Breaking NewsD5 specialNewsPress ReleasePunjabTop News

ਗੁਰਦੁਆਰਾ ਗੁਰੂਸਰ ਜਾਮਨੀ ਸਾਹਿਬ ਵਿਖੇ ਭਾਫ ਵਿਧੀ ਰਾਹੀਂ ਹੋਵੇਗਾ ਲੰਗਰ ਤਿਆਰ

ਬੀਬੀ ਜਗੀਰ ਕੌਰ ਨੇ ਸਟੀਮ ਬੋਇਲਰ ਪ੍ਰੋਜੈਕਟ ਦਾ ਕੀਤਾ ਰਸਮੀਂ ਉਦਘਾਟਨ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਗੁਰਦੁਆਰਾ ਗੁਰੂਸਰ ਜਾਮਨੀ ਸਾਹਿਬ ਪਾਤਸ਼ਾਹੀ ਦਸਵੀਂ ਬਜੀਦਪੁਰ ਵਿਖੇ ਭਾਫ ਨਾਲ ਲੰਗਰ ਤਿਆਰ ਕਰਨ ਲਈ ਸਟੀਮ ਬੋਇਲਰ ਪ੍ਰੋਜੈਕਟ ਦਾ ਉਦਘਾਟਨ ਕੀਤਾ। ਉਦਘਾਟਨ ਉਪਰੰਤ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਸੰਗਤਾਂ ਵੱਡੀ ਗਿਣਤੀ ਵਿਚ ਨਤਮਸਤਕ ਹੋ ਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕਰਦੀਆਂ ਹਨ। ਸੰਗਤਾਂ ਦੀ ਸਹੂਲਤ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ-ਸਮੇਂ ਵੱਖ-ਵੱਖ ਕਾਰਜ ਕਰਦੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪਿਛਲੇ ਸਮੇਂ ਵਿਚ ਫੈਸਲਾ ਕੀਤਾ ਸੀ ਕਿ ਇਤਿਹਾਸਕ ਗੁਰਦੁਆਰਾ ਸਾਹਿਬਾਨ ਅੰਦਰ ਲੰਗਰ ਤਿਆਰ ਕਰਨ ਲਈ ਭਾਫ ਵਿਧੀ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਫ ਵਿਧੀ ਦੁਆਰਾ ਲੰਗਰ ਤਿਆਰ ਕਰਨ ਲਈ ਜਿਥੇ ਬਾਲਣ ਦੀ ਵੱਡੀ ਬਚਤ ਹੋਵੇਗੀ, ਉਥੇ ਪ੍ਰਦੂਸ਼ਣ ਵੀ ਘਟੇਗਾ।
ਇਸ ਦੇ ਨਾਲ ਹੀ ਲੰਗਰ ਤਿਆਰ ਕਰਨ ਵਿਚ ਸਮੇਂ ਦੀ ਵੱਡੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਬਾਬਾ ਜਗਤਾਰ ਸਿੰਘ ਕਾਰਸੇਵਾ ਤਰਨ ਤਾਰਨ ਵਾਲੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਭਾਫ ਵਿਧੀ ਨਾਲ ਲੰਗਰ ਤਿਆਰ ਕਰਨ ਲਈ ਸਟੀਮ ਬੋਇਲਰ ਪ੍ਰੋਜੈਕਟ ਦਾ ਅੱਜ ਉਦਘਾਟਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸਨਮਾਨਿਤ ਵੀ ਕੀਤਾ ਗਿਆ। ਉਦਘਾਟਨ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਦਰਸ਼ਨ ਸਿੰਘ ਸ਼ੇਰਖਾਂ, ਮੈਂਬਰ ਸ. ਸਤਪਾਲ ਸਿੰਘ ਤਲਵੰਡੀ, ਸ. ਪ੍ਰੀਤਮ ਸਿੰਘ ਮਲਸੀਆਂ, ਸ. ਬਲਵਿੰਦਰ ਸਿੰਘ ਭੰਬਾ ਲੰਡਾ, ਸ. ਗੁਰਮੀਤ ਸਿੰਘ ਬੂਹ, ਜਥੇਦਾਰ ਦਰਸ਼ਨ ਸਿੰਘ ਮੋਠਾਂਵਾਲਾ, ਸਾਬਕਾ ਮੰਤਰੀ ਸ. ਜਨਮੇਜਾ ਸਿੰਘ ਸੇਖੋਂ, ਸਾਬਕਾ ਵਿਧਾਇਕ ਸ. ਜੋਗਿੰਦਰ ਸਿੰਘ, ਹਲਕਾ ਇੰਚਾਰਜ ਸ੍ਰੀ ਮਾਟੂ ਵੋਹਰਾ, ਓਐਸਡੀ ਡਾ. ਸੁਖਬੀਰ ਸਿੰਘ, ਗੁਰਦੁਆਰਾ ਜਾਮਨੀ ਸਾਹਿਬ ਦੇ ਮੈਨੇਜਰ ਸ. ਕੁਲਵੰਤ ਸਿੰਘ ਅਤੇ ਸੰਗਤਾਂ ਹਾਜ਼ਰ ਸਨ।
ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਵਿਖੇ ਬੀਬੀ ਜਗੀਰ ਕੌਰ ਨੇ ਸੰਗਤਾਂ ਦੀ ਸਹੂਲਤ ਲਈ ਫ੍ਰੀ ਮੈਡੀਕਲ ਕੈਂਪ ਦਾ ਕੀਤਾ ਉਦਘਾਟਨ
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੇ ਹਸਪਤਾਲ ਵੱਲ੍ਹਾ (ਅੰਮ੍ਰਿਤਸਰ) ਵੱਲੋਂ ਲਗਾਏ ਗਏ ਫ੍ਰੀ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਜਿਥੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਵੇਖਦੀ ਹੈ, ਉਥੇ ਹੀ ਧਰਮ ਦੇ ਪ੍ਰਚਾਰ ਪ੍ਰਸਾਰ, ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਲੋਕ ਭਲਾਈ ਦੇ ਕਾਰਜ ਵੀ ਨਿਰੰਤਰ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸੇ ਤਹਿਤ ਅੱਜ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਸੰਗਤਾਂ ਲਈ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਮੈਡੀਸਨ, ਸਰਜਰੀ, ਬੱਚਾ ਰੋਗ ਵਿਭਾਗ, ਅੱਖ, ਨੱਕ, ਕੰਨ ਅਤੇ ਹੱਡੀਆਂ ਦੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅੱਪ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਮਰੀਜ਼ਾਂ ਨੂੰ ਵਧੇਰੇ ਇਲਾਜ਼ ਦੀ ਜ਼ਰੂਰਤ ਹੋਵੇਗੀ, ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਫ੍ਰੀ ਬੱਸ ਰਾਹੀਂ ਸ੍ਰੀ ਅੰਮ੍ਰਿਤਸਰ ਵਿਖੇ ਲਿਆਂਦਾ ਜਾਵੇਗਾ, ਜਿਥੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ। ਇਸ ਮੌਕੇ ਡਾ. ਜਸਕਰਨ ਸਿੰਘ, ਡਾ. ਬਬੀਤਾ ਸਰੀਨ, ਡਾ. ਮਨਪ੍ਰੀਤ ਕੌਰ, ਡਾ. ਇਕਬਾਲ ਸਿੰਘ, ਡਾ. ਰਾਹੁਲ ਸਮੇਤ ਹੋਰ ਮੈਡੀਕਲ ਸਟਾਫ ਹਾਜ਼ਰ ਸੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button