PunjabTop News

ਨਸ਼ਿਆਂ ’ਤੇ ਸਵਾਲ ਕਰਨ ਵਾਲੇ ਵਿਅਕਤੀ ਨੇ ਖਾਧੀ ਸਲਫਾਸ

ਨਸ਼ਿਆਂ ’ਤੇ ਸਵਾਲ ਕਰਨ ਵਾਲੇ ਵਿਅਕਤੀ ਨੇ ਖਾਧੀ ਸਲਫਾਸ, ਵਿੱਤ ਮੰਤਰੀ ਦੇ ਸਮਾਗਮ ’ਚੋਂ ਬਾਹਰ ਕੱਢਣ ਮਗਰੋਂ ਧਮਕਾਉਣ ਦੇ ਦੋਸ਼
ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿੰਡ ਸ਼ੇਰੋਂ ਵਿੱਚ ਲੋਕ ਮਿਲਣੀ ਦੌਰਾਨ ਕਾਲੇ ਝੰਡੇ ਵਿਖਾਉਣ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਕਿ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਤੂਰਬਨਜਾਰਾ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਸਵਾਲ ਕਰਨ ਵਾਲੇ ਵਿਅਕਤੀ ਵੱਲੋਂ ਸਲਫਾਸ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਹਾਲਤ ਵਿੱਚ ਪਹਿਲਾਂ ਉਸ ਨੂੰ ਸੰਗਰੂਰ ਸਿਵਲ ਹਸਪਤਾਲ ਅਤੇ ਫਿਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾਇਆ ਗਿਆ। ਸੋਮਵਾਰ ਦੇਰ ਸ਼ਾਮ ਉਸ ਨੂੰ ਮੁੜ ਸੰਗਰੂਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਹਸਪਤਾਲ ਵਿੱਚ ਜ਼ੇਰੇ ਇਲਾਜ ਗੁਲਜਾਰ ਸਿੰਘ ਵਾਸੀ ਤੂਰਬਨਜਾਰਾ ਦੇ ਭਰਾ ਬਿੱਕਰ ਸਿੰਘ ਉਰਫ਼ ਬੱਗਾ ਅਤੇ ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਹੋਏ ਸਮਾਗਮ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੁੱਜੇ ਸਨ। ਉਨ੍ਹਾਂ ਮੁਤਾਬਕ ਗੁਲਜਾਰ ਸਿੰਘ ਨੇ ਨਸ਼ਿਆਂ ਦੇ ਮੁੱਦੇ ’ਤੇ ਵਿੱਤ ਮੰਤਰੀ ਨੂੰ ਸਵਾਲ ਕੀਤੇ। ਇਸ ਦੌਰਾਨ ਉਸ ਨੂੰ ਪੁੱਛਿਆ ਗਿਆ ਕਿ ਨਸ਼ਾ ਕੌਣ ਵੇਚਦਾ ਜਾਂ ਕਰਦਾ ਹੈ। ਗੁਲਜਾਰ ਸਿੰਘ ਨੇ ਕਿਹਾ ਕਿ ਉਸ ਦਾ ਆਪਣਾ ਪੁੱਤਰ ਨਸ਼ੇ ਦਾ ਸ਼ਿਕਾਰ ਹੋ ਚੁੱਕਾ ਹੈ ਅਤੇ ਪਰਿਵਾਰ ਬਰਬਾਦ ਹੋ ਰਿਹਾ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਉਸ ਨੂੰ ਸਮਾਗਮ ਵਿੱਚੋਂ ਬਾਹਰ ਕੱਢ ਦਿੱਤਾ ਗਿਆ।
ਪਰਿਵਾਰਕ ਮੈਂਬਰਾਂ ਅਨੁਸਾਰ ਸੋਮਵਾਰ ਸਵੇਰੇ ਪਿੰਡ ਦੀ ਸਰਪੰਚ ਦੇ ਪਤੀ ਬਲਜੀਤ ਸਿੰਘ ਉਰਫ਼ ਰਾਜੂ, ਸੁਖਦੇਵ ਸਿੰਘ ਉਰਫ਼ ਸੁੱਖਾ, ਵਿੱਕੀ ਪੰਚ ਅਤੇ ਘੋਨਾ ਗੁਲਜਾਰ ਸਿੰਘ ਦੇ ਘਰ ਆਏ। ਉਨ੍ਹਾਂ ਨੇ ਕਥਿਤ ਤੌਰ ’ਤੇ ਉਸ ਨੂੰ ਅਤੇ ਉਸ ਦੇ ਪੁੱਤਰਾਂ ਖ਼ਿਲਾਫ਼ ਪਰਚਾ ਦਰਜ ਕਰਵਾਉਣ ਦੀ ਧਮਕੀ ਦਿੱਤੀ ਅਤੇ ਪੰਚਾਇਤ ਵਿੱਚ ਆ ਕੇ ਮਾਫ਼ੀ ਮੰਗਣ ਲਈ ਕਿਹਾ। ਪਰਿਵਾਰ ਦਾ ਦੋਸ਼ ਹੈ ਕਿ ਇਸ ਤੋਂ ਦੁਖੀ ਹੋ ਕੇ ਗੁਲਜਾਰ ਸਿੰਘ ਨੇ ਸਲਫਾਸ ਖਾ ਲਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button