NewsFatehgarh SahibPoliticsPolitics VPunjabPunjab V

ਭਾਜਪਾ ਦੀ ਸਰਕਾਰ ਰੂਪੀ ਫ਼ਸਲ ਦੀ ਕਿਸਾਨ-ਮਜ਼ਦੂਰ ਕਰਨਗੇ ਵਾਢੀ: ਨਾਗਰਾ

ਫ਼ਤਹਿਗੜ੍ਹ ਸਾਹਿਬ, 25 ਸਤੰਬਰ
ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਤੇ ਹੋਰਨਾਂ ਸਬੰਧਤ ਧਿਰਾਂ ਦੇ ਖ਼ਾਤਮੇ ਲਈ ਅਕਾਲੀ ਦਲ ਦੀ ਭਾਈਵਾਲ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਖੇਤੀ ਸਬੰਧੀ ਲਿਆਂਦੇ ਕਾਲੇ ਕਾਨੂੰਨਾਂ ਖ਼ਿਲਾਫ਼ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਇੱਕ ਕਿਸਾਨ ਵਜੋਂ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੇ ਸ. ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਤੇ ਹੋਰਨਾਂ ਸਬੰਧਤ ਧਿਰਾਂ ਵੱਲੋਂ ਕੌਮੀ ਮਾਰਗ 44 (ਦਿੱਲੀ-ਜਲੰਧਰ ਮਾਰਗ) ‘ਤੇ ਸਰਹਿੰਦ ਵਿਖੇ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਚੱਕਾ ਜਾਮ ਕਰ ਕੇ ਧਰਨਾ ਦਿੱਤਾ ਗਿਆ ਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਸ. ਕੁਲਜੀਤ ਸਿੰਘ ਨਾਗਰਾ ਨੇ ਗਫ਼ਲਤ ਦੀ ਨੀਂਦ ਸੁੱਤੀ ਪਈ ਕੇਂਦਰ ਸਰਕਾਰ ਨੂੰ ਹਲੂਣਦਿਆਂ ਆਖਿਆ ਕਿ ਪੰਜਾਬ ਦਾ ਕਿਸਾਨ ਇਹ ਜ਼ੁਲਮ ਬਰਦਾਸ਼ਤ ਨਹੀਂ ਕਰੇਗਾ। ਜੇ ਕੇਂਦਰ ਨੇ ਇਹ ਕਾਨੂੰਨ ਵਾਪਸ ਨਾ ਲਏ ਤਾਂ ਸੰਘਰਸ਼ ਦੀ ਇਹ ਚੰਗਿਆੜੀ ਇੱਕ ਭਾਂਬੜ ਬਣੇਗੀ, ਜਿਹੜਾ ਮੋਦੀ ਸਰਕਾਰ ਦਾ ਟਿਕਣਾ ਮੁਸ਼ਕਲ ਕਰ ਦੇਵੇਗਾ। ਸ. ਨਾਗਰਾ ਨੇ ਮੋਦੀ ਸਰਕਾਰ ਨੂੰ ਚੇਤੇ ਕਰਵਾਇਆ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਤੇ ਇੱਥੋਂ ਦੇ ਲੋਕਾਂ ਵਿੱਚ ਪੈਦਾ ਹੋਏ ਰੋਹ ਦਾ ਲਾਹਾ ਦੇਸ਼ ਵਿਰੋਧੀ ਤਾਕਤਾਂ ਵੀ ਲੈ ਸਕਦੀਆਂ ਹਨ। ਅਜਿਹੀਆਂ ਗੱਲਾਂ ਕਾਰਨ ਹੀ ਪੰਜਾਬ ਨੇ ਪਹਿਲਾਂ ਦਹਾਕਾ-ਡੇਢ ਦਹਾਕਾ ਸੰਤਾਪ ਹੰਢਾਇਆ ਹੈ।
ਪੰਜਾਬ ਦੇ ਲੋਕਾਂ ਵਿਚਲੇ ਰੋਹ ਦਾ ਲਾਹਾ ਲੈਣ ਲਈ ਦੇਸ਼ ਅਤੇ ਸਮਾਜ ਵਿਰੋਧੀ ਤਾਕਤਾਂ ਪੱਬਾਂ ਭਾਰ ਹਨ। ਇਸ ਲਈ ਨਰਿੰਦਰ ਮੋਦੀ ਦੀ ਸਰਕਾਰ ਅੱਗ ਨਾਲ ਖੇਡਣਾ ਬੰਦ ਕਰੇ ਕਿਉਂਕਿ ਬੇਕਾਬੂ ਹੋਈ ਅੱਗ ਕਾਰਨ ਕਈ ਵਾਰ ਅੱਗ ਲਾਉਣ ਵਾਲਾ ਖ਼ੁਦ ਆਪਣਾ ਆਪਾ ਤੇ ਆਪਣਾ ਘਰਬਾਰ ਸਾੜ ਬੈਠਦਾ ਹੈ। ਜੇ ਮੋਦੀ ਸਰਕਾਰ ਨੇ ਇਹ ਕਾਲੇ ਕਾਨੂੰਨ ਵਾਪਸ ਨਾ ਲਏ ਤਾਂ ਹੋਣਾ ਮੋਦੀ ਸਰਕਾਰ ਨਾਲ ਵੀ ਇਹੋ ਕੁਝ ਹੈ।
ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਫ਼ਸਲਾਂ ਦੇ ਐਮ.ਐਸ.ਪੀ. ਵਿੱਚ ਕੀਤੇ ਨਿਗੁਣੇ ਵਾਧੇ ਨੂੰ ਕਿਸਾਨਾਂ ਦੇ ਜ਼ਖ਼ਮਾਂ ਉਤੇ ਲੂਣ ਬਰਾਬਰ ਕਰਾਰ ਦਿੰਦਿਆਂ ਸ. ਨਾਗਰਾ ਨੇ ਕਿਹਾ ਕਿ ਇਹ ਫ਼ੈਸਲਾ ਕਿਸਾਨੀ ਰੋਹ ਨੂੰ ਸ਼ਾਂਤ ਕਰਨ ਵਾਸਤੇ ਕਿਸਾਨਾਂ ਨੂੰ ਪੁਚਕਾਰਨ ਦੀ ਨੀਤ ਨਾਲ ਕੀਤਾ ਗਿਆ ਹੈ ਪਰ ਕਿਸਾਨ ਅਜਿਹੀ ਕਿਸੇ ਚਾਲ ਵਿੱਚ ਨਹੀਂ ਆਉਣਗੇ।
ਇਨ੍ਹਾਂ ਕਾਨੂੰਨਾਂ ਸਬੰਧੀ ਅਕਾਲੀ ਦਲ ਦੀ ਨਿਖੇਧੀ ਕਰਦਿਆਂ ਸ. ਨਾਗਰਾ ਕਿਹਾ ਕਿ ਜਦੋਂ ਇਨ੍ਹਾਂ ਕਾਲੇ ਕਾਨੂੰਨਾਂ ਦੇ ਰੂਪ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਮੌਤ ਵੱਲ ਧੱਕਣ ਦੀ ਚਾਲ ਘੜੀ ਜਾ ਰਹੀ ਸੀ, ਉਦੋਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਚੁਪ ਕਰ ਕੇ ਨਰਿੰਦਰ ਮੋਦੀ ਨੂੰ ਜਾਬਰ ਕਹਿਣ ਦੀ ਥਾਂ ਉਨ੍ਹਾਂ ਦੀ ਜੀ ਹਜ਼ੂਰੀ ਕਰਦੇ ਰਹੇ। ਉਨ੍ਹਾਂ ਦੇ ਪਤੀ ਸ. ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਹੁਰਾ ਸ. ਪਰਕਾਸ਼ ਸਿੰਘ ਬਾਦਲ ਇੱਕ ਕਦਮ ਹੋਰ ਅੱਗੇ ਹੋ ਕੇ ਇਨ੍ਹਾਂ ਕਾਨੂੰਨਾਂ ਦੀ ਸ਼ਲਾਘਾ ਕਰਦੇ ਰਹੇ ਤੇ ਨਰਿੰਦਰ ਮੋਦੀ ਦੇ ਗੁਣ ਗਾਉਂਦੇ ਰਹੇ। ਹੁਣ ਜਦੋਂ ਕਿਸਾਨਾਂ ਤੇ ਮਜ਼ਦੂਰਾਂ ਦੇ ਰੋਹ ਨੂੰ ਦੇਖ ਕੇ ਉਨ੍ਹਾਂ ਨੂੰ ਇਹ ਲੱਗਿਆ ਕਿ ਲੋਕਾਂ ਨੇ ਤਾਂ ਉਨ੍ਹਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਾ ਤਾਂ ਹੁਣ ਸ੍ਰੀਮਤੀ ਬਾਦਲ ਨੇ ਵੀ ਵਜ਼ੀਰੀ ਛੱਡ ਦਿੱਤੀ ਤੇ ਸੁਖਬੀਰ ਬਾਦਲ ਵੀ ਬਿਲ ਰੁੁਕਵਾਉਣ ਲਈ ਚਾਰਾਜੋਈ ਕਰਨ ਦਾ ਡਰਾਮਾ ਕਰਦੇ ਫਿਰਦੇ ਹਨ। ਇਹ  ਅਖੌਤੀ ਆਗੂ ਚੀਚੀ ਨੂੰ ਖ਼ੂਨ ਲਾ ਕੇ ਖ਼ੁਦ ਨੂੰ ਲੋਕਾਂ ਲਈ ‘ਸ਼ਹੀਦ’ ਹੋਣ ਵਾਲੇ ਅਖਵਾਉਂਦੇ ਫਿਰਦੇ ਹਨ।
ਸ. ਨਾਗਰਾ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਤਹਿਤ ਜਿੱਥੇ ਫ਼ਸਲਾਂ ਦੇ ਘੱਟੋ ਘੱਟ ਸਮੱਰਥਨ ਮੁੱਲ ਨੂੰ ਖ਼ਤਮ ਕੀਤਾ ਗਿਆ ਹੈ। ਉਥੇ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਵਿਅਕਤੀ ਨੂੰ ਮੰਡੀ ਤੋਂ ਬਾਹਰ ਵੀ ਫਸਲ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਸਰਕਾਰ ਬਹੁਤ ਥੋੜੀ ਫਸਲ ਹੀ ਖਰੀਦ ਸਕਿਆ ਕਰੇਗੀ। ਇਸ ਨਾਲ ਜਿੱਥੇ ਕਿਸਾਨ ਫਸਲਾਂ ਦੀਆਂ ਕੀਮਤਾਂ ਲਈ ਵਪਾਰੀਆਂ ‘ਤੇ ਨਿਰਭਰ ਹੋ ਜਾਵੇਗਾ, ਉਥੇ ਆੜ੍ਹਤੀ, ਮਜ਼ਦੂਰ ਅਤੇ ਟਰਾਂਸਪੋਰਟਰ ਵੀ ਬਰਬਾਦ ਹੋ ਜਾਣਗੇ।
ਇਸ ਦੇ ਨਾਲ ਨਾਲ ਅਰਬਾਂ ਰੁਪਏ ਦੀ ਲਾਗਤ ਨਾਲ ਬਣਿਆ ਪੰਜਾਬ ਦਾ ਮੰਡੀਕਰਨ ਪ੍ਰਬੰਧ ਵੀ ਬਰਬਾਦ ਹੋ ਜਾਵੇਗਾ ਤੇ ਸਭ ਤੋਂ ਮਾੜਾ ਹਾਲ ਪੰਜਾਬ ਦੀਆਂ ਲਿੰਕ ਸੜਕਾਂ ਦਾ ਹੋਵੇਗਾ, ਜੋ ਕਿ ਪੰਜਾਬ ਮੰਡੀ ਬੋਰਡ ਵੱਲੋਂ ਬਣਾਈਆਂ ਜਾਂਦੀਆਂ ਹਨ। ਇਸ ਦੇ ਨਾਲ ਨਾਲ ਸੂਬਾ ਸਰਕਾਰ ਨੂੰ ਜੋ ਹੋਰ ਆਮਦਨ ਹੁੰਦੀ ਹੈ, ਉਹ ਵੀ ਬੰਦ ਹੋ ਜਾਵੇਗੀ ਤੇ ਸੂਬਾ ਸਰਕਾਰ ਦੀ ਕੇਂਦਰ ਉਤੇ ਨਿਰਭਰਤਾ ਹੋਰ ਵੱਧ ਜਾਵੇਗੀ। ਇਹ ਕਾਲੇ ਕਾਨੂੰਨ ਦੇਸ਼ ਦੇ ਸੰਘੀ ਢਾਂਚੇ ਨੂੰ ਵੀ ਬਰਬਾਦ ਕਰ ਦੇਣਗੇ।
ਸ. ਨਾਗਰਾ ਨੇ ਕਿਹਾ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਫ਼ਤਹਿਗੜ੍ਹ ਸਾਹਿਬ ਤੋਂ  ਕਾਂਗਰਸ ਪਾਰਟੀ ਨੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਅੰਦਲੋਨ ਵਿੱਢਿਆ ਸੀ ਤੇ ਪੰਜਾਬ ਦੀ ਬਰਬਾਦੀ ਦਾ ਕਾਰਨ ਬਣਨ ਵਾਲੇ ਇਨ੍ਹਾਂ ਕਾਨੂੰਨਾਂ ਨੂੰ ਰਦ ਕਰਵਾਉਣ ਲਈ ਕਾਂਗਰਸ ਪਾਰਟੀ ਹਰ ਫਰੰਟ ਉਤੇ ਡਟ ਕੇ ਲੜਾਈ ਲੜ ਰਹੀ ਹੈ ਅਤੇ ਪੰਜਾਬ ਨੂੰ ਬਰਬਾਦੀ ਵੱਲ ਧੱਕਣ ਵਾਲਾ ਕੋਈ ਵੀ ਕਦਮ ਬਰਦਾਸ਼ਤ ਨਹੀ ਕੀਤਾ ਜਾਵੇਗਾ। ਪੰਜਾਬ ਨੂੰ ਬਚਾਉਣ ਲਈ ਉਹ ਖੁਦ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟਣਗੇ।
-NAV GILL
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button