Press ReleasePunjabTop News

ਪੰਜਾਬ ਪੁਲਿਸ ਵੱਲੋਂ 5 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕਰਕੇ 10 ਦਿਨਾਂ ‘ਚ 17 ਅੱਤਵਾਦੀ ਗ੍ਰਿਫਤਾਰ; ਵੱਡੀ ਮਾਤਰਾ ‘ਚ ਹਥਿਆਰ ਅਤੇ ਵਿਸਫੋਟਕ ਸਮੱਗਰੀ ਕੀਤੀ ਬਰਾਮਦ 

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਸੂਬੇ 'ਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਵਚਨਬੱਧ

ਨਸ਼ਿਆਂ ਵਿਰੁੱਧ ਜੰਗ: ਇੱਕ ਹਫ਼ਤੇ ਵਿੱਚ 18 ਕਿਲੋ ਹੈਰੋਇਨ, 16 ਕਿਲੋ ਅਫੀਮ, 4 ਕਿਲੋ ਗਾਂਜਾ, 9.73 ਲੱਖ ਰੁਪਏ ਦੀ ਡਰੱਗ ਮਨੀ ਸਮੇਤ 314 ਨਸ਼ਾ ਤਸਕਰ/ਸਪਲਾਇਰ ਕੀਤੇ ਕਾਬੂ
ਐਨਡੀਪੀਐਸ ਐਕਟ ਦੇ ਕੇਸਾਂ ਵਿੱਚ ਭਗੌੜਿਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਮੁਹਿੰਮ ਤਹਿਤ ਗ੍ਰਿਫਤਾਰ ਭਗੌੜਿਆਂ ਦੀ ਗਿਣਤੀ 365 ਤੱਕ ਪਹੁੰਚੀ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਰਗਰਮ ਪਹੁੰਚ ਅਪਣਾਉਂਦਿਆਂ ਪੰਜਾਬ ਪੁਲਿਸ ਨੇ ਪਿਛਲੇ 10 ਦਿਨਾਂ ਵਿੱਚ 17 ਅੱਤਵਾਦੀਆਂ ਨੂੰ ਗ੍ਰਿਫਤਾਰ ਕਰਕੇ ਪੰਜ ਵੱਡੇ ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ।
ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਚਾਰ ਰਾਈਫ਼ਲਾਂ ਜਿਹਨਾਂ ਵਿੱਚ ਏਕੇ/ਐਮਪੀ-9/ਐਮਪੀ-5 ਸ਼ਾਮਲ ਹਨ, ਤੋਂ ਇਲਾਵਾ 25 ਰਿਵਾਲਵਰ/ਪਿਸਤੌਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਪੁਲਿਸ ਟੀਮਾਂ ਨੇ ਤਿੰਨ ਹੈਂਡ ਗਰਨੇਡ ਅਤੇ ਇੱਕ ਆਈਈਡੀ ਵੀ ਬਰਾਮਦ ਕੀਤਾ ਹੈ।
ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਦਿਨਾਂ ਵਿੱਚ ਪੁਲਿਸ ਟੀਮਾਂ ਨੇ ਗੈਂਗਸਟਰ ਤੋਂ ਅੱਤਵਾਦੀ ਬਣੇ ਲਖਬੀਰ ਸਿੰਘ ਉਰਫ ਲੰਡਾ, ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਅਰਸ਼ ਡੱਲਾ ਵੱਲੋਂ ਭਾਰਤ ਤੋਂ ਬਾਹਰੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲਾਂ ਨੂੰ ਵੱਡਾ ਝਟਕਾ ਦਿੱਤਾ ਹੈ।
ਪੰਜਾਬ ਪੁਲਿਸ ਨੇ 1 ਅਕਤੂਬਰ ਨੂੰ ਕੈਨੇਡਾ-ਅਧਾਰਤ ਲਖਬੀਰ ਲੰਡਾ ਅਤੇ ਪਾਕਿਸਤਾਨ-ਅਧਾਰਤ ਹਰਵਿੰਦਰ ਰਿੰਦਾ ਦੁਆਰਾ ਸਾਂਝੇ ਤੌਰ ‘ਤੇ ਚਲਾਏ ਜਾ ਰਹੇ ਆਈਐਸਆਈ-ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦੇ ਤਿੰਨ ਸੰਚਾਲਕਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਦੇ ਕਬਜ਼ੇ ‘ਚੋਂ ਅਤਿ-ਆਧੁਨਿਕ ਏਕੇ-56 ਅਸਾਲਟ ਰਾਈਫਲ ਅਤੇ ਦੋ ਮੈਗਜ਼ੀਨਾਂ ਸਮੇਤ 90 ਜ਼ਿੰਦਾ ਕਾਰਤੂਸ ਅਤੇ ਦੋ ਗੋਲੀਆਂ ਦੇ ਖੋਲ ਬਰਾਮਦ ਕਰਨ ਤੋਂ ਬਾਅਦ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ 28 ਸਤੰਬਰ ਨੂੰ ਕੈਨੇਡਾ ਅਧਾਰਤ ਅੱਤਵਾਦੀ ਲਖਬੀਰ ਲੰਡਾ ਗਿਰੋਹ ਦੇ ਇੱਕ ਸੰਚਾਲਕ ਨੂੰ ਬਿਹਾਰ ਤੋਂ ਕਤਲ, ਕਤਲ ਦੀ ਕੋਸ਼ਿਸ਼, ਹਮਲੇ ਅਤੇ ਡਕੈਤੀ ਨਾਲ ਸਬੰਧਤ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹੋਣ ਲਈ ਗ੍ਰਿਫਤਾਰ ਕੀਤਾ ਗਿਆ ਸੀ।
ਆਈਜੀਪੀ ਨੇ ਕਿਹਾ ਕਿ ਅਗਲੇ ਦਿਨ ਚਮਕੌਰ ਸਾਹਿਬ ਖੇਤਰ ਤੋਂ ਦੋ ਸੰਚਾਲਕਾਂ ਦੀ ਗ੍ਰਿਫਤਾਰੀ ਨਾਲ ਕੈਨੇਡਾ ਅਧਾਰਤ ਅੱਤਵਾਦੀ/ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਦੁਆਰਾ ਸੰਚਾਲਿਤ ਕੀਤੇ ਜਾ ਰਹੇ ਆਈਐਸਆਈ-ਸਮਰਥਿਤ ਡਰੋਨ-ਅਧਾਰਤ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਦਹਿਸ਼ਤੀ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਸੀ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਇੱਕ .22 ਬੋਰ ਦਾ ਰਿਵਾਲਵਰ ਅਤੇ .32 ਬੋਰ ਦਾ ਪਿਸਤੌਲ ਅਤੇ 21 ਜਿੰਦਾ ਕਾਰਤੂਸ ਸਮੇਤ ਦੋ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਸਨ। ਦੋ ਦਿਨ ਬਾਅਦ ਪੁਲਿਸ ਨੇ ਉਸੇ ਮਾਡਿਊਲ ਦੇ ਇੱਕ ਹੋਰ ਆਪਰੇਟਰ ਨੂੰ ਉਸਦੀ ਕਾਰ ਵਿੱਚੋਂ ਤਿੰਨ ਹੈਂਡ ਗ੍ਰਨੇਡ ਅਤੇ ਦੋ ਪਿਸਤੌਲ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਸੀ।
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 4 ਅਕਤੂਬਰ ਨੂੰ ਆਈਐਸਆਈ -ਸਮਰਥਿਤ ਨਾਰਕੋ-ਅੱਤਵਾਦੀ ਮਾਡਿਊਲ ਦੇ ਮੁੱਖ ਸੰਚਾਲਕ ਦੀ ਗ੍ਰਿਫਤਾਰੀ ਨਾਲ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ ਮੁਲਜ਼ਮਾਂ ਦੇ ਕਬਜ਼ੇ ‘ਚੋਂ ਇੱਕ ਆਰਡੀਐਕਸ ਲੋਡਿਡ ਟਿਫਿਨ ਬਾਕਸ ਜਿਸ ਨੂੰ ਇੱਕ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਜਾਂ ਟਿਫਿਨ ਬੰਬ ਵਜੋਂ ਤਿਆਰ ਕੀਤਾ ਗਿਆ ਸੀ; ਦੋ ਮੈਗਜ਼ੀਨਾਂ ਅਤੇ 30 ਜ਼ਿੰਦਾ ਕਾਰਤੂਸਾਂ ਸਮੇਤ ਦੋ ਆਧੁਨਿਕ ਏ.ਕੇ.-56 ਅਸਾਲਟ ਰਾਈਫਲਾਂ, ਇੱਕ .30 ਬੋਰ ਦਾ ਪਿਸਤੌਲ ਅਤੇ 6 ਜਿੰਦਾ ਕਾਰਤੂਸ ਅਤੇ 2 ਕਿਲੋ ਹੈਰੋਇਨ ਬਰਾਮਦ ਕੀਤੀ।
ਅਗਲੇ ਦਿਨ ਇੱਕ ਹੋਰ ਡਰੋਨ ਅਧਾਰਤ ਹਥਿਆਰਾਂ/ਗੋਲਾ ਬਾਰੂਦ ਦੀ ਤਸਕਰੀ ਕਰਨ ਵਾਲੇ ਮਾਡਿਊਲ ਦੇ ਦੋ ਮੈਂਬਰਾਂ ਨੂੰ ਇੱਕ ਕੈਦੀ ਸਮੇਤ ਗ੍ਰਿਫਤਾਰ ਕਰਕੇ ਉਹਨਾਂ ਵੱਲੋਂ ਦੱਸੀ ਗਈ ਥਾਂ ਤੋਂ 10 ਵਿਦੇਸ਼ੀ ਪਿਸਤੌਲਾਂ ਸਮੇਤ ਪੰਜ .30 ਬੋਰ (ਚੀਨ ਵਿੱਚ ਬਣੇ) ਅਤੇ ਪੰਜ 9 ਐਮਐਮ (ਯੂਐਸਏ ਬੀਰੀਟਾ ਵਿੱਚ ਬਣੇ) ਬਰਾਮਦ ਕੀਤੇ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਮੋਡਿਊਲ ਦੇ ਤਿੰਨ ਹੋਰ ਮੈਂਬਰਾਂ ਨੂੰ 17 ਪਿਸਤੌਲਾਂ ਅਤੇ ਇੱਕ ਐਮਪੀ-4 ਰਾਈਫਲ ਸਮੇਤ ਅਤਿ ਆਧੁਨਿਕ ਹਥਿਆਰਾਂ ਅਤੇ ਗੋਲਾ ਬਾਰੂਦ ਸਮੇਤ ਗ੍ਰਿਫਤਾਰ ਕਰਨ ਤੋਂ ਇਲਾਵਾ 1.01 ਕਰੋੜ ਰੁਪਏ ਦੀ ਨਕਦੀ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੇ ਗਏ ਸਨ।
ਇਸ ਦੇ ਨਾਲ ਹੀ ਪੁਲਿਸ ਨੇ 9 ਅਕਤੂਬਰ ਨੂੰ ਜਰਮਨੀ ਸਥਿਤ ਗੁਰਮੀਤ ਸਿੰਘ ਉਰਫ਼ ਬੱਗਾ ਦੁਆਰਾ ਚਲਾਏ ਜਾ ਰਹੇ ਅਤੇ ਗੁਰਦੇਵ ਸਿੰਘ (ਫ਼ਰੀਦਕੋਟ ਜੇਲ੍ਹ ਵਿੱਚ ਬੰਦ) ਨਾਲ ਸਬੰਧਤ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈਡਐਫ) ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ ਅਤੇ ਤਸਕਰੀ ਵਾਲੇ ਹਥਿਆਰਾਂ ਦਾ ਪ੍ਰਬੰਧ ਕਰਨ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ ਵਿੱਚ ਇਸਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰੀ ਕਰਕੇ ਦੋ 9 ਐਮ.ਐਮ. ਵਿਦੇਸ਼ੀ ਪਿਸਤੌਲ ਅਤੇ ਇੱਕ .32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਸੀ।
ਨਸ਼ਿਆਂ ਬਾਰੇ ਹਫ਼ਤਾਵਾਰੀ ਅੱਪਡੇਟ ਦਿੰਦਿਆਂ ਆਈ.ਜੀ.ਪੀ. ਨੇ ਦੱਸਿਆ ਕਿ ਪਿਛਲੇ ਹਫ਼ਤੇ ਪੁਲਿਸ ਨੇ 240 ਐਫਆਈਆਰ. ਜਿਹਨਾਂ ਵਿੱਚੋਂ 32 ਵਪਾਰਕ ਮਾਮਲਿਆਂ ਨਾਲ ਸਬੰਧਤ ਹਨ, ਦਰਜ ਕਰਕੇ 314 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਉਹਨਾਂ ਦੇ ਕਬਜ਼ੇ ‘ਚੋਂ 18 ਕਿਲੋ ਹੈਰੋਇਨ, 16 ਕਿਲੋ ਅਫੀਮ, 4 ਕਿਲੋ ਗਾਂਜਾ, 5 ਕੁਇੰਟਲ ਭੁੱਕੀ, ਫਾਰਮਾ ਓਪੀਔਡਜ਼ ਦੀਆਂ 3.71 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਤੋਂ ਇਲਾਵਾ 9.73 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।
ਉਨ੍ਹਾਂ ਕਿਹਾ ਕਿ 5 ਜੁਲਾਈ, 2022 ਨੂੰ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਇਸ ਹਫ਼ਤੇ ਐਨਡੀਪੀਐਸ ਕੇਸਾਂ ਵਿੱਚ 11 ਹੋਰ ਭਗੌੜੇ ਗ੍ਰਿਫ਼ਤਾਰ ਕੀਤੇ ਜਾਣ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 365 ਹੋ ਗਈ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਸੂਬੇ ਵਿੱਚੋਂ ਨਸ਼ਿਆਂ ਦੀ ਲਾਹਣਤ ਨੂੰ ਨੱਥ ਪਾਉਣ ਲਈ ਵਿਆਪਕ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਹੈ। ਡੀਜੀਪੀ ਨੇ ਸਾਰੇ ਸੀ.ਪੀਜ/ਐਸ.ਐਸ.ਪੀਜ. ਨੂੰ ਸਖਤੀ ਨਾਲ ਹੁਕਮ ਦਿੱਤੇ ਹਨ ਕਿ ਉਹ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ  ਉਨਾਂ ਸਾਰੇ ਹਾਟਸਪਾਟਸ ਦੀ ਸ਼ਨਾਖਤ ਕਰਨ ਜਿੱਥੇ ਨਸ਼ੇ ਦਾ ਰੁਝਾਨ ਹੈ ਅਤੇ ਸਾਰੇ ਵੱਡੇ ਨਸ਼ਾ ਤਸਕਰਾਂ ਦੀ ਵੀ ਪਛਾਣ ਕੀਤੀ ਜਾਵੇ। ਉਨਾਂ ਪੁਲਿਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤਾਂ ਜੋ ਉਨਾਂ ਵੱਲੋਂ ਨਜਾਇਜ ਢੰਗ ਨਾਲ ਜੁਟਾਏ ਇਸ ਪੈਸੇ ਨੂੰ ਬਰਾਮਦ ਕੀਤਾ ਜਾ ਸਕੇ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button