D5 specialOpinion

ਘਰ ਘਰ ਚੱਲੀ ਇਹੋ ਗੱਲ, ਮਸਲਾ ਨਾ ਹੋਇਆ ਕੋਈ ਹੱਲ!

ਸੁਬੇਗ ਸਿੰਘ, ਸੰਗਰੂਰ

ਦੁਨੀਆਂ ਦਾ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਣਾ, ਜਿਸਨੇ ਕਦੇ ਝੂਠ ਨਾ ਬੋਲਿਆ ਹੋਵੇ ਜਾਂ ਫਿਰ ਕਿਸੇ ਨੂੰ ਕੋਈ ਲਾਰਾ ਨਾ ਲਾਇਆ ਹੋਵੇ।ਇਹ ਗੱਲ ਵੱਖਰੀ ਹੈ,ਕਿ ਕੋਈ ਘੱਟ ਝੂਠ ਬੋਲਦਾ ਹੈ ਅਤੇ ਘੱਟ ਲਾਰੇ ਲੱਪੇ ਲਾਉਂਦਾ ਹੈ।ਪਰ ਕੋਈ ਤਾਂ ਹੱਦ ਬੰਨ੍ਹੇ ਹੀ ਪਾਰ ਕਰ ਦਿੰਦਾ ਹੈ।ਅਜਿਹੇ ਮੌਕੇ ਝੂਠ ਬੋਲਣ ਵਾਲੇ ਜਾਂ ਫਿਰ ਲਾਰਾ ਲੱਪਾ ਲਾਉਣ ਵਾਲੇ ਨੂੰ ਵੀ ਗਿਆਨ ਨਹੀਂ ਰਹਿੰਦਾ,ਕਿ ਉਹ ਕਿਸ ਹੱਦ ਤੱਕ ਝੂਠ ਬੋਲੀ ਜਾ ਰਿਹਾ ਹੈ।ਇਹ ਗੱਲ ਵੱਖਰੀ ਹੈ,ਕਿ ਭਾਵੇਂ ਬਾਅਦ ਚ,ਇਸ ਝੂਠ ਦੇ ਬਦਲੇ ਉਹਦੇ ਨਾਲ,ਜਿੰਨੀ ਮਰਜੀ ਕੁੱਤੇ ਖਾਣੀ ਹੋਈ ਜਾਵੇ।ਜਿਹੜੀ ਕਿ ਅਕਸਰ,ਹਰ ਹਾਲਤ ਵਿੱਚ,ਹਰ ਬੰਦੇ ਨਾਲ ਹੁੰਦੀ ਹੀ ਹੈ।
ਜਿੰਦਗੀ ਵਿੱਚ ਝੂਠ ਬੋਲਣ ਜਾਂ ਲਾਰੇ ਲੱਪੇ ਲਾਉਣ ਦੀ ਪ੍ਰਕਿਰਿਆ,ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ।ਜਦੋਂ ਮਾਂ ਪਿਉ ਖਾਸ ਕਰਕੇ,ਮਾਂ ਆਪਣੇ ਬੱਚਿਆਂ ਦੀ ਉੱਚਿਤ ਤੇ ਅਣ ਉੱਚਿੱਤ ਮੰਗ ਨੂੰ ਟਾਲਣ ਦੇ ਲਈ,ਲਾਰੇ ਲੱਪਿਆਂ ਜਾਂ ਝੂਠ ਦੀ ਰਾਜਨੀਤੀ ਜਾਂ ਰਣਨੀਤੀ ਅਪਣਾਉਂਦੀ ਹੈ।

ਇਹ ਗੱਲ ਵੱਖਰੀ ਹੈ,ਕਿ ਇਸ ਝੂਠ ਬੋਲਣ ਦੇ ਪਿੱਛੇ ਮਾਪਿਆਂ ਦੀ ਕੋਈ ਮਜਬੂਰੀ ਜਾਂ ਫਿਰ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ। ਭਾਵੇਂ ਬੱਚੇ,ਨਿਆਣੀ ਉਮਰ ਚ ਆਪਣੇ ਮਾਪਿਆਂ ਦੀ ਹਰ ਗੱਲ ਨੂੰ ਸਹਿਜੇ ਹੀ ਮੰਨ ਲੈਂਦੇ ਹਨ।ਪਰ ਕਿਸੇ ਨਾ ਕਿਸੇ ਸਮੇਂ ਉਨ੍ਹਾਂ ਨੂੰ ਆਪਣੇ ਮਾਪਿਆਂ ਦੇ ਲਾਰੇ ਲੱਪਿਆਂ ਅਤੇ ਝੂਠ ਬੋਲਣ ਦਾ ਪਤਾ ਲੱਗ ਹੀ ਜਾਂਦਾ ਹੈ। ਦੁਨੀਆਂ ਚ ਬਹੁਤ ਸਾਰੇ ਲੋਕ ,ਦੂਸਰੇ ਨੂੰ ਮੂਰਖ ਬਨਾਉਣ ਜਾਂ ਫਿਰ ਆਪਣਾ ਮਤਲਬ ਕੱਢਣ ਦੇ ਲਈ ਝੂਠ ਤੇ ਝੂਠ ਬੋਲਦੇ ਰਹਿੰਦੇ ਹਨ।ਇਸ ਸ਼੍ਰੇਣੀ ਚ ,ਸਭ ਤੋਂ ਜਿਆਦਾ ਨੰਬਰ ਪ੍ਰੇਮੀਆਂ ਅਤੇ ਰਾਜਨੀਤਕ ਲੀਡਰਾਂ ਦਾ ਹੁੰਦਾ ਹੈ।ਪ੍ਰੇਮੀ ਲੋਕ ਤਾਂ ਭਾਵੇਂ,ਇੱਕਾ ਦੁੱਕਾ ਨੂੰ ਹੀ ਮੂਰਖ ਬਣਾਉਂਦੇ ਹਨ ਅਤੇ ਉਨ੍ਹਾਂ ਦੀ,ਇਸ ਝੂਠ ਜਾਂ ਲਾਰੇ ਲੱਪੇ ਦੀ ਰਣਨੀਤੀ ਪਿੱਛੇ ਆਪਣੀ ਕੋਈ ਮਜਬੂਰੀ ਵੀ ਹੋ ਸਕਦੀ ਹੈ।ਪਰ ਅਫਸੋਸ ਤਾਂ ਉਸ ਵਕਤ ਹੁੰਦਾ ਹੈ,ਜਦੋਂ ਰਾਜਨੀਤਕ ਪਾਰਟੀਆਂ ਦੇ ਲੋਕ,ਆਪਣੀ ਕੁਰਸੀ ਨੂੰ ਸਹੀ ਸਲਾਮਤ ਰੱਖਣ ਲਈ ਹੀ ਝੂਠ ਬੋਲਕੇ ਅਤੇ ਲਾਰੇ ਲੱਪਿਆਂ ਦੀ ਨੀਤੀ ਨਾਲ ਹੀ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਹਨ।ਇੰਨ੍ਹਾਂ ਲਾਰੇ ਲੱਪਿਆਂ ਅਤੇ ਝੂਠ ਤੂਫਾਨ ਦੀ ਰਫਤਾਰ ਚੋਣਾਂ ਦੇ ਵਕਤ ਕੁੱਝ ਜਿਆਦਾ ਹੀ ਤੇਜ ਹੋ ਜਾਂਦੀ ਹੈ।

ਪੰਜਾਬ ਚ ਅੱਜ ਕੱਲ ਕਾਂਗਰਸ ਪਾਰਟੀ ਦੀ ਸਰਕਾਰ ਹੋਣ ਦੇ ਕਾਰਨ ਅਤੇ ਪਿਛਲੀਆਂ ਚੋਣਾਂ ਦੇ ਵਕਤ ਕੀਤੇ ਗਏ ਚੋਣ ਵਾਅਦੇ ਪੂਰੇ ਨਾ ਕਰਨ ਦੇ ਕਾਰਨ, ਕਾਂਗਰਸ ਪਾਰਟੀ ਨੇ ਆਪਣੇ ਪਹਿਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਕੇ ਚਰਨਜੀਤ ਸਿੰਘ ਚੰਨੀ ਨੂੰ ਨਵਾਂ ਮੁੱਖ ਮੰਤਰੀ ਥਾਪ ਦਿੱਤਾ।ਇਹਦੇ ਪਿੱਛੇ, ਕਾਂਗਰਸ ਪਾਰਟੀ ਦਾ ਇੱਕ ਤਾਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣਾ ਸੀ ਅਤੇ ਦੂਸਰਾ ਮੁੱਖ ਮੰਤਰੀ ਦਾ ਦਲਿਤ ਚਿਹਰਾ ਅੱਗੇ ਲਿਆ ਕੇ ਦਲਿਤ ਵੋਟ ਨੂੰ ਵੋਟ ਬੈਂਕ ਦੇ ਤੌਰ ਤੇ ਵਰਤਣ ਦੀ ਸਕੀਮ ਅਤੇ ਸੋਚੀ ਸਮਝੀ ਚਾਲ ਸੀ।ਭਾਵੇਂ ਹਰ ਰਾਜਨੀਤਕ ਪਾਰਟੀ,ਅਜਿਹੀਆਂ ਚਾਲਾਂ ਚੱਲਦੀ ਰਹਿੰਦੀ ਹੈ।ਪਰ ਕਾਂਗਰਸ ਪਾਰਟੀ ਨੇ ਤਾਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ। ਜਿਸ ਦਿਨ ਦੇ ਚਰਨਜੀਤ ਸਿੰਘ ਚੰਨੀ, ਪੰਜਾਬ ਦੇ ਮੁੱਖ ਮੰਤਰੀ ਬਣੇ ਹਨ,ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਲਾਰਿਆਂ ਅਤੇ ਵਾਅਦਿਆਂ ਦੀਆਂ ਝੜੀਆਂ ਹੀ ਲਗਾ ਦਿੱਤੀਆਂ ਹਨ।ਪਹਿਲਾਂ ਪਹਿਲ ਤਾਂ ਇਹ ਲੱਗਣ ਲੱਗ ਪਿਆ ਸੀ,ਕਿ ਚਰਨਜੀਤ ਚੰਨੀ ਪੰਜਾਬ ਦੇ ਹਰ ਮਸਲੇ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹਨ ਅਤੇ ਹਰ ਮਸਲੇ ਨੂੰ ਹੱਲ ਵੀ ਕਰਨਗੇ।ਇਹੋ ਕਾਰਨ ਹੈ,ਕਿ ਸ਼ੁਰੂ 2 ਵਿੱਚ ਚਰਨਜੀਤ ਚੰਨੀ ਦੇ ਨਾਲ ਇੱਕ ਨਾਅਰਾ ਹੀ ਜੁੜ ਗਿਆ ਸੀ, ਕਿ, ਘਰ 2 ਚੱਲੀ ਇਹੋ ਗੱਲ, ਚੰਨੀ ਕਰਦਾ ਮਸਲੇ ਹੱਲ! ਦੀ ਆਮ ਹੀ ਚਰਚਾ ਹੋਣ ਲੱਗ ਪਈ ਸੀ।ਕਿਉਂਕਿ ਚੰਨੀ,ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ।ਪਰ ਜਿਉਂ 2 ਦਿਨ ਬੀਤਦੇ ਗਏ।ਲੋਕਾਂ ਦੇ ਮਨਾਂ ਚੋਂ, ਚੰਨੀ ਦੇ ਵਾਅਦਿਆਂ ਵਾਲੀ ਗੱਲ, ਊਠ ਦਾ ਬੁੱਲ੍ਹ,ਡਿੱਗਣ ਦੇ ਵਾਂਗ! ਸਾਬਤ ਹੋਣ ਲੱਗ ਪਈ ਹੈ।ਪਹਿਲਾਂ ਜਿਹੜੇ ਲੋਕਾਂ ਨੇ ਚੰਨੀ ਨੂੰ ਸਿਰ ਅਤੇ ਪਲਕਾਂ ਤੇ ਬਿਠਾ ਕੇ ਮਾਣ ਸਤਿਕਾਰ ਦਿੱਤਾ ਸੀ। ਉਹ ਫਤੂਰ,ਲੋਕਾਂ ਦੇ ਮਨਾਂ ਚੋਂ ਕਾਫੂਰ ਵਾਂਗ,ਪਤਾ ਨਹੀਂ ਕਿੱਧਰ ਉੱਡ ਪੁੱਡ ਗਿਆ ਹੈ।

ਭਾਵੇਂ ਚੰਨੀ ਦੇ ਵਾਅਦੇ,ਪੂਰੇ ਨਾ ਹੋਣ ਜਾਂ ਨਾ ਕਰਨ ਦਾ ਕਾਰਨ ਕੋਈ ਵੀ ਹੋਵੇ, ਪਰ ਜਿਹੜੀ ਰਣਨੀਤੀ ਦੇ ਤਹਿਤ ਕਾਂਗਰਸ ਪਾਰਟੀ ਨੇ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ। ਉਹ ਰਣਨੀਤੀ ਪੂਰੀ ਤਰਾਂ ਫੇਲ ਹੋ ਚੁੱਕੀ ਹੈ।ਪੰਜਾਬ ਦੇ ਗਰੀਬ ਵਰਗ ਨੂੰ ਜਿਹੜੀਆਂ ਉਮੀਦਾਂ ਕਿਸੇ ਵਕਤ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਹੁੰਦੀਆਂ ਸਨ ਅਤੇ ਗਰੀਬ ਲੋਕਾਂ ਨੂੰ ਕਾਂਗਰਸ ਪਾਰਟੀ ਦੀ ਵੋਟ ਬੈਂਕ ਵੀ ਕਿਹਾ ਜਾਂਦਾ ਸੀ।ਇਹੋ ਕਾਰਨ ਸੀ,ਕਿ ਕਾਂਗਰਸ ਪਾਰਟੀ ਨੇ ਇੰਨ੍ਹਾਂ ਗਰੀਬ ਲੋਕਾਂ ਦੇ ਸਿਰ ਤੇ ਕੇਂਦਰ ਤੇ ਰਾਜਾਂ ਚ ਰਾਜ ਵੀ ਕੀਤਾ ਹੈ।ਉਹ ਚੋਣ ਸਟੰਟ ਵੀ ਹੁਣ ਕਿਧਰੇ ਉੱਡ ਪੁੱਡ ਗਿਆ ਹੈ। ਚੰਨੀ ਦੇ ਮੁੱਖ ਮੰਤਰੀ ਬਣਨ ਦੇ ਨਾਲ ਤਾਂ, ਦਲਿਤ ਲੋਕਾਂ ਨੂੰ ਇਉਂ ਲੱਗਦਾ ਸੀ,ਕਿ ਜਿਵੇਂ ਚੰਨੀ ਸਾਹਿਬ ਦੇ ਆਉਣ ਨਾਲ ਉਨ੍ਹਾਂ ਦਾ ਹਰ ਮਸਲਾ ਹੱਲ ਹੋ ਜਾਵੇਗਾ।ਹੁਣ ਉਹ ਭਰਮ ਵੀ ਦੂਰ ਹੋ ਚੁੱਕਿਆ ਹੈ।ਕਿਉਂਕਿ ਚੰਨੀ ਨੇ,ਪੰਜਾਬ ਦੇ ਗਰੀਬ ਲੋਕਾਂ ਦੇ ਮਸਲੇ ਤਾਂ ਕੀ ਹੱਲ ਕਰਨੇ ਸੀ,ਸਗੋਂ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਵਾਰ 2 ਗੱਲਬਾਤ ਕਰਨ ਦਾ ਸਮਾਂ ਦੇ ਕੇ ਮੀਟਿੰਗਾਂ ਤਾਂ ਮੁਲਤਵੀ ਕੀਤੀਆਂ ਹੀ ਸਨ।

ਸਗੋਂ ਉਨ੍ਹਾਂ ਨੂੰ ਜਲੀਲ ਅਤੇ ਠਿੱਠ ਵੀ ਕੀਤਾ ਗਿਆ।ਇਸਦੇ ਉਲਟ, ਹੱਕ ਮੰਗਦੇ ਗਰੀਬ ਲੋਕਾਂ ਤੇ ਲਾਠੀਚਾਰਜ ਵੀ ਕੀਤਾ ਗਿਆ ਅਤੇ ਕੇਸ ਦਰਜ ਵਾਧੂ ਦੇ ਕੀਤੇ ਗਏ ਹਨ। ਇਹੋ ਕਾਰਨ ਹੈ ਕਿ ਵੈਸੇ ਤਾਂ ਚਰਨਜੀਤ ਚੰਨੀ ਅਤੇ ਕਾਂਗਰਸ ਪਾਰਟੀ, ਪੰਜਾਬ ਦੇ ਸਮੁੱਚੇ ਵਰਗਾਂ ਦੇ ਮਨੋਂ ਹੀ ਲਹਿ ਚੁੱਕੇ ਹਨ।ਕਿਉਂਕਿ ਇਨ੍ਹਾਂ ਨੇ ਕਿਸੇ ਵੀ ਵਰਗ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ, ਸਗੋਂ ਗਰੀਬ ਲੋਕਾਂ ਦੇ ਮਨਾਂ ਨੂੰ ਤਾਂ ਗਹਿਰੀ ਚੋਟ ਹੀ ਪਹੁੰਚਾਈ ਹੈ।ਕਿਉਂਕਿ ਗਰੀਬ ਲੋਕਾਂ ਨੂੰ ਚਰਨਜੀਤ ਚੰਨੀ ਤੋਂ ਬਹੁਤ ਸਾਰੀਆਂ ਉਮੀਦਾਂ ਸਨ।ਇਸੇ ਲਈ ਹੁਣ ਇਹ ਚਰਚਾ ਵੀ ਪੂਰੇ ਜੋਰਾਂ ਸੋਰਾਂ ਨਾਲ ਆਮ ਹੀ ਚੱਲ ਪਈ ਹੈ,ਕਿ, ਘਰ 2 ਚੱਲੀ ਇਹੋ ਗੱਲ,ਚੰਨੀ ਤੋਂ ਮਸਲਾ ਨਾ ਹੋਇਆ ਕੋਈ ਹੱਲ! ਬੱਸ,ਪੰਜਾਬ ਦੇ ਲੋਕਾਂ ਦੀ ਇਹੋ ਖੁੰਢ ਚਰਚਾ ਹੀ ਕਾਂਗਰਸ ਸਰਕਾਰ ਅਤੇ ਕਾਂਗਰਸ ਪਾਰਟੀ ਦੀ ਬੇੜੀ ਚ ਵੱਟੇ ਪਾਵੇਗੀ।

ਸੰਪਰਕ: 93169 10402

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button