦੇ ਨਿਕਾਸ ਕਾਰਨ ਹੁੰਦੇ ਦਰਿਆਈ ਪਾਣੀਆਂ ਦੇ ਪ੍ਰਦੂਸ਼ਣ ਦੀ ਸਮੀਖਿਆ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ 570 ਐਮਐਲਡੀ ਸੀਵਰੇਜ ਗੈਪ ਦੇ ਨਿਬੇੜੇ ਲਈ 31 ਦਸੰਬਰ, 2023 ਤੱਕ 111 ਐਸਟੀਪੀ ਸਥਾਪਤ ਕੀਤੇ ਜਾ ਰਹੇ ਹਨ। ਇਸਦੇ ਨਾਲ ਹੀ 30 ਜੂਨ, 2023 ਤੱਕ ਜਮਾਲਪੁਰ ਵਿਖੇ 225 ਐਮਐਲਡੀ ਐਸਟੀਪੀ ਜਦੋਂ ਕਿ ਬੱਲੋਕੇ ਵਿਖੇ 60 ਐਮਐਲਡੀ ਐਸਟੀਪੀ ਸਥਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ ਤਾਜਪੁਰ ਅਤੇ ਹੈਬੋਵਾਲ ਡਾਇਰੀ ਕੰਪਲੈਕਸ ਲਈ ਐਫਲੂਐਂਟ ਟਰੀਟਮੈਂਟ ਪਲਾਂਟ ਦੇ 30.06.2023 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਪੇਡਾ ਦੇ ਸੀ.ਈ.ਓ. ਨੇ ਮੁੱਖ ਸਕੱਤਰ ਨੂੰ ਜਾਣੂੰ ਕਰਵਾਇਆ ਕਿ ਤਾਜਪੁਰ ਡਾਇਰੀ ਕੰਪਲੈਕਸ ਵਿਖੇ ਪ੍ਰਤੀ ਦਿਨ 300 ਟਨ ਗੋਬਰ ਦਾ ਨਿਪਟਾਰਾ ਕਰਨ ਵਾਲਾ ਬਾਇਓ ਸੀਬੀਜੀ ਪਲਾਂਟ ਨਵੰਬਰ 2024 ਤੱਕ ਚਾਲੂ ਹੋਣ ਦੀ ਸੰਭਾਵਨਾ ਹੈ। ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਗੱਲ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਨੇ ਦੱਸਿਆ ਕਿ ਘਰ-ਘਰ ਜਾ ਕੇ ਠੋਸ ਕੂੜਾ-ਕਰਕਟ ਇਕੱਠਾ ਕਰਨ ਦੇ ਅਮਲ ਤਹਿਤ 99 ਫੀਸਦ ਘਰਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ ਅਤੇ ਸਰੋਤ ‘ਤੇ ਹੀ ਕੂੜੇ ਨੂੰ ਵੱਖੋ-ਵੱਖ ਕਰਨ ਦੇ ਅਮਲ ਤਹਿਤ 84 ਫੀਸਦ ਨੂੰ ਕਵਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 74 ਫੀਸਦ ਠੋਸ ਰਹਿੰਦ-ਖੂੰਹਦ ਦਾ ਐਰੋਬਿਕ ਕੰਪੋਸਟਿੰਗ ਰਾਹੀਂ ਨਿਬੇੜਾ ਕੀਤਾ ਜਾ ਰਿਹਾ ਹੈ ਅਤੇ ਸੂਬੇ ਵਿੱਚ 265 ਮਟੀਰੀਅਲ ਰਿਕਵਰੀ ਫੈਸਿਲਟੀਜ਼ ਸਥਾਪਤ ਕੀਤੀਆਂ ਗਈਆਂ ਹਨ। ਪੁਰਾਣੀਆਂ ਡੰਪ ਸਾਈਟਾਂ ਦੇ ਬਾਇਓ-ਪ੍ਰਬੰਧਨ ਦੀ ਗੱਲ ਕਰੀਏ ਤਾਂ 114 ਯੂ.ਐਲ.ਬੀਜ਼ ਵਿੱਚ ਕੰਮ 31.12.2022 ਤੱਕ, 32 ਯੂ.ਐਲ.ਬੀਜ਼ ਵਿੱਚ 31.03.2023 ਤੱਕ ਅਤੇ 2 ਯੂ.ਐਲ.ਬੀਜ਼ ਵਿੱਚ 31.03.2024 ਤੱਕ ਮੁਕੰਮਲ ਹੋ ਜਾਵੇਗਾ।
ਮੀਟਿੰਗ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਵੀ.ਪੀ ਸਿੰਘ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਦੇ ਪ੍ਰਮੁੱਖ ਸਕੱਤਰ ਏ.ਕੇ. ਸਿਨਹਾ, ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ, ਸਕੱਤਰ ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਕੁਮਾਰ ਰਾਹੁਲ, ਸੀ.ਈ.ਓ., ਪੀ.ਡਬਲਿਊ.ਐੱਸ.ਐੱਸ.ਬੀ. ਵਰਿੰਦਰ ਕੁਮਾਰ, , ਸੀਈਓ ਪੇਡਾ ਸੁਮੀਤ ਕੁਮਾਰ ਜਾਰੰਗਲ, ਮੈਂਬਰ ਸਕੱਤਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕਰੁਨੇਸ਼ ਗਰਗ, ਜੇ.ਡੀ.ਸੀ. ਪੇਂਡੂ ਵਿਭਾਗ ਅਮਿਤ ਕੁਮਾਰ ਅਤੇ ਡਾਇਰੈਕਟੋਰੇਟ ਵਾਤਾਵਰਣ ਦੇ ਡਾਇਰੈਕਟਰ ਮਨੀਸ਼ ਕੁਮਾਰ ਮੌਜੂਦ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.