Breaking NewsD5 specialNewsPress ReleasePunjabTop News
ਪੰਜਾਬ ਪੁਲਿਸ ਨੇ ਲਾਰੈਂਸ-ਰਿੰਡਾ ਗਿਰੋਹ ਦੇ 11 ਕਾਰਕੁਨਾਂ ਦੀ ਗ੍ਰਿਫਤਾਰੀ ਨਾਲ 7 ਸੰਭਾਵਿਤ ਕਤਲਾਂ ਨੂੰ ਟਾਲਿਆ
– ਪੁਲਿਸ ਵੱਲੋਂ ਪੰਜ ਸ਼ੂਟਰਾਂ ਸਮੇਤ ਗ੍ਰਿਫਤਾਰ ਕੀਤੇ ਵਿਅਕਤੀਆਂ ਤੋਂ 9 ਹਥਿਆਰ ਅਤੇ 5 ਵਾਹਨ ਬਰਾਮਦ
– ਕਤਲ, ਹਥਿਆਰਬੰਦ ਡਕੈਤੀ ਅਤੇ ਸੰਗਠਿਤ ਫਿਰੌਤੀ ਸਮੇਤ ਘਿਨਾਉਣੇ ਅਪਰਾਧਾਂ ਦੇ 65 ਤੋਂ ਵੱਧ ਮਾਮਲਿਆਂ ਦਾ ਸਾਹਮਣਾ ਕਰ ਰਹੇ ਗ੍ਰਿਫਤਾਰ ਵਿਅਕਤੀ
– ਗਿਰੋਹ ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਰਿਹਾ ਸਰਗਰਮ
ਚੰਡੀਗੜ੍ਹ/ਜਲੰਧਰ : ਏਡੀਜੀਪੀ ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਪ੍ਰਮੋਦ ਬਾਨ ਨੇ ਅੱਜ ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇੱਕ ਵਿਆਪਕ ਅਤੇ ਯੋਜਨਾਬੱਧ ਆਪ੍ਰੇਸ਼ਨ ਵਿੱਚ ਪੰਜਾਬ ਪੁਲਿਸ ਨੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਹਰਵਿੰਦਰ ਰਿੰਦਾ ਦੀ ਹਮਾਇਤ ਵਾਲੇ ਇੱਕ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੇ 11 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 9 ਹਥਿਆਰ ਅਤੇ ਪੰਜ ਖੋਹੇ ਹੋਏ ਵਾਹਨ ਬਰਾਮਦ ਕੀਤੇ ਹਨ। ਇਹ ਕਾਰਵਾਈ ਜਲੰਧਰ ਦਿਹਾਤੀ ਪੁਲਿਸ ਵੱਲੋਂ ਕੀਤੀ ਗਈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਕੋਦਰ, ਜਲੰਧਰ ਦੇ ਮੁਹੰਮਦ ਯਾਸੀਨ ਅਖ਼ਤਰ ਉਰਫ਼ ਜੈਸੀ ਪੁਰੇਵਾਲ; ਮੋਹਾਲੀ ਦੇ ਨਵਾਂ ਸ਼ਹਿਰ ਬਡਾਲਾ ਦੇ ਸਾਗਰ ਸਿੰਘ; ਸਮਰਾਲਾ, ਲੁਧਿਆਣਾ ਦੇ ਅਮਰ ਮਲਿਕ; ਲੋਹੀਆਂ, ਜਲੰਧਰ ਦਾ ਨਵੀ; ਨਕੋਦਰ, ਜਲੰਧਰ ਦੇ ਅੰਕੁਸ਼ ਸੱਭਰਵਾਲ ਉਰਫ ਪਾਯਾ; ਊਨਾ (ਐਚਪੀ) ਦੇ ਸੁਮਿਤ ਜਸਵਾਲ ਉਰਫ਼ ਕਾਕੂ; ਫਿਲੌਰ, ਜਲੰਧਰ ਦਾ ਅਮਨਦੀਪ ਉਰਫ਼ ਸ਼ੂਟਰ; ਫਿਲੌਰ, ਜਲੰਧਰ ਦੇ ਸ਼ਿਵ ਕੁਮਾਰ ਉਰਫ ਸ਼ਿਵ; ਵਿਸ਼ਾਲ ਉਰਫ਼ ਫ਼ੌਜੀ ਵਾਸੀ ਨਕੋਦਰ, ਜਲੰਧਰ; ਊਨਾ (ਐਚਪੀ) ਦੇ ਅਰੁਣ ਕੁਮਾਰ ਉਰਫ ਮਨੀ ਰਾਣਾ ਅਤੇ ਕਪੂਰਥਲਾ ਦੇ ਅਨੂੰ ਉਰਫ ਪਹਿਲਵਾਨ ਵਜੋਂ ਹੋਈ ਹੈ।
ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀਆਂ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਜੋ ਘਿਨਾਉਣੇ ਅਪਰਾਧਾਂ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਏਡੀਜੀਪੀ ਪ੍ਰਮੋਦ ਬਾਨ ਜਿਹਨਾਂ ਨਾਲ ਐਸਐਸਪੀ ਜਲੰਧਰ ਦਿਹਾਤੀ ਸਵਪਨ ਸ਼ਰਮਾ ਵੀ ਮੌਜੂਦ ਸਨ, ਨੇ ਦੱਸਿਆ ਕਿ ਇਹ ਗਿਰੋਹ ਕਈ ਗੁਆਂਢੀ ਸੂਬਿਆਂ ਵਿੱਚ ਸਰਗਰਮ ਹੈ ਅਤੇ ਕਤਲ, ਕਤਲ ਦੀ ਕੋਸ਼ਿਸ਼, ਹਥਿਆਰਬੰਦ ਡਕੈਤੀ, ਸੰਗਠਿਤ ਫਿਰੌਤੀ, ਡਕੈਤੀ ਅਤੇ ਨਸ਼ਾ ਤਸਕਰੀ ਜਿਹੇ ਅਪਰਾਧਾਂ ਵਿੱਚ ਸ਼ਾਮਲ ਸੀ। ਉਹਨਾਂ ਅੱਗੇ ਕਿਹਾ,“ਇਨ੍ਹਾਂ ਦੀ ਗ੍ਰਿਫਤਾਰੀ ਨਾਲ ਪੰਜਾਬ ਪੁਲਿਸ ਨੇ ਘੱਟੋ-ਘੱਟ ਸੱਤ ਕਤਲ, ਦੋ ਪੁਲਿਸ ਹਿਰਾਸਤ ਤੋਂ ਭਜਾਉਣ ਅਤੇ ਚਾਰ ਹਥਿਆਰਬੰਦ ਡਕੈਤੀਆਂ ਨੂੰ ਨਾਕਾਮ ਕਰ ਦਿੱਤਾ ਹੈ।” ਏ.ਡੀ.ਜੀ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਇਸ ਗਿਰੋਹ ਨੂੰ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਨਿਰਦੇਸ਼ਾਂ ‘ਤੇ ਗੋਲਡੀ ਬਰਾੜ ਦਾ ਸਾਥੀ ਵਿਕਰਮ ਬਰਾੜ ਚਲਾ ਰਿਹਾ ਸੀ। ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਹਨੂੰਮਾਨਗੜ੍ਹ ਦਾ ਰਹਿਣ ਵਾਲਾ ਬਰਾੜ ਇਸ ਸਮੇਂ ਵਿਦੇਸ਼ ‘ਚ ਰਹਿ ਰਿਹਾ ਹੈ ਅਤੇ ਉਹ ਛੇ ਰਾਜਾਂ ਦੀ ਪੁਲਿਸ ਨੂੰ ਲੋੜੀਂਦਾ ਹੈ। ਉਹ ਲਾਰੈਂਸ ਬਿਸ਼ਨੋਈ ਦਾ ਜਮਾਤੀ ਹੈ ਅਤੇ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਹੈ।
ਗ੍ਰਿਫ਼ਤਾਰ ਕੀਤੇ ਵਿਅਕਤੀਆਂ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਹੰਮਦ ਯਾਸੀਨ ਅਖਤਰ ਉਰਫ਼ ਜੈਸੀ ਇੱਕ ਸਾਲ ਤੋਂ ਲਾਪਤਾ ਹੈ। ਉਹਨਾਂ ਅੱਗੇ ਦੱਸਿਆ ਕਿ ਕਿ ਬਰਾੜ ਅਤੇ ਲਾਰੈਂਸ ਦਾ ਨੇੜਲਾ ਸਾਥੀ ਜੈਸੀ ਘੱਟੋ-ਘੱਟ 16 ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਕ ਹੋਰ ਵਿਅਕਤੀ ਜਿਸ ਦੀ ਪਛਾਣ ਅੰਕੁਸ਼ ਸਭਰਵਾਲ ਉਰਫ਼ ਪਾਯਾ ਵਜੋਂ ਹੋਈ ਹੈ, ਦੇ ਖਿਲਾਫ ਛੇ ਅਪਰਾਧਿਕ ਮਾਮਲੇ ਦਰਜ ਹਨ। ਅੰਕੁਸ਼ 2014 ਵਿਚ ਨਕੋਦਰ ਦੇ ਇਕ ਆਈਲੈਟਸ ਸੈਂਟਰ ਵਿਚ ਵਿਕਰਮ ਬਰਾੜ ਦਾ ਵਿਦਿਆਰਥੀ ਸੀ ਅਤੇ ਮਹਾਰਾਸ਼ਟਰ ਦੇ ਸੌਰਵ ਮਹਾਕਾਲ, ਜਿਸ ਨੂੰ ਪੁਣੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਨੂੰ ਸੁਰੱਖਿਅਤ ਪਨਾਹ ਮੁਹੱਈਆ ਕਰਵਾ ਰਿਹਾ ਸੀ। ਮਹਾਕਾਲ ਦੇ ਸੂਬੇ ਵਿੱਚ ਦੋ ਮਹੀਨੇ ਮੌਜੂਦ ਰਹਿਣ ਦੇ ਸਮੇਂ ਦੌਰਾਨ ਉਸ ਨੇ ਮਹਾਕਾਲ ਨਾਲ ਮਿਲ ਕੇ ਪੰਜਾਬ ਵਿੱਚ ਤਿੰਨ ਅਪਰਾਧਾਂ ਨੂੰ ਅੰਜਾਮ ਵੀ ਦਿੱਤਾ ਸੀ।
ਐਸਐਸਪੀ ਨੇ ਦੱਸਿਆ ਕਿ ਅਰੁਣ ਕੁਮਾਰ ਉਰਫ਼ ਮਨੀ ਰਾਣਾ ਜੇਲ੍ਹ ਵਿੱਚ ਬੰਦ ਗੈਂਗਸਟਰ ਹੈ ਅਤੇ ਲਾਰੈਂਸ-ਜੱਗੂ ਭਗਵਾਨਪੁਰੀਆ ਗਰੁੱਪ ਦੇ ਇਸ਼ਾਰੇ ’ਤੇ ਕਾਰਵਾਈ ਕਰ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਗਿਰੋਹ ਨੇ ਊਨਾ, ਹਿਮਾਚਲ ਪ੍ਰਦੇਸ਼ ਵਿੱਚ ਇੱਕ ਅਦਾਲਤੀ ਸੁਣਵਾਈ ਦੌਰਾਨ ਮਨੀ ਰਾਣਾ ਦੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਯੋਜਨਾ ਬਣਾਈ ਸੀ। ਉਹਨਾਂ ਦੱਸਿਆ ਕਿ ਸੁਮਿਤ ਜਸਵਾਲ ਉਰਫ਼ ਕਾਕੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਉਂਕਿ ਉਹ ਭੱਜਣ ਦੀ ਇਸ ਕੋਸ਼ਿਸ਼ ਲਈ ਰੇਕੀ ਕਰਨ ਅਤੇ ਲੌਜਿਸਟਿਕਸ ਦਾ ਪ੍ਰਬੰਧ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ।ਉਨ੍ਹਾਂ ਕਿਹਾ ਕਿ ਇਸ ਗਿਰੋਹ ਦੀ ਗ੍ਰਿਫਤਾਰੀ ਨਾਲ ਦੋਆਬਾ ਖੇਤਰ ਅਤੇ ਖਾਸ ਕਰਕੇ ਜਲੰਧਰ ਵਿੱਚ ਸੰਗਠਿਤ ਅਪਰਾਧਿਕ ਗਤੀਵਿਧੀਆਂ ਨੂੰ ਵੱਡੀ ਸੱਟ ਵੱਜੀ ਹੈ। ਜਿਕਰਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਜਲੰਧਰ ਦਿਹਾਤੀ ਪੁਲਿਸ ਨੇ ਸੂਬੇ ਭਰ ਵਿੱਚ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨਾਲ ਸਬੰਧਤ 32 ਗੈਂਗ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 38 ਹਥਿਆਰ ਬਰਾਮਦ ਕੀਤੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.