Press ReleasePunjabTop News
ਪੰਜਾਬ ਪੁਲਿਸ ਨੇ ਡਰੋਨ ਅਧਾਰਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਕੀਤਾ ਪਰਦਾਫਾਸ਼; ਇੱਕ ਕੈਦੀ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ, ਪੰਜਾਬ ਪੁਲਿਸ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਪੁਲਿਸ ਟੀਮਾਂ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੇ ਟਿਕਾਣਿਆਂ ਤੋਂ 10 ਵਿਦੇਸ਼ੀ ਪਿਸਤੌਲ ਵੀ ਕੀਤੇ ਬਰਾਮਦ
ਚੰਡੀਗੜ੍ਹ/ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਫੈਸਲਾਕੁਨ ਜੰਗ ਤਹਿਤ ਇੱਕ ਹੋਰ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਇੱਕ ਕੈਦੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ , ਡਰੋਨ ਅਧਾਰਤ ਹਥਿਆਰਾਂ/ਗੋਲੀ ਸਿੱਕੇ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨਤਾਰਨ ਦੇ ਭਿੱਖੀਵਿੰਡ ਦੇ ਜਸਕਰਨ ਸਿੰਘ, ਜੋ ਇਸ ਸਮੇਂ ਸਬ-ਜੇਲ ਗੋਇੰਦਵਾਲ ਸਾਹਿਬ ਵਿੱਚ ਬੰਦ ਹੈ ਅਤੇ ਰਤਨਬੀਰ ਸਿੰਘ ਵਾਸੀ ਤਰਨਤਾਰਨ, ਖੇਮਕਰਨ ਜਮਾਨਤ ’ਤੇ ਰਿਹਾਅ ਹੈ, ਵਜੋਂ ਹੋਈ ਹੈ । ਪੁਲਿਸ ਨੇ ਦੋਵਾਂ ਕੋਲੋਂ ਪੰਜ .30 ਬੋਰ (ਚਾਈਨਾ ਵਿੱਚ ਬਣੇ) ਅਤੇ ਪੰਜ 9 ਐਮਐਮ (ਯੂਐਸਏ ਅਧਾਰਤ ਬਰੇਟਾ ) ਸਮੇਤ 10 ਵਿਦੇਸ਼ੀ ਪਿਸਤੌਲਾਂ ਅਤੇ 8 ਸਪੇਅਰ ਮੈਗਜੀਨਾਂ ਤੋਂ ਇਲਾਵਾ ਜਸਕਰਨ ਵੱਲੋਂ ਆਪਣੀ ਬੈਰਕ ਵਿੱਚ ਛੁਪਾਇਆ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ।
ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਮੁਲਜਮ ਜਸਕਰਨ ਸਿੰਘ ਨੂੰ ਐਨਡੀਪੀਐਸ ਐਕਟ ਨਾਲ ਸਬੰਧਤ ਇੱਕ ਕੇਸ, ਜੋ ਅਗਸਤ 2022 ਵਿੱਚ ਐਸਐਸਓਸੀ ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਸੀ , ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ ।
ਪੁੱਛਗਿੱਛ ਦੌਰਾਨ, ਦੋਸ਼ੀ ਜਸਕਰਨ ਨੇ ਕਬੂਲਿਆ ਕਿ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ / ਗੋਲੀ ਸਿੱਕੇ ਦੀ ਤਸਕਰੀ ਸਬੰਧੀ ਵਟਸਐਪ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਨਾਲ ਸੰਪਰਕ ਕਰਨ ਲਈ ਜੇਲ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰ ਰਿਹਾ ਸੀ। ਏਆਈਜੀ ਨੇ ਦੱਸਿਆ ਕਿ ਇਸ ਮੰਤਵ ਲਈ ਮੁਲਜਮ ਰਤਨਬੀਰ ਦੀ ਮਦਦ ਲੈ ਰਿਹਾ ਸੀ, ਜੋ ਵੱਖ-ਵੱਖ ਸਰਹੱਦੀ ਇਲਾਕਿਆਂ ਤੋਂ ਡਰੋਨ ਰਾਹੀਂ ਸੁੱਟੀਆਂ ਗਈਆਂ ਖੇਪਾਂ ਨੂੰ ਹਾਸਲ ਕਰਦਾ ਸੀ। ਜ਼ਿਕਰਯੋਗ ਹੈ ਕਿ ਰਤਨਬੀਰ ਵੀ ਜਸਕਰਨ ਸਿੰਘ ਨਾਲ ਐਨਡੀਪੀਐਸ ਦੇ ਕਈ ਕੇਸਾਂ ਵਿੱਚ ਸਹਿ-ਮੁਲਜਮ ਹੈ।
ਉਨ੍ਹਾਂ ਦੱਸਿਆ ਕਿ ਮੁਲਜਮ ਜਸਕਰਨ ਵੱਲੋਂ ਤਰਨਤਾਰਨ-ਫਿਰੋਜਪੁਰ ਰੋਡ ’ਤੇ ਸਥਿਤ ਪਿੰਡ ਪਿੱਧੀ ਵਿਖੇ ਦੱਸੇ ਟਿਕਾਣੇ ਤੋਂ ਪੰਜ .30 ਬੋਰ ਦੇ ਪਿਸਤੌਲ ਅਤੇ ਚਾਰ ਵਾਧੂ ਮੈਗਜੀਨਾਂ ਸਮੇਤ ਇੱਕ ਖੇਪ ਬਰਾਮਦ ਕੀਤੀ ਗਈ ਹੈ, ਜਿਸ ਨੂੰ ਰਤਨਬੀਰ ਵੱਲੋਂ 28 ਅਤੇ 28 ਸਤੰਬਰ,2022 ਦੀ ਦਰਮਿਆਨੀ ਰਾਤ ਨੂੰ ਛੁਪਾਇਆ ਗਿਆ ਸੀ।
ਏ.ਆਈ.ਜੀ.ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਜਸਕਰਨ ਵੱਲੋਂ ਦਿੱਤੀ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੇ ਰਤਨਬੀਰ ਨੂੰ ਖੇਮਕਰਨ ਤੋਂ ਗਿ੍ਫਤਾਰ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਉਸਦੇ ਖੁਲਾਸੇ ‘ਤੇ 9 ਐਮਐਮ ਦੇ ਪੰਜ ਹੋਰ ਪਿਸਤੌਲਾਂ ਸਮੇਤ ਚਾਰ ਵਾਧੂ ਮੈਗਜੀਨ ਬਰਾਮਦ ਕੀਤੇ ਹਨ, ਜੋ ਕਿ ਉਸ ਨੇ ਖੇਮਕਰਨ ਦੇ ਪਿੰਡ ਮਾਛੀਕੇ ਵਿਖੇ ਡਰੇਨ ਨੇੜੇ ਛੁਪਾਏ ਹੋਏ ਸਨ। ਜ਼ਿਕਰਯੋਗ ਹੈ ਕਿ ਥਾਣਾ ਐਸ.ਐਸ.ਓ.ਸੀ ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 30 ਮਿਤੀ 04.10.2022 ਨੂੰ ਦਰਜ ਕਰ ਲਿਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.