ਜਿੰਦਗੀ ਜਿਉਣ ਲਈ,ਕੁੱਝ ਰਿਸ਼ਤੇ ਤਾਂ ਨਿਭਾਉਣੇ ਹੀ ਪੈਂਦੇ ਨੇ!
ਕਿਸੇ ਸ਼ਾਇਰ ਨੇ ਕਿਹਾ ਹੈ,ਕਿ, ਦੁਨੀਆਂ ਮੇਂ ਆਏ ਹੈਂ, ਤੋਂ ਜੀਨਾ ਹੀ ਪੜੇਗਾ!
ਭਾਵ,ਕਿ ਅਗਰ ਕੋਈ ਮਨੁੱਖ ਇਸ ਦੁਨੀਆਂ ਚ ਆਉਂਦਾ ਹੈ,ਤਾਂ ਉਸਨੂੰ ਹਰ ਹਾਲ ਚ ਜੀਣਾ ਹੀ ਪੈਂਦਾ ਹੈ,ਭਾਵੇਂ ਉਹ ਕਿਹੋ ਜਿਹੇ ਮਰਜੀ ਹਾਲ ਚ ਹੀ ਕਿਉਂ ਨਾ ਹੋਵੇ।ਕਿਉਂਕਿ ਜਿੰਦਗੀ ਜਿਉਣਾ,ਕੋਈ ਗੁੱਡਾ ਗੁੱਡੀ ਦਾ ਖੇਲ ਵੀ ਤਾਂ ਨਹੀਂ ਹੈ,ਸਗੋਂ ਇਹ ਤਾਂ ਕੰਡਿਆਂ ਦੀ ਸ਼ੇਜ ਹੈ,ਜਿਸਨੂੰ ਹਰ ਹਾਲ ਚ ਮਾਨਣਾ ਹੀ ਪੈਣਾ ਹੈ। ਇਹ ਵੱਖਰੀ ਗੱਲ ਹੈ,ਕਿ ਕਿਸੇ ਦੀ ਜਿੰਦਗੀ ਫੁੱਲਾਂ ਦੀ ਸੇਜ ਅਤੇ ਕਿਸੇ ਦੀ ਜਿੰਦਗੀ,ਸਾਰੀ ਉਮਰ ਕੰਡਿਆਂ ਦੀ ਸ਼ੇਜ ਹੀ ਬਣੀ ਰਹਿੰਦੀ ਹੈ।ਕਿਉਂਕਿ ਇਹ ਸਭ ਕੁੱਝ ਤਾਂ ਤਕਦੀਰਾਂ ਦੇ ਸੌਦੇ ਵੀ ਹੁੰਦੇ ਹਨ।ਪਰ ਗੱਲ ਤਾਂ,ਦੁਨੀਆਂ ਚ ਆਪਣੀ ਕਾਰਗੁਜਾਰੀ ਦੀ ਵੀ ਹੁੰਦੀ ਹੈ,ਕਿ ਕੋਈ ਮਨੁੱਖ ਆਪਣੀ ਮਿਹਨਤ ਅਤੇ ਸਿਆਣਪ ਦੇ ਨਾਲ,ਆਪਣੇ ਆਪਨੂੰ ਕਿੰਨਾ ਕੁ ਬਦਲਦਾ ਹੈ।ਬੱਸ,ਇਹੋ ਗੱਲ ਹੀ ਸੋਚਣ ਵਾਲੀ ਹੈ।
ਸਭ ਤੋਂ ਵੱਡੀ ਗੱਲ ਤਾਂ ਇਹ ਹੈ,ਕਿ ਜਿੰਦਗੀ ਵੀ ਇੱਕ ਜੰਗ ਹੀ ਤਾਂ ਹੈ।ਕੋਈ ਇਸ ਜੰਗ ਚ ਜਿੱਤ ਜਾਂਦਾ ਹੈ ਅਤੇ ਕੋਈ ਇਸ ਨੂੰ ਹਾਰ ਜਾਂਦਾ ਹੈ।ਅਸਲ ਵਿੱਚ,ਮਨੁੱਖ ਦੀ ਬਾਹਰਲੀ ਹਾਰ ਜਾਂ ਜਿੱਤ ਕੋਈ ਜਿਆਦਾ ਮਾਇਨੇ ਨਹੀਂ ਰੱਖਦੀ।ਜਿੰਦਗੀ ਦੀ ਜਿੱਤ ਜਾਂ ਹਾਰ ਨੂੰ ਦਿਲੋਂ ਸਵੀਕਾਰ ਕਰ ਲੈਣਾ ਹੀ ਅਸਲੀ ਜਿੱਤ ਤੇ ਹਾਰ ਹੁੰਦੀ ਹੈ।ਕਿਉਂਕਿ ਦਿਲੋਂ ਸਵੀਕਾਰ ਕੀਤੀ ਹੋਈ ਹਾਰ ਅਤੇ ਜਿੱਤ,ਮਨੁੱਖ ਨੂੰ ਦੁਬਾਰਾ ਲੜਨ ਅਤੇ ਜਿੱਤਣ ਲਈ ਪ੍ਰੇਰਿਤ ਨਹੀਂ ਕਰਦੀ। ਭਾਵੇਂ ਜਿੰਦਗੀ ਨੂੰ ਖੁਸ਼ ਅਤੇ ਸੁਖਾਵਾਂ ਬਨਾਉਣ ਲਈ,ਘਰ ਪਰਿਵਾਰ, ਧਨ ਦੌਲਤ ਅਤੇ ਹੋਰ ਬਹੁਤ ਸਾਰੇ ਕਾਰਨ ਵੀ ਹੁੰਦੇ ਹਨ।ਪਰ ਜਿੰਦਗੀ ਨੂੰ ਖੁਸ਼ਹਾਲ ਬਨਾਉਣ ਲਈ ਮਨੁੱਖ ਦੇ ਰਿਸ਼ਤੇ ਨਾਤੇ ਵੀ ਬੜਾ ਵੱਡਾ ਰੋਲ ਅਦਾ ਕਰਦੇ ਹਨ।ਜਿਸ ਤਰ੍ਹਾਂ ਤਰ੍ਹਾਂ 2 ਦੇ ਫੁੱਲ,ਇਕੱਠੇ ਹੋ ਕੇ ਇੱਕ ਗੁਲਦਸਤਾ ਬਣ ਜਾਂਦਾ ਹੈ।ਬਿਲਕੁਲ,ਇਸੇ ਤਰ੍ਹਾਂ ਹੀ,ਮਨੁੱਖ ਦੇ ਰਿਸ਼ਤਿਆਂ ਦਾ ਸੰਗ੍ਰਹਿ, ਜਿੰਦਗੀ ਰੂਪੀ ਫੁਲਵਾੜੀ ਦੇ ਗੁਲਦਸਤੇ ਹੀ ਤਾਂ ਹੁੰਦੇ ਹਨ,ਜਿੰਨ੍ਹਾਂ ਨੂੰ ਸੰਭਾਲ ਕੇ ਰੱਖਣਾ ਮਨੁੱਖ ਦਾ ਫਰਜ ਹੁੰਦਾ ਹੈ।
ਮਨੁੱਖ ਦੀ ਜਿੰਦਗੀ ਚ, ਅਕਸਰ ਕਈ ਤਰ੍ਹਾਂ ਦੇ ਰਿਸ਼ਤੇ ਨਾਤੇ ਵੀ ਜੁੜ ਜਾਂਦੇ ਹਨ।ਇੰਨ੍ਹਾਂ ਰਿਸ਼ਤਿਆਂ ਚੋਂ,ਕਈ ਪਰਿਵਾਰਕ, ਕਈ ਸਮਾਜਿਕ, ਕਈ ਦੋਸਤਾਂ ਮਿਤਰਾਂ ਦੇ ਰਿਸ਼ਤੇ,ਆਂਢ ਗੁਆਂਢ ਦੇ ਰਿਸ਼ਤੇ,ਕੰਮ ਵਾਲੀ ਥਾਂ ਦੇ ਰਿਸ਼ਤੇ ਅਤੇ ਕਈ ਰਿਸ਼ਤੇਦਾਰਾਂ ਦੇ ਰਿਸ਼ਤੇ,ਮਨੁੱਖ ਦੀ ਜਿੰਦਗੀ ਨਾਲ ਜੁੜ ਜਾਂਦੇ ਹਨ।ਹਰ ਰਿਸ਼ਤੇ ਦੇ ਆਪੋ ਆਪਣੇ ਸਵੰਧ ਹੁੰਦੇ ਹਨ।ਇਸੇ ਤਰ੍ਹਾਂ ਹਰ ਰਿਸ਼ਤੇ ਦੀ ਆਪੋ ਆਪਣੀ ਲੋੜ ਅਤੇ ਆਪੋ ਆਪਣੀ ਖੁਸ਼ਬੋ ਹੁੰਦੀ ਹੈ। ਕਿਉਂਕਿ,ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ।ਇਸ ਲਈ ਮਨੁੱਖ ਦਾ ਸਮਾਜ ਤੋਂ ਬਿਨਾਂ ਰਹਿਣਾ ਅਧੂਰਾ ਹੀ ਨਹੀਂ,ਸਗੋਂ ਅਸੰਭਵ ਵੀ ਲੱਗਦਾ ਹੈ।ਇਹੋ ਕਾਰਨ ਹੈ,ਕਿ ਮਨੁੱਖ ਨੇ ਆਪਣੀ ਸਮਾਜਿਕ ਲੋੜ ਦੇ ਅਨੁਸਾਰ, ਇਹ ਰਿਸ਼ਤੇ ਸਿਰਜ ਲਏ ਹਨ।ਜਿੰਨ੍ਹਾਂ ਨੂੰ ਮੌਕੇ ਦੇ ਅਨੁਸਾਰ, ਮਨੁੱਖ ਵਰਤ ਵੀ ਲੈਂਦਾ ਹੈ।
ਭਾਵੇਂ ਮਨੁੱਖ ਦੇ ਬਹੁਤ ਸਾਰੇ ਰਿਸ਼ਤੇ ਨਾਤੇ ਹੁੰਦੇ ਹਨ।ਕੁੱਝ ਮਨੁੱਖ ਨੂੰ ਪਰਿਵਾਰ ਵੱਲੋਂ ਮਿਲ ਜਾਂਦੇ ਹਨ ਅਤੇ ਕੁੱਝ ਰਿਸ਼ਤਿਆਂ ਦੀ ਸਿਰਜਣਾ,ਮਨੁੱਖ ਆਪਣੇ ਪੱਧਰ ਤੇ ਆਪਣੀ ਲੋੜ ਤੇ ਆਪਣੀਆਂ ਭਾਵਨਾਵਾਂ ਚ ਵਹਿ ਕੇ ਕਰ ਲੈਂਦਾ ਹੈ।ਜਿੰਨ੍ਹਾਂ ਦੇ ਦੁਆਰਾ,ਮਨੁੱਖ ਆਪਣੀ ਜਿੰਦਗੀ ਦੀਆਂ ਲੋੜਾਂ ਵੀ ਪੂਰੀਆਂ ਕਰਦਾ ਹੈ ਜਾਂ ਫਿਰ ਮਨੁੱਖ ਨੂੰ ਇੰਨ੍ਹਾਂ ਰਿਸ਼ਤਿਆਂ ਚੋਂ ਭਾਵਨਾਤਮਿਕ ਤੌਰਤੇ ਖੁਸ਼ੀ ਤੇ ਸਕੂਨ ਵੀ ਮਿਲਦਾ ਹੈ।ਮਨੁੱਖ ਦੀ ਜਿੰਦਗੀ ਚ ਰਿਸ਼ਤਿਆਂ ਦਾ ਹੋਣਾ ਕੋਈ ਜਿਆਦਾ ਮਹੱਤਵ ਨਹੀਂ ਰੱਖਦਾ ਅਤੇ ਨਾ ਹੀ ਰਿਸ਼ਤਿਆਂ ਦੀ ਘੱਟ ਜਾਂ ਵੱਧ ਮਾਤਰਾ ਹੀ ਕੋਈ ਜਿਆਦਾ ਮਾਇਨੇ ਰੱਖਦੀ ਹੈ।ਸਗੋਂ ਮਹੱਤਵ ਤਾਂ ਇਸ ਗੱਲ ਦਾ ਹੁੰਦਾ ਹੈ,ਕਿ ਮਨੁੱਖ ਉਨ੍ਹਾਂ ਰਿਸ਼ਤਿਆਂ ਨੂੰ ਕਿਵੇਂ ਨਿਭਾਉਂਦਾ ਹੈ ਅਤੇ ਇਹ ਰਿਸ਼ਤੇ ਕਿੰਨੇ ਸਥਾਈ ਹੁੰਦੇ ਹਨ।ਇਹ ਗੱਲ ਵੀ ਬੜੀ ਮਹੱਤਵਪੂਰਨ ਹੁੰਦੀ ਹੈ,ਕਿ ਕੀ ਰਿਸ਼ਤੇ ਸੱਚਮੁੱਚ ਹੀ ਸੱਚੇ ਤੇ ਸੁੱਚੇ ਹਨ ਜਾਂ ਫਿਰ,
ਮਨ ਖੋਟੇ,ਤਨ ਚੋਰ!
ਵਾਲੀ ਗੱਲ ਹੀ ਹੁੰਦੀ ਹੈ।
ਕਿਉਂਕਿ ਹਰ ਰਿਸ਼ਤੇ ਦਾ ਮਨੁੱਖ ਦੀ ਜਿੰਦਗੀ ਚ ਆਪਣਾ ਹੀ ਮਹੱਤਵ ਹੁੰਦਾ ਹੈ।ਇਸ ਲਈ, ਹਰ ਰਿਸ਼ਤੇ ਦੀ ਕਦਰ ਕਰਨੀ ਅਤੇ ਹਰ ਰਿਸ਼ਤੇ ਨੂੰ ਸਾਂਭਣਾ,ਮਨੁੱਖ ਦਾ ਆਪਣਾ ਫਰਜ ਵੀ ਹੁੰਦਾ ਹੈ।ਐਵੇਂ ਹਰ ਗੱਲ ਅਤੇ ਹਰ ਵਕਤ,ਆਪਣੇ ਆਪਨੂੰ ਹੀ ਸਹੀ ਠਹਿਰਾਈ ਜਾਣਾ,ਕਿਸੇ ਵੀ ਤਰ੍ਹਾਂ ਉੱਚਿੱਤ ਨਹੀਂ ਹੁੰਦਾ।ਕਿਸੇ ਵੀ ਰਿਸ਼ਤੇ ਚ ਮਨੁੱਖ ਦੀ ਅਮੀਰੀ ਗਰੀਬੀ ਜਾਂ ਉਹਦੀ ਉਮਰ ਕੋਈ ਜਿਆਦਾ ਮਾਇਨੇ ਨਹੀਂ ਰੱਖਦੀ।ਇੰਨ੍ਹਾਂ ਸਭ ਗੱਲਾਂ ਦੀ ਸੀਮਾ ਤਾਂ ਸਾਡੇ ਪੁਰਾਣੇ ਰੀਤੀ ਰਿਵਾਜਾਂ ਅਤੇ ਪਰਿਵਾਰਕ ਸੰਸਕਾਰਾਂ ਨੇ ਕਾਫੀ ਹੱਦ ਤੱਕ ਨਿਰਧਾਰਤ ਕੀਤੀ ਹੋਈ ਹੈ।
ਇਹੋ ਕਾਰਨ ਹੈ,ਕਿ ਪੁਰਾਣੇ ਜਮਾਨੇ ਚ ਆਪਸੀ ਸਬੰਧਾਂ ਚ ਖਟਾਸ ਬੜੀ ਘੱਟ ਆਉਂਦੀ ਸੀ। ਮੁੱਕਦੀ ਗੱਲ ਤਾਂ ਇਹ ਹੈ,ਕਿ ਭਾਵੇਂ ਅਸੀਂ ਜਿੰਨਾ ਮਰਜੀ ਪੜ੍ਹ ਲਿਖ ਜਾਈਏ।ਜਿੰਨਾ ਮਰਜੀ ਅਮੀਰ ਹੋ ਜਾਈਏ ਅਤੇ ਜਿੰਨਾ ਮਰਜੀ ਤਰੱਕੀ ਕਰ ਲਈਏ।ਪਰ ਸਾਨੂੰ ਜਿੰਨੀ ਖੁਸ਼ੀ ਤੇ ਸਕੂਨ ਇੰਨ੍ਹਾਂ ਰਿਸ਼ਤਿਆਂ ਚੋਂ ਮਿਲਦੀ ਹੈ,ਉਹ ਕਿਸੇ ਵੀ ਚੀਜ ਚੋਂ ਕਿਸੇ ਵੀ ਕੀਮਤ ਤੇ ਨਹੀਂ ਮਿਲ ਸਕਦੀ।ਇਸੇ ਲਈ ਤਾਂ ਸਿਆਣੇ ਕਹਿੰਦੇ ਹਨ,ਕਿ
ਦੁੱਖ ਵੰਡਾਇਆਂ ਤੋਂ ਅੱਧਾ ਅਤੇ ਖੁਸ਼ੀ ਵੰਡਾਇਆਂ ਦੁੱਗਣੀ ਹੋ ਜਾਂਦੀ ਹੈ!
ਪਰ ਇਹ ਤਾਂ ਹੀ ਸੰਭਵ ਹੈ,ਜੇਕਰ ਸਾਡੇ ਰਿਸ਼ਤੇ ਸੱਚੇ ਤੇ ਸੁੱਚੇ ਹੋਣਗੇ ਅਤੇ ਆਹ ਸਹੀ ਸਲਾਮਤ ਵੀ ਹੋਣਗੇ।ਇਸ ਲਈ ਜਿੰਦਗੀ ਨੂੰ ਖੁਸ਼ ਅਤੇ ਖੁਸ਼ਹਾਲ ਰੱਖਣ ਲਈ ਰਿਸ਼ਤਿਆਂ ਨੂੰ ਸਾਂਭ ਕੇ ਰੱਖਣਾ ਬੜਾ ਜਰੂਰੀ ਵੀ ਹੁੰਦਾ ਹੈ।ਇਸ ਤੰਦ ਨੂੰ ਕਦੇ ਵੀ,ਕਿਸੇ ਵੀ ਕੀਮਤ ਤੇ ਟੁੱਟਣ ਨਹੀਂ ਦੇਣਾ ਚਾਹੀਦਾ।
ਸੁਬੇਗ ਸਿੰਘ, ਸੰਗਰੂਰ
93169 10402
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.