ਜਨੂੰਨੀ ਆਜ਼ਾਦੀ ਘੁਲਾਟੀਆ ਅਤੇ ਸਮਾਜ ਸੇਵਕ : ਡਾ ਰਵੀ ਚੰਦ ਸ਼ਰਮਾ ਘਨੌਰ

(ਉਜਾਗਰ ਸਿੰਘ) : ਪਟਿਆਲਾ ਜਿਲ੍ਹੇ ਦੇ ਹਰਪਾਲਪੁਰ ਪਿੰਡ ਵਿਚੋਂ ਪੜ੍ਹਾਈ ਲਈ ਲੁਧਿਆਣਾ ਜਾਣ ਨਾਲ ਰਵੀ ਕੁਮਾਰ ਸ਼ਰਮਾ ਦੀ ਸੋਚ ਹੀ ਬਦਲ ਗਈ। ਦਿਹਾਤੀ ਇਲਾਕੇ ਵਿੱਚ ਰਹਿਣ ਨਾਲ ਖੂਹ ਦਾ ਡੱਡੂ ਬਣਕੇ ਰਹਿਣ ਦੀ ਆਦਤ ਬਣ ਜਾਣੀ ਸੀ ਪ੍ਰੰਤੂ ਸ਼ਹਿਰੀ ਜ਼ਿੰਦਗੀ ਨੇ ਹੋਸ਼ ਅਤੇ ਜੋਸ਼ ਵਿਚ ਵਾਧਾ ਕਰ ਦਿੱਤਾ। ਲੁਧਿਆਣਾ ਜਿਲ੍ਹਾ ਖਾਸ ਤੌਰ ਲੁਧਿਆਣਾ ਸ਼ਹਿਰ ਸੁਤੰਤਰਤਾ ਸੰਗਰਾਮੀਆਂ ਦੀਆਂ ਸਰਗਰਮੀਆਂ ਦਾ ਕੇਂਦਰੀ ਬਿੰਦੂ ਸੀ। ਰਵੀ ਕੁਮਾਰ ਦੇ ਅੱਲ੍ਹੜ੍ਹ ਦਿਮਾਗ਼ ‘ਤੇ ਦੇਸ਼ ਦੀ ਆਜ਼ਾਦੀ ਦਾ ਭੂਤ ਅਜਿਹਾ ਸਵਾਰ ਹੋ ਗਿਆ, ਜਿਸਨੇ ਮੁੜਕੇ ਪਿੱਛੇ ਨਹੀਂ ਵੇਖਿਆ। ਉਨ੍ਹਾਂ 8ਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਹਰਪਾਲਪੁਰ ਤੋਂ ਹੀ ਕੀਤੀ ਸੀ। ਸਕੂਲ ਵਿਚ ਪੜ੍ਹਦਿਆਂ ਹੀ ਉਨ੍ਹਾਂ ਦੇਸ਼ ਦੀ ਆਜ਼ਾਦੀ ਦੇ ਪ੍ਰੋਗਰਾਮਾ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। 1937 ਵਿਚ ਉਨ੍ਹਾਂ ਆਰੀਆ ਸਕੂਲ ਲੁਧਿਆਣਾ ਤੋਂ ਦਸਵੀਂ ਪਾਸ ਕਰਨ ਤੋਂ ਤੁਰੰਤ ਬਾਅਦ ਉਹ ਫ਼ੌਜ ਵਿਚ ਭਰਤੀ ਹੋ ਗਏ। ਉਨ੍ਹਾਂ ਨੇ ਫ਼ੌਜ ਵਿਚ ਹੀ ਅਕਾਊਂਟਸ ਦੀ ਸਿਖਿਆ ਪ੍ਰਾਪਤ ਕੀਤੀ ਅਤੇ ਉਹ ਲੇਖਾ ਅਧਿਕਾਰੀ ਦੇ ਅਹੁਦੇ ‘ਤੇ ਤਾਇਨਾਤ ਹੋ ਗਏ। ਉਨ੍ਹਾਂ ਫ਼ੌਜ ਦੀ ਨੌਕਰੀ ਨੂੰ ਅੰਗਰੇਜ਼ ਸਰਕਾਰ ਦੀ ਗ਼ੁਲਾਮੀ ਮਹਿਸੂਸ ਕੀਤਾ ਕਿਉਂਕਿ ਲੁਧਿਆਣਾ ਵਿਖੇ ਆਜ਼ਾਦੀ ਸੰਗਰਾਮ ਵਿੱਚ ਕੁੱਦਣ ਦੀ ਲੱਗੀ ਜਾਗ ਨੇ ਫਿਰ ਉਬਾਲਾ ਖਾਧਾ ਅਤੇ ਫ਼ੌਜ ਵਿਚੋਂ ਨਾਮ ਕਟਾਕੇ ਵਾਪਸ ਹਰਪਾਲਪੁਰ ਆਪਣੇ ਪਿੰਡ ਆ ਗਏ।
ਫਿਰ ਉਹ ਨਨਿਓਲਾ ਪਿੰਡ ਚਲੇ ਗਏ, ਜਿਥੇ ਉਨ੍ਹਾਂ ਦਾ ਨਜ਼ਦੀਕੀ ਰਿਸ਼ਤੇਦਾਰ ਐਮ ਬੀ ਬੀ ਐਸ ਡਾਕਟਰ ਸੀ। ਉਨ੍ਹਾਂ ਦੀ ਡਾਕਟਰੀ ਦੀ ਕਲਿਨਕ ਵਿੱਚ ਕੰਪਾਊਡਰ ਦਾ ਕੰਮ ਕਰਨ ਲੱਗ ਗਏ। ਉਥੇ ਰਹਿਕੇ ਉਨ੍ਹਾਂ ਡਾਕਟਰੀ ਦਾ ਕੰਮ ਸਿੱਖ ਲਿਆ ਅਤੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦੀ ਦੁਕਾਨ ਆਪਣੇ ਪਿੰਡ ਖੋਲ੍ਹ ਲਈ। ਪ੍ਰੰਤੂ ਦੇਸ਼ ਭਗਤੀ ਦੀ ਜਿਹੜੀ ਚਿਣਗ ਲੱਗੀ ਸੀ, ਉਸਨੇ ਉਨ੍ਹਾਂ ਨੂੰ ਉਕਸਾਉਣਾ ਸ਼ੁਰੂ ਕਰ ਦਿੱਤਾ। ਡਾ ਰਵੀ ਕੁਮਾਰ ਸ਼ਰਮਾ ਮਹਾਤਮਾ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਛੋੜੋ ਮੁਹਿੰਮ ਵਿਚ ਲਾਹੌਰ ਜਾ ਕੇ ਸ਼ਾਮਲ ਹੋ ਗਏ। ਉਥੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਕੇ 1942 ਵਿਚ ਲਾਹੌਰ ਜੇਲ੍ਹ ਵਿਚ ਡੱਕ ਦਿੱਤਾ ਗਿਆ। ਉਹ ਲਗਪਗ ਇਕ ਸਾਲ ਲਾਹੌਰ ਜੇਲ੍ਹ ਵਿਚ ਬੰਦ ਰਹੇ। ਉਸਤੋਂ ਬਾਅਦ ਤਾਂ ਚਲ ਸੋ ਚਲ ਉਹ ਆਜ਼ਾਦੀ ਦੀਆਂ ਸਰਗਰਮੀਆਂ ਵਿਚ ਹਿੱਸਾ ਲੈਂਦੇ ਰਹੇ। ਇਸ ਦੌਰਾਨ ਉਨ੍ਹਾਂ ਦਾ ਕਾਂਗਰਸ ਪਾਰਟੀ ਦੇ ਸਿਆਸਤਦਾਨਾ ਨਾਲ ਤਾਲਮੇਲ ਵੱਧ ਗਿਆ। ਡਾਕਟਰੀ ਦੀ ਦੁਕਾਨ ਇਕ ਕਿਸਮ ਨਾਲ ਬੰਦ ਹੀ ਰਹਿੰਦੀ ਸੀ। 1947 ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਹ ਪੰਜਾਬ ਕਾਂਗਰਸ ਦੀ ਸਿਆਸਤ ਵਿਚ ਸਰਗਰਮ ਹੋ ਗਏ। 1958 ਵਿੱਚ ਉਨ੍ਹਾਂ ਦਾ ਪਰਿਵਾਰ ਪਟਿਆਲਾ ਜਿਲ੍ਹੇ ਦੇ ਕਸਬਾ ਘਨੌਰ ਵਿੱਚ ਆ ਕੇ ਰਹਿਣ ਲੱਗ ਪਿਆ। ਇਥੇ ਹੀ ਉਨ੍ਹਾਂ ਆਪਣੀ ਡਾਕਟਰੀ ਦੀ ਦੁਕਾਨ ਖੋਲ੍ਹ ਲਈ।
ਇਹ ਦੁਕਾਨ ਤਾਂ ਇਕ ਕਿਸਮ ਨਾਲ ਦੇਸ਼ ਭਗਤਾਂ ਅਤੇ ਕਾਂਗਰਸੀ ਵਰਕਰਾਂ ਦੇ ਬੈਠਣ ਦਾ ਸਥਾਨ ਬਣ ਗਿਆ। ਉਨ੍ਹਾਂ ਦਿਨਾ ਵਿੱਚ ਪਿੰਡਾਂ ਵਿੱਚ ਮੈਡੀਕਲ ਸਹੂਲਤਾਂ ਦੀ ਘਾਟ ਸੀ। ਇਸ ਕਰਕੇ ਡਾ ਰਵੀ ਕੁਮਾਰ ਸ਼ਰਮਾ ਦੀ ਦੁਕਾਨ ਚੰਗੀ ਚਲ ਪਈ ਕਿਉਂਕਿ ਉਨ੍ਹਾਂ ਨੇ ਆਪਣੀ ਦੁਕਾਨ ਦੇ ਨਾਲ ਹੀ ਸਮਾਜ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਕਾਂਗਰਸ ਪਾਰਟੀ ਦੇ ਮੈਂਬਰ ਉਹ ਲੁਧਿਆਣਾ ਵਿਖੇ ਹੀ ਸਕੂਲ ਦੀ ਪੜ੍ਹਾਈ ਮੌਕੇ ਹੀ ਬਣ ਗਏ ਸਨ। ਘਨੌਰ ਦੇ ਇਲਾਕੇ ਵਿਚ ਉਨ੍ਹਾਂ ਦਿਨਾ ਵਿਚ ਡਾਕਟਰੀ ਦੀ ਕੋਈ ਦੁਕਾਨ ਨਹੀਂ ਹੁੰਦੀ ਸੀ। ਉਨ੍ਹਾਂ ਨੇ ਆਲੇ ਦੁਆਲੇ ਦੇ ਪਿੰਡਾਂ ਵਿਚ ਮਰੀਜ਼ਾਂ ਨੂੰ ਦਵਾਈਆਂ ਪਿੰਡਾਂ ਵਿਚ ਆਪ ਜਾ ਕੇ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦਾ ਦਵਾਈਆਂ ਦੇਣ ਦੇ ਨਾਲ ਪਿੰਡਾਂ ਵਿਚ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਬਣਾਉਣ ਦਾ ਮੰਤਵ ਵੀ ਪੂਰਾ ਹੋਣ ਲੱਗ ਪਿਆ। ਸਮਾਜ ਸੇਵਾ ਦੀ ਪ੍ਰਵਿਰਤੀ ਕਰਕੇ ਸਥਾਨਕ ਪ੍ਰਬੰਧ ਵਿਚ ਵੀ ਉਨ੍ਹਾਂ ਦੀ ਤੂਤੀ ਬੋਲਣ ਲੱਗ ਪਈ। ਉਹ ਦਵਾਈਆਂ ਦਾ ਖ਼ਰਚਾ ਮਰੀਜਾਂ ਤੋਂ ਨਾਮਾਤਰ ਹਾੜ੍ਹੀ ਸੌਣੀ ਹੀ ਲੈਂਦੇ ਸਨ। ਉਨ੍ਹਾਂ ਦਿਨਾ ਵਿਚ ਪਟਿਆਲਾ ਰਾਜਿੰਦਰਾ ਹਸਪਤਾਲ ਵਾਲੇ ਡਾਕਟਰ ਜਗਦੀਸ਼ ਸਿੰਘ ਲੋਕਾਂ ਦੇ ਚਹੇਤੇ ਡਾਕਟਰ ਸਨ, ਜਿਹੜੇ ਮਰੀਜ਼ਾਂ ਤੋਂ ਨਾਮਾਤਰ ਪੈਸੇ ਹੀ ਲੈਂਦੇ ਸਨ।
ਡਾ ਰਵੀ ਕੁਮਾਰ ਸ਼ਰਮਾ ਦੇ ਉਹ ਵੀ ਪ੍ਰੇਰਨਾ ਸਰੋਤ ਸਨ। ਡਾਕਟਰ ਜਗਦੀਸ਼ ਸਿੰਘ ਪੰਜਾਬ ਸਿਹਤ ਵਿਭਾਗ ਦੇ ਡਾਇਰੈਕਟਰ ਲੱਗ ਗਏ। ਉਨ੍ਹਾਂ ਨੂੰ ਰਵੀ ਕੁਮਾਰ ਸ਼ਰਮਾ ਦੀ ਮਰੀਜ਼ਾਂ ਦੀ ਲਗਨ ਨਾਲ ਸੇਵਾ ਕਰਨ ਅਤੇ ਲਾਲਚੀ ਨਾ ਹੋਣ ਬਾਰੇ ਪੂਰੀ ਜਾਣਕਾਰੀ ਸੀ। ਉਨ੍ਹਾਂ ਰਵੀ ਕੁਮਾਰ ਸ਼ਰਮਾ ਨੂੰ ਫਾਰਮਾਸਿਸਟ ਦੀ ਡਿਗਰੀ ਦੇ ਕੇ ਸਨਮਾਨਤ ਕੀਤਾ। ਉਸ ਤੋਂ ਬਾਅਦ ਉਹ ਡਾਕਟਰ ਰਵੀ ਕੁਮਾਰ ਘਨੌਰ ਦੇ ਨਾਮ ਨਾਲ ਪ੍ਰਸਿੱਧ ਹੋਏ। ਉਨ੍ਹਾਂ ਦੀ ਦੁਕਾਨ ਘਨੌਰ ਦੇ ਇਲਾਕੇ ਦੇ ਕਾਂਗਰਸੀਆਂ ਦੇ ਇਕੱਤਰ ਹੋਣ ਦਾ ਸਥਾਨ ਤਾਂ ਹੁੰਦਾ ਹੀ ਸੀ, ਪ੍ਰੰਤੂ ਲੋਕ ਆਪਣੇ ਨਿੱਜੀ ਕੰਮ ਕਾਰ ਲਈ ਵੀ ਏਥੇ ਰਵੀ ਕੁਮਾਰ ਸ਼ਰਮਾ ਤੋਂ ਮਦਦ ਲੈਣ ਲਈ ਆਉਂਦੇ ਸਨ। ਪਟਿਆਲਾ ਜਿਲ੍ਹੇ ਅਤੇ ਖਾਸ ਤੌਰ ਤੇ ਘਨੌਰ ਦੇ ਇਲਾਕੇ ਦੇ ਵਿਕਾਸ ਕੰਮਾ ਸੰਬੰਧੀ ਉਹ ਹਮੇਸ਼ਾ ਤਤਪਰ ਰਹਿੰਦੇ ਸਨ। ਲੋਕਾਂ ਦੇ ਕੰਮਾ ਲਈ ਉਹ ਪਟਿਆਲਾ, ਚੰਡੀਗੜ੍ਹ ਅਤੇ ਦਿੱਲੀ ਜਾਂਦੇ ਰਹਿੰਦੇ ਸਨ। ਉਹ ਫ਼ਕਰ ਕਿਸਮ ਦੇ ਸਿਆਸਤਦਾਨ ਅਤੇ ਸਮਾਜ ਸੇਵਕ ਸਨ। 1965 ਵਿਚ ਉਹ ਲੋਕ ਸਭਾ ਦੇ ਸਪੀਕਰ ਅਤੇ ਲਾਲ ਬਹਾਦਰ ਸ਼ਾਸ਼ਤਰੀ ਨੂੰ ਇਲਾਕੇ ਦੇ ਵਿਕਾਸ ਲਈ ਵਿਸ਼ੇਸ਼ ਤੌਰ ਤੇ ਮਿਲਣ ਲਈ ਗਏ। ਉਨ੍ਹਾਂ ਦਿਨਾ ਵਿਚ ਕੇਂਦਰੀ ਮੰਤਰੀਆਂ ਨੂੰ ਕਾਂਗਰਸੀਆਂ ਲਈ ਮਿਲਣਾ ਔਖਾ ਨਹੀਂ ਹੁੰਦਾ ਸੀ।
ਉਨ੍ਹਾਂ ਦੀ ਲੋਕ ਸੇਵਾ ਦੀ ਪ੍ਰਵਿਰਤੀ ਕਰਕੇ ਪੰਜਾਬ ਦੇ ਸਾਰੇ ਮੁੱਖ ਮੰਤਰੀ, ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ, ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਨ੍ਹਾਂ ਨੂੰ ਸੁਤੰਤਰਤਾ ਸੰਗਰਾਮੀ ਹੋਣ ਕਰਕੇ ਗਿਆਨੀ ਜ਼ੈਲ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਸ੍ਰੀਮਤੀ ਇੰਦਰਾ ਗਾਂਧੀ ਨੇ ਤਾਮਰ ਪੱਤਰ ਦੇ ਕੇ ਸਨਮਾਨਤ ਕੀਤਾ ਸੀ। ਘਨੌਰ ਦੇ ਇਲਾਕੇ ਵਿਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਨੂੰ 1972 ਵਿੱਚ ਬਲਾਕ ਕਾਂਗਰਸ ਕਮੇਟੀ ਘਨੌਰ ਦਾ ਪ੍ਰਧਾਨ ਬਣਾਇਆ ਗਿਆ। ਇਸ ਅਹੁਦੇ ‘ਤੇ ਉਹ ਲਗਾਤਾਰ 19 ਸਾਲ 1991 ਤੱਕ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਦੇ ਸੰਬੰਧ ਪੰਜਾਬ ਦੇ ਚੋਟੀ ਦੇ ਕਾਂਗਰਸੀ ਨੇਤਾਵਾਂ ਨਾਲ ਬਣ ਗਏ। ਘਨੌਰ ਹਲਕੇ ਵਿਚ ਕਾਂਗਰਸ ਪਾਰਟੀ ਦਾ ਬੋਲਬਾਲਾ ਬਣਾਉਣ ਵਿਚ ਡਾ ਰਵੀ ਕੁਮਾਰ ਸ਼ਰਮਾ ਦਾ ਯੋਗਦਾਨ ਇਤਿਹਾਸ ਵਿੱਚ ਦਰਜ ਹੋਣ ਕਰਕੇ ਭੁਲਾਇਆ ਨਹੀਂ ਜਾ ਸਕਦਾ। 1991 ਦੀ ਗੱਲ ਹੈ ਕਿ ਘਨੌਰ ਦੇ ਨਜ਼ਦੀਕ ਘਨੌਰੀ ਖੇੜਾ ਪਿੰਡ ਵਿਚ ਗੈਸ ਦੇ ਟੈਂਕਰ ਵਿਚੋਂ ਗੈਸ ਲੀਕ ਹੋ ਗਈ ਅਤੇ ਕਈ ਲੋਕ ਮਾਰੇ ਗਏ ਸਨ ਤਾਂ ਉਨ੍ਹਾਂ ਤੁਰੰਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰ ਬੇਅੰਤ ਸਿੰਘ ਨੂੰ ਫੋਨ ਕਰਕੇ ਪੀੜਤਾਂ ਦੀ ਮਦਦ ਕਰਨ ਦੀ ਤਾਕੀਦ ਕੀਤੀ ਅਤੇ ਉਨ੍ਹਾਂ ਨੂੰ ਮੌਕੇ ਤੇ ਲੈ ਕੇ ਗਏ।
ਰਵੀ ਚੰਦ ਸ਼ਰਮਾ ਦਾ ਜਨਮ 17 ਮਾਰਚ 1917 ਨੂੰ ਪਟਿਆਲਾ ਜਿਲ੍ਹੇ ਦੇ ਪਿੰਡ ਹਰਪਾਲਪੁਰ ਵਿਖੇ ਪੰਡਿਤ ਹਰਿਵੱਲਭ ਸ਼ਰਮਾ ਦੇ ਘਰ ਹੋਇਆ। ਹਰਪਾਲਪੁਰ ਪਿੰਡ ਦੇ ਵਸਨੀਕ ਪ੍ਰੇਮ ਸਿੰਘ ਪ੍ਰੇਮ ਪੰਜਾਬ ਦੇ ਮੰਤਰੀ ਰਹੇ ਹਨ। ਪੰਜਾਬ ਦੇ ਮਰਹੂਮ ਮੁੱਖ ਮੰਤਰੀ ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਪਾਕਿਸਤਾਨ ਤੋਂ ਆ ਕੇ ਪਹਿਲਾਂ ਹਰਪਾਲਪੁਰ ਪਿੰਡ ਵਿਚ ਵਸੇ ਸਨ ਕਿਉਂਕਿ ਉਹ ਪ੍ਰੇਮ ਸਿੰਘ ਪ੍ਰੇਮ ਦੇ ਰਿਸ਼ਤੇਦਾਰ ਸਨ। ਬਾਅਦ ਵਿਚ ਉਹ ਅੰਮਿ੍ਰਤਸਰ ਚਲੇ ਗਏ ਸਨ। ਰਵੀ ਕੁਮਾਰ ਸ਼ਰਮਾ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਨਜ਼ਦੀਕ ਕਸਬਾ ਘਨੌਰ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਨ੍ਹਾਂ ਦਸਵੀਂ ਤੱਕ ਦੀ ਪੜ੍ਹਾਈ ਲੁਧਿਆਣਾ ਤੋਂ ਕੀਤੀ ਕਿਉਂਕਿ ਪ੍ਰਾਇਮਰੀ ਤੋਂ ਅੱਗੇ ਪੜ੍ਹਾਈ ਕਰਨ ਲਈ ਸਕੂਲ ਨਹੀਂ ਸੀ। ਇਸ ਲਈ ਉਹ ਆਪਣੇ ਵੱਡੇ ਭਰਾ ਕੋਲ ਲੁਧਿਆਣੇ ਪੜ੍ਹਨ ਲਈ ਚਲੇ ਗਏ। ਉਨ੍ਹਾਂ ਦਾ ਵਿਆਹ ਚੰਪਾ ਦੇਵੀ ਨਾਲ ਹੋਇਆ। ਡਾ ਰਵੀ ਕੁਮਾਰ ਸ਼ਰਮਾ ਦੇ ਚਾਰ ਸਪੁੱਤਰ ਅਤੇ ਇਕ ਸਪੁੱਤਰੀ ਹਨ, ਜਿਹੜੇ ਸਾਰੇ ਹੀ ਡਾਕਟਰੀ ਕਿਤੇ ਨਾਲ ਜੁੜੇ ਹੋਏ ਸਨ। ਉਨ੍ਹਾਂ ਦਾ ਵੱਡਾ ਸਪੁੱਤਰ ਰਾਜਿੰਦਰ ਕੁਮਾਰ ਸ਼ਰਮਾ ਜੀ ਏ ਐਮ ਐਸ ਡਾਕਟਰ, ਰਾਜ ਕੁਮਾਰ ਸ਼ਰਮਾ ਫਾਰਮਾਸਿਸਟ, ਰਮੇਸ਼ ਕੁਮਾਰ ਅਤੇ ਸੁਦੇਸ਼ ਕੁਮਾਰ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਸਪੁੱਤਰੀ ਬਿਮਲਾ ਨਿਓਡੇ ਵਿਖੇ ਰਹਿੰਦੇ ਹਨ। ਵੱਡੇ ਤਿੰਨੇ ਲੜਕੇ ਸਵਰਗਵਾਸ ਹੋ ਚੁੱਕੇ ਹਨ।
ਡਾ ਸੁਦੇਸ਼ ਕੁਮਾਰ ਉਨ੍ਹਾਂ ਦੇ ਪਦ ਚਿੰਨ੍ਹਾਂ ਤੇ ਚਲਦੇ ਹੋਏ ਘਨੌਰ ਵਿਖੇ ਡਾਕਟਰੀ ਦੀ ਦੁਕਾਨ ਕਰਦੇ ਹਨ ਅਤੇ ਕਾਂਗਰਸ ਪਾਰਟੀ ਵਿਚ ਸਰਗਰਮ ਹਨ। ਸੁਦੇਸ਼ ਕੁਮਾਰ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਹੇ ਹਨ। ਉਨ੍ਹਾਂ ਨੂੰ ਸ੍ਰ ਬੇਅੰਤ ਸਿੰਘਨੇ 1992-93 ਵਿੱਚ ਨੋਟੀਫਾਈਡ ਏਰੀਆ ਕਮੇਟੀ ਘਨੌਰ ਦੇ ਮੈਂਬਰ ਬਣਾਇਆ ਸੀ। ਸੁਦੇਸ਼ ਕੁਮਾਰ ਸ਼ਰਮਾ ਦਾ ਲੜਕਾ ਰਾਹੁਲ ਸ਼ਰਮਾ ਪੰਜਾਬ ਯੂਥ ਕਾਂਗਰਸ ਵਿਚ ਸਰਗਰਮੀ ਨਾਲ ਕੰਮ ਕਰਦਾ ਹੈ। ਡਾ ਰਵੀ ਕੁਮਾਰ ਸ਼ਰਮਾ ਦੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਨਾਲ ਚੰਗੇ ਸੰਬੰਧ ਸਨ। ਇਸ ਲਈ ਜਦੋਂ ਸ੍ਰ ਬੇਅੰਤ ਸਿੰਘ ਦਾ ਪੋਤਰਾ ਰਵਨੀਤ ਸਿੰਘ ਬਿੱਟੂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਨ ਤਾਂ ਉਨ੍ਹਾਂ ਨੇ ਲੁਧਿਆਣਾ ਵਿਖੇ ਨਸ਼ਾ ਕੰਟਰੋਲ ਬੋਰਡ ਬਣਾਉਣ ਲਈ ਮਰਨ ਵਰਤ ਰੱਖਿਆ ਸੀ, ਉਸ ਸਮੇਂ ਰਾਹੁਲ ਸ਼ਰਮਾ ਉਨ੍ਹਾਂ ਨਾਲ ਭੁੱਖ ਹੜਤਾਲ ‘ਤੇ ਬੈਠੇ ਸਨ। ਉਹ ਰਵਨੀਤ ਸਿੰਘ ਬਿੱਟੂ ਵਲੋਂ ਨਸ਼ਿਆਂ ਵਿਰੁਧ ਪੰਜਾਬ ਦੇ ਲੋਕਾਂ ਵਿਚ ਜਾਗਿ੍ਰਤੀ ਪੈਦਾ ਕਰਨ ਲਈ ਇਕ ਮਹੀਨੇ ਦੀ ਪਦ ਯਾਤਰਾ ਵਿਚ ਵੀ ਰਾਹੁਲ ਸ਼ਰਮਾ ਸ਼ਾਮਲ ਹੋਏ ਸਨ। ਡਾ ਰਵੀ ਕੁਮਾਰ ਦੀ ਪੋਤਰੀ ਵਨੀਤਾ ਭਾਰਦਵਾਜ਼ ਸ਼ੂਟਿੰਗ ਦੀ ਮਾਹਿਰ ਹੈ ਅਤੇ ਓਲੰਪਿਕ ਖੇਡਣ ਜਾ ਰਹੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.