ਬੰਦਾ ਆਖਰ ਨੂੰ ਧੋਖਾ ਖਾ ਜਾਂਦਾ, ਮਤਲਬ ਕੱਢਕੇ ਜਿਹੜਾ ਲੱਤ ਮਾਰਦਾ ਏ!
ਸੁਬੇਗ ਸਿੰਘ, ਸੰਗਰੂਰ
ਸੰਸਾਰ ਦਾ ਹਰ ਜੀਵ ਜੰਤੂ, ਪਸ਼ੂ ,ਪੰਛੀ,ਜਾਨਵਰ ਅਤੇ ਮਨੁੱਖ, ਜਦੋਂ ਵੀ ਜਨਮ ਲੈਂਦਾ ਹੈ,ਤਾਂ ਉਹ ਮਤਲਬ ਪ੍ਰਸਤ ਹੋ ਜਾਂਦਾ ਹੈ।ਆਪਣੇ ਮਤਲਬ ਨੂੰ ਹੱਲ ਕਰਨ ਲਈ ਹਰ ਕੋਈ ਆਪੋ ਆਪਣੇ ਹਿਸਾਬ ਨਾਲ ਹਰ ਤਰ੍ਹਾਂ ਦਾ ਹੀਲਾ ਵਸੀਲਾ ਵਰਤਦਾ ਹੈ। ਇਹ ਗੱਲ ਵੱਖਰੀ ਹੈ,ਕਿ ਆਪਣੇ ਮਤਲਬ ਨੂੰ,ਵਿੰਗੇ ਟੇਢੇ ਤਰੀਕੇ ਨਾਲ ਹੱਲ ਕਰਨ ਚ ਕੋਈ ਕਾਮਯਾਬ ਹੋ ਜਾਂਦਾ ਹੈ ਅਤੇ ਕੋਈ ਆਪਣੀ ਮਤਲਬ ਸਿੱਧੀ ਚ ਫੇਲ ਹੋ ਜਾਂਦਾ ਹੈ। ਪਰ ਥੋੜ੍ਹਾ ਬਹੁਤਾ ਯਤਨ ਤਾਂ ਹਰ ਕੋਈ ਹੀ ਕਰਦਾ ਹੈ। ਇਹ ਮਨੁੱਖੀ ਸੁਭਾਅ ਹੀ ਹੈ। ਆਪਣੀ ਮਤਲਬ ਸਿੱਧੀ ਦੇ ਲਈ,ਮਨੁੱਖ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦਾ ਹੈ। ਕਈ ਵਾਰ ਮਨੁੱਖ ਨੂੰ ਲੋੜ ਤੋਂ ਜਿਆਦਾ ਮਿੱਠਾ ਅਤੇ ਕਈ ਵਾਰ ਲੇਲ੍ਹੜੀਆਂ ਕੱਢਣ ਤੱਕ ਦੀ ਨੌਬਤ ਵੀ ਆ ਜਾਂਦੀ ਹੈ।
ਸਭ ਤੋਂ ਪਹਿਲਾਂ ਤਾਂ,ਹਰ ਕੋਈ ਸਲੀਕੇ ਅਤੇ ਪਿਆਰ ਨਾਲ ਆਪਣਾ ਮਤਲਬ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਗਰ ਫੇਰ ਵੀ ਮਸਲਾ ਹੱਲ ਨਾ ਹੋਵੇ, ਤਾਂ ਲਾਲਚ ਦਿੰਦਾ ਹੈ।ਅਗਰ ਫੇਰ ਵੀ ਮਤਲਬ ਹੱਲ ਨਹੀਂ ਹੁੰਦਾ, ਤਾਂ ਡਰਾ ਧਮਕਾਅ ਕੇ ਜਾਂ ਫਿਰ ਆਪਣੇ ਰੁਤਬੇ ਜਾਂ ਚੌਧਰ ਦੇ ਸਦਕਾ ਆਪਣੇ ਮਤਲਬ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਗਰ ਉਪਰੋਕਤ ਚੋਂ, ਕੋਈ ਵੀ ਤਰੀਕਾ ਕੰਮ ਨਾ ਕਰੇ,ਤਾਂ ਆਪਣੇ ਮਤਲਬ ਲਈ ਜਾਂ ਫਿਰ ਕੁੜਿੱਕੀ ਚ ਫਸਿਆ ਹੋਇਆ ਮਨੁੱਖ ਜੋਰ ਜਬਰ ਦਸਤੀ ਅਤੇ ਵਿਰੋਧੀ ਨੂੰ ਨੁਕਸਾਨ ਪਹੁੰਚਾਉਣ ਤੋਂ ਵੀ ਨਹੀਂ ਝਿਜਕਦਾ। ਕਈ ਵਾਰ ਤਾਂ,ਅੱਕਿਆ ਹੋਇਆ ਮਨੁੱਖ ਕਾਨੂੰਨ ਵੀ ਆਪਣੇ ਹੱਥ ਚ ਲੈ ਲੈਂਦਾ ਹੈ। ਇਹ ਸਭ ਕੁੱਝ ਤਾਂ ਉਸ ਵੇਲੇ ਵਾਪਰਦਾ ਹੈ,ਜਦੋਂ ਹੋਰ ਕੋਈ ਚਾਰਾ ਹੀ ਨਾ ਬਚੇ।ਪਰ ਇਹ ਰਾਹ ਤਾਂ,ਮਨੁੱਖ ਆਪਣੇ ਬਣਦੇ ਹੱਕਾਂ ਲੈਣ ਖਾਤਰ ਹੀ ਕਰਦਾ ਹੈ।
ਇਸ ਤੋਂ ਉਲਟ,ਕਈ ਵਾਰ ਦੁਨਿਆਵੀ ਲੋੜਾਂ ਜਾਂ ਫਿਰ ਕਿਸੇ ਸੰਕਟ ਦੇ ਦੌਰਾਨ, ਮਨੁੱਖ ਦੂਸਰੇ ਦੀ ਮਿੰਨਤਦਾਰੀ ਵੀ ਕਰਦਾ ਹੈ। ਆਪਣੇ ਜਾਇਜ ਜਾਂ ਨਜਾਇਜ਼ ਕੰਮਾਂ ਲਈ ਲੇਲੜੀਆਂ ਵੀ ਕੱਢਦਾ ਹੈ।ਕਿਉਂਕਿ,ਜਿਹੋ ਜਿਹੀ ਮਨੁੱਖ ਦੀ ਕੋਈ ਸਮੱਸਿਆ ਜਾਂ ਕੋਈ ਕੰਮ ਹੁੰਦਾ ਹੈ।ਉਸੇ ਹਿਸਾਬ ਨਾਲ ਅੱਗਿਓਂ ਕੋਈ ਪੇਸ਼ ਆਉਂਦਾ ਹੈ।ਕਿਸੇ ਜਿਆਦਾ ਮੁਸੀਬਤ ਜਾਂ ਵੱਧ ਲਾਲਚ ਵੇਲੇ ਜਿਆਦਾ ਮਿੰਨਤਦਾਰੀ ਅਤੇ ਛੋਟੀ ਸਮੱਸਿਆ ਜਾਂ ਘੱਟ ਲਾਹੇਵੰਦ ਕੰਮ ਲਈ ਘੱਟ ਮਿੰਨਤਾਂ ਤਰਲੇ ਕਰਦਾ ਹੈ।ਅੱਗਿਓਂ, ਕਿਸੇ ਮਨੁੱਖ ਨੂੰ ਫਸਿਆ ਵੇਖ ਜਾਂ ਉਹਦੇ ਜਾਇਜ ਜਾਂ ਨਜਾਇਜ਼ ਕੰਮ ਦੇ ਹਿਸਾਬ ਨਾਲ, ਸਾਹਮਣੇ ਵਾਲਾ ਵੀ ਕੰਮ ਕਰਵਾਉਣ ਵਾਲੇ ਦੇ ਅੱਗੇ ਕੁੱਝ ਸ਼ਰਤਾਂ ਰੱਖ ਦਿੰਦਾ ਹੈ। ਪਰ ਜਿਉਂ ਹੀ ਕਿਸੇ ਦਾ ਮਤਲਬ ਹੱਲ ਹੋ ਗਿਆ,ਤਾਂ ਕੰਮ ਕਰਵਾਉਣ ਵਾਲਾ ਛੂ ਮੰਤਰ ਹੋ ਜਾਂਦਾ ਹੈ।ਫਿਰ, ਤੂੰ ਕੌਣ ਤੇ ਮੈਂ ਕੌਣ!
ਵਾਲੀ ਗੱਲ ਹੋ ਜਾਂਦੀ ਹੈ। ਭਾਵੇਂ ਅਜਿਹਾ ਮਨੁੱਖ ਦੁਖੀ ਤਾਂ ਬੜਾ ਹੁੰਦਾ ਹੈ।ਪਰ ਅਜਿਹੇ ਮੌਕੇ ਕਰ ਕੁੱਝ ਵੀ ਨਹੀਂ ਸਕਦਾ। ਪਰ ਸਿਆਣੇ ਕਹਿੰਦੇ ਹਨ ਕਿ ਇਤਿਹਾਸ ਆਪਣੇ ਆਪਨੂੰ ਦੁਹਰਾਉਂਦਾ ਹੈ।
ਕਈ ਵਾਰ ਅਜਿਹੀਆਂ ਚਲਾਕੀਆਂ ਕਰਨ ਵਾਲੇ ਨੂੰ ਲੈਣੇ ਦੇ ਦੇਣੇ ਵੀ ਪੈ ਜਾਂਦੇ ਹਨ। ਅਜਿਹੇ ਮੌਕੇ, ਚਲਾਕੀ ਕਰਨ ਵਾਲਾ ਹੱਥ ਮਲਦਾ ਹੀ ਰਹਿ ਜਾਂਦਾ ਹੈ।ਪਰ ਫੇਰ ਵੀ ਕਈ ਵਾਰ ਸੇਰ ਨੂੰ ਸਵਾ ਸੇਰ ਟੱਕਰ ਹੀ ਜਾਂਦਾ ਹੈ। ਜਿਸਦਾ ਮਨੁੱਖ ਨੂੰ ਜਿੰਦਗੀ ਭਰ ਪਛਤਾਵਾ ਵੀ ਰਹਿੰਦਾ ਹੈ ਅਤੇ ਮਨੁੱਖ ਆਪਣੇ ਕੀਤੇ ਵਾਅਦੇ ਤੋਂ ਮੁੱਕਰਨ ਦੇ ਕਾਰਨ ਔਖੇ ਵਕਤ ਚ ਕੰਮ ਆਉਣ ਦੇ ਮੱਥੇ ਵੀ ਲੱਗਣ ਜੋਗਾ ਨਹੀਂ ਰਹਿੰਦਾ। ਅਜਿਹੀ ਹੀ ਕਿਸਮ ਦੀ, ਇੱਕ ਕਹਾਣੀ ਦਾ ਜਿਕਰ ਆਉਂਦਾ ਹੈ,ਕਿ ਇੱਕ ਵਾਰ,ਇੱਕ ਗਿੱਦੜ ਤੇ ਊਠ ਦੀ ਯਾਰੀ ਸੀ।ਦੋਨੋਂ ਹਰ ਰੋਜ,ਨਦੀ ਪਾਰ ਕਰਕੇ ਦੂਸਰੇ ਪਾਸੇ ਗੰਨੇ ਦੇ ਖੇਤਾਂ ਚ ਗੰਨੇ ਚੂਪਣ ਜਾਇਆ ਕਰਦੇ ਸਨ। ਨਦੀ ਪਾਰ ਕਰਨ ਵੇਲੇ, ਗਿੱਦੜ,ਊਠ ਦੀ ਪਿੱਠ ਤੇ ਸਵਾਰ ਹੋ ਜਾਂਦਾ ਸੀ। ਇੱਕ ਦਿਨ ਖੇਤ ਤੋਂ ਗੰਨੇ ਚੂਪਣ ਤੋਂ ਬਾਅਦ, ਗਿੱਦੜ ਜੋਰ 2 ਦੀ ਹੂਆਂਕਣ ਲੱਗ ਪਿਆ ਅਤੇ ਆਪ ਕਿਸੇ ਝਾੜੀ ਦੇ ਉਹਲੇ ਲੁਕ ਗਿਆ।ਆਪਣੇ ਖੇਤ ‘ਚ ਗਿੱਦੜ ਦੀ ਆਵਾਜ਼ ਸੁਣਨ ਸਾਰ ਅਤੇ ਨਿੱਤ ਹੁੰਦੇ ਨੁਕਸਾਨ ਤੋਂ ਦੁਖੀ,ਕਿਸਾਨ ਦੀ ਨਿਗਾਹ ਊਠ ਤੇ ਪਈ,ਤਾਂ ਉਹਨੇ ਊਠ ਨੂੰ ਸੋਟੀਆਂ ਨਾਲ ਚੰਗਾ ਕੁਟਾਪਾ ਚਾੜਿਆ।
ਊਠ ਨੇ ਮਸਾਂ ਹੀ ਆਪਣੀ ਜਾਨ ਬਚਾਈ।ਨਦੀ ਪਾਰ ਕਰਨ ਵੇਲੇ,ਊਠ ਨੇ ਗਿੱਦੜ ਨੂੰ ਪੁੱਛਿਆ ਕਿ ਭਰਾਵਾ, ਤੂੰ ਹੂਆਂਕਣ ਕਿਉਂ ਲੱਗ ਪਿਆ ਸੀ।ਤੇਰੇ ਕਾਰਨ,ਮੈਨੂੰ ਕਿਸਾਨ ਨੇ ਕੁੱਟਾਪਾ ਚਾੜਿਆ ਹੈ। ਗਿੱਦੜ ਨੇ ਜਵਾਬ ਦਿੱਤਾ ਕਿ ਯਾਰ ਮੈਨੂੰ ਤਾਂ ਰੱਜ ਕੇ ਹੁਆਂਕਣ ਦੀ ਆਦਤ ਹੈ।ਊਠ ਨੂੰ ਬੜਾ ਗੁੱਸਾ ਆਇਆ।ਉਸਨੇ ਗਿੱਦੜ ਨੂੰ ਆਪਣੀ ਪਿੱਠ ਤੇ ਬਿਠਾ ਲਿਆ ਅਤੇ ਨਦੀ ਦੇ ਅੱਧ ਵਿਚਕਾਰ ਆ ਕੇ ਹੇਠਾਂ ਬੈਠ ਗਿਆ।ਗਿੱਦੜ ਨੇ ਕਿਹਾ ਕਿ ਤੂੰ ਇੰਝ ਕਿਉਂ ਕਰ ਰਿਹਾ ਹੈਂ? ਤਾਂ ਊਠ ਨੇ ਕਿਹਾ,ਕਿ ਯਾਰ ਮੈਨੂੰ ਵੀ ਰੱਜ ਕੇ ਨਦੀ ਚ ਨਹਾਉਣ ਦੀ ਆਦਤ ਹੈ। ਇਸ ਤਰ੍ਹਾਂ,ਗਿੱਦੜ ,ਨਦੀ ਚ ਡੁੱਬ ਗਿਆ ਅਤੇ ਦੋਸਤ ਨੂੰ ਧੋਖਾ ਦੇਣ ਦੇ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠਾ।
ਸੋ ਮੱਕਦੀ ਗੱਲ ਤਾਂ ਇਹ ਹੈ,ਕਿ ਅਗਰ ਕੋਈ ਤੁਹਾਡੇ ਤੇ ਕਿਸੇ ਕਿਸਮ ਦਾ ਅਹਿਸਾਨ ਕਰਦਾ ਹੈ ਜਾਂ ਫਿਰ ਔਖੇ ਵਕਤ ਚ ਤੁਹਾਡੇ ਨਾਲ ਖੜ੍ਹਦਾ ਹੈ,ਤਾਂ ਉਸਨੂੰ ਮੂਰਖ ਬਨਾਉਣ ਜਾਂ ਫਿਰ ਧੋਖਾ ਦੇਣ ਦੀ ਵਜਾਏ,ਉਸਦਾ ਅਹਿਸਾਨਮੰਦ ਹੋਣਾ ਅਤੇ ਰਹਿਣਾ ਚਾਹੀਦਾ ਹੈ। ਪਤਾ ਨਹੀਂ, ਜ਼ਿੰਦਗੀ ਚ ਫੇਰ ਕਦੋਂ,ਉਸ ਬੰਦੇ ਹੀ ਦੀ ਲੋੜ ਪੈ ਜਾਵੇ। ਜਿਸਨੂੰ ਤੁਸੀਂ ਆਪਣਾ ਮਤਲਬ ਕੱਢਕੇ ਉਹਦੇ ਢੂੰਹੇ ਚ ਲੱਤ ਮਾਰ ਦਿੱਤੀ ਹੋਵੇ। ਅਜਿਹੇ ਹਾਲਾਤਾਂ ਚ,ਬੰਦਾ ਦੁਬਾਰਾ, ਤੁਹਾਡੇ ਕੰਮ ਨਹੀਂ ਆਵੇਗਾ।ਇਸੇ ਲਈ ਤਾਂ ਸਿਆਣੇ ਕਹਿੰਦੇ ਹਨ ਕਿ ਬੰਦੇ ਨੂੰ ਕਿਸੇ ਦਾ ਅਹਿਸਾਨ, ਕਦੇ ਨਹੀਂ ਭੁੱਲਣਾ ਚਾਹੀਦਾ।
ਸੰਪਰਕ: 93169 10402
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.