Breaking NewsD5 specialNewsPress ReleasePunjabTop News

ਬਰਸਾਤ ਰੁੱਤ ਦੇ ਅਮਰੂਦਾਂ ‘ਚ ਫ਼ਲ ਦੀ ਮੱਖੀ ਦੇ ਬਚਾਅ ਲਈ ਕੁਝ ਜ਼ਰੂਰੀ ਨੁਕਤੇ

-ਪ੍ਰਭਜੋਤ ਕੌਰ

ਅਮਰੂਦ ਪੰਜਾਬ ਦਾ ਇੱਕ ਮਸ਼ਹੂਰ ਫ਼ਲ ਹੈ ਅਤੇ ਕਾਸ਼ਤ ਦੇ ਹਿਸਾਬ ਨਾਲ ਕਿੰਨੂ ਤੋਂ ਬਾਅਦ ਦੂਜੇ ਨੰਬਰ ਤੇ ਆਉਂਦਾ ਹੈ । ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਮਰੂਦ ਪੈਦਾ ਕੀਤਾ ਜਾਂਦਾ ਹੈ। ਇਹ ਇੱਕ ਬਹੁਤ ਗੁਣਕਾਰੀ ਫ਼ਲ ਹੈ ਅਤੇ ਇਸ ਵਿੱਚ 150-200 ਮਿਲੀਗ੍ਰਾਮ ਵਿਟਾਮਿਨ ‘ਸੀ’ ਪ੍ਰਤੀ 100 ਗ੍ਰਾਮ ਗੁੱਦਾ ਜੋ ਕਿ ਸੰਤਰੇ ਅਤੇ ਨਿੰਬੂ ਜਾਤੀ ਦੇ ਫ਼ਲਾਂ ਤੋਂ ਜ਼ਿਆਦਾ ਹੈ।

ਅਮਰੂਦ ਵਿੱਚ ਐਂਟੀਔਕਸੀਡੈਂਟ ਅੰਸ਼ ਹੁੰਦੇ ਹਨ ਅਤੇ ਇਹ ਖੂਨ ਦੇ ਉੱਪਰਲੇ ਦਬਾਅ ਨੂੰ ਠੀਕ ਕਰਦਾ ਹੈ। ਉੱਤਰੀ ਭਾਰਤ ਵਿੱਚ ਅਮਰੂਦ ਸਾਲ ‘ਚ ਦੋ ਫ਼ਸਲਾਂ ਦਿੰਦਾ ਹੈ। ਬਰਸਾਤ ਦੇ ਮੌਸਮ ਵਿੱਚ ਅਮਰੂਦ ਦੇ ਫ਼ਲਾਂ ਉੱਪਰ ਫ਼ਲ ਦੀ ਮੱਖੀ ਦਾ ਹਮਲਾ ਹੋ ਜਾਂਦਾ ਹੈ, ਜਿਸ ਨਾਲ ਬਾਗਾਂ ਅਤੇ ਘਰੇਲੂ ਪੱਧਰ ਤੇ ਲਗਾਏ ਗਏ ਅਮਰੂਦ ਦੇ ਬੂਟਿਆਂ ‘ਤੇ ਲੱਗੇ ਫ਼ਲ ਖਾਣ ਯੋਗ ਨਹੀਂ ਰਹਿੰਦੇ।

ਫ਼ਲ ਦੀ ਮੱਖੀ ਕਿਵੇਂ ਨੁਕਸਾਨ ਕਰਦੀ ਹੈ?

ਅਮਰੂਦ ਦੇ ਫ਼ਲਾਂ ਵਿੱਚ ਕੀੜੇ-ਮਕੌੜਿਆਂ ਦੀਆਂ ਸਮੱਸਿਆਵਾਂ ਆਮ ਦੇਖਣ ਨੂੰ ਮਿਲਦੀਆਂ ਹਨ, ਜਿਸ ਨਾਲ ਬਹੁਤ ਆਰਥਿਕ ਨੁਕਸਾਨ ਹੁੰਦਾ ਹੈ।ਇਨ੍ਹਾਂ ਕੀੜਿਆਂ ਵਿੱਚੋਂ ਫ਼ਲ ਦੀ ਮੱਖੀ ਨੂੰ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਹੈ। ਮਾਦਾ ਮੱਖੀਆਂ ਨਵੇਂ ਫ਼ਲਾਂ ਵਿੱਚ ਅੰਡੇ ਦਿੰਦੀਆਂ ਹੈ ਅਤੇ ਫ਼ਿਰ ਅੰਡੇ ਟੁੱਟਣ ਤੋਂ ਬਾਅਦ ਸੁੰਡੀਆਂ ਬਾਹਰ ਆ ਜਾਂਦੀਆਂ ਹਨ। ਫ਼ਲ ਦੀ ਮੱਖੀ ਫ਼ਲਾਂ ਦੇ ਰੰਗ ਬਦਲਣ ਸਮੇਂ ਨਰਮ ਛਿਲਕੇ ਤੇ ਅੰਡੇ ਦਿੰਦੀ ਹੈ।

ਆਂਡਿਆਂ ‘ਚੋਂ ਸੁੰਡੀਆਂ ਨਿਕਲਣ ਤੋਂ ਬਾਅਦ ਇਹ ਫ਼ਲਾਂ ‘ਚ ਛੇਕ ਕਰਦੀਆਂ ਹਨ ਅਤੇ ਨਰਮ ਗੁੱਦਾ ਖਾਂਦੀਆਂ ਹਨ। ਗਲਣ ਕਰਕੇ ਫ਼ਲ ਜ਼ਮੀਨ ਤੇ ਡਿੱਗ ਜਾਂਦੇ ਹਨ ਅਤੇ ਇਹ ਫ਼ਲ ਖਾਣਯੋਗ ਨਹੀਂ ਰਹਿੰਦੇ। ਇਨ੍ਹਾਂ ਮੱਖੀਆਂ ਦਾ ਵਾਧਾ ਬਹੁਤ ਤੇਜ਼ੀ ਨਾਲ ਹੁੰਦਾ ਹੈ।ਹਮਲੇ ਵਾਲੇ ਫ਼ਲ ਧੱਸੇ ਹੋਏ ਤੇ ਹਰੇ ਡੂੰਘਾਂ ਵਾਲੇ ਦਿੱਸਦੇ ਹਨ।ਅਜਿਹੇ ਫ਼ਲਾਂ ਨੂੰ ਜੇਕਰ ਕੱਟ ਕੇ ਦੇਖੀਏ ਤਾਂ ਚਿੱਟੀਆਂ ਸੁੰਡੀਆਂ ਨਜ਼ਰ ਆਉਂਦੀਆਂ ਹਨ।

ਖਰਾਬ ਫ਼ਲ ਗਲ਼ ਕੇ ਹੇਠਾਂ ਡਿੱਗ ਪੈਂਦੇ ਹਨ, ਸੁੰਡੀਆਂ ਦਰੱਖਤ ਹੇਠ ਜ਼ਮੀਨ ਵਿਚ ਪਲਦੀਆਂ ਰਹਿੰਦੀਆਂ ਹਨ ਅਤੇ ਕੋਏ ਬਣਾ ਲੈਂਦੇ ਹਨ ਜੋ ਅਗਲੇ ਸਾਲ ਫਲਾਂ ਦਾ ਮੁੜ ਨੁਕਸਾਨ ਕਰਦੇ ਹਨ।ਜੇਕਰ ਇਸ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਇਸ ਦਾ ਨੁਕਸਾਨ 100 ਪ੍ਰਤੀਸ਼ਤ ਦੇਖਣ ਨੂੰ ਮਿਲਦਾ ਹੈ।

ਸਯੁੰਕਤ ਕੀਟ ਪ੍ਰਬੰਧ

• ਉਨ੍ਹਾਂ ਬਾਗਾਂ ਵਿੱਚ ਜਿੱਥੇ ਫ਼ਲ ਦੀ ਮੱਖੀ ਦਾ ਹਮਲਾ ਪਹਿਲਾਂ ਤੋਂ ਹੀ ਗੰਭੀਰ ਹੁੰਦਾ ਹੋਵੇ, ਉੱਥੇ ਵਰਖਾ ਰੁੱਤ ਦੀ ਫ਼ਸਲ ਨਹੀਂ ਲੈਣੀ ਚਾਹੀਦੀ।

• ਬੂਟੇ ਤੇ ਪੱਕੇ ਹੋਏ ਫ਼ਲ ਨਾ ਰਹਿਣ ਦਿਉ।

• ਮੱਖੀ ਦੇ ਹਮਲੇ ਵਾਲੇ ਡਿੱਗੇ ਹੋਏ ਫ਼ਲਾਂ ਨੂੰ ਲਗਾਤਾਰ ਚੁੱਕ ਕੇ ਜ਼ਮੀਨ ਵਿੱਚ ਘੱਟੋ-ਘੱਟ 60 ਸੈਂਟੀਮੀਟਰ ਡੂੰਘੇ ਦੱਬ ਦੇਣਾ ਚਾਹੀਦਾ ਹੈ।

• ਫ਼ਸਲ ਦੀ ਤੁੜਾਈ ਦੇ ਤੁਰੰਤ ਬਾਅਦ ਬਾਗ ਦੀ 4-6 ਸੈਂਟੀਮੀਟਰ ਤੱਕ ਕਲਟੀਵੇਟਰ ਨਾਲ ਹਲਕੀ ਵਹਾਈ ਕਰਨੀ ਚਾਹੀਦੀ ਹੈ ਤਾਂ ਜੋ ਮੱਖੀ ਦੀਆਂ ਸੁੰਡੀਆਂ ਜਮੀਨ ਚੋਂ ਬਾਹਰ ਆ ਕੇ ਮਰ ਜਾਣ ।

• ਫ਼ਲ ਦੀਆਂ ਮੱਖੀਆਂ ਦੀ ਰੋਕਥਾਮ ਲਈ ਜੁਲਾਈ ਦੇ ਪਹਿਲੇ ਹਫ਼ਤੇ ਪੀ. ਏ. ਯੂ. ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਉ ਅਤੇ ਲੋੜ ਪੈਣ ਤੇ ਮਹੀਨੇ ਬਾਅਦ ਦੁਬਾਰਾ ਲਗਾਉ ।

• ਬਾਗ ਦਾ ਆਲਾ ਦੁਆਲਾ ਸਾਫ਼ ਰੱਖੋ।

• ਬਰਸਾਤ ਰੁੱਤ ਲਈ ਲੱਗੇ ਫ਼ਲਾਂ ਨੂੰ ਪੱਕਣ ਤੋਂ ਪਹਿਲਾਂ-ਪਹਿਲਾਂ ਜਦੋਂ ਫ਼ਲ ਦਾ ਪੂਰਾ ਅਕਾਰ ਬਣ ਜਾਵੇ ਪਰ ਅਜੇ ਉਹ ਪੂਰੇ ਸਖ਼ਤ ਅਤੇ ਹਰੇ ਹੋਣ, ਉਸ ਸਮੇ ਚਿੱਟੇ ਰੰਗ ਦੇ ਨਾਨ-ਵੂਵਨ ਲਿਫ਼ਾਫ਼ੇ ਚੜਾਏ ਜਾ ਸਕਦੇ ਹਨ । ਅਜਿਹਾ ਕਰਨ ਨਾਲ ਇਹਨਾਂ ਨੂੰ ਫ਼ਲਾਂ ਦੀ ਮੱਖੀ ਦੇ ਹਮਲੇ ਕਾਰਨ ਕਾਣੇ ਹੋਣ ਤੋਂ ਬਚਾਇਆ ਜਾ ਸਕਦਾ ਹੈ ਅਤੇ ਕਿਸੇ ਵੀ ਕੀਟਨਾਸ਼ਕ ਦੀ ਵਰਤੋਂ ਤੋਂ ਬਚਿਆ ਜਾ ਸਕਦਾ ਹੈ। ਇਸ ਤਕਨੀਕ ਨਾਲ ਫ਼ਲਾਂ ਦੇ ਅਕਾਰ ਅਤੇ ਗੁਣਵੱਤਾ ਵਿੱਚ ਵੀ ਵਾਧਾ ਹੁੰਦਾ ਹੈ ।

• ਲਿਫ਼ਾਫ਼ਾ ਚੜਾਏ ਫ਼ਲਾਂ ਨੂੰ ਰੰਗ ਬਦਲਣ ਦੀ ਅਵਸਥਾ ਤੇ ਤੋੜ ਲਵੋ ।

ਫ਼ਲ ਦੀ ਮੱਖੀ ਦੀ ਰੋਕਥਾਮ ਵਾਸਤੇ ਪੀ. ਏ. ਯੂ. ਫ਼ਰੂਟ ਫ਼ਲਾਈ ਟਰੈਪ ਦੀ ਸੁਚੱਜੀ ਵਰਤੋਂ

ਖੇਤਾਂ ਵਿੱਚ ਮੱਖੀ ਦੀ ਨਿਗਰਾਨੀ ਦੇ ਨਾਲ਼-ਨਾਲ਼ ਇਸ ਦੇ ਪ੍ਰਬੰਧਨ ਲਈ ਸਰਵ-ਪੱਖੀ ਕੀਟ ਪ੍ਰਬੰਧ ਤਕਨੀਕ ਵਰਤਣੀ ਚਾਹੀਦੀ ਹੈ, ਕਿਉਂਕਿ ਇਹ ਜ਼ਿਆਦਾ ਅਸਰ ਕਰਨ ਵਾਲੀ, ਸਸਤੀ ਅਤੇ ਸੁਰੱਖਿਅਤ ਹੈ।ਪੀ. ਏ. ਯੂ. ਫ਼ਰੂਟ ਫ਼ਲਾਈ ਟਰੈਪ ਵੀ ਇਸ ਤਕਨੀਕ ਦਾ ਇੱਕ ਹਿੱਸਾ ਹਨ। ਫ਼ਲ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਫ਼ਲਾਂ ਵਾਸਤੇ ਤਿਆਰ ਕੀਤੇ ਫਰੂਟ ਫਲਾਈ ਟਰੈਪ ਇਸ ਮੱਖੀ ਦੀ ਰੋਕਥਾਮ ਲਈ ਪ੍ਰਭਾਵਿਤ ਮੰਨੇ ਗਏ ਹਨ।

ਇਹ ਫ਼ੀਰੋਮੋਨ ਟਰੈਪ ਨਰ ਮੱਖੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ, ਜਿਸ ਨਾਲ ਨਰ ਅਤੇ ਮਾਦਾ ਮੱਖੀ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ ਬਣਦਾ ਅਤੇ ਇਸ ਤਰ੍ਹਾਂ ਮਾਦਾ ਮੱਖੀ ਅੰਡੇ ਦੇਣ ਵਿੱਚ ਅਸਮਰੱਥ ਹੋ ਜਾਂਦੀ ਹੈ। ਨਤੀਜੇ ਵਜੋਂ ਮੱਖੀਆਂ ਦੀ ਗਿਣਤੀ ਵਿੱਚ ਵਾਧਾ ਨਹੀਂ ਹੁੰਦਾ ਅਤੇ ਨੁਕਸਾਨ ਘੱਟ ਹੁੰਦਾ ਹੈ।

ਅਮਰੂਦ ਦੇ ਬਾਗਾਂ ਵਿੱਚ ਪੀ. ਏ. ਯੂ. ਫਰੂਟ ਫਲਾਈ ਟਰੈਪ ਕਿਵੇਂ ਵਰਤੀਏ ?

ਅਮਰੂਦ ਦੇ ਬਾਗਾਂ ਵਿੱਚ 16 ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੇ ਜਾਂਦੇ ਹਨ।ਬਰਸਾਤੀ ਅਮਰੂਦ ਦੀ ਫ਼ਸਲ ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਫ਼ਰੂਟ ਫ਼ਲਾਈ ਟਰੈਪਸ ਵਰਤੇ ਜਾਂਦੇ ਹਨ। ਲੋੜ ਪੈਣ ਤੇ 25-30 ਦਿਨਾਂ ਬਾਅਦ ਦੁਬਾਰਾ ਟਰੈਪ ਵਰਤ ਸਕਦੇ ਹਾਂ। ਜਦੋਂ ਤੱਕ ਫ਼ਲਾਂ ਦੀ ਤੁੜਾਈ ਪੂਰੀ ਨਾ ਹੋ ਜਾਵੇ, ਉਦੋਂ ਤੱਕ ਟਰੈਪ ਬਾਗ ਵਿੱਚ ਰਹਿਣੇ ਚਾਹਿਦੇ ਹਨ। ਟਰੈਪ ਫ਼ਲਾਂ ਉੱਪਰ 1-1.5 ਮੀਟਰ ਦੀ ਉਚਾਈ ਤੇ ਜਿੱਥੇ ਸੂਰਜ ਦੀ ਸਿੱਧੀ ਰੋਸ਼ਨੀ ਨਾ ਪਵੇ, ਉੱਥੇ ਬੰਨਣੇ ਚਾਹਿਦੇ ਹਨ।

ਪੀ. ਏ. ਯੂ. ਫਰੂਟ ਫਲਾਈ ਟਰੈਪ ਦੇ ਫਾਇਦੇ

• ਇਸ ਤਕਨੀਕ ਨਾਲ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਅਤੇ ਨਾ ਹੀ ਇਸ ਦੇ ਫ਼ੀਰੋਮੋਨ ਦਾ ਅਸਰ ਫ਼ਲਾਂ ਵਿੱਚ ਅਉਂਦਾ ਹੈ।

• ਕੀਟ-ਨਾਸ਼ਕ ਰਸਾਇਣਾਂ ਦੇ ਮੁਕਾਬਲੇ ਇਹ ਸਸਤੀ ਤਕਨੀਕ ਹੈ।

• ਇਸਦੀ ਵਰਤੋਂ ਨਾਲ ਮਿੱਤਰ ਕੀੜਿਆਂ ਤੇ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ।

• ਕੀਟ-ਨਾਸ਼ਕ ਰਸਾਇਣਾਂ ਦੇ ਮੁਕਾਬਲੇ ਇਹ ਟਰੈਪ ਜ਼ਿਆਦਾ ਸਮੇਂ ਤੱਕ ਮੱਖੀ ਦੀ ਰੋਕਥਾਮ ਕਰਦੇ ਹਨ।

• ਇੱਕ ਟਰੈਪ ਵਿੱਚ ਘੱਟ ਤੋਂ ਘੱਟ 6000 ਨਰ ਮੱਖੀਆਂ ਨੂੰ ਆਪਣੇ ਅੰਦਰ ਫਸਾਉਣ ਦੀ ਸਮਰੱਥਾ ਹੁੰਦੀ ਹੈ।

• ਟਰੈਪ ਭਰਨ ਤੋਂ ਬਾਅਦ, ਉਸ ਨੂੰ ਖਾਲੀ ਕਰਕੇ ਦੁਬਾਰਾ ਲਗਾਇਆ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button