Breaking NewsD5 specialNewsPoliticsPunjabTop News

ਮੁੱਖ ਮੰਤਰੀ ਵੱਲੋਂ ਟੀਕਾਕਰਨ ਰਣਨੀਤੀ ਦੀ ਸਮੀਖਿਆ ਦੀ ਮੰਗ, ਸੂਬਿਆਂ ਨੂੰ ਆਪਣੇ ਖੁਦ ਦੀਆਂ ਰਣਨੀਤੀਆਂ ਘੜਨ ਲਈ ਖੁੱਲ੍ਹ ਦੇਣ ਦੀ ਕੀਤੀ ਵਕਾਲਤ

ਵਰਚੁਅਲ ਮੀਟਿੰਗ ਮਗਰੋਂ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ, 45 ਵਰ੍ਹੇ ਤੋਂ ਘੱਟ ਜਿਗਰ ਤੇ ਗੁਰਦੇ ਦੇ ਮਰੀਜ਼ਾਂ ਨੂੰ ਟੀਕਾਕਰਨ ਤਹਿਤ ਲਿਆਉਣ ਦੀ ਅਪੀਲ
ਸਮੂਹ ਉਮਰ ਵਰਗਾਂ ਖਾਸ ਕਰਕੇ ਜ਼ਿਆਦਾ ਖਤਰੇ ਵਾਲੇ ਇਲਾਕਿਆਂ ਵਿੱਚ ਨੌਜਵਾਨਾਂ ਨੂੰ ਟੀਕਾਕਰਨ ਤਹਿਤ ਲਿਆਉਣ ਦੀ ਵੀ ਕੀਤੀ ਮੰਗ, ਪ੍ਰਧਾਨ ਮੰਤਰੀ ਨੂੰ ਕੋਵਿਡ ਦੇ ਟਾਕਰੇ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਕਰਵਾਇਆ ਜਾਣੂੰ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸੂਬਿਆਂ ਨੂੰ ਕੋਵਿਡ ਟੀਕਾਕਰਨ ਸਬੰਧੀ ਸਥਾਨਕ ਪੱਧਰ ‘ਤੇ ਆਪਣੇ ਖੁਦ ਦੀਆਂ ਰਣਨੀਤੀਆਂ ਦੀ ਖੁੱਲ੍ਹ ਦਿੱਤੀ ਜਾਵੇ ਜੋ ਕਿ ਕੇਂਦਰ ਵੱਲੋਂ ਇਸ ਸਬੰਧੀ ਅਪਣਾਏ ਜਾ ਰਹੇ ਮਾਪਦੰਡਾਂ ਦਾ ਹੀ ਹਿੱਸਾ ਹੋਵੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਆਪਣੀ ਰਣਨੀਤੀ ਦੀ ਮੁੜ ਸਮੀਖਿਆ ਕਰਨ ਲਈ ਕਹਿੰਦੇ ਹੋਏ ਜ਼ਿਆਦਾ ਖਤਰੇ ਵਾਲੇ ਇਲਾਕਿਆਂ ਵਿੱਚ ਸਾਰੇ ਬਾਲਗਾਂ ਅਤੇ 45 ਵਰ੍ਹੇ ਤੋਂ ਘੱਟ ਉਮਰ ਦੇ ਜਿਗਰ ਤੇ ਗੁਰਦੇ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਵੀ ਟੀਕਾਕਰਨ ਤਹਿਤ ਲਿਆਉਣ ਦੀ ਮੰਗ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਇਹ ਸੁਝਾਅ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਰਚੁਅਲ ਮੀਟਿੰਗ ਤੋਂ ਤੁਰੰਤ ਬਾਅਦ ਲਿਖੇ ਗਏ ਇਕ ਪੱਤਰ ਵਿੱਚ ਪ੍ਰਗਟ ਕੀਤੇ। ਇਹ ਮੀਟਿੰਗ ਸਮੂਹ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋਵਿਡ ਅਤੇ ਟੀਕਾਕਰਨ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਕੀਤੀ ਗਈ ਸੀ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਸੂਬੇ ਵਿਚਲੀ ਸਥਿਤੀ ਤੋਂ ਜਾਣੂੰ ਕਰਵਾਇਆ ਅਤੇ ਸੂਬਾ ਸਰਕਾਰ ਵੱਲੋਂ ਇਸ ਬਿਮਾਰੀ ਨੂੰ ਨੱਥ ਪਾਉਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਦੱਸਿਆ। ਮੀਟਿੰਗ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹਾਜ਼ਰ ਰਹੇ ਜਿਸ ਦੌਰਾਨ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਸੂਬਾ ਸਰਕਾਰ ਵੱਲੋਂ ਕੋਵਿਡ ਦੀ ਰੋਕਥਾਮ ਲਈ ਹਰ ਸੰਭਵ ਅਤੇ ਪੁਰਜ਼ੋਰ ਕੋਸ਼ਿਸ਼ ਕੀਤੇ ਜਾਣ ਬਾਰੇ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਸੂਬੇ ਵਿੱਚ ਕੋਵਿਡ ਦੀ ਦੂਜੀ ਲਹਿਰ ਦੌਰਾਨ ਯੂ.ਕੇ. ਦਾ ਵਾਇਰਸ ਭਾਰੂ ਪੈ ਰਿਹਾ ਹੈ ਅਤੇ ਮਾਹਿਰਾਂ ਦੀਆਂ ਰਿਪੋਰਟਾਂ ਅਨੁਸਾਰ ਇਹ ਬਹੁਤ ਹੀ ਘਾਤਕ ਅਤੇ ਖਾਸ ਕਰਕੇ ਨੌਜਵਾਨਾਂ ਦੀ ਸਿਹਤ ‘ਤੇ ਮਾਰੂ ਪ੍ਰਭਾਵ ਪਾਉਣ ਵਾਲਾ ਹੈ। ਬਾਅਦ ਵਿੱਚ ਲਿਖੇ ਆਪਣੇ ਪੱਤਰ ਜਿਸ ਦੇ ਕੁਝ ਸੁਝਾਅ 17 ਮਾਰਚ ਨੂੰ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਨੂੰ ਸੌਂਪੇ ਪੱਤਰ ਦਾ ਵੀ ਹਿੱਸਾ ਸਨ, ਵਿੱਚ ਮੁੱਖ ਮੰਤਰੀ ਦੇ ਸੁਝਾਅ ਸੂਬਾ ਸਰਕਾਰ ਦੀ ਅਜ਼ਾਦਾਨਾਂ ਮਾਹਿਰਾਂ ਨਾਲ ਕੀਤੀ ਚਰਚਾ ਉਤੇ ਆਧਾਰਿਤ ਸੀ।
ਕੁਝ ਸੂਬਿਆਂ ਵਿੱਚ ਟੀਕਾਕਰਨ ਦੀ ਘਾਟ ਦਾ ਸਾਹਮਣਾ ਦੀਆਂ ਰਿਪੋਰਟਾਂ ਦੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੂੰ ਅਪੀਲ ਕੀਤੀ ਕਿ ਪੁਸ਼ਟੀ ਕੀਤੀ ਸਪਲਾਈ ਆਰਡਰਜ਼ ਦੇ ਆਧਾਰ ‘ਤੇ ਸੂਬਿਆਂ ਨਾਲ ਅਗਲੀ ਤਿਮਾਹੀ ਵਿੱਚ ਟੀਕਕਾਰਨ ਦੀ ਸਪਲਾਈ ਦਾ ਪ੍ਰੋਗਰਾਮ ਸਾਂਝਾ ਕੀਤਾ ਜਾਵੇ। ਕੇਂਦਰੀ ਲੈਬਾਰਟਰੀਆਂ ਦੀਆਂ ਪਹਿਲੀਆਂ ਰਿਪੋਰਟਾਂ ਅਨੁਸਾਰ ਪੰਜਾਬ ਵਿੱਚ ਪਾਏ ਜਾਂਦੇ ਪਾਜ਼ੇਟਿਵ ਕੇਸਾਂ ਵਿੱਚੋਂ 80 ਫੀਸਦੀ ਤੋਂ ਵੱਧ ਯੂ.ਕੇ. ਸਟਰੇਨ ਨਾਲ ਸਬੰਧਤ ਹੋਣ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਸੂਬੇ ਵਿੱਚ ਵਾਇਰਲ ਲੜੀ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ। ਪਿਛਲੇ 15 ਦਿਨਾਂ ਤੋਂ 8 ਫੀਸਦੀ ਪਾਜ਼ੇਟਿਵਟੀ ਦਰ ਨਾਲ ਰੋਜ਼ਾਨਾ 3000 ਕੇਸ ਰਿਪੋਰਟ ਹੋ ਰਹੇ ਹਨ। ਸੂਬੇ ਵਿੱਚ ਮੌਜੂਦਾ ਸਮੇਂ 26000 ਦੇ ਕਰੀਬ ਐਕਟਿਵ ਕੇਸ ਹਨ ਅਤੇ ਰਿਕਵਰੀ ਦਰ 87.3 ਫੀਸਦੀ ਹੈ। ਦੂਜੇ ਸਿਖਰ ਵਿੱਚ ਰੋਜ਼ਾਨਾ ਮ੍ਰਿਤਕਾਂ ਦੀ ਗਿਣਤੀ 50 ਤੋਂ 60 ਹੈ ਜੋ ਕਿ 2 ਫੀਸਦੀ ਮੌਤ ਦਰ ਦੇ ਕਰੀਬ ਹੈ। ਦੂਜਾ ਸਿਖਰ ਸੂਬੇ ਵਿੱਚ ਇਸ ਸਾਲ ਫਰਵਰੀ ਦੇ ਅੱਧ ਤੋਂ ਬਾਅਦ ਸ਼ੁਰੂ ਹੋਇਆ।
ਮੁੱਖ ਮੰਤਰੀ ਨੇ ਆਪਣੀ ਅਪੀਲ ਨੂੰ ਦੁਹਰਾਉਂਦਿਆਂ ਕਿਹਾ ਕਿ ਸਾਰੀਆਂ ਵਿਦਿਅਕ ਸੰਸਥਾਵਾਂ ਦੇ ਸਾਰੇ ਅਧਿਆਪਕਾਂ ਤੇ ਸਟਾਫ ਨੂੰ ਟੀਕਾਕਰਨ ਵਿੱਚ ਕਵਰ ਕੀਤਾ ਜਾਵੇ ਤਾਂ ਜੋ ਕੋਵਿਡ ਦੇ ਸਿਖਰ ਦੇ ਖਾਤਮੇ ਤੋਂ ਬਾਅਦ ਫਿਜੀਕਲ ਕਲਾਸਾਂ ਮੁੜ ਸ਼ੁਰੂ ਕਰਨ ਦੇ ਯੋਗ ਬਣਾਇਆ ਜਾ ਸਕੇ। ਉਨ੍ਹਾਂ ਜੱਜਾਂ ਤੇ ਜੁਡੀਸ਼ਲ ਅਫਸਰਾਂ, ਬੱਸਾਂ ਤੇ ਕੰਡਕਟਰਾਂ, ਸਾਰੇ ਪੱਧਰ ਦੇ ਚੁਣੇ ਹੋਏ ਨੁਮਾਇੰਦਿਆਂ ਆਦਿ ਨੂੰ ਕਿੱਤਾ ਆਧਾਰਿਤ ਟੀਕਾਕਰਨ ਲਈ ਆਗਿਆ ਦੇਣ ਉਤੇ ਵੀ ਜ਼ੋਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਕੋਲ ਆਈਸਰ, ਇੰਮਟੈਕ, ਏਮਜ਼ ਬਠਿੰਡਾ ਤੇ ਪੀ.ਜੀ.ਆਈ. ਚੰਡੀਗੜ੍ਹ ਜਿਹੀਆਂ ਕੇਂਦਰੀ ਸੰਸਥਾਵਾਂ ਨੂੰ ਪੰਜਾਬ ਤੋਂ ਆਰ.ਟੀ.-ਪੀ.ਸੀ.ਆਰ. ਟੈਸਟਿੰਗ ਵਧਾਉਣ ਲਈ ਨਿਰਦੇਸ਼ ਦੇਣ ਦੀ ਅਪੀਲ ਵੀ ਕੀਤੀ। ਇਸ ਤੋਂ ਇਲਾਵਾ ਪੀ.ਜੀ.ਆਈ. ਚੰਡੀਗੜ੍ਹ ਨੂੰ ਕਹਿਣਾ ਚਾਹੀਦਾ ਹੈ ਕਿ ਸੂਬੇ ਵੱਲੋਂ ਰੈਫਰ ਕੀਤੇ ਮਰੀਜ਼ਾਂ ਲਈ ਘੱਟੋ-ਘੱਟ 50 ਕੋਵਿਡ ਬੈਡ ਤੈਅਸ਼ੁਦਾ ਕੀਤੇ ਜਾਣ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਵਰਚੁਅਲ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਮੌਜੂਦਾ ਸਮੇਂ 55 ਫੀਸਦੀ ਸਿਹਤ ਸੰਭਾਲ ਵਰਕਰਜ਼ ਤੇ ਕਰੀਬ 90 ਫੀਸਦੀ ਫਰੰਟਲਾਈਨ ਵਰਕਰਾਂ  ਨੂੰ ਟੀਕਾਕਰਨ ਦੀ ਪਹਿਲੀ ਡੋਜ਼ ਲੱਗ ਗਈ ਹੈ। ਉਨ੍ਹਾਂ ਕਿਹਾ ਕਿ 45 ਸਾਲ ਤੋਂ ਵੱਧ ਉਮਰ ਦੇ 8.9 ਲੱਖ ਲੋਕਾਂ ਦੇ ਪਹਿਲਾ ਟੀਕਾ ਲੱਗ ਗਿਆ ਹੈ। ਰੋਜ਼ਾਨਾ ਦੇ ਟੀਕਾਕਰਨ ਵਿੱਚ ਮੱਧ ਮਾਰਚ ਦੇ 20000 ਪ੍ਰਤੀ ਦਿਨ ਦੇ ਅੰਕੜੇ ਤੋਂ ਵਧ ਕੇ ਇਹ ਅੰਕੜਾ ਹੁਣ 85-90 ਹਜ਼ਾਰ ਦੇ ਕਰੀਬ ਪ੍ਰਤੀ ਦਿਨ ਤੱਕ ਪਹੁੰਚ ਗਿਆ ਹੈ। 3 ਅਪਰੈਲ ਨੂੰ ਇਹ ਸਿਖਰ ‘ਤੇ ਸੀ ਜਦੋਂ 1.32 ਲੱਖ ਲੋਕਾਂ ਨੇ ਟੀਕਾ ਲਗਾਇਆ। ਉਨ੍ਹਾਂ ਕਿਹਾ ਕਿ ਇਸ ਮਹੀਨੇ ਦੇ ਅੰਤ ਤੱਕ 2 ਲੱਖ ਪ੍ਰਤੀ ਦਿਨ ਦਾ ਟੀਚਾ ਰੱਖਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਕੋਵਿਡ ਅਤੇ ਟੀਕਾਕਰਨ ਪ੍ਰਤੀ ਹਿਚਕਾਹਟ ਸਬੰਧੀ ਕੂੜ ਪ੍ਰਚਾਰ ਨੂੰ ਠੱਲ੍ਹਣ ਲਈ ਮਿਸ਼ਨ ਫਤਿਹ ਰਾਹੀਂ ਵੱਡੇ ਪੱਧਰ ‘ਤੇ ਸੋਸ਼ਲ ਮੀਡੀਆ ਮੁਹਿੰਮ ਚਲਾਈ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੀ.ਐਚ.ਸੀ. ਪੱਧਰ ਦੀਆਂ ਸਾਰੀਆਂ ਜਨਤਕ ਸਿਹਤ ਸੰਭਾਲ ਸੰਸਥਾਵਾਂ ਕੋਵਿਡ ਟੀਕਾਕਰਨ ਕੇਂਦਰ ਵਜੋਂ ਕੰਮ ਕਰ ਰਹੀਆਂ ਹਨ ਤਾਂ ਜੋ ਲੋਕ ਆਪਣੇ ਨਜ਼ਦੀਕੀ ਸਿਹਤ ਕੇਂਦਰ ਵਿਖੇ ਇਸ ਸਹੂਲਤ ਦਾ ਫਾਇਦਾ ਉਠਾ ਸਕਣ। ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵੱਲੋਂ ਹਫਤੇ ਦੇ ਸੱਤੇ ਦਿਨ ਟੀਕਾਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ ਜਦੋਂ ਕਿ ਹੋਰ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਕੋਵਿਡ ਟੀਕਾਕਰਨ ਕੇਂਦਰ ਵਜੋਂ ਕੰਮ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਸੂਬੇ ਵਿੱਚ ਟੈਸਟਿੰਗ ਦੇ ਕੁੱਲ ਅੰਕੜੇ ਸਾਂਝੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰੋਜ਼ਾਨਾ 40000 ਟੈਸਟ (ਕੱਲ੍ਹ 44250) ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ 90 ਫੀਸਦੀ ਤੋਂ ਵੱਧ ਆਰ.ਟੀ.-ਪੀ.ਸੀ.ਆਰ. ਅਤੇ 10 ਫੀਸਦੀ ਤੋਂ ਘੱਟ ਰੈਪਿਡ ਐਂਟੀਜਨ ਹਨ। ਪੰਜਾਬ ਦੀ ਪ੍ਰਤੀ ਮਿਲੀਅਨ ਟੈਸਟਿੰਗ ਦਰ ਕੌਮੀ ਔਸਤ ਨਾਲੋਂ ਵੱਧ ਹੈ ਅਤੇ ਹੁਣ ਇਸ ਨੂੰ ਰੋਜ਼ਾਨਾ 50000 ਟੈਸਟ ਤੱਕ ਵਧਾਇਆ ਜਾ ਰਿਹਾ ਹੈ।
ਇਲਾਜ ਦੀਆਂ ਸਹੂਲਤਾਂ ਬਾਰੇ ਖੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਲੈਵਲ-2 ਤੇ ਲੈਵਲ-3 ਉਤੇ ਭਰੇ ਬੈਡਾਂ ਦੀ ਮੌਜੂਦਾ ਸਥਿਤੀ 15 ਤੋਂ 20 ਫੀਸਦੀ ਵਿਚਕਾਰ ਹੈ। ਸੂਬੇ ਦੇ ਮਾਹਿਰਾਂ ਦੇ ਗਰੁੱਪ ਵੱਲੋਂ ਰੋਜ਼ਾਨਾ ਸ਼ਾਮ ਸਾਢੇ ਸੱਤ ਵਜੇ ਕੋਵਿਡ ਮਰੀਜ਼ਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਲੈਵਲ-2 ਤੇ ਲੈਵਲ-3 ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾਂਦੀ ਹੈ। ਪ੍ਰਾਈਵੇਟ ਹਸਪਤਾਲਾਂ ਨੂੰ ਇਸ ਪੱਧਰ ਦੇ ਮਰੀਜ਼ਾਂ ਦੇ ਪ੍ਰਬੰਧਨ ਲਈ ਚੋਣਵੇਂ ਆਪ੍ਰੇਸ਼ਨ ਦੋ ਹਫਤਿਆਂ ਲਈ ਅੱਗੇ ਪਾਉਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਕੋਵਿਡ ਮਰੀਜ਼ਾਂ ਲਈ ਹੋਰ ਬੈਡਾਂ ਦਾ ਪ੍ਰਬੰਧ ਕੀਤਾ ਜਾ ਸਕੇ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਮਰੀਜ਼ਾਂ ਨੂੰ ਲਿਆਉਣ-ਲਿਜਾਣ ਲਈ 25 ਐਡਵਾਂਸਡ ਲਾਈਫ ਸਪੋਰਟ ਅਤੇ 300 ਬੇਸਿਕ ਲਾਈਫ ਸਪੋਰਟ ਐਂਬੂਲੈਂਸਾਂ ਉਪਲੱਬਧ ਹਨ। ਸੂਬੇ ਵਿੱਚ ਪਿਛਲੇ ਇਕ ਸਾਲ ਦੌਰਾਨ ਲਗਭਗ 4000 ਮੈਡੀਕਲ ਅਤੇ ਪੈਰਾ ਮੈਡੀਕਲ ਕਰਮਚਾਰੀਆਂ ਨੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਮਰੀਜ਼ਾਂ ਦੇ ਪ੍ਰਬੰਧਨ ਲਈ ਲੋੜੀਂਦੀਆਂ ਦਵਾਈਆਂ ਅਤੇ ਵਸਤਾਂ ਦੀ ਲੋੜੀਂਦੀ ਉਪਲੱਬਧਤਾ ਹੈ ਜਿਸ ਵਿਚ ਰੀਮੇਡੇਸਿਵਿਰ ਇੰਜੈਕਸ਼ਨ ਅਤੇ ਹੋਰ ਐਂਟੀ-ਵਾਇਰਲ ਦਵਾਈਆਂ ਵੀ ਸ਼ਾਮਲ ਹਨ।
ਕੋਵਿਡ ਦੇ ਮੁੜ ਉਭਾਰ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਮੀਟਿੰਗ ਵਿੱਚ ਦੱਸਿਆ ਕਿ ਇਸ ਦਾ ਮੁੁੱਢਲਾ ਕਾਰਨ ਕੋਵਿਡ ਸਬੰਧੀ ਉੱਚਿਤ ਵਿਵਹਾਰ ਅਪਨਾਉਣ ਵਿੱਚ ਕੁਤਾਹੀ ਜਾਂ ਲਾਪ੍ਰਵਾਹੀ, ਵੱਡੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਇਕੱਠ, ਅਤੇ ਸਕੂਲਾਂ ਜਾਂ ਕਾਲਜਾਂ ਨੂੰ ਖੋਲ੍ਹ ਕੇ ਆਮ ਵਰਗੀ ਸਥਿਤੀ ਬਣਾਉਣ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਘੱਟ ਆਬਾਦੀ ਵਿੱਚ ਵਧੇਰੇ ਪਾਜ਼ੇਟਿਵਟੀ ਵੇਖੀ ਜਾ ਰਹੀ ਹੈ।
ਆਪਣੀ ਸਰਕਾਰ ਵੱਲੋਂ ਮਹਾਂਮਾਰੀ ਦੇ ਫੈਲਾਅ ‘ਤੇ ਰੋਕ ਲਗਾਉਣ ਲਈ ਚੁੱਕੇ ਕਦਮਾਂ ਬਾਰੇ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 30 ਅਪਰੈਲ ਤੱਕ ਰਾਜਨੀਤਿਕ ਇਕੱਠਾਂ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ ਅਤੇ ਨਾਲ ਹੀ ਸਾਰੇ ਜਿਲ੍ਹਿਆਂ ਵਿਚ ਰਾਤ ਨੂੰ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਇਆ ਗਿਆ ਹੈ। ਬਾਹਰੀ ਅਤੇ ਅੰਦਰੂਨੀ ਸਮਾਜਿਕ ਇਕੱਠਾਂ ਅਤੇ ਸਿਨੇਮਾ ਹਾਲਾਂ ਅਤੇ ਮਾਲਾਂ ਵਿਚ ਲੋਕਾਂ ਦੀ ਗਿਣਤੀ ‘ਤੇ ਪਾਬੰਦੀ ਲਗਾਈ ਗਈ ਹੈ ਜਦੋਂ ਕਿ ਸਾਰੇ ਵਿੱਦਿਅਕ ਸੰਸਥਾਵਾਂ ਅਤੇ ਆਂਗਣਵਾੜੀ ਕੇਂਦਰ ਬੰਦ ਕਰ ਦਿੱਤੇ ਗਏ ਹਨ ਅਤੇ ਸਕੂਲ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਮਾਸਕ ਨਾ ਪਹਿਨਣ ਵਾਲੇ ਵਿਅਕਤੀਆਂ ਨੂੰ ਆਰ.ਟੀ-ਪੀ.ਸੀ.ਆਰ. ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵਲੋਂ ਅਜਿਹੇ 2 ਲੱਖ ਵਿਅਕਤੀਆਂ ਦਾ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਇਆ ਗਿਆ, 43000 ਵਿਅਕਤੀਆਂ ਦੇ ਚਲਾਨ  ਕੀਤੇ ਗਏ, 250 ਤੋਂ ਵੱਧ ਵਿਅਕਤੀ ਗ੍ਰਿਫਤਾਰ ਕੀਤੇ ਗਏ ਅਤੇ ਉਲੰਘਣਾ ਕਰਨ ਵਾਲੇ ਵਿਅਕਤੀਆਂ ਵਿਰੁੱਧ 200 ਤੋਂ ਵੱਧ ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ। ਉਨ੍ਹਾਂ ਅੱਗੇ ਕਿਹਾ ਕਿ ਹੋਟਲਾਂ, ਰੈਸਟੋਰੈਂਟਾਂ ਅਤੇ ਮੈਰਿਜ ਪੈਲੇਸਾਂ ਵਿੱਚ ਕੋਵਿਡ ਸਬੰਧੀ ਨਿਰਧਾਰਤ ਵਿਹਾਰ ਤੇ ਸਾਵਧਾਨੀਆਂ ਨੂੰ ਯਕੀਨੀ ਬਨਾਉਣ ਲਈ ਕੋਵਿਡ ਨਿਗਰਾਨਾਂ ਦੀ ਨਿਯੁਕਤੀ ਕੀਤੀ ਗਈ ਸੀ। ਮੁੱਖ ਮੰਤਰੀ ਨੇ ਕਿਹਾ ਕਿ ਟੀਕਾ ਨਾ ਲਗਵਾਉਣ ਵਾਲੇ ਸਿਹਤ ਸੰਭਾਲ ਕਰਮਚਾਰੀਆਂ ਦੀ ਸੁਰੱਖਿਆ ਅਤੇ ਆਮ ਲੋਕਾਂ ਦੀ ਸੁਰੱਖਿਆ ਲਈ ਅਜਿਹੇ ਸਾਰੇ ਕਰਮਚਾਰੀਆਂ ਨੂੰ ਲਾਜ਼ਮੀ ਤੌਰ ‘ਤੇ ਜਾਂਚ ਕਰਵਾਉਣ ਲਈ ਕਿਹਾ ਜਾ ਰਿਹਾ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button