OpinionD5 special

ਪੰਜਾਬ ‘ਚ ਆਈ ਸਿਆਸੀ ਤਬਦੀਲੀ, ਲੋਕਾਂ ਦੀਆਂ ਉਮੀਦਾਂ ਵੱਧ, ਕਿਵੇਂ ਪਏਗੀ ਭ੍ਰਿਸ਼ਟਾਚਾਰੀ ਨੂੰ ਨੱਥ

ਰਸਤਾ ਔਖਾ ਪਰ ਦ੍ਰਿੜ ਇਰਾਦਾ ਕੱਢ ਸਕਦਾ ਹੈ ਪੰਜਾਬ ਨੂੰ ਦਲ-ਦਲ ’ਚੋਂ ਬਾਹਰ

ਜਸਪਾਲ ਸਿੰਘ ਢਿੱਲੋਂ
ਪਟਿਆਲਾ 28 ਮਾਰਚ : ਪੰਜਾਬ ’ਚ ਇਸ ਵੇਲੇ ਵੱਡਾ ਸਿਆਸੀ ਬਦਲਾਅ ਆਇਆ ਹੈ। ਇਸ ਵੇਲੇ ਲੋਕਾਂ ਨੇ ਰਾਜ ਦੀ ਵਾਂਗਡੋਰ ਆਮ ਆਦਮੀ ਪਾਰਟੀ ਦੇ ਹੱਥ ’ਚ ਦਿੱਤੀ ਹੈ ਤੇ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ। ਪੰਜਾਬ ਦੇ ਲੋਕ ਵੱਡੇ ਪੱਧਰ ‘ਤੇ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੀਆਂ ਸਨ,ਇਸ ਲਈ ਲੋਕਾਂ ਨੇ ਇਨ੍ਹਾਂ ਆਪਸ ‘ਚ ਵੀ ਮਿਲ ਚੁੱਕੀਆਂ ਪਾਰਟੀਆਂ ਨੂੰ ਬੁਰੀ ਤਰ੍ਹਾਂ ਨਿਕਾਰ ਦਿੱਤਾ ਹੈ। ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਨਹੀਂ ਸਗੋਂ ਰਵਾਇਤੀਆਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਭਗਤ ਸਿੰਘ ਦੇ ਪਿੰਡ ‘ਚ ਸਹੁੰ ਚੁੱਕੀ ਤੇ ਰਾਜ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਐਲਾਨ ਕੀਤਾ ਤੇ ਆਖਿਆ ਕਿ ਇਕ ਵੱਟਸਐਪ ਨੰਬਰ ਜਾਰੀ ਕਰਾਂਗਾ ਜੋ ਹੁਣ ਕਰ ਦਿੱਤਾ ਹੈ।

ਦਿਲਸਚਪ ਗੱਲ ਇਹ ਹੈ ਕਿ 23 ਮਾਰਚ ਨੂੰ ਜਾਰੀ ਕੀਤੇ ਨੰਬਰ 9501200200 ਤੇ ਇਕ ਹਫਤੇ ਤੋਂ ਘੱਟ ਸਮੇਂ ’ਚ ਇਸ ਤੇ ਕਈ ਹਜ਼ਾਰ ਸ਼ਿਕਾਇਤਾਂ ਦਰਜ ਹੋ ਗਈਆਂ। ਇਹ ਸ਼ਕਾਇਤਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ, ਕਿ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਕਿਸ ਹੱਦ ਤੱਕ ਮਜ਼ਬੁੂਤੀ ਨਾਲ ਫੈਲੀਆਂ ਹੋਈਆਂ ਹਨ। ਮੁੱਖ ਮੰਤਰੀ ਦੇ ਮੰਤਰੀ ਮੰਡਲ ’ਚ ਜੋ 10 ਮੰਤਰੀ ਲਏ ਗਏ ਹਨ, ਉਨ੍ਹਾਂ ‘ਚੋਂ 8 ਦੇ ਕਰੀਬ ਨਵੇਂ ਪਹਿਲੀ ਵਾਰ ਜਿੱਤਕੇ ਆਏ ਚੇਹਰੇ ਹਨ। ਜਿਨ੍ਹਾਂ ਦੇ ਕੋਲ ਕੋਈ ਵੀ ਵਿਸ਼ੇਸ਼ ਤਜੁਰਬਾ ਵੀ ਨਹੀਂ ਹੈ। ਇਨ੍ਹਾਂ ਵਿਧਾਇਕਾਂ ਨੇ ਜੋ ਜਿੱਤਦੇ ਸਾਰ ਹੀ ਆਪੋ ਧਾਪੀ ਕੰਮ ਕਰਨੇ ਸ਼ੁਰੂ ਕੀਤੇ, ਉਸ ਦਾ ਅਸਰ ਲੋਕਾਂ ’ਚ ਚੰਗਾ ਨਹੀਂ ਹੋਇਆ, ਜਿਸ ਤੋਂ ਬਾਅਦ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਨ੍ਹਾਂ ਨੂੰ ਇਕੱਠੇ ਕਰਕੇ ਪਾਠ ਪੜਾਉਣਾ ਪਿਆ। ਹਾਲ ਹੀ ’ਚ ਫਰੀਦਕੋਟ ਦੀ ਘਟਨਾ ਸਬੰਧੀ ਲੋਕਾਂ ਨੂੰ ਹਾਲੇ ਤੱਕ ਸਪਸ਼ਟ ਜਵਾਬ ਨਹੀਂ ਮਿਲਿਆ। ਵਿਰੋਧੀ ਧਿਰਾਂ ਇਸ ਗੱਲ ਤੇ ਵੀ ਸਰਕਾਰ ਨੂੰ ਘੇਰ ਰਹੀਆਂ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਵੇਲੇ ਪਹਿਲੀ ਫੇਰੀ ’ਚ ਹੀ ਉਨ੍ਹਾਂ ਇਕ ਲੱਖ ਕਰੋੜ ਦੀ ਮੱਦਦ ਦੀ ਮੰਗ ਕਰ ਦਿੱਤੀ। ਹਾਲਾਂਕਿ ਕੇਂਦਰ ਤੋਂ ਮੱਦਦ ਲੈਣ ’ਚ ਕੋਈ ਗੁਨਾਹ ਨਹੀਂ ਹੈ। ਲੋਕਾਂ ’ਚ ਇਹ ਚਰਚਾ ਹੈ ਕਿ ਜੋ ਵਾਅਦੇ ਇਨ੍ਹਾਂ ਨੇ ਕੀਤੇ ਹਨ ਉਨ੍ਹਾਂ ਪੂਰੇ ਕਰਨ ਲਈ ਵੀ ਆਪਣੀਆਂ ਨੀਤੀਆਂ ਹੀ ਬਦਲਣੀਆਂ ਹੋਣਗੀਆਂ ਅਤੇ ਖ਼ਜਾਨਾ ਭਰਨ ਲਈ ਵੀ ਖਰਚੇ ਘਟਾਉਣੇ ਪੈਣਗੇ ਅਤੇ ਫਜੂਲ ਖਰਚੀ ਨੂੰ ਰੋਕ ਕੇ ਵਾਧੂ ਆਮਦਨ ਲਈ ਸਾਧਨ ਜੁਟਾਉਣੇ ਪੈਣਗੇ।

ਇਸ ਵੇਲੇ ਰਾਜ ਦਾ ਖ਼ਜ਼ਾਨਾ ਖਾਲੀ ਹੈ ਵੱਡੀ ਪੱਧਰ ਤੇ ਪੰਜਾਬ ਤੇ ਕਰਜ਼ਾ ਚੜਿਆ ਹੋਇਆ ਹੈ। ਸਭ ਤੋਂ ਪਹਿਲਾਂ ਖ਼ਜਾਨੇ ਦੀਆਂ ਚੋਰ ਮੋਰੀਆਂ ਨੂੰ ਕਿਵੇਂ ਬੰਦ ਕੀਤਾ ਜਾਵੇਗਾ, ਇਹ ਇਕ ਵੱਡਾ ਸਵਾਲ ਹੈ। ਇਸ ਕੜੀ ’ਚ ਜੋ ਵੱਡਾ ਕਦਮ ਚੁੱਕਿਆ ਹੈ, ਉਹ ਸਾਬਕਾ ਵਿਧਾਇਕਾਂ ਦੀਆਂ ਪੈਨਸ਼ਨਾਂ ਤੇ ਕੋਹਾੜਾ ਚਲਾਇਆ ਹੈ, ਇਹ ਸੰਕੇਤ ਦਿੰਦਾ ਹੈ ਕਿ ਸਰਕਾਰ ਅਗਲੇ ਦਿਨਾਂ ’ਚ ਸਖਤ ਫੈਸਲੇ ਲੈ ਸਕਦੀ ਹੈ। ਇਸ ਫੈਸਲੇ ਦਾ ਬਹੁ ਗਿਣਤੀ ਲੋਕਾਂ ਨੇ ਸਰਾਹਨਾ ਹੀ ਕੀਤੀ ਹੈ, ਕੁੱਝ ਕੁ ਸਿਆਸੀ ਆਗੂਆਂ ਨੂੰ ਛੱਡਕੇ ਬਾਕੀ ਸਭ ਨੇ ਇਸ ਸੀ ਦਿਸ਼ਾ ’ਚ ਚੁੱਕਿਆ ਕਦਮ ਕਿਹਾ ਹੈ। ਇਸੇ ਤਰਾਂ ਲੋੜਵੰਦਲੋਕਾਂ ਨੂੰ ਦਿੱਤਾ ਜਾਣ ਵਾਲਾ ਰਾਸ਼ਨ ਵੀ ਹੁਣ ਘਰ ਘਰ ਜਾਕੇ ਵੰਡਿਆ ਜਾਵੇਗਾ।

ਲੋਕਾਂ ਦੇ ਵਿਚ ਇਸ ਗੱਲ ਦੀ ਵੀ ਚਰਚਾ ਚੱਲ ਪਈ ਹੈ ਕਿ ਮੁੱਖ ਮੰਤਰੀ ਦੇ ਦੌਰਿਆਂ ਸਮੇਂ ਪੁਲਿਸ ਦਾ ਕੋਈ ਰੂਟ ਨਹੀਂ ਲੱਗੇਗਾ ਪਰ ਹੁਣ ਫਿਰ ਕਈ ਥਾਵਾਂ ਤੇ ਮੁੜ ਰੂਟ ਲਾਏ ਜਾ ਰਹੇ ਹਨ ਇਸ ਸਬੰਧੀ ਨੀਤੀ ਸਪਸ਼ਟ ਕਰਨੀ ਹੋਵੇਗੀ। ਜੇ ਲੋਕਾਂ ਨੂੰ ਥਾਣਿਆਂ ’ਚ ਇਨਸਾਫ ਦੇਣਾ ਹੈ ਤਾਂ ਇਸ ਵਿਧੀ ਨੂੰ ਬਦਲਣਾ ਪਵੇਗਾ, ਇਸ ਨਾਲ ਜਿਹੜੇ ਹੋਰ ਲੋਕ ਜੈਡ ਪਲੱਸ ਸੁਰੱਖਿਆ ਲਈ ਫਿਰਦੇ ਹਨ ਉਨ੍ਹਾਂ ਲਈ ਵੀ ਰੂਟ ਬੰਦ ਹੋ ਜਾਣਗੇ। ਇਸ ਦਾ ਚੰਗਾ ਅਸਰ ਪਵੇਗਾ, ਜਿਸ ਨਾਲ ਮੁਲਾਜ਼ਮ ਥਾਣਿਆਂ ’ਚ ਹਾਜ਼ਰ ਰਹਿਣਗੇ ਜਿਸ ਨਾਲ ਲੋਕਾਂ ਦੇ ਮਸਲੇ ਜਲਦ ਹੱਲ ਹੋ ਜਾਣਗੇ। ਪਿਛਲੇ ਦਿਨੀ ਕਈ ਜ਼ਿਲਿਆਂ ’ਚ ਪੁਲਿਸ ਅਧਿਕਾਰੀਆਂ ਨੇ ਥਾਣਾ ਪੱਧਰ ਤੇ ਕੈਂਪ ਲਗਾ ਕੇ ਬਕਾਇਆ ਕੇਸਾਂ ਦਾ ਨਿਪਟਾਰਾ ਕੀਤਾ ਹੈ, ਜੋ ਇਕ ਸ਼ੁਭ ਕਦਮ ਮੰਨਿਆ ਜਾ ਰਿਹਾ ਹੈ।

ਪੰਜਾਬ ਨੂੰ ਇਸ ਵੇਲੇ ਠੋਸ ਕਦਮਾਂ ਦੀ ਜ਼ਰੂਰਤ ਹੈ, ਜੋ ਲੋਕ ਇਸ ਵੇਲੇ ਸਰਕਾਰ ਨੂੰ ਭੰਡਣ ਲੱਗ ਪਏ ਹਨ, ਉਨ੍ਹਾਂ ਨੂੰ ਕੁਝ ਦੇਰ ਇੰਤਜ਼ਾਰ ਕਰਦੇ ਹੋਏ ਇਸ ਸਰਕਾਰ ਦੀ ਕਾਰਗੁਜਾਰੀ ਤੇ ਬਾਜ ਅੱਖ ਰੱਖਣੀ ਚਾਹੀਦੀ ਹੈ। ਇਸ ਵੇਲੇ ਸਾਨੂੰ ਉਡੀਕ ਕਰਨੀ ਚਾਹੀਦੀ ਹੈ ਤੇ ‘ਰਾਹ ਪਏ ਜਾਣੀਏ ਜਾਂ ਵਾਹ ਪਏ ਜਾਣੀਏ’। ਸਾਨੂੰ ਹਾਲੇ ‘ ਤੇਲ ਦੇਖੋ ਤੇਲ ਦੀ ਧਾਰ ਦੇਖੋ ’ ਹੋਰ ਇੰਤਜ਼ਾਰ ਕਰਨਾ ਚਾਹੀਦਾ ਹੈ। ਪੰਜਾਬ ਦੇ ਮਸਲਿਆਂ ਨੂੰ ਮਾਨ ਸਰਕਾਰ ਕਿਵੇਂ ਹੱਲ ਕਰਦੀ ਹੈ, ਇਹ ਇਕ ਗੰਭੀਰ ਵਿਸ਼ਾ ਹੈ ਸਾਨੂੰ ਆਸ ਰੱਖਣੀ ਚਾਹੀਦੀ ਹੈ ਪੰਜਾਬ ਦਾ ਰਾਜਸੀ ਬਦਲ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੇ ਜ਼ਰੂਰ ਖਰਾ ਊਤਰੇਗੀ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button