Breaking NewsD5 specialNewsPress ReleasePunjab

ਨਵਾਂਸ਼ਹਿਰ ਦੇ ਮਲਿਕਪੁਰ ਖੇਤਰ ‘ਚ ਨਾਜਾਇਜ ਮਾਈਨਿੰਗ ਦੇ ਦੋਸ਼ਾਂ ਤਹਿਤ ਭੁਪਿੰਦਰ ਹਨੀ, ਕੁਦਰਤਦੀਪ ‘ਤੇ ਮਾਮਲਾ ਦਰਜ

ਪੰਜਾਬ ਪੁਲਿਸ ਨੇ ਈ.ਡੀ ਵੱਲੋਂ ਪਿਛਲੇ ਸਾਲ ਛਾਪੇਮਾਰੀ ਦੌਰਾਨ ਬਰਾਮਦ ਕੀਤੀਆਂ 73 ਵੇਟਮੈਂਟ ਸਲਿੱਪਾਂ ਦੀ ਜਾਂਚ ਲਈ  ਵਿਸ਼ੇਸ਼ ਜਾਂਚ ਟੀਮ ਦਾ ਕੀਤਾ ਸੀ ਗਠਨ

ਭੂਪਿੰਦਰ ਹਨੀ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਭੇਜਿਆ ਨੋਟਿਸ, ਕੁਦਰਤਦੀਪ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ
ਐਸ.ਬੀ.ਐਸ. ਨਗਰ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਨਾ-ਕਾਬਿਲ-ਏ- ਬਰਦਾਸ਼ਤ ਨੀਤੀ ਅਪਣਾਉਣ ਦੇ ਮੱਦੇਨਜ਼ਰ, ਪੰਜਾਬ ਪੁਲਿਸ ਨੇ ਸੋਮਵਾਰ ਨੂੰ ਕੁਦਰਤਦੀਪ ਸਿੰਘ ਉਰਫ ਲਵੀ ਅਤੇ ਉਸ ਦੇ ਸਹਿਯੋਗੀ ਭੁਪਿੰਦਰ ਸਿੰਘ ਉਰਫ ਹਨੀ ਵਿਰੁੱਧ ਸਾਲ 2017 ਦੌਰਾਨ ਮਲਿਕਪੁਰ ਮਾਈਨਿੰਗ ਸਾਈਟ  ਖੇਤਰ ’ਚ ਗੈਰ-ਕਾਨੂੰਨੀ ਮਾਈਨਿੰਗ ਕਰਨ ਦੇ ਦੋਸ਼ ਤਹਿਤ ਐਫ.ਆਈ.ਆਰ. ਦਰਜ ਕੀਤੀ ਹੈ। ਐਫ.ਆਈ.ਆਰ. ਦਰਜ ਕਰਨ ਉਪਰੰਤ, ਪੁਲਿਸ ਵੱਲੋਂ ਭੁਪਿੰਦਰ ਉਰਫ ਹਨੀ ਨੂੰ  ਉਕਤ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਵੀ ਭੇਜਿਆ ਗਿਆ ਹੈ, ਜਦਕਿ ਕਪੂਰਥਲਾ ਜੇਲ ਵਿੱਚ ਬੰਦ ਕੁਦਰਤਦੀਪ ਨੂੰ ਮੰਗਲਵਾਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ।
ਇਹ ਕਾਰਵਾਈ ਦੋ ਮਹੀਨੇ ਬਾਅਦ ਅਮਲ ਵਿੱਚ ਆਈ, ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੇ ਪੱਤਰ (ਮਿਤੀ 9 ਮਈ, 2022) ਰਾਹੀਂ ਐਸ.ਐਸ.ਪੀ. ਐਸ.ਬੀ.ਐਸ. ਨਗਰ ਨੂੰ 73 ਵੇਟਮੈਂਟ ਸਲਿੱਪਾਂ (ਮਿਤੀ 10/11/2017) ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਇਸ ਤੋਂ ਇਲਾਵਾ ਮਾਈਨਿੰਗ ਵਿਭਾਗ ਨੂੰ ਮਲਿਕਪੁਰ ਰੇਤ ਮਾਈਨਿੰਗ ਸਾਈਟ ਤੋਂ ਨਾਜਾਇਜ਼ ਮਾਈਨਿੰਗ ਰਾਹੀਂ ਅਧਿਕਾਰਤ  ਮਿਕਦਾਰ ਤੋਂ ਵਧ ਰੇਤ ਬਰਾਮਦ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਸਾਲ 2021 ਦੇ ਅੰਤ ‘ਚ ਡਾਇਰੈਕਟੋਰੇਟ ਆਫ ਇਨਫੋਰਸਮੈਂਟ ਜਲੰਧਰ ਨੇ ਭੁਪਿੰਦਰ ਸਿੰਘ ਉਰਫ ਹਨੀ ਅਤੇ ਕੁਦਰਤਦੀਪ ਸਿੰਘ ਉਰਫ ਲਵੀ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਈ.ਡੀ ਨੇ ਫਿਰ ਵੱਖ-ਵੱਖ  ਫਰਜ਼ੀ ਦਸਤਾਵੇਜ਼, ਡਿਜੀਟਲ ਉਪਕਰਣ ਅਤੇ ਮਲਿਕਪੁਰ ਰੇਤ ਮਾਈਨਿੰਗ ਸਾਈਟ ‘ਤੇ ਗੈਰ-ਕਾਨੂੰਨੀ ਰੇਤ ਮਾਈਨਿੰਗ ਗਤੀਵਿਧੀਆਂ ਜ਼ਰੀਏ  ਕਮਾਏ 9.97 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਸੀ। ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਈ.ਡੀ. ਦੇ ਪੱਤਰ ਤੋਂ ਬਾਅਦ, ਐਸ.ਐਸ.ਪੀ. ਐਸ.ਬੀ.ਐਸ. ਨਗਰ ਨੇ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਲਈ ਐਸ.ਬੀ.ਐਸ. ਨਗਰ ਦੇ ਐਸ.ਪੀ ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਤੁਰੰਤ ਇੱਕ ਵਿਸ਼ੇਸ਼ ਜਾਂਚ ਟੀਮ  ਦਾ ਗਠਨ ਕੀਤਾ ਸੀ।
ਬੁਲਾਰੇ ਨੇ ਦੱਸਿਆ ਕਿ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ, ਸਿਟ ਨੇ ਪਾਇਆ ਕਿ ਦੋਵੇਂ ਮੁਲਜ਼ਮਾਂ ਨੇ  ਰਾਜ ਪੱਧਰੀ ਵਾਤਾਵਰਣ ਅਥਾਰਟੀ ,ਪੰਜਾਬ ਦੁਆਰਾ ਜਾਰੀ ਵਾਤਾਵਰਣ ਕਲੀਅਰੈਂਸ ਦੇ ਪ੍ਰਬੰਧਾਂ ਦੀ ਉਲੰਘਣਾ ਕਰਦਿਆਂ ਉਸ ਖੇਤਰ ਵਿੱਚ ਭਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਗੈਰ-ਕਾਨੂੰਨੀ ਮਾਈਨਿੰਗ ਕੀਤੀ ਸੀ।  ਬੁਲਾਰੇ ਨੇ ਅੱਗੇ ਕਿਹਾ ਕਿ ਦੋਸ਼ੀਆਂ ਨੇ  73 ਜਾਅਲੀ ਵੇਟਮੈਂਟ ਸਲਿੱਪਾਂ (ਮਿਤੀ 10.11.2017) ਦੀ ਵੀ ਵਰਤੋਂ  ਕੀਤੀ ਵੀ ਪਾਈ ਗਈ ,ਜੋ ਈ.ਡੀ. ਦੁਆਰਾ ਛਾਪੇਮਾਰੀ ਦੌਰਾਨ ਬਰਾਮਦ ਕੀਤੀਆਂ ਗਈਆਂ। “ਪੁਲਿਸ ਨੂੰ ਮਾਈਨਿੰਗ ਵਿਭਾਗ ਨੂੰ ਰਿਪੋਰਟ ਕੀਤੇ ਗਏ ਰੇਤ ਤੋਂ ਵੱਧ ਉਤਪਾਦਨ ਦੇ ਵੇਰਵੇ ਵੀ ਮਿਲੇ ਹਨ ਜਿਸ ਦੀ ਪੁਸ਼ਟੀ ਮਾਈਨਿੰਗ ਵਿਭਾਗ ਨੇ ਆਪਣੇ ਪੱਤਰ ਮਿਤੀ 29.06.2022 ਰਾਹੀਂ ਕੀਤੀ ਸੀ ,ਜਿਸ ਵਿੱਚ ਮਾਈਨਿੰਗ ਵਿਭਾਗ ਨੂੰ ਰੇਤ ਦੀ ਘੱਟ ਖੁਦਾਈ ਦਾ ਹਵਾਲਾ ਦਿੱਤਾ ਗਿਆ ਸੀ, ਜੋ ਕਿ ਸਰਕਾਰੀ ਖਜਾਨੇ ਨੂੰ ਵਿੱਤੀ ਨੁਕਸਾਨ ਦੀ ਵਜਾਅ ਹੈ। ”
ਬੁਲਾਰੇ ਨੇ ਦੱਸਿਆ ਕਿ ਸਾਰੀ ਜਾਂਚ ਤੋਂ ਬਾਅਦ ਐਸ.ਆਈ.ਟੀ. ਨੇ ਭੁਪਿੰਦਰ ਸਿੰਘ ਉਰਫ ਹਨੀ ਅਤੇ ਕੁਦਰਤਦੀਪ ਸਿੰਘ ਉਰਫ ਲਵੀ ਖਲਾਫ ਐਫ.ਆਈ.ਆਰ. ਦਰਜ ਕਰਨ ਦੀ ਸਿਫਾਰਸ਼ ਕੀਤੀ।ਜ਼ਿਕਰਯੋਗ ਹੈ ਕਿ 18 ਜੁਲਾਈ, 2022 ਨੂੰ ਐਫ.ਆਈ.ਆਰ. ਨੰਬਰ 73, ਮਾਈਨਜ ਐਂਡ ਮਿਨਰਲਜ਼ (ਵਿਕਾਸ ਅਤੇ ਨਿਯਮ) ਐਕਟ ਦੀਆਂ ਧਾਰਾਵਾਂ 21(1) ਅਤੇ 4(1), ਆਈਪੀਸੀ ਦੀ ਧਾਰਾ  379, 406, 420, 465, 468, 471 ਅਤੇ  120 ਬੀ ਅਤੇ ਵਾਤਾਵਰਣ ਸੁਰੱਖਿਆ ਐਕਟ ਦੀ ਧਾਰਾ 15 ਤਹਿਤ ਥਾਣਾ ਰਾਹੋਂ ਵਿਖੇ ਦਰਜ ਕੀਤੀ ਗਈ ਹੈ। ਮਾਮਲੇ ਦੀ ਅਗਲੇਰੀ ਜਾਂਚ ਲਈ ਐਸ.ਪੀ. ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਨਵੀਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button