PunjabTop News

ਪੰਜਾਬ ‘ਚ ਕੋਲੇ ਦੀ ਘਾਟ ਕਾਰਨ ਬਿਜਲੀ ਸੰਕਟ ਡੂੰਘਾ!, 1500 ਮੈਗਾਵਾਟ ਉਤਪਾਦਨ ਘਟਿਆ

ਪੰਜਾਬ ‘ਚ ਪਿਛਲੇ ਕਈ ਦਿਨਾਂ ਤੋਂ ਵਧ ਰਹੇ ਬਿਜਲੀ ਕੱਟਾਂ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਰਾਜ ਭਰ ਵਿੱਚ ਕੋਲੇ ਦੀ ਗੰਭੀਰ ਘਾਟ ਕਾਰਨ ਬਿਜਲੀ ਉਤਪਾਦਨ ਵਿੱਚ ਭਾਰੀ ਗਿਰਾਵਟ ਆਈ ਹੈ, ਜਿਸ ਸਦਕਾ ਰੋਜ਼ਾਨਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵੀਡੀਓ ਸੰਦੇਸ਼ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਇਲੇ ਦੀ ਰਾਸ਼ਟਰੀ ਪੱਧਰ ‘ਤੇ ਪੈ ਰਹੀ ਘਾਟ ਕਾਰਨ ਪੰਜਾਬ ਨੂੰ ਘਰੇਲੂ ਅਤੇ ਉਦਯੋਗਿਕ ਖੇਤਰਾਂ ਵਿੱਚ ਕੱਟ ਲਗਾਉਣੇ ਪੈ ਰਹੇ ਹਨ।
ਮੰਤਰੀ ਮੁਤਾਬਕ ਦੇਸ਼ ਭਰ ਵਿੱਚ ਲਗਪਗ 63 ਗੀਗਾਵਾਟ ਸਮਰੱਥਾ ਵਾਲੇ ਥਰਮਲ ਪਾਵਰ ਪਲਾਂਟ ਕੋਲੇ ਦੀ ਕਿੱਲਤ ਕਾਰਨ ਮੁਸੀਬਤ ਵਿੱਚ ਹਨ। ਬਹੁਤ ਸਾਰੇ ਨਿੱਜੀ ਪਲਾਂਟਾਂ ਕੋਲ ਸਿਰਫ 3 ਤੋਂ 4 ਦਿਨਾਂ ਦਾ ਹੀ ਕੋਇਲਾ ਬਚਿਆ ਹੈ, ਜਿਸ ਕਾਰਨ ਉਹ ਆਪਣੀ ਅੱਧੀ ਸਮਰੱਥਾ ‘ਤੇ ਵੀ ਕੰਮ ਕਰਨ ਲਈ ਮਜ਼ਬੂਰ ਹਨ। ਇਸ ਘਾਟ ਕਾਰਨ ਬਿਜਲੀ ਉਤਪਾਦਨ ‘ਚ ਭਾਰੀ ਕਮੀ ਦਰਜ ਕੀਤੀ ਗਈ ਹੈ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਰੋਜ਼ਾਨਾ ਬਿਜਲੀ ਲੋੜਾਂ ‘ਤੇ ਪੈ ਰਿਹਾ ਹੈ।ਬਿਜਲੀ ਮੰਤਰੀ ਨੇ ਖਾਸ ਤੌਰ ‘ਤੇ ਨਾਭਾ ਪਾਵਰ ਲਿਮਟਿਡ (ਰਾਜਪੁਰਾ) ਅਤੇ ਤਲਵੰਡੀ ਸਾਬੋ ਪਾਵਰ ਪਲਾਂਟ (ਮਾਨਸਾ) ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਦੋਵੇਂ ਪਲਾਂਟ ਪੂਰੀ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਸਪਲਾਈ ਕੀਤੇ ਜਾਣ ਵਾਲੇ ਕੋਇਲੇ ‘ਤੇ ਨਿਰਭਰ ਹਨ। ਪਰ ਕੇਂਦਰ ਵੱਲੋਂ ਲੋੜੀਂਦਾ ਕੋਇਲਾ ਨਾ ਮਿਲਣ ਕਾਰਨ ਇਹ ਦੋਵੇਂ ਵੱਡੇ ਪਾਵਰ ਪਲਾਂਟ ਆਪਣੀ ਅੱਧੀ ਸਮਰੱਥਾ ਨਾਲ ਹੀ ਚੱਲ ਰਹੇ ਹਨ, ਜਿਸ ਕਾਰਨ ਪੰਜਾਬ ਨੂੰ ਰੋਜ਼ਾਨਾ ਲੱਖਾਂ ਯੂਨਿਟ ਬਿਜਲੀ ਦਾ ਨੁਕਸਾਨ ਹੋ ਰਿਹਾ ਹੈ।
ਉੱਥੇ ਹੀ ਜਿਨ੍ਹਾਂ ਥਰਮਲ ਪਲਾਂਟਾਂ ਨੂੰ ਸੂਬਾ ਸਰਕਾਰ ਖੁਦ ਕੋਇਲਾ ਮੁਹੱਈਆ ਕਰਵਾ ਰਹੀ ਹੈ, ਉਨ੍ਹਾਂ ਕੋਲ ਅਜੇ 10 ਦਿਨਾਂ ਦਾ ਸਟਾਕ ਮੌਜੂਦ ਹੈ।
ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕੇਂਦਰ ਸਰਕਾਰ ਵੱਲੋਂ ਇਸ ਵਿਸ਼ੇ ‘ਤੇ ਚੁੱਪੀ ਸਾਧੇ ਜਾਣ ‘ਤੇ ਨਾਰਾਜ਼ਗੀ ਪ੍ਰਗਟਾਈ ਅਤੇ ਕਿਹਾ ਕਿ ਇਹ ਸਮਾਂ ਕੇਂਦਰ ਲਈ ਆਪਣੀ ਚੁੱਪੀ ਤੋੜਨ ਅਤੇ ਸਪੱਸ਼ਟ ਕਰਨ ਦਾ ਹੈ ਕਿ ਕੋਇਲੇ ਦੀ ਇਸ ਰਾਸ਼ਟਰੀ ਘਾਟ ਨੂੰ ਕਿਵੇਂ ਦੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਇਸ ‘ਤੇ ਠੋਸ ਕਦਮ ਨਹੀਂ ਚੁੱਕਦਾ, ਉਦੋਂ ਤੱਕ ਪੰਜਾਬ ਸਮੇਤ ਹੋਰ ਸੂਬਿਆਂ ਵਿੱਚ ਬਿਜਲੀ ਸੰਕਟ ਜਾਰੀ ਰਹੇਗਾ ਅਤੇ ਆਮ ਆਦਮੀ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਵੇਗਾ।
ਬਿਜਲੀ ਮੰਤਰੀ ਨੇ ਦੱਸਿਆ ਕਿ ਕੋਇਲੇ ਦੀ ਘਾਟ ਕਾਰਨ ਪੰਜਾਬ ਵਿੱਚ ਬਿਜਲੀ ਉਤਪਾਦਨ 1500 ਮੈਗਾਵਾਟ ਤੱਕ ਘਟ ਗਿਆ ਹੈ, ਜੋ ਕਿ ਬਹੁਤ ਹੀ ਗੰਭੀਰ ਸਥਿਤੀ ਹੈ। ਇਹ ਘਾਟ ਨਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਦੇ ਊਰਜਾ ਖੇਤਰ ਨੂੰ ਪ੍ਰਭਾਵਿਤ ਕਰ ਰਹੀ ਹੈ। ਮੰਤਰੀ ਨੇ ਕੇਂਦਰ ਸਰਕਾਰ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਇਸ ਮੁੱਦੇ ਨੂੰ ਰਾਜਨੀਤੀ ਤੋਂ ਉੱਪਰ ਉਠਾ ਕੇ ਤੁਰੰਤ ਹੱਲ ਕਰੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
ਇਸ ਵੇਲੇ ਪੰਜਾਬ ਵਿੱਚ ਬਿਜਲੀ ਦੀ ਖਪਤ 16,000 ਮੈਗਾਵਾਟ ਤੋਂ ਉੱਪਰ ਹੈ, ਜਦੋਂ ਕਿ ਰਾਜ ਦੀ ਆਪਣੀ ਉਤਪਾਦਨ ਸਮਰੱਥਾ 4,200 ਤੋਂ 4,900 ਮੈਗਾਵਾਟ ਦੇ ਵਿਚਕਾਰ ਹੈ। ਕੇਂਦਰੀ ਗਰਿੱਡ ਤੋਂ ਲਗਪਗ 10,800-11,200 ਮੈਗਾਵਾਟ ਬਿਜਲੀ ਲਈ ਜਾ ਰਹੀ ਹੈ, ਪਰ ਸ਼ਾਮ ਦੇ ਸਮੇਂ ਸੋਲਰ ਊਰਜਾ ਘਟਣ ਕਾਰਨ ਇਹ ਸਪਲਾਈ 8,800 ਮੈਗਾਵਾਟ ਤੱਕ ਡਿੱਗ ਜਾਂਦੀ ਹੈ। ਇਸ ਤਰ੍ਹਾਂ ਮੰਗ ਅਤੇ ਸਪਲਾਈ ਵਿੱਚ ਲਗਭਗ 2,000 ਮੈਗਾਵਾਟ ਦਾ ਪਾੜਾ ਪੈਦਾ ਹੋ ਜਾਂਦਾ ਹੈ, ਜੋ ਹਾਲਾਤ ਨੂੰ ਹੋਰ ਗੰਭੀਰ ਬਣਾ ਰਿਹਾ ਹੈ।ਹਾਲਾਂਕਿ ਪ੍ਰਾਈਵੇਟ ਪਲਾਂਟਾਂ (ਰਾਜਪੁਰਾ ਅਤੇ ਤਲਵੰਡੀ ਸਾਬੋ) ਕੋਲ ਬਚੇ ਕੋਇਲੇ ਦੀ ਸਹੀ ਮਾਤਰਾ ਦਾ ਖੁਲਾਸਾ ਨਹੀਂ ਕੀਤਾ ਗਿਆ, ਪਰ ਮੰਤਰੀ ਦੇ ਬਿਆਨ ਅਨੁਸਾਰ ਰਾਸ਼ਟਰੀ ਪੱਧਰ ‘ਤੇ ਕਈ ਪਲਾਂਟ ਸਿਰਫ 3-4 ਦਿਨਾਂ ਦੇ ਕੋਇਲੇ ਨਾਲ ਚੱਲ ਰਹੇ ਹਨ ਅਤੇ ਉਹ ਵੀ 50 ਫ਼ੀਸਦੀ ਸਮਰੱਥਾ ‘ਤੇ। ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਕੋਇਲੇ ਦੀ ਸਪਲਾਈ ਵਿੱਚ ਵੀ ਭਾਰੀ ਕਟੌਤੀ ਕੀਤੀ ਗਈ ਹੈ। ਪਹਿਲਾਂ ਹੀ 51 ਥਰਮਲ ਪਲਾਂਟਾਂ ਨੂੰ ‘ਕ੍ਰਿਟੀਕਲੀ ਸਟੌਕਡ’ ਐਲਾਨ ਕੀਤਾ ਜਾ ਚੁੱਕਾ ਹੈ, ਜਿੱਥੇ ਕੋਇਲੇ ਦਾ ਭੰਡਾਰ ਸਿਰਫ 47.8 ਫ਼ੀਸਦੀ ਰਹਿ ਗਿਆ ਹੈ।ਲਗਾਤਾਰ ਵਧ ਰਹੇ ਬਿਜਲੀ ਕੱਟਾਂ ਕਾਰਨ ਘਰੇਲੂ ਖਪਤਕਾਰਾਂ ਤੋਂ ਇਲਾਵਾ ਉਦਯੋਗਿਕ ਇਕਾਈਆਂ ਵੀ ਭਾਰੀ ਪ੍ਰੇਸ਼ਾਨੀ ਵਿੱਚ ਹਨ। ਕਈ ਉਦਯੋਗਾਂ ਨੂੰ ਆਪਣਾ ਉਤਪਾਦਨ ਘਟਾਉਣਾ ਪੈ ਰਿਹਾ ਹੈ, ਜਿਸ ਦਾ ਅਸਰ ਰੁਜ਼ਗਾਰ ਅਤੇ ਆਰਥਿਕ ਗਤੀਵਿਧੀਆਂ ‘ਤੇ ਵੀ ਪੈ ਰਿਹਾ ਹੈ। ਮੰਤਰੀ ਨੇ ਸਪੱਸ਼ਟ ਕੀਤਾ ਕਿ ਜੇਕਰ ਅਗਲੇ 4 ਦਿਨਾਂ ਵਿੱਚ ਕੋਇਲੇ ਦੀ ਸਪਲਾਈ ਨਹੀਂ ਵਧੀ ਤਾਂ ਸਥਿਤੀ ਹੋਰ ਬਿਗੜ ਸਕਦੀ ਹੈ ਅਤੇ ਪਾਬੰਦੀਆਂ ਵਧਾਉਣੀਆਂ ਪੈਣਗੀਆਂ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button