NewsPress ReleasePunjabTop News
ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੇ ਡੀਸੀਜ਼ ਨਾਲ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ
ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 30 ਅਗਸਤ ਤੱਕ ਵਧਾਈ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸੂਬੇ ਦੇ ਨੌਜਵਾਨ ਵਿੱਚ ਖੇਡਾਂ ਦੀ ਨਵੀ ਚਿਣਗ ਲਾਉਣਗੀਆਂ। ਖੇਡ ਖੇਤਰ ਲੰਬੇ ਸਮੇਂ ਤੋਂ ਅਣਗੌਲਿਆ ਹੋਇਆ ਸੀ। ਪੰਜਾਬ ਵਿੱਚ ਖੇਡਾਂ ਦੇ ਮਹਾਂਕੁੰਭ ਨੂੰ ਸਫਲ ਬਣਾਉਣ ਲਈ ਸਾਰੇ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਕੋਈ ਕਸਰ ਬਾਕੀ ਨਾ ਛੱਡਣ। ਇਹ ਗੱਲ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਖੇਡਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੱਦੀ ਉੱਚ ਪੱਧਰੀ ਮੀਟਿੰਗ ਦੌਰਾਨ ਕਹੀ।
ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਸਾਰੇ ਸਬੰਧਤ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਤੇ ਡਿਪਟੀ ਕਮਿਸ਼ਨਰਾਂ ਨਾਲ ਪ੍ਰਬੰਧਾਂ ਦਾ ਜਾਇਜ਼ਾ ਲੈੰਦਿਆ ਮੁੱਖ ਸਕੱਤਰ ਨੇ ਕਿਹਾ ਕਿ ਦੋ ਮਹੀਨੇ ਚੱਲਣ ਵਾਲੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦਾ 29 ਅਗਸਤ 2022 ਨੂੰ ਜਲੰਧਰ ਵਿਖੇ ਉਦਘਾਟਨੀ ਸਮਾਰੋਹ ਹੋਵੇਗਾ ਅਤੇ ਪਹਿਲੀ ਸਤੰਬਰ ਤੋਂ ਬਲਾਕ ਪੱਧਰੀ ਟੂਰਨਾਮੈਂਟ ਨਾਲ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਹੋਵੇਗੀ।ਖੇਡਾਂ ਲਈ ਖਿਡਾਰੀਆਂ ਦੇ ਉਤਸ਼ਾਹ ਨੂੰ ਦੇਖਦਿਆਂ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 25 ਅਗਸਤ ਤੋਂ ਵਧਾ ਕੇ 30 ਅਗਸਤ ਕਰ ਦਿੱਤੀ ਹੈ। ਚਾਹਵਾਨ ਖਿਡਾਰੀ ਵੈਬਸਾਈਟ www.punjabkhedmela2022.in ਉੱਪਰ ਰਜਿਸਟ੍ਰੇਸ਼ਨ ਕਰ ਸਕਦੇ ਹਨ ਅਤੇ ਜਿਹੜੇ ਖਿਡਾਰੀਆਂ ਨੂੰ ਕੋਈ ਦਿੱਕਤ ਆਉਂਦੀ ਹੈ, ਉਹ ਖੇਡ ਵਿਭਾਗ ਦੇ ਦਫ਼ਤਰਾਂ ਵਿੱਚ ਜਾ ਕੇ ਖੇਡ ਅਧਿਕਾਰੀਆਂ ਦੀ ਮੱਦਦ ਨਾਲ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਸ੍ਰੀ ਜੰਜੂਆ ਨੇ ਸਕੂਲ ਸਿੱਖਿਆ ਤੇ ਉਚੇਰੀ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਵੱਧ ਤੋਂ ਵੱਧ ਜੋੜਨ। ਪੇਂਡੂ ਵਿਕਾਸ ਵਿਭਾਗ ਬਲਾਕ ਪੱਧਰ ਦੀਆਂ ਖੇਡਾਂ ਵਿੱਚ ਖੇਡ ਵਿਭਾਗ ਨਾਲ ਮਿਲ ਕੇ ਕੰਮ ਕਰਨ। ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਵੱਖ-ਵੱਖ ਸਾਧਨਾਂ ਰਾਹੀਂ ਖੇਡਾਂ ਸੰਬੰਧੀ ਜਾਣਕਾਰੀ ਹੇਠਲੇ ਪੱਧਰ ਤੱਕ ਮੁਹੱਈਆ ਕਰਵਾਉਣ।ਸੈਰ ਸਪਾਟਾ ਤੇ ਸੱਭਿਆਚਾਰਿਕ ਮਾਮਲਿਆਂ ਨੂੰ ਉਦਘਾਟਨੀ ਸਮਾਰੋਹ ਦੇ ਪ੍ਰਬੰਧ ਦੇਖਣ ਨੂੰ ਕਿਹਾ। ਆਮ ਰਾਜ ਪ੍ਰਬੰਧ ਨੂੰ ਉਦਘਾਟਨੀ ਸਮਾਰੋਹ ਲਈ ਮਹਿਮਾਨਾਂ ਨੂੰ ਸੱਦਾ ਪੱਤਰ ਦਾ ਜ਼ਿੰਮਾ ਸੌਂਪਿਆ।ਉਦਘਾਟਨੀ ਸਮਾਰੋਹ ਸੰਬੰਧੀ ਡਿਪਟੀ ਕਮਿਸ਼ਨਰ ਜਲੰਧਰ ਨੂੰ ਬਲਾਕ ਤੇ ਜ਼ਿਲਾ ਪੱਧਰ ਦੇ ਖੇਡ ਮੁਕਾਬਲਿਆਂ ਲਈ ਸੁਚਾਰੂ ਪ੍ਰਬੰਧ ਕਰਨ ਲਈ ਕਿਹਾ।
ਮੁੱਖ ਸਕੱਤਰ ਨੇ ਖੇਡਾਂ ਨੂੰ ਸਫਲ ਬਣਾਉਣ ਲਈ ਬਣਾਈਆਂ ਵੱਖ-ਵੱਖ ਕਮੇਟੀਆਂ ਨੂੰ ਪ੍ਰਵਾਨਗੀਆਂ ਦਿੰਦਿਆਂ ਸਬੰਧਤ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀਆਂ ਖੇਡਾਂ ਮਹਾਂਕੁੰਭ ਹੈ ਅਤੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਬਹੁਤ ਵਧੀਆ ਸਾਧਨ ਹੈ। ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਨੇ ਜਾਣਕਾਰੀ ਦਿੱਤੀ ਕਿ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਉਦਘਾਟਨੀ ਸਮਾਰੋਹ ਲਈ ਸਟੇਡੀਅਮ ਦਾ ਜਾਇਜ਼ਾ ਲੈ ਕੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ 28 ਖੇਡਾਂ ਦੇ ਬਲਾਕ ਤੋਂ ਸੂਬਾ ਪੱਧਰ ਤੱਕ ਮੁਕਾਬਲਿਆਂ ਵਿੱਚ ਵੱਖ-ਵੱਖ ਛੇ ਉਮਰ ਗਰੁੱਪਾਂ ਵਿੱਚ 4 ਲੱਖ ਤੋਂ ਵੱਧ ਖਿਡਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਸੂਬਾ ਪੱਧਰ ਦੇ ਜੇਤੂਆਂ ਨੂੰ 6 ਕਰੋੜ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ।
ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤਾਂ ਕੇ ਸਿਵਾ ਪ੍ਰਸ਼ਾਦ, ਪ੍ਰਮੁੱਖ ਸਕੱਤਰ ਸੈਰ ਸਪਾਟਾ ਤੇ ਸੱਭਿਆਚਾਰਿਕ ਮਾਮਲੇ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਤੇ ਸਕੂਲ ਸਿੱਖਿਆ ਜਸਪ੍ਰੀਤ ਤਲਵਾੜ, ਪ੍ਰਮੁੱਖ ਸਕੱਤਰ ਉਦਯੋਗ ਦਲੀਪ ਕੁਮਾਰ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਵੇਕ ਪ੍ਰਤਾਪ ਸਿੰਘ, ਪ੍ਰਮੁੱਖ ਸਕੱਤਰ ਵਿੱਤ ਏ.ਕੇ.ਸਿਨਹਾ, ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਕਾਸ ਗਰਗ, ਸਕੱਤਰ ਸਿਹਤ ਅਜੋਏ ਸ਼ਰਮਾ, ਸਕੱਤਰ ਆਮ ਰਾਜ ਪ੍ਰਬੰਧ ਕੁਮਾਰ ਰਾਹੁਲ, ਸਕੱਤਰ ਸੂਚਨਾ ਤੇ ਲੋਕ ਸੰਪਰਕ ਗੁਰਕੀਰਤ ਕ੍ਰਿਪਾਲ ਸਿੰਘ, ਕਰ ਕਮਿਸ਼ਨਰ ਕੇ ਕੇ ਯਾਦਵ, ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ, ਏ.ਡੀ.ਜੀ.ਪੀ. ਕਾਨੂੰਨ ਤੇ ਵਿਵਸਥਾ ਈਸ਼ਵਰ ਸਿੰਘ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਸੋਨਾਲੀ ਗਿਰਿ, ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰਿਕ ਕਰਨੇਸ਼ ਸ਼ਰਮਾ ਤੇ ਡਾਇਰੈਕਟਰ ਖੇਡਾਂ ਰਾਜੇਸ਼ ਧੀਮਾਨ ਵੀ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.