D5 specialOpinion

ਪੰਜਾਬ ਦੀ ਦੁਰਦਸ਼ਾ ਦੀ ਅਸਲੀਅਤ; ਰਿਸ਼ਤੇ ਹੋਏ ਲੀਰੋ ਲੀਰ ਤੇ ਸੱਭਿਆਚਾਰ ਪਲੀਤ!

ਪੰਜਾਬ ਗੁਰੂਆਂ,ਪੀਰਾਂ ਤੇ ਫਕੀਰਾਂ ਦਾ ਦੇਸ਼ ਹੈ।ਇਸ ਲਈ ਇੱਥੇ ਹਰ ਧਰਮ, ਹਰ ਜਾਤੀ ਅਤੇ ਹਰ ਸੱਭਿਆਚਾਰ ਦੇ ਲੋਕ ਵੱਸਦੇ ਵੀ ਹਨ ਅਤੇ ਬੜੇ ਅਮਨ ਤੇ ਚੈਨ ਦੇ ਨਾਲ ਰਹਿੰਦੇ ਵੀ ਹਨ। ਸਭ ਤੋਂ ਵੱਡੀ ਤੇ ਵਿਲੱਖਣ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਲੋਕ ਬੜੇ ਹੀ ਅਮਨ ਪਸੰਦ ਲੋਕ ਹਨ।ਕਿਉਂਕਿ ਇਨ੍ਹਾਂ ਲੋਕਾਂ ਨੂੰ, ਗੁਰੂਆਂ ਪੀਰਾਂ ਨੇ ਆਪਸ ਵਿੱਚ ਰਲ ਮਿਲਕੇ ਰਹਿਣ ਦੀ ਸਿੱਖਿਆ ਦਿੱਤੀ ਹੈ। ਇਸ ਤੋਂ ਇਲਾਵਾ, ਗੁਰੂ ਨਾਨਕ ਦੇਵ ਜੀ ਨੇ ਆਪਣੇ ਅਨੁਆਈਆਂ ਨੂੰ,

ਕਿਰਤ ਕਰੋ,ਨਾਮ ਜਪੋ ਅਤੇ ਵੰਡ ਕੇ ਛਕੋ!

ਦਾ ਬੜਾ ਕ੍ਰਾਂਤੀਕਾਰੀ ਉਪਦੇਸ਼ ਵੀ ਦਿੱਤਾ ਹੋਇਆ ਹੈ। ਭਾਵੇਂ ਪੰਜਾਬ ਦੇ ਲੋਕ ਬੜੇ ਅਮਨ ਪਸੰਦ ਲੋਕ ਹਨ ਅਤੇ ਇਹ ਲੋਕ ਬੜੇ ਮਿੱਠ ਬੋਲੜੇ ਵੀ ਹਨ।ਪਰ ਅਗਰ ਕੋਈ ਇੰਨ੍ਹਾਂ ਤੇ ਜੁਲਮ ਕਰੇ ਜਾਂ ਫਿਰ ਕੋਈ ਇੰਨ੍ਹਾਂ ਦੀ ਅਣਖ ਨੂੰ ਵੰਗਾਰੇ, ਤਾਂ ਇਹ ਲੋਕ ਆਪਣੀ ਇੱਜ਼ਤ ਤੇ ਅਣਖ ਦੀ ਖਾਤਰ ਆਪਣੀ ਜਾਨ ਤੱਕ ਵੀ ਕੁਰਬਾਨ ਕਰਨ ਤੋਂ ਗੁਰੇਜ ਨਹੀਂ ਕਰਦੇ,ਜੋ ਕਿ ਇਨ੍ਹਾਂ ਦੀ ਸ਼ਖਸੀਅਤ ਨੂੰ ਬੜੀ ਬਾਖੂਬੀ ਬਿਆਨ ਕਰਦੇ ਹਨ। ਪੰਜਾਬੀਆਂ ਦੀ ਸ਼ਖਸੀਅਤ ਬਾਰੇ, ਭਗਤ ਪੂਰਨ ਸਿੰਘ ਨੇ ਬੜੇ ਸਪੱਸ਼ਟ ਸ਼ਬਦਾਂ ‘ਚ ਬਿਆਨ ਕੀਤਾ ਹੈ,ਕਿ,

ਪਿਆਰ ਨਾਲ ਇਹ ਕਰਨ ਗੁਲਾਮੀ, ਟੈਂਅ ਨਾ ਮੰਨਣ ਕਿਸੇ ਦੀ!

ਭਾਵ ਕਿ,ਪੰਜਾਬੀ ਲੋਕ ਪਿਆਰ ਨਾਲ ਤਾਂ ਦੂਸਰੇ ਲਈ ਜਾਨ ਤੱਕ ਵੀ ਦੇ ਦਿੰਦੇ ਹਨ।ਪਰ ਅਗਰ ਕੋਈ ਰੋਅਬ ਨਾਲ ਜਾਂ ਫਿਰ ਇਨ੍ਹਾਂ ਨੂੰ ਮੂਰਖ ਬਨਾਉਣ ਦੀ ਕੋਸ਼ਿਸ਼ ਕਰੇ, ਤਾਂ ਇਹ ਝੱਟ ਲਕੀਰ ਵੀ ਖਿੱਚ ਲੈਂਦੇ ਹਨ। ਭਾਵ ਕਿ, ਇੱਜ਼ਤ ਅਤੇ ਅਣਖ ਦੀ ਖਾਤਰ, ਲੜਨ ਮਰਨ ਨੂੰ ਵੀ ਤਿਆਰ ਹੋ ਜਾਂਦੇ ਹਨ। ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਅਨੁਆਈਆਂ ਨੂੰ ਇੱਜ਼ਤ ਤੇ ਅਣਖ ਲਈ ਲੜ ਮਰਨ ਦਾ ਸ਼ੰਦੇਸ ਦਿੱਤਾ ਸੀ। ਉਨ੍ਹਾਂ ਦੇ ਅਨੁਸਾਰ, ਅਗਰ ਜੁਲਮ ਕਰਨਾ ਪਾਪ ਹੈ,ਤਾਂ ਜੁਲਮ ਸਹਿਣਾ ਮਹਾਂ ਪਾਪ ਹੈ। ਇਸੇ ਲਈ ਤਾਂ ਗੁਰਬਾਣੀ ‘ਚ ਫਰਮਾਇਆ ਗਿਆ ਹੈ ਕਿ

ਭੈਅ ਕਾਹੁ ਕੋ ਦੇਤਿ ਨਾਹਿ,ਨਾ ਭੈਅ ਮਾਨਤ ਆਨਿ!

ਭਾਵ ਕਿ ਨਾ ਹੀ ਕਿਸੇ ਨੂੰ ਡਰਾਉਣਾ ਜਾਂ ਧਮਕਾਉਣਾ ਹੀ ਚਾਹੀਦਾ ਹੈ ਅਤੇ ਨਾ ਹੀ ਕਿਸੇ ਤੋਂ ਡਰਨਾ ਹੀ ਚਾਹੀਦਾ ਹੈ। ਭਾਵ ਕਿ ਜੁਲਮ ਅੱਗੇ ਕਦੇ ਵੀ ਝੁੱਕਣਾ ਨਹੀਂ ਚਾਹੀਦਾ। ਪੰਜਾਬ,ਪੰਜਾਂ ਦਰਿਆਵਾਂ ਦਾ ਦੇਸ਼ ਹੈ।ਕੋਈ ਵਕਤ ਸੀ, ਜਦੋਂ ਇੱਥੇ ਪਾਣੀ ਦੀ ਕੋਈ ਘਾਟ ਨਹੀਂ ਸੀ। ਪੰਜਾਬ ਦਾ ਨਾਮ ਵੀ ਪੰਜਾਂ ਦਰਿਆਵਾਂ ਦੇ ਨਾਮ ‘ਤੇ ਹੀ ਪਿਆ ਹੈ। ਇਹੋ ਕਾਰਨ ਹੈ,ਕਿ ਇੱਥੇ ਖੇਤੀ ਬਾੜੀ, ਪਸ਼ੂ ਪਾਲਣ ਅਤੇ ਵਧੀਆ ਜ਼ਿੰਦਗੀ ਜਿਉਣ ਲਈ ਹਰ ਚੀਜ਼ ਦੀ ਬਹੁਲਤਾ ਸੀ।ਜਿਸਦੇ ਕਾਰਨ, ਪੰਜਾਬ ਦੇ ਲੋਕ ਦੁੱਧ ਘਿਉ ਖਾ ਕੇ ਤਕੜੇ ਜੁੱਸੇ ਦੇ ਮਾਲਕ ਬਣ ਜਾਂਦੇ ਸਨ ਅਤੇ ਨਿਰੋਗ ਰਹਿੰਦੇ ਸਨ।

ਇਸ ਤੋਂ ਇਲਾਵਾ, ਪੰਜਾਬੀ ਸਖਤ ਮਿਹਨਤ ਕਰਨ ਦੇ ਆਦੀ ਵੀ ਸਨ। ਜਿਸਦੇ ਸਦਕਾ ਇਹ ਲੋਕ, ਆਪਣੀ ਖੁਸ਼ਹਾਲ ਜ਼ਿੰਦਗੀ ਜਿਉਂਦੇ ਸਨ। ਪਰ ਅਫਸੋਸ! ਕਿ ਸੰਨ 1947 ‘ਚ ਸਮੇਂ ਦੀ ਐਸੀ ਮਾਰ ਪਈ ਕਿ ਪੰਜਾਬ ਦੋ ਹਿੱਸਿਆਂ ‘ਚ ਵੰਡਿਆ ਗਿਆ। ਫਿਰ ਇਸ ਸੂਬੇ ਚੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨਿਕਲ ਕੇ ਦੋ ਹੋਰ ਵੱਖਰੇ ਸੂਬੇ ਬਣ ਗਏ।ਇਸ ਤਰ੍ਹਾਂ ਪੰਜਾਬ ਦਾ ਅਕਾਰ,ਹੋਰ ਵੀ ਛੋਟਾ ਹੋ ਗਿਆ।ਇਸ ਤਰ੍ਹਾਂ,ਪੰਜਾਬ ਦੀ ਬੋਲੀ, ਸੱਭਿਆਚਾਰ ਅਤੇ ਪਹਿਰਾਵਾ ਥੋੜ੍ਹਾ 2 ਕਰਕੇ ਵਿਖਰਦਾ ਗਿਆ। ਪੰਜਾਬ ਦੇ ਪਾਣੀਆਂ ਅਤੇ ਹੋਰ ਕੁਦਰਤੀ ਸਾਧਨਾਂ ਦੀ ਵੰਡ ਹੋਣ ਦੇ ਕਾਰਨ ਰੁਜਗਾਰ ਦੇ ਸਾਧਨ ਵੀ ਘੱਟ ਗਏ।

ਇਸ ਤਰ੍ਹਾਂ,ਪੰਜਾਬ ਇੱਕ ਖੁਸ਼ਹਾਲ ਸੂਬੇ ਤੋਂ ਇੱਕ ਛੋਟਾ ਜਿਹਾ ਸੂਬਾ ਬਣ ਕੇ ਰਹਿ ਗਿਆ। ਅਜੋਕੇ ਦੌਰ ਦੀ ਹਾਲਤ ਇਹ ਹੈ ਕਿ ਪੰਜਾਂ ਦਰਿਆਵਾਂ ਦਾ ਦੇਸ਼,ਪਾਣੀ ਦੀ ਇੱਕ 2 ਬੂੰਦ ਨੂੰ ਤਰਸਣ ਲੱਗਿਆ ਹੈ। ਕਿਸੇ ਵਕਤ,ਪੰਜਾਬ ਦੇ ਲੋਕਾਂ ਤੋਂ ਇੱਥੋਂ ਦਾ ਪਾਣੀ ਸਾਂਭਿਆ ਨਹੀਂ ਸੀ ਜਾਂਦਾ।ਪਰ ਅੱਜ ਹਾਲਾਤ ਇਹ ਹਨ,ਕਿ ਪੰਜਾਬ ਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸਦੇ ਹਨ ਅਤੇ ਪੀਣ ਵਾਲਾ ਪਾਣੀ ਬੰਦ ਬੋਤਲਾਂ ਚ ਮੁੱਲ ਵਿੱਕਦਾ ਹੈ। ਜਿਹੜੇ ਲੋਕ,ਕਿਸੇ ਵਕਤ ਪਾਣੀ ਦੀਆਂ ਛਬੀਲਾਂ ਲਗਾਉਂਦੇ ਸਨ,ਅੱਜ ਉਸੇ ਪੰਜਾਬ ਚ ਪਾਣੀ ਦੀ ਐਨੀ ਘਾਟ ਹੋ ਚੁੱਕੀ ਹੈ,ਕਿ ਸਭ ਤੋਂ ਪਹਿਲਾਂ ਤਾਂ ਪਾਣੀ ਪੀਣ ਦੇ ਯੋਗ ਹੀ ਨਹੀਂ ਰਿਹਾ।

ਦੂਸਰਾ,ਪਾਣੀ ਦਾ ਲੈ ਐਨਾ ਡੂੰਘਾ ਹੋ ਚੁੱਕਿਆ ਹੈ,ਕਿ ਕੋਈ ਗਰੀਬ ਬੰਦਾ ਪਾਣੀ ਪੀਣ ਲਈ ਘਰ ਚ ਨਲਕਾ ਤੱਕ ਨਹੀਂ ਲਗਵਾ ਸਕਦਾ ਅਤੇ ਕੋਈ ਗਰੀਬ ਕਿਸਾਨ ਆਪਣੇ ਖੇਤਾਂ ‘ਚ ਸਿੰਜਾਈ ਲਈ ਮੋਟਰ ਤੱਕ ਵੀ ਨਹੀਂ ਲਗਵਾ ਸਕਦਾ। ਇਹਦੇ ਲਈ,ਝੋਨੇ ਦੀ ਲਗਵਾਈ ਅਤੇ ਬਹੁਤ ਸਾਰੇ ਹੋਰ ਖੇਤਰਾਂ ਚ ਪਾਣੀ ਦੀ ਅੰਨ੍ਹੇਵਾਹ ਦੁਰਵਰਤੋਂ ਹੈ।ਕੁੱਝ ਸਿਆਸੀ ਅਤੇ ਸਮਾਜੀ ਕਾਰਨ ਵੀ ਇਹਦੇ ਲਈ ਜਿੰਮੇਵਾਰ ਹਨ। ਇਸੇ ਤਰ੍ਹਾਂ,ਪੰਜਾਬ ਦੀ ਹਵਾ ਵੀ ਜਹਿਰੀਲੀ ਹੋ ਚੁੱਕੀ ਹੈ ਅਤੇ ਪੰਜਾਬ ਦੀ ਮਿੱਟੀ ਵੀ ਕੀਟਨਾਸ਼ਕ ਦਵਾਈਆਂ ਦੀ ਲੋੜ ਤੋਂ ਜਿਆਦਾ ਵਰਤੋਂ ਦੇ ਕਾਰਨ ਬੰਜਰ ਹੋਣ ਵੱਲ ਵੱਧ ਰਹੀ ਹੈ।ਭਾਵੇਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਬੜਾ ਪਹਿਲਾਂ ਇਹਦੇ ਵਾਰੇ ਸੁਚੇਤ ਕੀਤਾ ਸੀ।ਗੁਰੂ ਸਾਹਿਬ ਨੇ ਸਾਨੂੰ,

ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹੱਤ!

ਦਾ ਉਪਦੇਸ਼ ਦਿੱਤਾ ਸੀ।ਪਰ ਅਸੀਂ ਲੋਕਾਂ ਨੇ,ਵੱਧ ਮੁਨਾਫੇ ਦੀ ਖਾਤਰ ਉਨ੍ਹਾਂ ਦੇ ਇਸ ਉਪਦੇਸ਼ ਨੂੰ ਬਿਲਕੁਲ ਹੀ ਨਕਾਰ ਦਿੱਤਾ ਹੈ।
ਇਹੋ ਕਾਰਨ ਹੈ,ਕਿ ਪੈਸੇ ਦੀ ਅੰਨ੍ਹੀ ਦੌੜ ਨੇ ਸਾਂਝੇ ਪਰਿਵਾਰਾਂ ਨੂੰ ਵੀ ਤੋੜ ਦਿੱਤਾ ਹੈ ਅਤੇ ਵਿਗਿਆਨਕ ਤਰੱਕੀ ਨੇ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਨੂੰ ਵੀ ਲੀਰੋ ਲੀਰ ਕਰਕੇ ਰੱਖ ਦਿੱਤਾ ਹੈ।ਹੁਣ ਕੋਈ ਸਰਵਣ ਪੁੱਤ ਬਣ ਕੇ,ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰਦਾ ਅਤੇ ਨਾ ਹੀ ਕੋਈ ਆਪਣੇ ਭੈਣ ਭਰਾਵਾਂ ਅਤੇ ਰਿਸ਼ਤੇਦਾਰਾਂ ਲਈ ਜਾਨ ਦਿੰਦਾ ਹੈ।ਸਗੋਂ ਉਲਟਾ, ਭੈਣ ਭਰਾ ਤਾਂ ਧਨ ਦੌਲਤ ਅਤੇ ਜ਼ਮੀਨ ਜਾਇਦਾਦ ਲਈ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ।ਰਿਸ਼ਤੇਦਾਰ ਹੀ,ਭੈਣ ਭਰਾਵਾਂ ਨੂੰ ਆਪਸ ਵਿੱਚ ਲੜਾ ਕੇ, ਨਿੱਤ ਨਵਾਂ ਤਮਾਸ਼ਾ ਵੇਖਦੇ ਹਨ।

ਅਜੋਕੇ ਦੌਰ ‘ਚ, ਪੈਸੇ ਦੀ ਅੰਨ੍ਹੀ ਦੌੜ ਚ,ਬੱਚੇ ਕਰੈਚਾਂ ਵਿੱਚ ਰੁਲਦੇ ਹਨ ਅਤੇ ਜਿਆਦਾਤਰ ਮਾਪੇ ਬ੍ਰਿਧ ਆਸ਼ਰਮਾਂ ਚ ਆਪਣੀ ਜਿੰਦਗੀ ਦੇ ਆਖਰੀ ਦਿਨ ਕੱਟਦੇ ਹਨ।ਹੁਣ ਕੋਈ ਬੱਚਾ ਭੂਆ,ਮਾਸੀ, ਨਾਨਕੇ ਜਾਂ ਫਿਰ ਦਾਦਕੇ ਜਾ ਕੇ ਖੁਸ਼ ਨਹੀਂ ਹੁੰਦਾ ਅਤੇ ਨਾ ਹੀ ਮਾਪੇ ਆਪਣੇ ਬੱਚਿਆਂ ਨੂੰ ਇਨ੍ਹਾਂ ਰਿਸ਼ਤੇਦਾਰਾਂ ਕੋਲ ਭੇਜ ਕੇ ਹੀ ਰਾਜੀ ਹਨ।ਫਿਰ ਬੱਚਿਆਂ ਨੂੰ ਰਿਸ਼ਤੇ ਨਾਤਿਆਂ ਦਾ ਪਤਾ ਕਿਸ ਤਰ੍ਹਾਂ ਲੱਗੇਗਾ ਅਤੇ ਕਿਵੇਂ ਆਪਸੀ ਰਿਸ਼ਤਿਆਂ ਚ ਪ੍ਰੇਮ ਪਿਆਰ ਹੀ ਵਧੇਗਾ।

ਰਿਸ਼ਤੇ ਨਾਤਿਆਂ ਦੀ ਤਰ੍ਹਾਂ ਹੀ ਪੰਜਾਬ ਦਾ ਸੱਭਿਆਚਾਰ ਵੀ ਦਿਨੋਂ ਦਿਨ ਪਲੀਤ ਹੁੰਦਾ ਜਾ ਰਿਹਾ ਹੈ।ਹੁਣ ਕੋਈ ਵੀ ਬੱਚਾ,ਬਾਪੂ,ਬੇਬੇ, ਭੂਆ ਫੁੱਫੜ,ਮਾਸੀ ਮਾਸੜ,ਚਾਚਾ ਚਾਚੀ,ਤਾਇਆ ਤਾਈ,ਦਾਦਾ ਦਾਦੀ ਜਾਂ ਫਿਰ ਨਾਨਾ ਨਾਨੀ ਨਹੀਂ ਕਹਿੰਦਾ। ਸਗੋਂ ਹਰ ਕੋਈ ਅੰਕਲ ਆਂਟੀ, ਮੌਮ ਡੈਡ ਹੀ ਆਖਕੇ ਕੰਮ ਚਲਾ ਲੈਂਦਾ ਹੈ।ਭੈਣ ਨੂੰ ਸਿਸ ਅਤੇ ਭਰਾ ਨੂੰ ਬਰੋ ਆਖਕੇ ਕੰਮ ਚਲਾਇਆ ਜਾ ਰਿਹਾ ਹੈ,ਜੋ ਕਿ ਪੰਜਾਬੀ ਬੱਚਿਆਂ ਨੂੰ ਉਨ੍ਹਾਂ ਦੇ ਸੱਭਿਆਚਾਰ ਤੋਂ ਕੋਹਾਂ ਦੂਰ ਲੈ ਕੇ ਜਾ ਰਿਹਾ ਹੈ। ਜਿਸਦਾ ਪੰਜਾਬੀ ਸੱਭਿਆਚਾਰ ਨੂੰ ਬੜਾ ਵੱਡਾ ਘਾਟਾ ਪੈ ਰਿਹਾ ਹੈ।

ਮੁੱਕਦੀ ਗੱਲ ਤਾਂ ਇਹ ਹੈ,ਕਿ ਕੋਈ ਮੰਨੇ ਜਾਂ ਨਾ ਮੰਨੇ।

ਪਰ ਇਹ ਇੱਕ ਸਚਾਈ ਹੈ ਕਿ ਪੰਜਾਬ ਦੀ ਅਸਲੀਅਤ ਦੇ ਅਨੁਸਾਰ,ਪੈਸੇ ਅਤੇ ਮਤਲਬਪ੍ਰਸਤੀ ਦੀ ਚਕਾਚੌਂਧ ਦੇ ਕਾਰਨ,ਪੰਜਾਬੀਆਂ ਦੇ ਮਿੱਠੇ ਅਤੇ ਕੁਰਬਾਨੀ ਵਾਲੇ ਆਪਸੀ ਰਿਸ਼ਤੇ ਦਿਨੋਂ ਦਿਨ ਬੜੀ ਤੇਜੀ ਨਾਲ ਲੀਰੋ ਲੀਰ ਹੋ ਰਹੇ ਹਨ ਅਤੇ ਗੁਰੂਆਂ,ਪੀਰਾਂ ਅਤੇ ਫਕੀਰਾਂ ਵਾਲਾ ਮਿੱਠ ਬੋਲੜਾ ਸੱਭਿਆਚਾਰ ਵੀ ਬੜੀ ਤੇਜੀ ਨਾਲ ਪਲੀਤ ਹੋਣ ਦੇ ਕਿਨਾਰੇ ਤੇ ਹੈ।ਅਗਰ ਸਮੂਹ ਪੰਜਾਬੀਆਂ ਨੇ,ਆਪਸੀ ਰਿਸ਼ਤਿਆਂ ਨੂੰ ਲੀਰੋ ਲੀਰ ਹੋਣ ਅਤੇ ਪੰਜਾਬੀ ਸੱਭਿਆਚਾਰ ਨੂੰ ਪਲੀਤ ਹੋਣ ਤੋਂ ਨਾ ਬਚਾਇਆ, ਤਾਂ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਬਰਬਾਦ ਹੋ ਜਾਣਗੀਆਂ।ਕਿਉਂਕਿ ਪੰਜਾਬੀ ਤਾਂ,ਸਿਰਫ ਆਪਣੇ ਅਮੀਰ ਸੱਭਿਆਚਾਰ ਅਤੇ ਸਾਦ ਮੁਰਾਦੇ ਰਿਸ਼ਤਿਆਂ ਕਰਕੇ ਹੀ ਅਮੀਰ ਹਨ।ਪੰਜਾਬੀਆਂ ਲਈ,ਇੰਨ੍ਹਾਂ ਰਿਸ਼ਤਿਆਂ ਅਤੇ ਸੱਭਿਆਚਾਰ ਤੋਂ ਇਲਾਵਾ ਪੈਸਾ ਕੋਈ ਜਿਆਦਾ ਮਹੱਤਵ ਨਹੀਂ ਰੱਖਦਾ।

ਸੁਬੇਗ ਸਿੰਘ, ਸੰਗਰੂਰ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button