ਜੰਗ ਮਹਿਲਾਂ ਤੇ ਕੁੱਲੀਆਂ ਦੀ, ਜਦ ਹੋਣ ਲੱਗੇ…….!

ਸੁਬੇਗ ਸਿੰਘ,ਸੰਗਰੂਰ
ਭਾਵੇਂ ਇਹ ਗੱਲ ਵੇਖਣ ਤੇ ਸੁਣਨ ਨੂੰ ਬੜੀ ਅਜੀਬ ਜਿਹੀ ਲੱਗਦੀ ਹੈ ਅਤੇ ਪਹਿਲੇ ਹੱਲੇ ਤਾਂ,ਇਸ ਗੱਲ ਤੇ ਯਕੀਨ ਵੀ ਨਹੀਂ ਆਉਂਦਾ,ਕਿ ਇਹ ਕੀ ਹੋਣ ਲੱਗਿਆ ਹੈ ਅਤੇ ਇਹ ਕਿਵੇਂ ਸੰਭਵ ਹੈ।ਅਜਿਹੀ ਗੱਲ ਸੁਣਕੇ ਹਰ ਮਨੁੱਖ ਦੇ ਅੰਦਰ ਇੱਕ ਕੰਬਣੀ ਜਿਹੀ ਛਿੜ ਪੈਂਦੀ ਹੈ ਅਤੇ ਹਰ ਬੰਦਾ ਸੋਚਣ ਲਈ ਮਜਬੂਰ ਵੀ ਹੋ ਜਾਂਦਾ ਹੈ,ਕਿ ਇਹ ਮਹਿਲਾਂ ਦੀ ਜੰਗ ਅਗਰ ਹੋਵੇਗੀ,ਤਾਂ ਇਹ ਜੰਗ ਕਿਹੋ ਜਿਹੀ ਹੋਵੇਗੀ।ਇਹੋ ਗੱਲ ਸੋਚਕੇ,ਬੜਾ ਅਜੀਬ ਜਿਹਾ ਵੀ ਮਹਿਸੂਸ ਹੁੰਦਾ ਹੈ ਪਰ ਇੱਕ ਗੱਲ ਸੋਚਣ ਤੇ ਵਿਚਾਰਨ ਵਾਲੀ ਇਹ ਜਰੂਰ ਹੈ,ਕਿ ਭਾਵੇਂ ਪਹਿਲੀ ਨਜਰੇ ਕੋਈ ਗੱਲ ਵੇਖਣ ਤੇ ਸੁਣਨ ਨੂੰ ਅਜੀਬ ਹੀ ਕਿਉਂ ਨਾ ਲੱਗਦੀ ਹੋਵੇ।ਪਰ ਫੇਰ ਵੀ ਇਹ ਸੱਚ ਹੈ,ਕਿ ਦੁਨੀਆ ਚ ਕੋਈ ਵੀ ਚੀਜ ਭਾਵੇਂ ਜਿੰਨੀ ਮਰਜੀ ਮੁਸ਼ਕਲ ਹੋਵੇ।ਪਰ ਫੇਰ ਵੀ ਅਸੰਭਵ ਨਹੀਂ ਹੁੰਦੀ।
ਪਰ ਇਹਦੇ ਲਈ,ਸ਼ਰਤ ਇਹ ਹੈ,ਕਿ ਉਸ ਚੀਜ ਨੂੰ ਨੇਪਰੇ ਚਾੜ੍ਹਨ ਲਈ,ਮਨੁੱਖ ਨੂੰ ਸਿਰਧੜ ਦੀ ਬਾਜੀ ਲਾਉਣੀ ਪੈਂਦੀ ਹੈ ਅਤੇ ਦੁਨੀਆਂ ਦੇ ਤਾਅਨੇ ਮਿਹਣੇ ਵੱਖਰੇ ਸਹਿਣੇ ਪੈਂਦੇ ਹਨ।ਫਿਰ ਕਿਤੇ ਜਾ ਕੇ,ਉਸ ਚੀਜ ਦੀ ਪ੍ਰਾਪਤੀ ਹੁੰਦੀ ਹੈ। ਦੁਨੀਆਂ ਚ ਜਿੰਨੀ ਵੀ ਸਾਇੰਸ ਨੇ ਅੱਜ ਤੱਕ ਤਰੱਕੀ ਕੀਤੀ ਹੈ ਅਤੇ ਖੋਜੀਆਂ ਨੇ ਜਿੰਨੀਆਂ ਵੀ ਖੋਜਾਂ ਕੱਢੀਆਂ ਹਨ,ਉਹ ਸਾਰੀਆਂ ਪਹਿਲੇ ਹੱਲੇ ਅਤੇ ਬੜੇ ਸੌਖੇ ਤਰੀਕੇ ਨਾਲ,ਕਦੇ ਕਿਸੇ ਨੂੰ ਪ੍ਰਾਪਤ ਨਹੀਂ ਹੋਈਆਂ।ਇਹਦੇ ਲਈ ਸਖਤ ਮਿਹਨਤ ਅਤੇ ਘਾਲਣਾਵਾਂ,ਘਾਲਣੀਆਂ ਪੈਂਦੀਆਂ ਹਨ,ਤਾਂ ਕਿਤੇ ਜਾ ਕੇ ਮੰਜਲ ਮਿਲਦੀ ਹੈ।ਕੋਈ ਵੀ ਮੰਜਲ ਹੱਥ ਤੇ ਹੱਥ ਧਰਕੇ ਬੈਠਣ ਨਾਲ ਨਹੀਂ ਮਿਲ ਜਾਂਦੀ।ਸਗੋਂ ਮੰਜਲ ਦੀ ਪ੍ਰਾਪਤੀ ਲਈ ਤਾਂ ਸੌ 2 ਪਾਪੜ ਵੇਲ੍ਹਣੇ ਪੈਂਦੇ ਹਨ।
ਇਹੋ ਜਿਹੀ ਮੰਜਲ ਪਾਉਣ ਲਈ ਹੀ,ਗੁਰੂ ਨਾਨਕ ਸਾਹਿਬ ਨੇ ਆਪਣੇ ਅਨੁਆਈਆਂ ਨੂੰ,
ਕਿਰਤ ਕਰੋ,ਨਾਮ ਜਪੋ ਅਤੇ ਵੰਡ ਛਕੋ!
ਦਾ ਹੋਕਾ ਦਿੱਤਾ।ਇਹਦੇ ਨਾਲ ਹੀ,ਗੁਰੂ ਨਾਨਕ ਸਾਹਿਬ ਜੀ ਨੇ,
ਘਾਲਿ ਖਾਏ ਕਿਛੁ ਹੱਥੋਂ ਦੇ ਨਾਨਕ ਰਾਹੁ ਪਛਾਣੇ ਸੇਹਿ!
ਦਾ ਪਾਠ ਵੀ ਪੜ੍ਹਾਇਆ।ਇਸ ਤੋਂ ਇਲਾਵਾ,ਗੁਰੂ ਸਾਹਿਬ ਨੇ,ਸਦੀਆਂ ਤੋਂ ਦੱਬੇ ਕੁਚਲੇ ਅਤੇ ਲਤਾੜੇ ਹੋਏ ਲੋਕਾਂ ਦੇ ਹੱਕ ਚ,
ਨੀਚਾਂ ਅੰਦਰ ਨੀਚ ਜਾਤਿ ਨੀਚੀ ਹੂੰ ਅੱਤ ਨੀਚ।ਨਾਨਕ ਤਿਨਕੇ ਸੰਗ ਸਾਥ,ਵੱਡਿਆਂ ਸਿਉ ਕਿਆ ਰੀਸ਼!
ਦਾ ਹਾਂ ਦਾ ਨਾਅਰਾ ਮਾਰਕੇ ਲੁੱਟੇ ਤੇ ਕੁੱਟੇ ਜਾਣ ਵਾਲੇ ਲੋਕਾਂ ਦੇ ਹੱਕ ਚ ਖੜ੍ਹੇ ਹੋਣ ਦਾ ਐਲਾਨ ਵੀ ਕੀਤਾ।ਜਿਹੜਾ ਕਿ,ਉਸ ਸਮੇਂ ਦਾ ਬੜਾ ਹੀ ਕ੍ਰਾਂਤੀਕਾਰੀ ਅਤੇ ਅਗਾਂਹਵਧੂ ਨਾਅਰਾ ਸੀ।
ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਨੂੰ ਅੱਗੇ ਤੋਰਦਿਆਂ,ਸਿੱਖਾਂ ਦੇ ਦਸਵੇਂ ਗੁਰੂ,ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ,ਅਜੀਬ ਕੌਤਕ ਹੀ ਵਰਤਾਅ ਦਿੱਤਾ।ਉਨ੍ਹਾਂ ਨੇ ਜਬਰ ਜੁਲਮ ਦੇ ਖਿਲਾਫ ਟੱਕਰ ਲੈਂਦਿਆਂ,ਇੱਕ ਨਾਅਰਾ,
ਗਿੱਦੜੋਂ ਸੇ ਮੈਂ ਸ਼ੇਰ ਲੜਾਊਂ, ਚਿੜੀਓਂ ਸੇ ਮੈਂ ਬਾਜ ਤੁੜਾਊਂ।ਤਭੀ ਗੋਬਿੰਦ ਸਿੰਘ ਨਾਮ ਕਹਾਊਂ!
ਦਾ ਨਾਅਰਾ ਪ੍ਰਚੰਡ ਕੀਤਾ।ਜਿਸਦੇ ਤਹਿਤ,ਅਖੌਤੀ ਸਮਾਜ ਦੀਆਂ ਨੀਵੀਆਂ ਅਤੇ ਦੁਰਕਾਰੀਆਂ ਜਾਣ ਵਾਲੀਆਂ ਜਾਤਾਂ ਨੂੰ,ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਉਨ੍ਹਾਂ ਚ ਅਜਿਹੀ ਭਾਵਨਾ ਪੈਦਾ ਕੀਤੀ,ਕਿ ਹਰ ਇੱਕ ਸਿੰਘ,ਮੁਗਲਾਂ ਦੀ ਫੌਜ ਦੇ ਸਵਾ 2 ਲੱਖ ਨਾਲ ਇਕੱਲਾ ਹੀ ਰਣ ਭੂਮੀ ਚ ਜੂਝਦਾ ਰਿਹਾ ਅਤੇ ਦੁਸ਼ਮਣਾਂ ਨੂੰ ਭਾਜੜਾਂ ਪਾਉਂਦਾ ਰਿਹਾ।ਇਹ ਜੰਗ ਵੀ ਤਾਂ, ਕੁੱਲੀਆਂ ਵੱਲੋਂ,ਮਹਿਲਾਂ ਦੇ ਖਿਲਾਫ ਹੀ ਤਾਂ ਸੀ।
ਇਸ ਤੋਂ ਬਾਅਦ,ਇਸ ਜੰਗ ਨੂੰ,ਗੁਰੂ ਗੋਬਿੰਦ ਸਿੰਘ ਜੀ ਦੇ ਥਾਪੜੇ ਦੇ ਨਾਲ,ਬਾਬਾ ਬੰਦਾ ਸਿੰਘ ਬਹਾਦਰ ਨੇ ਜਾਰੀ ਰੱਖਿਆ ਅਤੇ ਮੁਗਲਾਂ ਦੀ ਇੱਟ ਨਾਲ ਇੱਟ ਖੜਕਾਅ ਕੇ,ਪਹਿਲੀ ਸਿੱਖ ਰਾਜ ਦੀ ਸਥਾਪਨਾ ਕੀਤੀ।ਗੁਰੂਆਂ ਦੇ ਨਾਂ ਤੇ ਸਿੱਕਾ ਜਾਰੀ ਕੀਤਾ ਅਤੇ ਰਜਵਾੜਿਆਂ ਤੋਂ ਜਮੀਨਾਂ ਖੋਹਕੇ ਮੁਜਾਰਿਆਂ ਨੂੰ ਦਿੱਤੀਆਂ,ਜੋ ਕਿ ਅਜੋਕੇ ਦੌਰ ਦੇ ਕਿਸਾਨ ਜਾਂ ਜਿਮੀਂਦਾਰ ਅਖਵਾਉਂਦੇ ਹਨ।ਇਹ ਜੰਗ ਵੀ ਤਾਂ,ਕੁੱਲੀਆਂ ਵੱਲੋਂ,ਮਹਿਲਾਂ ਦੇ ਖਿਲਾਫ ਹੀ ਤਾਂ ਸੀ।ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਅਣਹੋਣੀ ਨੂੰ ਹੋਣੀ ਕਰਕੇ ਵਿਖਾ ਦਿੱਤਾ ਸੀ।
ਇਸ ਤੋਂ ਬਾਅਦ,ਸੂਦਰ ਸਮਾਜ ਦੇ ਖਿਲਾਫ ਹੋ ਰਹੇ ਅੱਤਿਆਚਾਰਾਂ ਦੇ ਖਿਲਾਫ,ਇੱਕ ਅਜਿਹੀ ਹੀ ਜੰਗ,ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੇ ਵੀ ਸਮੇਂ 2 ਤੇ ਲੜੀ ਅਤੇ ਅਖੀਰ, ਆਜਾਦ ਭਾਰਤ ਦੇ ਲੋਕਾਂ ਨੂੰ ਭਾਰਤ ਦਾ ਸੰਵਿਧਾਨ ਲਿਖਕੇ ਦਿੱਤਾ।ਜਿਸ ਵਿੱਚ,ਸਦੀਆਂ ਤੋਂ ਦੱਬੇ ਕੁਚਲੇ ਲੋਕਾਂ ਨੂੰ ਤਾਂ ਹੱਕ ਲੈ ਕੇ ਹੀ ਦਿੱਤੇ,ਸਗੋਂ ਸਦੀਆਂ ਤੋਂ ਗੁਲਾਮੀ ਦਾ ਸੰਤਾਪ ਭੋਗ ਰਹੀ,ਭਾਰਤ ਦੀ ਸਮੁੱਚੀ ਨਾਰੀ ਨੂੰ ਵੀ ਸੰਵਿਧਾਨਿਕ ਤੌਰਤੇ ਬਰਾਬਰਤਾ ਦੇ ਹੱਕ ਲੈ ਕੇ ਦਿੱਤੇ।ਜਿਸਦੇ ਸਦਕਾ ਹੀ,ਭਾਰਤ ਦੀ ਸਮੁੱਚੀ ਔਰਤ ਜਾਤੀ,ਆਜਾਦੀ ਦਾ ਨਿੱਘ ਮਾਣ ਰਹੀ ਹੈ।ਜਿਸਦੇ ਹੱਕ ਚ,ਗੁਰੂ ਨਾਨਕ ਸਾਹਿਬ ਨੇ ਵੀ ਸਦੀਆਂ ਪਹਿਲਾਂ,
ਸੋ ਕਿਉਂ ਮੰਦਾ ਆਖੀਐ, ਜਿਤੁ ਜੰਮੇ ਰਾਜਾਨ!
ਆਖਕੇ ਆਪਣੀ ਆਵਾਜ਼ ਬੁਲੰਦ ਕੀਤੀ ਸੀ।
ਬਾਬਾ ਸਾਹਿਬ, ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ ਸੰਘਰਸ਼ ਨੂੰ ਹੀ ਅੱਗੇ ਤੋਰਦਿਆਂ, ਦਲਿਤਾਂ ਦੇ ਮਸੀਹਾ ਸ਼੍ਰੀ ਕਾਂਸ਼ੀ ਰਾਮ ਜੀ ਨੇ,ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਇਕੱਠੇ ਕਰਕੇ ਰਾਜਨੀਤਕ ਸੱਤਾ ਦੀ ਪ੍ਰਾਪਤੀ ਲਈ ਸੰਘਰਸ਼ ਵਿੱਢਿਆ।ਜਿਸਦੀ ਬਦੌਲਤ,ਦੇਸ਼ ਦੇ ਹੋਰ ਸੂਬਿਆਂ ਚ ਵੋਟ ਦੇ ਰਾਹੀਂ ਆਪਣੇ ਮੈੰਬਰ ਜਿਤਾਉਣ ਦੇ ਨਾਲ 2,ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਚ,ਆਪਣੀ ਪਾਰਟੀ ਦੀ ਚਾਰ ਵਾਰ ਸਰਕਾਰ ਬਣਾ ਕੇ,ਸਦੀਆਂ ਤੋਂ ਦੱਬੇ ਅਤੇ ਲਤਾੜੇ ਹੋਏ ਲੋਕਾਂ ਨੂੰ ਉਨ੍ਹਾਂ ਦੀ ਤਾਕਤ ਦਾ ਅਹਿਸਾਸ ਕਰਵਾ ਦਿੱਤਾ ਅਤੇ ਨਾਲ ਹੀ ਭਾਰਤ ਦੇ ਨਾਗਰਿਕਾਂ ਨੂੰ, ਸੰਵਿਧਾਨ ਚ ਦਿੱਤੇ ਹੋਏ ਵੋਟ ਦੇ ਅਧਿਕਾਰ ਦੀ ਤਾਕਤ ਦਾ ਅਹਿਸਾਸ ਵੀ ਕਰਵਾ ਦਿੱਤਾ,ਕਿ ਇਹ ਵੋਟ ਅਗਰ ਸੋਚ ਸਮਝ ਕੇ,ਸਹੀ ਉਮੀਦਵਾਰ ਨੂੰ ਪਾਈ ਜਾਵੇ,ਤਾਂ ਇਹ ਰਾਜ ਭਾਗ ਬਦਲਣ ਦੀ ਸਮਰੱਥਾ ਵੀ ਰੱਖਦੀ ਹੈ।
ਮੁੱਕਦੀ ਗੱਲ ਤਾਂ ਇਹ ਹੈ,ਕਿ ਇਹ ਤਾਂ ਇੱਕ ਭਰਮ ਹੀ ਹੈ,ਕਿ ਕੁੱਲੀਆਂ ਕਦੇ ਮਹਿਲਾਂ ਨਾਲ ਟੱਕਰ ਨਹੀਂ ਲੈ ਸਕਦੀਆਂ।ਪਰ ਜਦੋਂ ਇਹ ਭਰਮ ਟੁੱਟ ਗਿਆ ਜਾਂ ਕਿਸੇ ਦ੍ਰਿੜ ਇਰਾਦੇ ਵਾਲੇ ਨੇ ਇਸ ਭਰਮ ਨੂੰ ਤੋੜਨ ਦੀ ਠਾਣ ਲਈ,ਤਾਂ ਉਹ ਇਹਦੇ ਵਿੱਚ ਕਾਮਯਾਬ ਵੀ ਹੋਇਆ ਹੈ ਅਤੇ ਮਹਿਲਾਂ ਨੂੰ ਟੱਕਰ ਦੇ ਕੇ ਕੁੱਲੀਆਂ ਨੇ ਆਪਣੀ ਜਿੱਤ ਵੀ ਦਰਜ ਕੀਤੀ ਹੈ।ਪਰ ਗੱਲ ਤਾਂ ਹੌਸਲੇ ਤੇ ਦ੍ਰਿੜ ਇਰਾਦੇ ਦੀ ਹੈ।ਫੇਰ ਦੁਨੀਆਂ ਦੀ ਕੋਈ ਤਾਕਤ, ਕੁੱਲੀਆਂ ਨਾਲ ਟੱਕਰ ਨਹੀਂ ਲੈ ਸਕਦੀ।ਕਿਉਂਕਿ ਕੁੱਲੀਆਂ ਦਾ ਲੜ੍ਹਨ ਮਰਨ ਦਾ ਜਜਬਾ,ਵੀ ਤਾਂ ਕਮਾਲ ਦਾ ਹੁੰਦਾ ਹੈ।
93169 10402
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.