D5 specialOpinion

ਧੀਆਂ ਧਨ ਬੇਗਾਨਾ ਹੁੰਦੀਆਂ,ਘਰ ਨਾ ਜਾਵਣ ਰੱਖੀਆਂ!

ਭਾਵੇਂ ਅਜੋਕੇ ਦੌਰ ਚ ਹਾਲਾਤ ਕਾਫੀ ਬਦਲ ਗਏ ਹਨ,ਪਰ ਪੁਰਾਣੇ ਸਮਿਆਂ ਚ,ਜਦੋਂ ਕੋਈ ਲੜਕੀ ਘਰ ਚ ਜਨਮ ਲੈਂਦੀ ਸੀ,ਤਾਂ ਘਰ ਚ ਸੋਗ ਪੈ ਜਾਂਦਾ ਸੀ।ਘਰ ਦੀਆਂ ਔਰਤਾਂ,ਖਾਸ ਕਰਕੇ ਸੱਸ ਆਪਣੀ ਨੂੰਹ ਨੂੰ ਤਾਅਨੇ ਮਿਹਣੇ ਮਾਰਦੀ ਨਹੀਂ ਸੀ ਥੱਕਦੀ,ਜਿਵੇਂ ਧੀ ਨੂੰ ਜਨਮ ਦੇਣ ਚ,ਸਾਰਾ ਕਸੂਰ ਹੀ ਉਹਦੀ ਨੂੰਹ ਦਾ ਹੀ ਹੋਵੇ।ਉਹਦੇ ਪੁੱਤ ਦਾ ਉੱਕਾ ਹੀ ਕਸੂਰ ਨਾ ਹੋਵੇ ਜਾਂ ਫਿਰ ਉਹਦੀ ਨੂੰਹ ਆਪਣੀ ਮਰਜੀ ਨਾਲ,ਪੁੱਤਰ ਦੀ ਵਜਾਏ ਆਪਣੀ ਧੀ ਨੂੰ ਕਿਤੋਂ ਬਾਹਰੋਂ ਨਾਲ ਲੈ ਆਈ ਹੋਵੇ। ਪਰਿਵਾਰ ਚ,ਧੀ ਦੇ ਜਨਮ ਲੈਣ ਤੇ ਪੁੱਤਰ ਵਾਂਗ ਕੋਈ ਖੁਸ਼ੀ ਨਹੀਂ ਮਨਾਈ ਜਾਂਦੀ ਸੀ,ਸਗੋਂ ਲੜਕੀ ਦੇ ਜਨਮ ਤੇ ਤਾਂ ਸਾਰੇ ਘਰ ਚ ਸੋਗ ਹੀ ਪੈ ਜਾਂਦਾ ਸੀ।ਜਿਵੇਂ ਪਰਿਵਾਰ ਦੇ ਹਰ ਜੀਅ ਦੇ ਸਿਰ ਚ ਸੌ ਘੜਾ ਪਾਣੀ ਦਾ ਪੈ ਗਿਆ ਹੋਵੇ।ਇਸ ਲਈ,ਲੜਕੀ ਦੇ ਜਨਮ ਤੇ,ਪਰਿਵਾਰ ਦਾ ਹਰ ਜੀਅ ਹੀ ਫਿਕਰਾਂ ਚ ਡੁੱਬ ਜਾਂਦਾ ਸੀ।ਇਹੋ ਕਾਰਨ ਸੀ,ਕਿ ਲੜਕੀ ਦੇ ਜਨਮ ਲੈਣ ਸਾਰ ਹੀ ,ਘਰ ਦੀਆਂ ਔਰਤਾਂ,ਪਿਉ ਨੂੰ ਇਹ ਗੱਲ ਵੀ ਕਹਿਣ ਲੱਗ ਪੈਂਦੀਆਂ ਸਨ,ਕਿ ਉਹ ਹੁਣ ਜਵਾਈ ਵਾਲਾ ਬਣ ਗਿਆ ਹੈ।

ਇਸ ਲਈ ਸਿਆਣਾ ਬਣਕੇ ਚੱਲੇ। ਜਿਉਂ 2 ਲੜਕੀ,ਵੱਡੀ ਹੋਣ ਲੱਗਦੀ,ਤਿਉਂ 2 ਪਰਿਵਾਰ ਦੀਆਂ ਔਰਤਾਂ ਉਸਨੂੰ ਤਾਅਨੇ ਮਿਹਣੇ ਦੇਣ ਲੱਗ ਪੈਂਦੀਆਂ।ਲੜਕੀ ਤੇ ਤਰ੍ਹਾਂ 2 ਦੀਆਂ ਬੰਦਸ਼ਾਂ ਲਗਾਈਆਂ ਜਾਂਦੀਆਂ।ਲੜਕੀ ਨੂੰ ਆਪਣੇ ਭਰਾ ਦੇ ਮੁਕਾਬਲੇ ਖਾਣ ਪੀਣ,ਪਹਿਨਣ ਅਤੇ ਹਰ ਪ੍ਰਕਾਰ ਨਾਲ ਵਿਤਕਰਾ ਕੀਤਾ ਜਾਂਦਾ।ਇੱਥੋਂ ਤੱਕ,ਕਿ ਲੜਕੀ ਨੂੰ ਬਹੁਤ ਹੀ ਘੱਟ ਪੜਾਇਆ ਲਿਖਾਇਆ ਜਾਂਦਾ।ਇਸਦੇ ਉਲਟ,ਉਸਨੂੰ ਛੇਤੀ ਤੋਂ ਛੇਤੀ ਵਿਆਹ ਕੇ ਜਿੰਮੇਵਾਰੀ ਤੋਂ ਮੁਕਤ ਹੋਣ ਦੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ। ਇਸ ਤੋਂ ਥੋੜ੍ਹਾ ਹੋਰ ਪਿੱਛੇ ਜਾ ਕੇ ਅਗਰ ਗੱਲ ਕੀਤੀ ਜਾਵੇ,ਤਾਂ ਜੰਮਦੀ ਲੜਕੀ ਨੂੰ ਜਹਿਰ ਜਾਂ ਅਫੀਮ ਦੇ ਕੇ ਵੀ ਮਾਰ ਦਿੱਤਾ ਜਾਂਦਾ ਸੀ ਜਾਂ ਫਿਰ ਜਿਉਂਦੀ ਨੂੰ ਘੜੇ ਚ ਬੰਦ ਕਰਕੇ ਦੱਬ ਦਿੱਤਾ ਜਾਂਦਾ ਸੀ ਜਾਂ ਫਿਰ ਦਰਿਆ ਵਿੱਚ ਵੀ ਰੋੜ੍ਹ ਦਿੱਤਾ ਜਾਂਦਾ ਸੀ।ਇਸ ਸਵੰਧ ਚ ਬਹੁਤ ਸਾਰੇ ਕਿੱਸੇ ਕਹਾਣੀਆਂ ਬੜੇ ਮਸ਼ਹੂਰ ਹਨ। ਉਸ ਵਕਤ ਦੇ ਹਾਲਾਤਾਂ ਦੇ ਮੁਤਾਬਿਕ,ਲੜਕੀ ਨੂੰ ਗੱਲ 2 ਤੇ ਬੇਗਾਨਾ ਧਨ ਹੋਣ ਦਾ ਅਹਿਸਾਸ ਵੀ ਕਰਵਾਇਆ ਜਾਂਦਾ ਸੀ।

ਲੜਕੀ ਨੂੰ ਅਕਸਰ,ਬੇਗਾਨੇ ਘਰ ਜਾਣ ਦੀਆਂ ਗੱਲਾਂ ਕਹੀਆਂ ਜਾਂਦੀਆਂ ਸਨ ਅਤੇ ਹਰ ਕੰਮ ਸਿੱਖਣ ਦੀ ਮੱਤ ਵੀ ਦਿੱਤੀ ਜਾਂਦੀ ਸੀ,ਤਾਂ ਕਿ ਸਹੁਰਿਆਂ ਦੇ ਘਰ ਜਾ ਕੇ ਉਨ੍ਹਾਂ ਦੀ ਲੜਕੀ ਦੇ ਕਾਰਨ,ਉਨ੍ਹਾਂ ਨੂੰ ਨਮੋਸ਼ੀ ਨਾ ਝੱਲਣੀ ਪਵੇ। ਇਹੋ ਕਾਰਨ ਸੀ,ਪੇਕਿਆਂ ਦੇ ਘਰੋਂ ਡੋਲੀ ਤੁਰਨ ਸਮੇਂ ਇਹ ਗੱਲ ਅਕਸਰ ਕਹੀ ਜਾਂਦੀ ਸੀ,ਕਿ ਇਸ ਘਰੋਂ ਤੇਰੀ ਡੋਲੀ ਤੁਰੀ ਹੈ,ਪਰ ਤੇਰੀ ਅਰਥੀ ਤੇਰੇ ਸਹੁਰਿਆਂ ਦੇ ਘਰੋਂ ਹੀ ਨਿੱਕਲੇਗੀ।ਇਹ ਘਰ ਤੇਰੇ ਲਈ ਪਰਾਇਆ ਹੋ ਗਿਆ ਹੈ।ਤੇਰਾ ਅਸਲੀ ਘਰ ਤਾਂ ਤੇਰਾ ਸਹੁਰਾ ਘਰ ਹੀ ਹੈ।ਅਜਿਹੀਆਂ ਗੱਲਾਂ ਕਰਕੇ,ਲੜਕੀ ਨੂੰ ਗੱਲ 2 ਤੇ ਬੇਗਾਨੇਪਣ ਦਾ ਅਹਿਸਾਸ ਕਰਵਾਇਆ ਜਾਂਦਾ ਸੀ।ਭਾਵੇਂ ,ਅਜੋਕੇ ਦੌਰ ਚ ਕਾਫੀ ਕੁੱਝ ਬਦਲ ਗਿਆ ਹੈ।ਵਿਗਿਆਨ ਨੇ ਬੜੀ ਤਰੱਕੀ ਵੀ ਕਰ ਲਈ ਹੈ।ਅਜੋਕੇ ਦੌਰ ਦੀ ਔਰਤ ਨੇ ਹਰ ਖੇਤਰ ਚ ਖੂਬ ਮੱਲ੍ਹਾਂ ਵੀ ਮਾਰੀਆਂ ਹਨ।ਇਸ ਸਮੇਂ ਸੰਸਾਰ ਭਰ ਦੀਆਂ ਲੜਕੀਆਂ ਹਰ ਖੇਤਰ ਚ ਲੜਕਿਆਂ ਤੋਂ ਕਿਤੇ ਜਿਆਦਾ ਅੱਗੇ ਅਤੇ ਅਗਾਂਹਵਧੂ ਹਨ।

ਅਜੋਕੇ ਦੌਰ ਦੀ ਲੜਕੀ,ਕਾਫੀ ਹੱਦ ਤੱਕ ਆਤਮ ਨਿਰਭਰ ਵੀ ਹੋ ਚੁੱਕੀ ਹੈ,ਜਿਹੜੀ ਕਿ ਸਮੁੱਚੇ ਸਮਾਜ ਲਈ ਬੜੇ ਮਾਣ ਵਾਲੀ ਗੱਲ ਵੀ ਹੈ। ਪਰ ਇੱਕ ਗੱਲ ਬੜੀ ਸਪੱਸ਼ਟ ਹੈ,ਕਿ ਭਾਵੇਂ ਅਜੋਕੇ ਦੌਰ ਦੀਆਂ ਲੜਕੀਆਂ ਨੇ ਹਰ ਖੇਤਰ ਚ ਨਾਮਣਾ ਖੱਟਿਆ ਹੈ ਅਤੇ ਆਪਣੀ ਮਿਹਨਤ ਨਾਲ ਸਮਾਜ ਨੂੰ ਹੈਰਾਨ ਵੀ ਕਰ ਦਿੱਤਾ ਹੈ।ਪਰ ਇੱਕ ਗੱਲ ਬੜੀ ਹੈਰਾਨੀ ਵਾਲੀ ਇਹ ਹੈ,ਕਿ ਐਨਾ ਕੁੱਝ ਹੋਣ ਦੇ ਬਾਵਜੂਦ ਵੀ,ਸਾਡੇ ਸਮਾਜ ਦਾ ਰਵੱਈਆ,ਅੱਜ ਵੀ ਕੁੱਝ ਪ੍ਰਤੀਸ਼ਤ ਲੋਕਾਂ ਨੂੰ ਛੱਡਕੇ ਪਹਿਲਾਂ ਵਾਲਾ ਹੀ ਬਰਕਰਾਰ ਹੈ।ਅਜੇ ਵੀ ਲੋਕ,ਪੜ੍ਹੀ ਲਿਖੀ ਤੇ ਨੌਕਰੀ ਸੁਦਾ ਲੜਕੀ ਤੋਂ ਨੌਕਰਾਂ ਵਾਂਗ ਕੰਮ ਕਰਵਾਉਂਦੇ ਹਨ।ਦਾਜ ਦਹੇਜ ਦੀ ਮੰਗ ਕਰਦੇ ਹਨ।ਸਰੀਰਕ ਤੇ ਮਾਨਸਿਕ ਤਸੱਦਦ ਕਰਦੇ ਹਨ।ਲੜਕੀ ਦੇ ਸਹੁਰੇ ਘਰ,ਉਹਦੇ ਪਤੀ,ਸੱਸ ਸਹੁਰਾ ਤੇ ਹੋਰ ਰਿਸ਼ਤੇਦਾਰਾਂ ਵੱਲੋਂ ਉਹਨੂੰ ਦੋ ਨੰਬਰ ਦਾ ਮੈਂਬਰ ਅਤੇ ਬੇਗਾਨੀ ਹੀ ਸਮਝਿਆ ਜਾਂਦਾ ਹੈ,ਜੋ ਕਿ ਇੱਕ ਸਮਾਜਿਕ ਬੁਰਾਈ ਹੀ ਤਾਂ ਹੈ।

ਸੋ ਭਾਵੇਂ ਸਮਾਜ ਨੇ ਜਿੰਨੀ ਮਰਜੀ,ਤਰੱਕੀ ਕਰ ਲਈ ਹੋਵੇ ਜਾਂ ਫਿਰ ਲੜਕੀ ਜਿੰਨੀ ਮਰਜੀ ਪੜ੍ਹ ਲਿਖ ਵੀ ਗਈ ਹੋਵੇ।ਇਸ ਤੋਂ ਇਲਾਵਾ,ਜਿੰਨੇ ਮਰਜੀ ਵੱਡੇ ਅਹੁਦੇ ਤੇ ਵੀ ਪਹੁੰਚ ਗਈ ਹੋਵੇ,ਪਰ ਫੇਰ ਵੀ ਉਹਨੂੰ ਉਹ ਸਤਿਕਾਰ ਨਹੀਂ ਦਿੱਤਾ ਜਾਂਦਾ,ਜਿਸਦੀ ਉਹ ਹੱਕਦਾਰ ਹੈ ਅਤੇ ਜੋ ਇੱਕ ਲੜਕੇ ਨੂੰ ਮਿਲਦਾ ਹੈ।ਇਹੋ ਤਾਂ ਸਮਾਜ ਦਾ,ਸਭ ਤੋਂ ਵੱਡਾ ਦੁਖਾਂਤ ਹੈ। ਮਨੁੱਖ ਕਿਉਂਕਿ,ਇੱਕ ਸਮਾਜਿਕ ਪ੍ਰਾਣੀ ਹੈ।ਇਸ ਲਈ ਸਮਾਜ ਤੋਂ ਬਿਨਾਂ ਮਨੁੱਖ ਦਾ ਗੁਜਾਰਾ ਹੋ ਹੀ ਨਹੀਂ ਸਕਦਾ।ਇਸ ਲਈ ਸਮਾਜ ਚ ਰਹਿੰਦਿਆਂ,ਹਰ ਇੱਕ ਨੂੰ ਸਮਾਜ ਦੇ ਰੀਤੀ ਰਿਵਾਜਾਂ ਦਾ ਪਾਲਣ ਵੀ ਕਰਨਾ ਪੈਂਦਾ ਹੈ।ਇਹੋ ਕਾਰਨ ਹੈ,ਕਿ ਅਜੋਕੇ ਦੌਰ ਚ ਵੀ,ਲੜਕੀ ਨੂੰ ਪਰਾਇਆ ਧਨ ਕਹਿਕੇ ਹੀ ਸੰਬੋਧਨ ਕੀਤਾ ਜਾਂਦਾ ਹੈ।ਇਹੋ ਕਾਰਨ ਹੈ,ਕਿ ਅਜੋਕੇ ਦੌਰ ਦੀ ਲੜਕੀ ਆਪਣੇ ਆਪਨੂੰ ਚੱਕੀ ਦੇ ਦੋਨੋਂ ਪੁੜਾਂ ਵਿਚਾਲੇ ਫਸੀ ਮਹਿਸੂਸ ਕਰਦੀ ਹੈ। ਸਮਾਜ ਦੇ ਐਨੀ ਤਰੱਕੀ ਕਰਨ ਦੇ ਬਾਵਜੂਦ ਵੀ,ਸਾਡੇ ਸਮਾਜਿਕ ਰੀਤੀ ਰਿਵਾਜ,ਅੱਜ ਵੀ ਸਾਡੇ ਤੇ ਭਾਰੂ ਹਨ।

ਇਹੋ ਕਾਰਨ ਹੈ,ਕਿ ਭਾਵੇਂ ਅਸੀਂ ਹਰ ਤਰ੍ਹਾਂ ਦੀ ਜਿੰਨੀ ਮਰਜੀ ਤਰੱਕੀ ਕਰ ਲਈ ਹੋਵੇ,ਪਰ ਸਾਡੀ, ਆਪਣੀ ਨੂੰਹ ਨੂੰ ਦਬਾ ਕੇ ਰੱਖਣ ਵਾਲੀ ਪੁਰਾਣੀ ਮਾਨਸਿਕਤਾ ਜਿਉਂ ਦੀ ਤਿਉਂ ਬਰਕਰਾਰ ਹੈ।ਜਿਸਨੂੰ ਛੇਤੀ ਕੀਤਿਆਂ ਬਦਲਿਆ ਨਹੀਂ ਜਾ ਸਕਦਾ।ਇਹੋ ਕਾਰਨ ਹੈ,ਕਿ ਅਜੋਕੇ ਦੌਰ ਦੇ ਨੌਜਵਾਨਾਂ ਚ ਲੜਾਈ ਝਗੜੇ ਅਤੇ ਤਲਾਕਾਂ ਦੀ ਗਿਣਤੀ ਕਿਤੇ ਜਿਆਦਾ ਹੈ। ਇਸ ਦੇ ਉਲਟ,ਲੜਕੀ ਪੜ੍ਹੀ ਲਿਖੀ ਤੇ ਆਤਮ ਨਿਰਭਰ ਹੋਣ ਦੇ ਕਾਰਨ,ਜਿਆਦਾ ਬੰਧਨਾਂ ਅਤੇ ਫੋਕੇ ਰੀਤੀ ਰਿਵਾਜਾਂ ਤੋਂ ਮੁਕਤ ਹੋਣਾ ਚਾਹੁੰਦੀ ਹੈ,ਪਰ ਸਮਾਜ ਦੇ ਲੋਕਾਂ ਦੀ ਮਾਨਸਿਕਤਾ ਦਾ ਪੱਧਰ ਪਹਿਲਾਂ ਵਾਂਗ ਹੀ ਬਰਕਰਾਰ ਹੈ।ਜਿਸਦੇ ਕਾਰਨ ਟਕਰਾਓ ਦੀ ਸਥਿੱਤੀ ਪੈਦਾ ਹੁੰਦੀ ਹੈ,ਜਿਹੜੀ ਕਿ ਪਰਿਵਾਰਕ ਰਿਸ਼ਤਿਆਂ ਲਈ ਬੜੀ ਘਾਤਕ ਸਿੱਧ ਹੋ ਰਹੀ ਹੈ। ਭਾਵੇਂ ਅਸੀਂ ਜਿੰਨੀ ਮਰਜੀ ਤਰੱਕੀ ਕਰ ਲਈਏ,ਪਰ ਸਾਡੇ ਸਮਾਜਿਕ ਰੀਤੀ ਰਿਵਾਜ ਕਾਫੀ ਹੱਦ ਤੱਕ ਸਾਡੇ ਤੇ ਹਰ ਪੱਖੋਂ ਭਾਰੂ ਹਨ,ਜਿੰਨ੍ਹਾਂ ਦਾ ਪਾਲਣ ਕਰਨਾ ਸਾਡੇ ਸੁਖੀ ਜੀਵਨ ਲਈ ਬੜਾ ਹੀ ਜਰੂਰੀ ਹੁੰਦਾ ਹੈ।

ਕਿਉਂਕਿ ਅੱਜ ਵੀ,ਵਿਆਹ ਤੋਂ ਬਾਅਦ ਲੜਕੀ ਨੂੰ,ਮਾਪਿਆਂ ਦਾ ਘਰ ਛੱਡਕੇ ਬੇਗਾਨੇ ਘਰ ਜਾਣਾ ਹੀ ਪੈਂਦਾ ਹੈ।ਦੁਨੀਆਂ ਦੇ ਇਤਿਹਾਸ ਚ ਅਜਿਹਾ ਕੋਈ ਵੀ ਮਾਂ ਬਾਪ ਨਹੀਂ ਹੋਣਾ,ਜਿਹੜਾ ਆਪਣੀ ਲੜਕੀ ਨੂੰ ਵਿਆਹ ਕੇ ਬੇਗਾਨੇ ਘਰ ਨਾ ਤੋਰਨਾ ਚਾਹੇ।ਕਿਉਂਕਿ ਇਹ ਇੱਕ ਸਮਾਜਿਕ ਰੀਤ ਹੈ।ਜਿਹੜੀ ਕਿ, ਹਰ ਕਿਸੇ ਨੂੰ ਹਰ ਹਾਲ ਚ ਨਿਭਾਉਣੀ ਹੀ ਪੈਂਦੀ ਹੈ।ਇਸੇ ਲਈ ਤਾਂ ਸਿਆਣੇ ਕਹਿੰਦੇ ਹਨ,ਕਿ,

ਧੀਆਂ ਧਨ ਬੇਗਾਨਾ ਹੁੰਦੀਆਂ,ਘਰ ਨਾ ਜਾਵਣ ਰੱਖੀਆਂ!
ਇਹ ਗੱਲ,ਇਸ ਬੇਗਾਨੇਪਣ ਦਾ ਸ਼ੰਦੇਸ ਹੀ ਤਾਂ ਦਿੰਦੀ ਹੇ।

ਸੁਬੇਗ ਸਿੰਘ, ਸੰਗਰੂਰ
93169 10402

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button