Breaking NewsD5 specialNewsPunjab

ਮੁੱਖ ਮੰਤਰੀ ਵੱਲੋਂ ਪੀ.ਆਈ.ਡੀ.ਬੀ. ਨੂੰ ਸਾਰੇ ਵਿਕਾਸ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼; ਮੁੱਖ ਸਕੱਤਰ ਨੂੰ ਅੰਮ੍ਰਿਤਸਰ ਪ੍ਰੋਟੋਕੋਲ ਅਫਸਰ ਲਈ ਤਜਵੀਜ਼ ’ਤੇ ਕੰਮ ਕਰਨ ਲਈ ਆਖਿਆ

ਬੋਰਡ ਨੇ 27.16 ਕਰੋੜ ਰੁਪਏ ਦੇ ਯੂ.ਈ.ਆਈ.ਪੀ. ਪ੍ਰਾਜੈਕਟਾਂ ਨੂੰ ਕਾਰਜ-ਬਾਅਦ ਪ੍ਰਵਾਨਗੀ ਦਿੱਤੀ, ਮੁੱਖ ਮੰਤਰੀ ਵੱਲੋਂ ਅਗਲੇ ਹਫਤੇ ਪਟਿਆਲਾ ਹੈਰੀਟੇਜ ਹੋਟਲ ਪ੍ਰਾਜੈਕਟ ਸ਼ੁਰੂ ਕਰਨ ਦੀ ਸੰਭਾਵਨਾ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਦੀ ਮੀਟਿੰਗ ਵਿੱਚ ਬੋਰਡ ਨੂੰ ਸੂਬੇ ਵਿੱਚ ਸਾਰੇ ਵਿਕਾਸ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ।ਮੀਟਿੰਗ ਵਿੱਚ 27.16 ਕਰੋੜ ਰੁਪਏ ਦੇ ਸ਼ਹਿਰੀ ਵਾਤਾਵਰਣ ਸੁਧਾਰ ਪ੍ਰਾਜੈਕਟਾਂ (ਯੂ.ਈ.ਆਈ.ਪੀ.) ਨੂੰ ਕਾਰਜ-ਬਾਅਦ ਪ੍ਰਵਾਨਗੀ ਦੇਣ ਦੇ ਨਾਲ ਪਟਿਆਲਾ ਕਿਲਾ ਮੁਬਾਰਕ ਸਮੇਤ ਵੱਖ-ਵੱਖ ਇਤਿਹਾਸਕ ਸਥਾਨਾਂ ਦੇ ਵਿਕਾਸ, ਨਵੀਨੀਕਰਨ ਅਤੇ ਰੱਖ-ਰਖਾਅ ਨੂੰ ਵੀ ਮਨਜ਼ੂਰੀ ਦੇ ਦਿੱਤੀ।
ਮੁੱਖ ਮੰਤਰੀ ਵੱਲੋਂ ਜਨਤਕ ਨਿੱਜੀ ਭਾਈਵਾਲੀ (ਪੀ.ਪੀ.ਪੀ.) ਆਧਾਰ ’ਤੇ ਚਲਾਏ ਜਾਣ ਰਨ ਬਾਸ, ਕਿਲਾ ਮੁਬਾਰਕ ਪਟਿਆਲਾ ਤੇ ਹੈਰੀਟੇਜ ਹੋਟਲ ਦੇ 8.58 ਕਰੋੜ ਰੁਪਏ ਦੀ ਲਾਗਤ ਦੇ ਪ੍ਰਾਜੈਕਟਾਂ ਦੇ ਨਵੀਨੀਕਰਨ, ਕਾਰਜਸ਼ੀਲ ਕਰਨ ਅਤੇ ਰੱਖ ਰਖਾਅ ਦੀ ਵਰਚੁਅਲ ਸ਼ੁਰੂਆਤ ਅਗਲੇ ਹਫਤੇ ਕੀਤੇ ਜਾਣ ਦੀ ਸੰਭਾਵਨਾ ਹੈ। ਇਨਾਂ ਪ੍ਰਾਜੈਕਟਾਂ ਦੇ 18 ਮਹੀਨਿਆਂ ਵਿੱਚ ਪੂਰੇ ਹੋਣ ਦੀ ਉਮੀਦ ਹੈ। ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ, ਚੱਪੜ ਚਿੜੀ ਨੂੰ ਕਾਰਜਸ਼ੀਲ ਬਣਾਉਣ ਅਤੇ ਰੱਖ ਰਖਾਅ ਦੇ ਪੀ.ਪੀ.ਪੀ. ਪ੍ਰਾਜੈਕਟਾਂ ਨੂੰ ਵੀ ਮੁੱਖ ਮੰਤਰੀ ਸ਼ੁਰੂ ਕਰਨਗੇ ਜਿਸ ਉਤੇ 15 ਸਾਲ ਦੇ ਰਿਆਇਤੀ ਸਮੇਂ ਦੇ ਨਾਲ 2.54 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਆਵੇਗੀ। ਮੁੱਖ ਮੰਤਰੀ ਨੂੰ ਮੀਟਿੰਗ ਵਿੱਚ ਦੱਸਿਆ ਗਿਆ ਕਿ ਪਟਿਆਲਾ ਵਿਖੇ ਬੱਸ ਅੱਡੇ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਅਤੇ ਇਹ ਇਸ ਸਾਲ ਨਵੰਬਰ ਮਹੀਨੇ ਮੁਕੰਮਲ ਹੋ ਜਾਵੇਗਾ ਜਿਸ ਉਤੇ 60 ਕਰੋੜ ਰੁਪਏ ਦੀ ਲਾਗਤ ਆਵੇਗੀ।
3.94 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਅੰਮਿ੍ਰਤਸਰ ਸਰਕਟ ਹਾਊਸ ਦੇ ਨਵੀਨੀਕਰਨ ਉਤੇ ਚਰਚਾ ਕਰਦਿਆਂ ਮੁੱਖ ਮੰਤਰੀ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਪ੍ਰੋਟੋਕੋਲ ਅਧਿਕਾਰੀ ਨਿਯੁਕਤ ਕਰਨ ਦੀ ਤਜਵੀਜ਼ ਉਤੇ ਕੰਮ ਕਰਨ ਲਈ ਆਖਿਆ ਜੋ ਪਵਿੱਤਰ ਨਗਰੀ ਵਿਖੇ ਵੱਡੀ ਗਿਣਤੀ ਵਿੱਚ ਆਉਣ ਵਾਲੀਆਂ ਸਖਸ਼ੀਅਤਾਂ ਲਈ ਲੋੜੀਂਦੇ ਪ੍ਰਬੰਧਾਂ ਨੂੰ ਯਕੀਨੀ ਬਣਾਏਗਾ। ਉਨਾਂ ਮੁੱਖ ਸਕੱਤਰ ਨੂੰ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਵਿੱਚ ਤਜਵੀਜ਼ ਪੇਸ਼ ਕਰਨ ਲਈ ਆਖਿਆ।
ਪੈਟਰੋਲ, ਡੀਜ਼ਲ ਅਤੇ ਅਚੱਲ ਜਾਇਦਾਦ ’ਤੇ 25 ਪੈਸੇ ਵਿਸ਼ੇਸ਼ ਆਈ.ਡੀ. ਫੀਸ ਲਾਉਣ ਬਾਰੇ ਕੈਬਨਿਟ ਦੇ ਫੈਸਲੇ ਨੂੰ ਕਾਰਜ-ਬਾਅਦ ਪ੍ਰਵਾਨਗੀ ਦੇਣ ਤੋਂ ਇਲਾਵਾ ਬੋਰਡ ਨੇ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ (ਯੂ.ਈ.ਆਈ.ਪੀ.) ਦੇ ਪਹਿਲੇ ਤੇ ਦੂਜੇ ਪੜਾਅ ਲਈ 27.16 ਕਰੋੜ ਦੇ ਪ੍ਰਾਜੈਕਟਾਂ ਦੇ ਨਾਲ-ਨਾਲ ਯੂ.ਈ.ਆਈ.ਪੀ. ਦੇ ਦੂਜੇ ਪੜਾਅ ਦੇ ਪ੍ਰਾਜੈਕਟਾਂ ਦੀ ਫੰਡਿੰਗ ਲਈ ਬੈਂਕਾਂ ਤੋਂ ਮਿਆਦੀ ਕਰਜ਼ਾ ਚੁੱਕਣ ਦੀ ਵੀ ਰਸਮੀ ਮਨਜ਼ੂਰੀ ਦੇ ਦਿੱਤੀ। ਇਨਾਂ ਪ੍ਰਾਜੈਕਟਾਂ ਨੂੰ ਮੁੱਖ ਮੰਤਰੀ ਬੋਰਡ ਦੇ ਚੇਅਰੈਮਨ ਹੋਣ ਦੇ ਨਾਤੇ ਪਹਿਲਾਂ ਹੀ ਪ੍ਰਵਾਨਗੀ ਦੇ ਚੁੱਕੇ ਹਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੀ.ਆਈ.ਡੀ.ਬੀ. ਦੀ 36ਵੀਂ ਮੀਟਿੰਗ, ਜੋ ਕੋਵਿਡ ਦੇ ਮੱਦੇਨਜ਼ਰ ਅੱਜ ਵਰਚੁਅਲ ਤੌਰ ’ਤੇ ਹੋਈ, ਨੇ ਜਨਤਕ-ਨਿੱਜੀ ਭਾਈਵਾਲੀ ਨਾਲ ਲੁਧਿਆਣਾ ਵਿੱਚ ਪ੍ਰਦਰਸ਼ਨੀ ਕੇਂਦਰ ਸਥਾਪਤ ਕਰਨ ਲਈ 125 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਵੀ ਕਾਰਜ-ਬਾਅਦ ਪ੍ਰਵਾਨਗੀ ਦਿੱਤੀ। ਇਹ ਪ੍ਰਾਜੈਕਟ, ਜੋ 99 ਸਾਲਾਂ ਦੇ ਰਿਆਇਤੀ ਸਮੇਂ ਨਾਲ 125 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਵਿਕਸਤ ਕੀਤਾ ਜਾਵੇਗਾ, ਮਾਰਚ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਮੀਟਿੰਗ ਵਿੱਚ ਹੋਰ ਪੀ.ਪੀ.ਪੀ. ਪ੍ਰਾਜੈਕਟਾਂ ਦੀ ਪ੍ਰਗਤੀ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ ਜਿਨਾਂ ਵਿੱਚ ਸ਼ਰਾਬ ਦੀ ਮੈਨੂਫੈਕਚਰਿੰਗ, ਟਰਾਂਸਪੋਰਟ, ਵੰਡ ਅਤੇ ਖਪਤ ਲਈ ਵਿਧੀ-ਵਿਧਾਨ, ਰਣਜੀਤ ਸਾਗਰ ਝੀਲ ਦੁਆਲੇ ਪਠਾਨਕੋਟ-ਡਲਹੌਜੀ ਰੋਡ ’ਤੇ ਪੰਜਾਬ ਵਿੱਚ ਕੌਮੀ ਪੱਧਰ ਦੇ ਸੈਰ-ਸਪਾਟਾ/ਥੀਮ ਸਥਾਨ ਵਜੋਂ ਵਿਕਸਤ ਕਰਨ, ਮੁਹਾਲੀ ਕਮਰਸ਼ੀਅਤ ਕੰਪਲੈਕਸ-ਕਮ-ਕਨਵੈਂਸ਼ਨ ਸੈਂਟਰ (ਗਮਾਡਾ) ਅਤੇ ਅੰਮਿ੍ਰਤਸਰ ਕਮਰਸ਼ੀਅਲ ਕੰਪਲੈਕਸ-ਕਮ-ਕਨਵੈਂਸ਼ਨ ਸੈਂਟਰ (ਏ.ਡੀ.ਏ.) ਦਾ ਵਿਕਾਸ ਅਤੇ ਪਟਿਆਲਾ ਵਿੱਚ ਭੁਪਿੰਦਰਾ ਰੋਡ ’ਤੇ ਪੀ.ਡਬਲਿਊ.ਡੀ. ਰੈਸਟ ਹਾਊਸ ਨੂੰ ਵਿਰਾਸਤੀ ਹੋਟਲ ਵਜੋਂ ਕਾਰਜਸ਼ੀਲ ਕਰਨ ਅਤੇ ਰੱਖ-ਰਖਾਅ ਕਰਨਾ ਸ਼ਾਮਲ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button