NewsPress ReleasePunjab
ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਦੇ ਸੱਤ ਕੈਡੇਟ ਐਨ.ਡੀ.ਏ. ਤੋਂ ਪਾਸ-ਆਊਟ ਹੋਏ
ਇੰਸਟੀਚਿਊਟ ਦੀ ਸਫ਼ਲਤਾ ਪ੍ਰਤੀਸ਼ਤਤਾ ਵਧ ਕੇ ਦੇਸ਼ ਵਿੱਚ ਸਭ ਤੋਂ ਵੱਧ 54.89 ਫੀਸਦ ਹੋਈ
ਚੰਡੀਗੜ੍ਹ: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਆਈ) ਐਸ.ਏ.ਐਸ. ਨਗਰ (ਮੋਹਾਲੀ) ਦੇ ਸੱਤ ਕੈਡੇਟ ਅੱਜ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਪੁਣੇ ਤੋਂ ਪਾਸ-ਆਊਟ ਹੋਏ ਹਨ। ਇਸ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਭਾਰਤ ਦੇ ਰਾਸ਼ਟਰਪਤੀ ਅਤੇ ਆਰਮਡ ਫੋਰਸਿਜ਼ ਦੇ ਸੁਪਰੀਮ ਕਮਾਂਡਰ ਸ੍ਰੀਮਤੀ ਦ੍ਰੋਪਦੀ ਮੁਰਮੂ ਵੱਲੋਂ ਕੀਤਾ ਗਿਆ।
ਤਿੰਨ ਸਾਲ ਦੀ ਸਖ਼ਤ ਸਿਖਲਾਈ ਤੋਂ ਬਾਅਦ ਇਹ ਸੱਤ ਕੈਡੇਟ ਪ੍ਰਥਮ ਪਰਮਾਰ, ਸ਼ਿਵ ਕੁਮਾਰ, ਕ੍ਰਿਤਿਨ ਗੁਪਤਾ, ਸਾਹਿਲਦੀਪ ਸਿੰਘ, ਸਾਹਿਲਪ੍ਰੀਤ ਸਿੰਘ, ਉੱਤਮ ਮਲਿਕ ਅਤੇ ਭਰਤ ਸ਼ਰਮਾ ਹੁਣ ਵੱਖ-ਵੱਖ ਸਰਵਿਸ ਟਰੇਨਿੰਗ ਅਕੈਡਮੀਆਂ ਜੁਆਇਨ ਕਰਨਗੇ ਅਤੇ ਇੱਕ ਸਾਲ ਬਾਅਦ ਇਹ ਕੈਡੇਟ ਕਮਿਸ਼ਨਡ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ।
ਇੰਡੀਅਨ ਮਿਲਟਰੀ ਅਕੈਡਮੀ (ਆਈ.ਐਮ.ਏ.), ਦੇਹਰਾਦੂਨ ਤੋਂ ਗ੍ਰੈਜੂਏਸ਼ਨ ਉਪਰੰਤ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 7ਵੇਂ ਕੋਰਸ ਦੇ ਚਾਰ ਕੈਡਿਟ 9 ਦਸੰਬਰ, 2023 ਨੂੰ ਭਾਰਤੀ ਫੌਜ ਵਿੱਚ ਕਮਿਸ਼ਨਡ ਅਫਸਰ ਵਜੋਂ ਨਿਯੁਕਤ ਹੋਣਗੇ। ਆਈ.ਐਮ.ਏ. ਤੋਂ ਇਨ੍ਹਾਂ ਕੈਡਿਟਾਂ ਦੇ ਪਾਸ ਆਊਟ ਹੋਣ ਨਾਲ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਤੋਂ ਸਿਖਲਾਈ ਪ੍ਰਾਪਤ ਕਰਨ ਵਾਲੇ ਕਮਿਸ਼ਨਡ ਅਫਸਰਾਂ ਦੀ ਗਿਣਤੀ 145 ਹੋ ਜਾਵੇਗੀ। ਦੱਸਣਯੋਗ ਹੈ ਕਿ ਇੰਸਟੀਚਿਊਟ ਦੀ ਸਫ਼ਲਤਾ ਪ੍ਰਤੀਸ਼ਤਤਾ ਵਧ ਕੇ ਦੇਸ਼ ਵਿੱਚ ਸਭ ਤੋਂ ਵੱਧ 54.89 ਫੀਸਦ ਹੋ ਜਾਵੇਗੀ।
ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਸਖ਼ਤ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ ਤੋਂ ਪ੍ਰਾਪਤ ਨਤੀਜਿਆਂ ‘ਤੇ ਤਸੱਲੀ ਪ੍ਰਗਟਾਈ। ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ (ਵੀ.ਐਸ.ਐਮ.) ਨੇ ਕਿਹਾ ਕਿ ਹੁਣ ਇੰਸਟੀਚਿਊਟ ਦੇ 12 ਕੈਡਿਟ ਵੱਖ-ਵੱਖ ਸਰਵਿਸ ਟਰੇਨਿੰਗ ਅਕੈਡਮੀਆਂ ਤੋਂ ਆਪਣੇ ਕਾਲ-ਅੱਪ ਲੈਟਰਜ਼ ਦੀ ਉਡੀਕ ਕਰ ਰਹੇ ਹਨ। ਇਸ ਤੋਂ ਇਲਾਵਾ ਜਲਦੀ 37 ਕੈਡੇਟਾਂ ਦੀ ਸਰਵਿਸਿਜ਼ ਸਿਲੈਕਸ਼ਨ ਬੋਰਡ (ਐਸ.ਐਸ.ਬੀ.) ਵੱਲੋਂ ਇੰਟਰਵਿਊ ਕੀਤੀ ਜਾਵੇਗੀ। ਇੰਸਟੀਚਿਊਟ ਦਾ ਨਵਾਂ ਕੋਰਸ ਅਪ੍ਰੈਲ 2024 ਵਿੱਚ ਸ਼ੁਰੂ ਹੋਵੇਗਾ ਜਿਸਦਾ ਇਸ਼ਤਿਹਾਰ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਪੰਜਾਬ ਸਰਕਾਰ ਦੀ ਪਹਿਲਕਦਮੀ ਹੈ ਜਿਸ ਦਾ ਉਦੇਸ਼ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਵਜੋਂ ਪੰਜਾਬ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਭਰਤੀ ਕਰਵਾਉਣਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਰੱਖਿਆ ਬਲਾਂ ਵਿੱਚ ਭਰਤੀ ਹੋਣ ਦੇ ਮੌਕੇ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਸਹਿਯੋਗ ਦਿੱਤਾ ਹੈ। ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਹੁਸ਼ਿਆਰਪੁਰ ਦੇ ਬਜਵਾੜਾ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦੇ ਉਦਘਾਟਨ ਦਾ ਐਲਾਨ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.