NewsPress ReleasePunjab

ਪੰਜਾਬ ਸਰਕਾਰ ਨੇ ਤਿਉਹਾਰਾਂ ਦੇ ਸੀਜ਼ਨ ਵਿੱਚ ਮਿਠਾਈਆਂ ਦੇ ਮਿਆਰ ਨੂੰ ਯਕੀਨੀ ਬਣਾਉਣ ਲਈ ਦੁੱਧ ਉਤਪਾਦਾਂ ‘ਤੇ ਨਿਗਰਾਨੀ ਵਧਾਈ

ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਨੇ ਅਕਤੂਬਰ ਵਿੱਚ ਦੁੱਧ ਉਤਪਾਦਾਂ ਅਤੇ ਮਠਿਆਈਆਂ ਦੇ 934 ਸੈਂਪਲ ਲਏ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਲਾਵਟ ਰਹਿਤ ਖੁਰਾਕੀ ਵਸਤਾਂ ਯਕੀਨੀ ਬਣਾਉਣ ਲਈ ਵਚਨਬੱਧ
ਗੁਣਵੱਤਾ ਦੇ ਮਿਆਰ ਨਾਲ ਸਮਝੌਤਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ: ਸਿਹਤ ਮੰਤਰੀ ਡਾ. ਬਲਬੀਰ ਸਿੰਘ

ਚੰਡੀਗੜ੍ਹ, 3 ਨਵੰਬਰ: ਤਿਉਹਾਰਾਂ ਦੇ ਚੱਲ ਰਹੇ ਸੀਜ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦੁੱਧ, ਦੁੱਧ ਤੋਂ ਬਣੀਆਂ ਵਸਤਾਂ ਅਤੇ ਮਠਿਆਈਆਂ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ (ਐਫ.ਡੀ.ਏ.) ਨੇ ਦੁੱਧ ਉਤਪਾਦਨ ਇਕਾਈਆਂ, ਡਿਸਟ੍ਰੀਬਿਊਸ਼ਨ ਨੈੱਟਵਰਕ ਅਤੇ ਰਿਟੇਲ ਆਊਟਲੇਟਸ ‘ਤੇ ਨਿਗਰਾਨੀ ਨੂੰ ਹੋਰ ਤੇਜ਼ ਕਰ ਦਿੱਤਾ ਹੈ।
ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਲਾਵਟਖੋਰੀ ਦੀ ਸਮੱਸਿਆ ਨਾਲ ਨਜਿੱਠਣ ਅਤੇ ਮਿਆਰੀ ਭੋਜਨ ਪਦਾਰਥਾਂ ਨੂੰ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਉਣ ਲਈ ਅੰਤਰ-ਜ਼ਿਲ੍ਹਾ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਟੀਮਾਂ ਮਿਲਾਵਟ ਦਾ ਪਤਾ ਲਗਾਉਣ ਲਈ ਇਨ੍ਹਾਂ ਉਤਪਾਦਾਂ ਦੇ ਨਿਯਮਤ ਨਮੂਨੇ ਲੈਣ ਦੇ ਨਾਲ-ਨਾਲ ਇਸ ਦੀ ਟੈਸਟਿੰਗ ਕਰ ਰਹੀਆਂ ਹਨ।

ਇਸ ਮੁਹਿੰਮ ਦੌਰਾਨ ਹੁਣ ਤੱਕ ਅਕਤੂਬਰ ਮਹੀਨੇ ਦੌਰਾਨ ਜਾਂਚ ਲਈ 934 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚ ਖੋਆ ਦੇ 43 ਨਮੂਨੇ, ਖੋਏ ਤੋਂ ਬਣਾਈ ਗਈ ਮਠਿਆਈ ਦੇ 97, ਰੰਗਦਾਰ ਮਠਿਆਈ ਦੇ 92 ਨਮੂਨੇ, ਪਨੀਰ ਦੇ 27 ਨਮੂਨੇ, ਰੰਗਦਾਰ ਬੇਕਰੀ ਆਈਟਮ ਕੇਕ ਦੇ 112 ਨਮੂਨੇ, ਚਾਂਦੀ ਦੇ ਵਰਕ ਵਾਲੀ ਮਿਠਾਈ ਦੇ 70 ਨਮੂਨੇ, ਸੁੱਕੇ ਮੇਵੇ ਦੇ 104 ਨਮੂਨੇ ਅਤੇ ਵੱਖ-ਵੱਖ ਖਾਣ-ਪੀਣ ਵਾਲੇ ਪਦਾਰਥਾਂ ਦੇ 389 ਨਮੂਨੇ ਸ਼ਾਮਲ ਹਨ। ਸਟੇਟ ਫੂਡ ਲੈਬਾਰਟਰੀ ਤੋਂ ਜਾਂਚ ਰਿਪੋਰਟ ਮਿਲਣ ਉਪਰੰਤ ਉਲੰਘਣਾ ਕਰਨ ਵਾਲਿਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਡਾ. ਬਲਬੀਰ ਸਿੰਘ ਨੇ ਨਾਗਰਿਕਾਂ ਦੀ ਸਿਹਤ ਦੀ ਸੁਰੱਖਿਆ ਲਈ ਲੋਕਾਂ ਨੂੰ ਸੁਚੇਤ ਰਹਿਣ ਅਤੇ ਕਿਸੇ ਵੀ ਦੁਕਾਨ ‘ਤੇ ਮਿਲਾਵਟ ਦਾ ਸ਼ੱਕ ਹੋਣ ‘ਤੇ ਇਸ ਸਬੰਧੀ ਰਿਪੋਰਟ ਕਰਨ ਲਈ ਵੀ ਕਿਹਾ।
ਉਨ੍ਹਾਂ ਕਿਹਾ ਕਿ ਗੁਣਵੱਤਾ ਦੇ ਮਾਪਦੰਡਾਂ ਨਾਲ ਸਮਝੌਤਾ ਕਰਨ ਵਾਲੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਆਮ ਲੋਕਾਂ ਨੂੰ ਅਸਲ ਉਤਪਾਦਾਂ ਦੀ ਪਛਾਣ ਕਰਨ ਅਤੇ ਭੋਜਨ ਵਿੱਚ ਮਿਲਾਵਟ ਸਬੰਧੀ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਕਰਨ ਬਾਰੇ ਜਾਗਰੂਕ ਕਰਨ ਲਈ ਜਨ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ। ਕਮਿਸ਼ਨਰ ਐਫ.ਡੀ.ਏ. ਡਾ. ਅਭਿਨਵ ਤ੍ਰਿਖਾ ਨੇ ਦੁਹਰਾਇਆ ਕਿ ਸਮੁੱਚਾ ਫੂਡ ਸੇਫਟੀ ਵਿੰਗ ਪੰਜਾਬ ਵਿੱਚ ਖੁਰਾਕ ਸੁਰੱਖਿਆ ਅਤੇ ਗੁਣਵੱਤਾ ਦੇ ਮਿਆਰ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਮਿਲਾਵਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਖਾਸ ਕਰਕੇ ਖੋਆ ਅਤੇ ਹੋਰ ਮਠਿਆਈਆਂ ਦੀ ਅੰਤਰ-ਜ਼ਿਲ੍ਹਾ ਅਤੇ ਅੰਤਰ-ਰਾਜੀ ਸਪਲਾਈ ਨੂੰ ਕੰਟਰੋਲ ਅਤੇ ਚੈਕਿੰਗ ਲਈ ਸੂਬੇ ਭਰ ਵਿੱਚ ਫੂਡ ਸੇਫਟੀ ਅਧਿਕਾਰੀਆਂ ਵੱਲੋਂ ਸਵੇਰ ਅਤੇ ਦੇਰ ਸ਼ਾਮ ਮੁਹਿੰਮ ਚਲਾਈ ਜਾ ਰਹੀ ਹੈ। ਫੂਡ ਸੇਫਟੀ ਦੇ ਜੁਆਇੰਟ ਕਮਿਸ਼ਨਰ ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਮਿਠਾਈਆਂ ਅਤੇ ਬੇਕਰੀ ਨਿਰਮਾਤਾਵਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਕੁਦਰਤੀ ਰੰਗਾਂ ਦੀ ਹੀ ਵਰਤੋਂ ਕਰਨ ਅਤੇ ਲੋੜ ਪੈਣ ‘ਤੇ ਫੂਡ ਸੇਫਟੀ ਰੈਗੂਲੇਸ਼ਨਜ਼ 2011 ਤਹਿਤ ਸਿਰਫ਼ ਸਿੰਥੈਟਿਕ ਰੰਗਾਂ ਦੀ ਹੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦੁੱਧ ਅਤੇ ਦੁੱਧ ਉਤਪਾਦਾਂ ਦੀ ਖਰੀਦ ਚੰਗੀ ਸਾਖ ਵਾਲੇ ਨਿਰਮਾਤਾ ਤੋਂ ਹੀ ਕੀਤੀ ਜਾਵੇ ਅਤੇ ਖਰੀਦ ਦਾ ਬਿੱਲ ਲੈਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਤੋਂ ਮਠਿਆਈਆਂ, ਖਾਸ ਤੌਰ ‘ਤੇ ਖੋਏ ਤੋਂ ਬਣੀਆਂ ਮਠਿਆਈਆਂ ਦੀ ਖਰੀਦ ਨਾ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ ਕਿਉਂਕਿ ਇਹ ਆਮ ਤੌਰ ‘ਤੇ ਘਟੀਆ ਗੁਣਵੱਤਾ ਵਾਲੀਆਂ ਮੰਨੀਆਂ ਜਾਂਦੀਆਂ ਹਨ।
ਇਸ ਦੌਰਾਨ ਜ਼ਿਲ੍ਹਾ ਬਰਨਾਲਾ ਵਿੱਚ ਮਿਲਾਵਟੀ ਘਿਓ, ਸਰ੍ਹੋਂ ਦੇ ਤੇਲ ਅਤੇ ਰਿਫਾਇੰਡ ਤੇਲ ਦੀ ਵੱਡੀ ਖੇਪ ਜ਼ਬਤ ਕੀਤੀ ਗਈ। ਇਸੇ ਤਰ੍ਹਾਂ ਜ਼ਿਲ੍ਹਾ ਅੰਮ੍ਰਿਤਸਰ ਦੀ ਟੀਮ ਨੇ 337 ਕਿਲੋ ਨਕਲੀ ਖੋਆ ਅਤੇ 115 ਕਿਲੋ ਵਨਸਪਤੀ ਨਸ਼ਟ ਕੀਤੀ ਅਤੇ ਇਸ ਦੇ ਨਾਲ ਹੀ ਮਿਲਾਵਟਖੋਰੀ ਲਈ ਵਰਤਿਆ ਜਾ ਰਿਹਾ 62 ਕਿਲੋ ਐਸ.ਐਮ.ਪੀ. ਵੀ ਜ਼ਬਤ ਕੀਤਾ। ਟੀਮਾਂ ਨੇ ਜ਼ਿਲ੍ਹਾ ਐਸ.ਬੀ.ਐਸ. ਨਗਰ ਵਿੱਚ ਮਿਆਦ ਪੁਗਾ ਚੁੱਕੀਆਂ ਦਾਲਾਂ ਦਾ ਸਟਾਕ ਵੀ ਜ਼ਬਤ ਕੀਤਾ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button