ਅਮਰਜੀਤ ਸਿੰਘ ਵੜੈਚ (94178-01988)
ਪੰਜਾਬ ਦੇ ਲੀਡਰਾਂ ਦੀ ‘ਸੱਤ੍ਹਾ-ਹਵਸ’ ਨੇ ਦੁਨੀਆਂ ਦੀ ਅਵਲ ਦਰਜੇ ਦੀ ਜਰਖੇਜ਼ ਧਰਤੀ ਨੂੰ ਪਹਿਲਾਂ ਲਹੂ-ਲੁਹਾਣ ਕੀਤਾ, ਫਿਰ ਇਥੇ ਨਸ਼ੇ ਦੇ ਬੀਆਂ ਦਾ ਛੱਟਾ ਦਿਤਾ ਅਤੇ ਨਾਲ ਦੀ ਨਾਲ ਇਸ ਧਰਤੀ ਨੂੰ ਬਾਂਝ ਕਰਨ ਲਈ ਵੀ ਕੋਈ ਕਸਰ ਨਹੀਂ ਛੱਡੀ। ਸਿਆਸਤ ਨੇ ਹਰ ਵਾਰੀਂ ਪੰਜਾਬੀਆਂ ਨੂੰ ਰੱਜਕੇ ਕੁੱਟਿਆ ਅਤੇ ਲੁੱਟਿਆ। ਅਠੱਤੀ ਵਰ੍ਹੇ ਪਹਿਲਾਂ ਜੂਨ 1984 ‘ਚ ਪੰਜਾਬ ਦੀ ਧਰਤੀ ਨੇ ਜੋ ਖੂਨ-ਖਰਾਬਾ ਆਪਣੇ ਪਿੰਡੇ ‘ਤੇ ਹੰਢਾਇਆ ਉਸ ਨੂੰ ਬਿਆਨ ਕਰਨ ਲੱਗਿਆਂ ਸਰੀਰਾਂ ‘ਚ ਖੂਨ ਜੰਮ ਜਾਂਦਾ ਹੈ ਅਤੇ ਸੁਣਨ ਵਾਲੇ ਯਕੀਨ ਨਹੀਂ ਕਰਦੇ ; ਦੇਸ਼ ਦੀ ਆਪਣੀ ਹੀ ਫ਼ੌਜ ਨੇ ਸਿਖਾਂ ਦੇ ਸਰਵ-ਉੱਚ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ,ਅੰਮ੍ਰਿਤਸਰ ‘ਤੇ ਟੈਂਕਾਂ ਨਾਲ ਪੰਜਵੇਂ ਗੁਰੂ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਤਿੰਨ ਜੂਨ ਨੂੰ ਹਮਲਾ ਕਰ ਦਿਤਾ। ਇਸ ਹਮਲੇ ‘ਚ ਬੱਚਿਆਂ ਅਤੇ ਔਰਤਾਂ ਸਮੇਤ ਅੱਠ ਹਜ਼ਾਰ ਸਿਖ ਸ਼ਰਧਾਲੂ ਮਾਰੇ ਗਏ । ਇਸ ਹਮਲੇ ਦਾ ਨਾਂ ‘ਔਪਰੇਸ਼ਨ ਬਲਿਊ ਸਟਾਰ’ ਰੱਖਿਆ ਗਿਆ ਅਤੇ ਕਾਰਨ ਇਹ ਦੱਸਿਆ ਗਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸ੍ਰੀ ਅਕਾਲ ਤਖ਼ਤ ‘ਤੇ ਕਬਜਾ ਕਰ ਚੁੱਕੇ ਸਨ ਅਤੇ ਉਥੋਂ ਅੱਤਵਾਦੀ ਕਾਰਵਾਈਆਂ ਕਰ ਰਹੇ ਸਨ।
ਓਪਰੀ ਨਜ਼ਰੇ ਇਸ ਹਮਲੇ ਦਾ ਦੋਸ਼ੀ ਸੰਤ ਭਿੰਡਰਾਂਵਾਲ਼ੇ ਲਗਦੇ ਹਨ ਪਰ ਇਸ ਪੁਆੜੇ ਦੀ ਜੜ੍ਹ ਤਾ ਪੰਜਾਬ ਦੀ ਗਰਕ ਹੋ ਚੁੱਕੀ ਸਿਆਸਤ ਹੈ ਜਿਸ ਨੇ ਹਜ਼ਾਰਾਂ ਬੇਗੁਨਾਹ ਪੰਜਾਬੀਆਂ ਦੇ ਘਰ ਬਰਬਾਦ ਕਰਵਾ ਦਿਤੇ । ਪੰਜਾਬ ਵਿੱਚ ਹੁਣ ਤੱਕ ਕਾਂਗਰਸ ਅਤੇ ਅਕਾਲੀਆਂ ਵਿੱਚ ਆਪਸੀ ਜੰਗ ਵੀ ਚਲਦੀ ਆ ਰਹੀ ਹੈ ਅਤੇ ਇਨ੍ਹਾਂ ਪਾਰਟੀਆਂ ਵਿੱਚ ਅੰਦਰੂਨੀ ਧੜੇਬੰਦੀ ਵੀ ਰਹੀ ਹੈ । ਕਿਸੇ ਵਕਤ ਕਾਂਗਰਸ ਵਿੱਚ ਦਰਬਾਰਾ ਸਿੰਘ ਅਤੇ ਜ਼ੈਲ ਸਿੰਘ ਧੜਾ ਇਕ ਦੂਜੇ ਦੀ ਪਿਠ ਲਾਉਣ ਲਈ ਚਾਲਾਂ ਚਲਦੇ ਰਹਿੰਦੇ ਸਨ ਅਤੇ ਉਧਰ ਅਕਾਲੀਆਂ ਵਿੱਚ 1977 ਤੋਂ ਮਗਰੋਂ ਮੁੱਖ ਤੌਰ ‘ਤੇ ਬਾਦਲ ਅਤੇ ਟੌਹੜਾ ਧੜੇ ਸਰਗਰਮ ਰਹੇ ਹਨ। ਇਨ੍ਹਾਂ ਗੁੱਟਬੰਦੀਆਂ ਦਾ ‘ਲਾਭ’ ਕੇਂਦਰ ਵਿੱਚ ਸੱਤ੍ਹਾਧਾਰੀ ਪਾਰਟੀਆਂ ਵੀ ਲੈਂਦੀਆਂ ਰਹੀਆਂ ਹਨ।
ਪੰਜਾਬ ਦੀ 1966 ‘ਚ ਭਾਸ਼ਾ ਦੇ ਆਧਾਰ ‘ਤੇ ਹੋਈ ਵੰਡ ਦੇ ਨਾਲ ਹੀ ਪੰਜਾਬ ਦੇ ਲੋਕ ਪੰਜਾਬ ਨਾਲ਼ ਧੋਖਾ ਹੋਇਆ ਮਹਿਸੂਸ ਕਰਨ ਲੱਗ ਪਏ ਸਨ ਕਿਉਂਕਿ 1947 ਦੇ ਮਗਰੋਂ ਦੇ ਕਈ ਪੰਜਾਬੀ ਬੋਲਦੇ ਇਲਾਕੇ ਹਿਮਾਚਲ ਵਿੱਚ ਅਤੇ ਕਈ ਨਵੇਂ ਬਣੇ ਹਰਿਆਣੇ ਨੂੰ ਦੇ ਦਿਤੇ ਗਏ । ਕਿਉਂਕਿ 1966 ਦੀ ਪੰਜਾਬ ਦੀ ਵੰਡ ਪਿਛੇ ਕਾਂਗਰਸ ਪਾਰਟੀ ਦਾ ਵੱਡਾ ‘ਰੋਲ’ ਸੀ ਸੋ ਕਾਂਗਰਸ ਨੇ ਇਹ ਮਸਲੇ ਕਦੇ ਗੰਭੀਰਤਾ ਨਾਲ ਨਹੀਂ ਚੁੱਕੇ ਸਨ , ਇਸ ਲਈ ਅਕਾਲੀ ਦਲ ਨੇ ਪੰਜਾਬ ਦੀ ਸੱਤ੍ਹਾ ਤੱਕ ਪਹੁੰਚਣ ਲਈ ਇਨ੍ਹਾਂ ਮੁੱਦਿਆਂ ਨੂੰ ਉਭਾਰਨਾ ਸ਼ੁਰੁ ਕਰ ਦਿਤਾ ਅਤੇ 11 ਦਿਸੰਬਰ 1972 ਨੂੰ ਇਕ ਬਾਰਾਂ ਮੈਂਬਰੀ ਕਮੇਟੀ ਬਣਾਈ । ਇਸ ਕਮੇਟੀ ਦੇ ਜ਼ਿੰਮੇ ਇਹ ਕੰਮ ਲਾਇਆ ਗਿਆ ਕਿ ਕੁਝ ਪ੍ਰਮੁੱਖ ਮੁੱਦਿਆਂ ‘ਤੇ ਇਕ ਖਰੜਾ ਤਿਆਰ ਕੀਤਾ ਜਾਵੇ ਜਿਸ ਵਿੱਚ ਪੰਜਾਬ ਦੇ ਰਾਜਨੀਤਕ,ਸਮਾਜਿਕ ਅਤੇ ਸਿਖ ਧਰਮ ਦੀ ਪਹਿਚਾਣ ਦੇ ਮਸਲਿਆਂ ਦੀ ਗੱਲ ਹੋਵੇ ।
ਇਸ ਕਮੇਟੀ ਨੇ ਜੋ ਰਿਪੋਰਟ ਦਿੱਤੀ ਉਹ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਨੇ 17 ਅਕਤੂਬਰ 1973 ਨੂੰ, ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਈ ਮੀਟਿੰਗ ਵਿੱਚ ਪਾਸ ਕਰ ਦਿਤੀ ਅਤੇ ਫਿਰ ਪਾਰਟੀ ਉਸ ਰਿਪੋਰਟ ਨੂੰ ਬਸਤੇ ਵਿੱਚ ਪਾਕੇ ਸ਼ਾਇਦ ਭੁੱਲ ਗਈ । ਇਸੇ ਮਤੇ ਨੂੰ ਹੀ ‘ਸ੍ਰੀ ਆਨੰਦਪੁਰ ਸਾਹਿਬ ਦਾ ਮਤਾ 1973’ ਕਿਹਾ ਜਾਂਦਾ ਹੈ । ਇਸ ਰਿਪੋਰਟ ਨੂੰ ਪੰਜ ਸਾਲਾਂ ਮਗਰੋਂ , ਜਦੋਂ ਦੇਸ਼ ਵਿੱਚ ਐਮਰਜੈਂਸੀ ਲੱਗੀ ਹੋਈ ਸੀ ਤਾਂ ਅਕਾਲੀ ਦਲ ਨੇ ‘ਬਸਤੇ’ ਵਿੱਚੋਂ ਕੱਡਕੇ 28 ਅਗਸਤ 1977 ਨੂੰ ਅੰਮ੍ਰਿਤਸਰ ਵਿੱਚ ਹੋਏ ਜਨਰਲ ਇਜਲਾਸ ਵਿੱਚ ਪਾਸ ਕਰ ਦਿਤਾ । ਅਕਾਲੀ ਦਲ ਨੇ ਇਸੇ ਮਤੇ ਦੇ ਬਲਬੂਤੇ ‘ਤੇ 1977 ਦੀਆਂ ਲੋਕਸਭਾ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਜਿਸ ਵਿੱਚ ਪ੍ਰਕਾਸ ਸਿੰਘ ਬਾਦਲ ਦੂਜੀ ਵਾਰ ਪੰਜਾਬ ਦੇ ਮੁੱਖ-ਮੰਤਰੀ ਬਣੇ ਸਨ ਅਤੇ ਅਕਾਲੀ ਦਲ ਨੌਂ ਲੋਕਸਭਾ ਸੀਟਾਂ ਜਿਤਿਆ ਸੀ।
(ਚੱਲਦਾ ;ਕੱਲ੍ਹ 3 ਜੂਨ ਨੂੰ ਦੂਸਰਾ ਹਿੱਸਾ ਪੜ੍ਹੋ )
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.