Press ReleasePunjabTop News

‘ਦ੍ਰਿਸ਼ਟੀ ਦਾ ਤੋਹਫਾ ਦਿਓ’ : ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਅੱਗੇ ਆਉਣ ਲਈ ਕੀਤੀ ਅਪੀਲ

ਨੇਤਰ ਦਾਨ  ਹੈ  ਮਹਾਂਦਾਨ; ਨੇਤਰਹੀਣ ਵਿਅਕਤੀ ਲਈ ਅੱਖਾਂ ਦਾ ਤੋਹਫ਼ਾ ਹੋ ਸਕਦਾ ਹੈ ਨੇਤਰ ਦਾਨ : ਡਾ. ਬਲਬੀਰ ਸਿੰਘ

25 ਅਗਸਤ ਤੋਂ ਮਨਾਇਆ ਜਾਵੇਗਾ ਨੇਤਰ ਦਾਨ ਪੰਦਰਵਾੜਾ
ਚੰਡੀਗੜ੍ਹ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ 38ਵੇਂ ਨੇਤਰ ਦਾਨ ਪੰਦਰਵਾੜੇ ਮੌਕੇ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨੇਤਰ ਦਾਨ ਇੱਕ ਨੇਕ ਕਾਰਜ ਹੈ ਕਿਉਂਕਿ ਇਹ ਕਿਸੇ ਨੇਤਰਹੀਣ ਵਿਅਕਤੀ ਨੂੰ ਅੱਖਾਂ ਦਾ ਤੋਹਫ਼ਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਨੇਤਰ ਦਾਨ ਪੰਦਰਵਾੜਾ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾਵੇਗਾ। ਡਾ: ਬਲਬੀਰ ਸਿੰਘ, ਜੋ ਕਿ ਖੁਦ ਅੱਖਾਂ ਦੇ ਸਰਜਨ ਹਨ, ਨੇ ਦੱਸਿਆ ਕਿ ਕੋਰਨੀਆ ’ਚ ਖ਼ਰਾਬ ਹੋ ਜਾਣ ਨਾਲ ਅੰਨ੍ਹਾਪਣ ਹੋ ਜਾਂਦਾ ਹੈ, ਜਿਸ ਨੂੰ ਕੋਰਨੀਅਲ ਬਲਾਈਂਡਨੈਸ ਕਿਹਾ ਜਾਂਦਾ ਹੈ। ਆਇਰਿਸ ਦੇ ਸਾਹਮਣੇ ਇੱਕ ਪਾਰਦਰਸ਼ੀ ਪਰਤ ਨੂੰ ਕੋਰਨੀਆ ਕਿਹਾ ਜਾਂਦਾ ਹੈ।
“ਇਹ ਕੋਰਨੀਆ ਹੈ, ਜੋ ਦਾਨੀ ਦੀਆਂ ਅੱਖਾਂ ਤੋਂ ਲਿਆ ਜਾਂਦਾ ਹੈ ਅਤੇ ਕੋਰਨੀਅਲ ਬਲਾਈਂਡਨੈਸ ਵਾਲੇ ਵਿਅਕਤੀ ਟਰਾਂਸਪਲਾਂਟ ਕੀਤਾ ਜਾਂਦਾ ਹੈ, ਜਿਸ ਨਾਲ ਵਿਅਕਤੀ ਨੂੰ ਦੁਨੀਆ ਨੂੰ ਵੇਖਣ ਦੇ ਯੋਗ ਹੋ ਜਾਂਦਾ ਹੈ।” ਉਹਨਾਂ ਅੱਗੇ ਕਿਹਾ ਕਿ ਇਸ ਸਰਜਰੀ ਦੀ ਪ੍ਰਕਿਰਿਆ ਨੂੰ ਕੇਰਟੋਪਲਾਸਟੀ ਕਿਹਾ ਜਾਂਦਾ ਹੈ। ਨੇਤਰ ਦਾਨ ਦੀ ਮਹੱਤਤਾ ਬਾਰੇ ਜ਼ਿਕਰ ਕਰਦੇ ਹੋਏ, ਸਿਹਤ ਮੰਤਰੀ ਨੇ ਕਿਹਾ ਕਿ ਸਾਡੀਆਂ ਅੱਖਾਂ ਸਭ ਤੋਂ ਮਹੱਤਵਪੂਰਨ ਸੰਵੇਦੀ ਅੰਗ ਹਨ, ਕਿਉਂਕਿ ਲਗਭਗ 80% ਤੱਕ ਅਹਿਸਾਸ ਅਤੇ ਪ੍ਰਭਾਵ ਸਾਡੀ ਦ੍ਰਿਸ਼ਟੀ ਦੁਆਰਾ ਦਰਜ ਕੀਤੇ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਅੱਖਾਂ ਤੋਂ ਬਿਨਾਂ ਇੱਕ ਆਮ ਜੀਵਨ ਜਿਊਣਾ ਬਹੁਤ ਚੁਣੌਤੀਪੂਰਨ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਲਗਭਗ 11 ਲੱਖ ਲੋਕ ਕੋਰਨੀਅਲ ਬਲਾਈਂਡਨੈਸ ਤੋਂ ਪੀੜਤ ਹਨ ਅਤੇ ਹਰ ਸਾਲ 30,000 ਨਵੇਂ ਕੇਸ ਸ਼ਾਮਲ ਹੋ ਰਹੇ ਹਨ, ਜਦੋਂ ਕਿ ਭਾਰਤ ਵਿੱਚ ਹਰ ਸਾਲ ਮਹਿਜ਼ 25000 ਕੋਰਨੀਅਲ ਟਰਾਂਸਪਲਾਂਟ ਕੀਤੇ ਜਾਂਦੇ ਹਨ। “ਅਸੀਂ ਨੇਤਰ ਦਾਨ ਅਤੇ ਕੋਰਨੀਅਲ ਨੇਤਰਹੀਣ ਵਿਅਕਤੀਆਂ ਦੀ ਗਿਣਤੀ ਵਿੱਚ ਬਹੁਤ ਵੱਡਾ ਪਾੜਾ ਦੇਖ ਸਕਦੇ ਹਾਂ। ਇਸ ਲਈ ਸਾਨੂੰ ਸਾਰਿਆਂ ਨੂੰ ਅੱਖਾਂ ਦਾਨ ਕਰਨ ਦਾ ਵਾਅਦਾ ਕਰਕੇ ਇਸ ਖੱਪੇ ਨੂੰ ਪੂਰਨ ਲਈ ਅੱਗੇ ਆਉਣ  ਦੀ ਲੋੜ ਹੈ ਤਾਂ ਜੋ ਨਾ ਸਿਰਫ ਆਪਣੇ ਰਾਜ ਸਗੋਂ ਦੇਸ਼ ਨੂੰ ਕੋਰਨੀਅਲ ਬਲਾਈਂਡਨੈਸ ਮੁਕਤ ਬਣਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕੁੱਲ 11 ਰਜਿਸਟਰਡ ਅੱਖਾਂ ਦੇ ਬੈਂਕ ਅਤੇ 27 ਕੋਰਨੀਅਲ ਟਰਾਂਸਪਲਾਂਟੇਸ਼ਨ ਕੇਂਦਰ ਹਨ। ਪੰਜਾਬ ਵਿੱਚ 2022-23 ਵਿੱਚ ਕੁੱਲ 946 ਕੇਰਾਟੋਪਲਾਸਟੀਜ਼ ਕੀਤੀਆਂ ਗਈਆਂ ਹਨ, ਜਦੋਂ ਕਿ 2023-24 ਵਿੱਚ ਜੁਲਾਈ ਤੱਕ 282 ਅਜਿਹੀਆਂ ਸਰਜਰੀਆਂ ਸਫਲਤਾਪੂਰਵਕ ਕੀਤੀਆਂ ਗਈਆਂ ਹਨ। ਡਾਇਰੈਕਟਰ ਸਿਹਤ ਸੇਵਾਵਾਂ ਡਾ: ਆਦਰਸ਼ਪਾਲ ਕੌਰ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸੂਬੇ ਭਰ ਵਿੱਚ ਵੱਖ-ਵੱਖ ਆਈ.ਈ.ਸੀ ਗਤੀਵਿਧੀਆਂ ਕਰਵਾਈੀਆਂ ਜਾਣਗੀਆਂ ਹਨ ਅਤੇ ਇਸ ਸਬੰਧੀ ਸਾਰੇ ਸਿਵਲ ਸਰਜਨਾਂ ਨੂੰ ਪਹਿਲਾਂ ਹੀ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਉਹਨਾਂ ਅੱਗੇ ਕਿਹਾ ਕਿ ਇਸ ਵਿਆਪਕ ਜਾਗਰੂਕਤਾ ਮੁਹਿੰਮ ਦੌਰਾਨ ਨੇਤਰ ਦਾਨ ਨਾਲ ਜੁੜੀਆਂ ਕਈ ਗਲਤ ਧਾਰਨਾਵਾਂ ਤੇ ਭੁਲੇਖਿਆਂ ਦਾ ਪਰਦਾਫਾਸ਼ ਹੋ ਜਾਵੇਗਾ।
ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਇੰਡਨੈੱਸ ਐਂਡ ਵਿਜ਼ੂਅਲ ਇੰਪੇਅਰਮੈਂਟ (ਐੱਨ.ਪੀ.ਸੀ.ਬੀ.ਵੀ.ਆਈ.) ਦੇ ਸਟੇਟ ਪ੍ਰੋਗਰਾਮ ਅਫਸਰ ਡਾ: ਨੀਤੀ ਸਿੰਗਲਾ ਨੇ ਦੱਸਿਆ ਕਿ ਅੱਖਾਂ ਦਾਨ ਕਰਨ ਲਈ ਰਜਿਸਟਰੇਸ਼ਨ ਫਾਰਮ ਸਾਰੇ ਜ਼ਿਲਾ ਹਸਪਤਾਲਾਂ, ਸਬ-ਡਵੀਜ਼ਨ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ’ਤੇ ਉਪਲਬਧ ਹਨ। ਰਜਿਸਟਰੇਸ਼ਨ ਵੈੱਬਸਾਈਟ www.nhm.punjab.gov.in/5ye_4onation/form1.php ’ਤੇ ਆਨਲਾਈਨ ਵੀ ਕੀਤੀ ਜਾ ਸਕਦੀ ਹੈ ਅਤੇ ਰਜਿਸਟਰੇਸ਼ਨ ਦੇ ਸਬੂਤ ਵਜੋਂ ਭਰੇ ਫਾਰਮ ਦਾ ਪ੍ਰਿੰਟ ਵੀ ਲਿਆ ਜਾ ਸਕਦਾ ਹੈ।
ਨੇਤਰ ਦਾਨ – ਤੱਥ ਅਤੇ ਮਿੱਥ
– ਕੇਵਲ ਮੌਤ ਤੋਂ ਬਾਅਦ ਹੀ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਮੌਤ ਤੋਂ ਬਾਅਦ 4-6 ਘੰਟਿਆਂ ਦੇ ਅੰਦਰ ਅੱਖਾਂ ਨੂੰ ਹਟਾਇਆ ਜਾਣਾ ਜਰੂਰੀ ਹੈ।
– ਅੱਖਾਂ ਦਾਨ ਕਰਨ ਲਈ ਉਮਰ ਅਤੇ ਲਿੰਗ ਦੀ  ਕੋਈ ਸੀਮਾ ਨਹੀਂ ਹੈ।
– ਐਨਕ ਪਹਿਨਣ ਵਾਲੇ, ਸ਼ੂਗਰ, ਹਾਈਪਰਟੈਨਸ਼ਨ ਆਦਿ ਤੋਂ ਪੀੜਤ ਅਤੇ ਮੋਤੀਆਬਿੰਦ ਦੀ ਸਰਜਰੀ ਕਰਵਾਉਣ ਵਾਲੇ ਵੀ ਅੱਖਾਂ ਦਾਨ ਕਰ ਸਕਦੇ ਹਨ।
– ਕੇਵਲ ਇੱਕ ਸਿਖਲਾਈ ਪ੍ਰਾਪਤ ਵਿਅਕਤੀ ਹੀ ਅੱਖਾਂ ਨੂੰ ਹਟਾ ਸਕਦਾ ਹੈ।
– ਅੱਖਾਂ ਨੂੰ ਹਟਾਉਣ ਵਿੱਚ 20 ਮਿੰਟ ਤੋਂ ਵੀ ਘੱਟ ਸਮਾਂ ਲਗਦਾ ਹੈ ਅਤੇ ਇਹ ਅੰਤਿਮ-ਸੰਸਕਾਰ ਦੀਆਂ ਰਸਮਾਂ ਵਿੱਚ ਵਿਘਨ ਨਹੀਂ ਪਾਉਂਦਾ।
ਅੱਖਾਂ ਨੂੰ ਹਟਾਉਣ ਨਾਲ ਚਿਹਰੇ ’ਤੇ ਕੋਈ ਵਿਗਾੜ ਨਹੀਂ ਪੈਂਦਾ।
– ਦਾਨੀ ਅਤੇ ਪ੍ਰਾਪਤਕਰਤਾ ਦੋਵਾਂ ਦੀ ਪਛਾਣ ਗੁਪਤ ਰਹਿੰਦੀ ਹੈ ਅਤੇ ਉਹਨਾਂ ਦਾ ਨਾਮ ਜਨਤਕ ਨਹੀਂ ਕੀਤਾ ਜਾਂਦਾ ਹੈ।
– ਇੱਕ ਦਾਨੀ ਦੋ ਕੋਰਨੀਅਲ ਦਿਵਿਆਂਗ ਵਿਅਕਤੀਆਂ ਨੂੰ ਅੱਖਾਂ ਦੇ ਸਕਦਾ ਹੈ।
– ਨੇਤਰ ਦਾਨ ਇੱਕ ਮੁਫਤ ਪ੍ਰਕਿਰਿਆ ਹੈ।
– ਮਨੁੱਖੀ ਅੱਖਾਂ ਨੂੰ ਵੇਚਣਾ ਜਾਂ ਖਰੀਦਣਾ ਗੈਰ-ਕਾਨੂੰਨੀ ਹੈ।
– ਦਾਨ ਕੀਤੀਆਂ ਅੱਖਾਂ ਜੋ ਟਰਾਂਸਪਲਾਂਟ ਲਈ ਢੁਕਵੀਂ ਨਹੀਂ ਹਨ, ਡਾਕਟਰੀ ਖੋਜ ਅਤੇ ਸਿੱਖਿਆ ਲਈ ਵਰਤੀਆਂ ਜਾ ਸਕਦੀਆਂ ਹਨ।
ਅੱਖਾਂ ਕੌਣ ਦਾਨ ਨਹੀਂ ਕਰ ਸਕਦਾ?
ਉਹਨਾਂ ਨੇਤਰ ਦਾਨੀਆਂ ਤੋਂ ਅੱਖਾਂ ਨਹੀਂ ਲੈਣੀਆ ਚਾਹੀਦੀਆਂ ਹਨ ਜੋ ਹੇਠ ਲਿਖੀਆਂ ਸਥਿਤੀਆਂ ਕਾਰਨ ਮੌਤ ਹੋ ਗਈ : ਏਡਜ਼ (ਐਚਆਈਵੀ) / ਹੈਪੇਟਾਈਟਸ ਬੀ ਜਾਂ ਸੀ, ਸੇਪਸਿਸ, ਲਿਊਕੇਮੀਆ, ਰੇਬੀਜ਼, ਮੈਨਿਨਜਾਈਟਿਸ, ਐਨਸੇਫਲਾਈਟਿਸ, ਟੈਟਨਸ ਅਤੇ ਹੋਰ ਵਾਇਰਲ ਬਿਮਾਰੀਆਂ।
ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਕੀ ਕਰਨਾ ਚਾਹੀਦਾ ਹੈ?
– ਮੌਤ ਤੋਂ ਤੁਰੰਤ ਬਾਅਦ ਨਜ਼ਦੀਕੀ ਆਈ ਬੈਂਕ ਜਾਂ ਅੱਖਾਂ ਦੇ ਸੰਗ੍ਰਹਿ ਕੇਂਦਰ ਨੂੰ ਸੂਚਿਤ ਕਰੋ।
– ਜੇਕਰ ਉਪਲਬਧ ਹੋਵੇ ਤਾਂ ਏਸੀ ਚਲਾ ਦਿੱਤਾ ਜਾਵੇ।
– ਦੋਵੇਂ ਅੱਖਾਂ ਨੂੰ ਹੌਲੀ-ਹੌਲੀ ਬੰਦ ਕਰੋ ਅਤੇ ਦੋਹਾਂ ਅੱਖਾਂ ’ਤੇ ਨਮੀ ਵਾਲਾ ਕੱਪੜਾ ਰੱਖੋ।
– ਸਿਰਹਾਣੇ ਨਾਲ ਸਿਰ ਉਠਾਓ। ਇਸ ਨਾਲ ਅੱਖਾਂ ਨੂੰ ਹਟਾਉਂਦੇ ਸਮੇਂ ਘੱਟ ਖੂਨ ਵਹੇਗਾ ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button