NewsD5 specialPunjab
ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਵਲੋਂ ਵਿਸ਼ਵ ਮੱਛੀ ਪਾਲਣ ਦਿਵਸ ਮੌਕੇ ਮੱਛੀ ਪਾਲਕਾਂ ਨੂੰ ਵਧਾਈ

ਚੰਡੀਗੜ : ਵਿਸ਼ਵ ਮੱਛੀ ਪਾਲਣ ਦਿਵਸ ਮੌਕੇ ਸੂਬੇ ਦੇ ਮੱਛੀ ਪਾਲਕਾਂ ਨੂੰ ਵਧਾਈ ਦਿੰਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ੍ਰੀ ਤ੍ਰਿਪਤ ਬਾਜਵਾ ਨੇ ਅੱਜ ਇਥੋਂ ਜਾਰੀ ਬਿਆਨ ਵਿਚ ਕਿਹਾ ਕਿ ਰਾਜ ਮੱਛੀ ਪਾਲਣ ਦੇ ਖੇਤਰ ਵਿੱਚ ਲਗਾਤਾਰ ਪ੍ਰਗਤੀ ਕਰ ਰਿਹਾ ਹੈ।
ਪੰਜਾਬ ਵਿੱਚ ਮੱਛੀ ਪਾਲਣ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਮੱਛੀ ਉਤਪਾਦਨ ਨੂੰ ਵਧਾਉਣ ਲਈ ਖਾਸ ਜ਼ੋਰ ਦਿੱਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਇਹ ਦਿਹਾੜਾ 21 ਨਵੰਬਰ ਨੂੰ ਦੁਨੀਆਂ ਭਰ ਵਿੱਚ ਮੌਜੂਦ ਪਾਣੀ ਦੇ ਅਸੀਮ ਸਰੋਤਾਂ, ਜੋ ਕਿ ਕਰੋੜਾਂ ਲੋਕਾਂ ਦੇ ਭੋਜਨ ਅਤੇ ਆਮਦਨ ਦਾ ਸਾਧਨ ਹਨ, ਨੂੰ ਪਛਾਣਨ ਅਤੇ ਇਹਨਾਂ ਨੂੰ ਟਿਕਾਊ ਤਰੀਕੇ ਨਾਲ ਵਰਤਣ ਲਈ ਸਮਰਪਿਤ ਹੈ।
ਉਨਾਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਬਾਵਜੂਦ ਵੀ ਰਾਜ ਵਿੱਚ ਮੱਛੀ ਪਾਲਕਾਂ ਅਤੇ ਝੀਂਗਾ ਪਾਲਕਾਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜੋ ਕਿ ਸ਼ਲਾਘਾਯੋਗ ਹੈ। ਉਹਨਾਂ ਵੱਲੋਂ ਮੱਛੀ ਉਤਪਾਦਨ ਅਤੇ ਮੱਛੀ / ਝੀਂਗਾ ਪਾਲਣ ਅਧੀਨ ਰਕਬੇ ’ਤੇ ਜਿਆਦਾ ਪ੍ਰਭਾਵ ਨਹੀਂ ਪੈਣ ਦਿੱਤਾ। ਉਨਾਂ ਦੱਸਿਆ ਕਿ ਸੂਬੇ ਵਿਚ ਮੱਛੀ ਪਾਲਣ ਨੂੰ ਵਿਕਸਤ ਕਰਨ ਲਈ ਸਰਕਾਰ ਵਲੋਂ ਹਾਲ ਹੀ ਵਿੱਚ ਪਿੰਡ ਅਲੀਸੇਰ ਖੁਰਦ, ਜਿਲਾ ਮਾਨਸਾ ਵਿਖੇ ਇੱਕ ਸਰਕਾਰੀ ਮੱਛੀ ਪੂੰਗ ਫਾਰਮ ਬਣਾਇਆ ਗਿਆ ਹੈ ਅਤੇ ਪਿੰਡ ਕਿੱਲਿਆਂ ਵਾਲੀ ਜਿਲਾ ਫਾਜਲਿਕਾ ਵਿਖੇ ਇੱਕ ਹੋਰ ਸਰਕਾਰੀ ਮੱਛੀ ਪੂੰਗ ਫਾਰਮ ਸਥਾਪਿਤ ਕੀਤਾ ਜਾ ਰਿਹਾ ਹੈ। ਇਸੇ ਤਰਾਂ ਖਾਰੇ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਝੀਂਗੇ ਦੇ ਉਤਪਾਦਨ ਨੂੰ ਵਧਾਉਣ, ਇੱਛੁਕ/ਮੌਜੂਦਾ ਝੀਂਗਾ ਪਾਲਕਾਂ ਨੂੰ ਟ੍ਰੇਨਿੰਗ ਦੇਣ, ਉਸ ਇਲਾਕੇ ਦੇ ਛੱਪੜਾਂ ਦੇ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਨ ਆਦਿ ਦੇ ਮੰਤਵ ਨਾਲ ਪਿੰਡ ਈਨਾ ਖੇੜਾ, ਜਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਡੈਮੇਸਟਰੇਸ਼ਨ ਫਾਰਮ ਕਮ-ਟ੍ਰੇਨਿੰਗ ਸੈਂਟਰ ਸਥਾਪਿਤ ਕੀਤਾ ਗਿਆ ਹੈ।
ਸ੍ਰੀ ਬਾਜਵਾ ਨੇ ਦੱਸਿਆ ਕਿ ਮੱਛੀ ਅਤੇ ਝੀਂਗਾ ਪਾਲਕਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਤਲਾਬ ਤਿਆਰ ਕਰਨ ਵਾਸਤੇ ਅਤੇ ਪਹਿਲੇ ਸਾਲ ਦੀ ਖਾਦ-ਖੁਰਾਕ ’ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਇਹਨਾਂ ਸਕੀਮਾਂ ਦਾ ਲਾਭ ਲੈਣ ਲਈ ਸਾਰੇ ਇੱਛੁਕ ਮੱਛੀ/ ਝੀਂਗਾ ਪਾਲਕ ਆਪਣੇ-ਆਪਣੇ ਸਬੰਧਤ ਜਿਲਿਆਂ ਵਿੱਚ ਅਪਲਾਈ ਕਰ ਸਕਦੇ ਹਨ। ਮੱਛੀ ਪਾਲਣ ਅਤੇ ਇਸ ਦੇ ਨਾਲ ਜੁੜੇ ਕਿੱਤਿਆਂ ਨੂੰ ਵਧਾਵਾ ਦੇਣ ਲਈ ਨਵੀਂ ਸਕੀਮ ਪ੍ਰਧਾਨ ਮੰਤਰੀ ਮਤੈਸਯ ਸੰਪਦਾ ਯੋਜਨਾ ਤਹਿਤ ਵੱਖ-ਵੱਖ ਪ੍ਰੋਜੈਕਟ ਜਿਵੇਂ ਕਿ ਆਰ ਏ ਐਸ ਅਤੇ ਬਾਇਓਫਲੋਕ ਸਿਸਟਮ ਦੀ ਸਥਾਪਨਾ, ਵਿਸ-ਫੀਡ ਮਿੱਲਾਂ ਦੀ ਸਥਾਪਨਾ, ਮੱਛੀ ਟਰਾਂਸਪੋਰਟ ਵੈਹੀਕਲ ਦੀ ਖਰੀਦ ਆਦਿ ਲਾਗੂ ਕੀਤੇ ਗਏ ਹਨ, ਜਿਸ ਵਿੱਚ ਸਰਕਾਰ ਵੱਲੋਂ ਪ੍ਰੋਜੈਕਟ ਦੀ ਕੁੱਲ ਲਾਗਤ ਤੇ ਜਨਰਲ ਕੈਟਗਰੀ ਦੇ ਲਾਭਪਾਤਰੀਆਂ ਨੂੰ 40% ਸਬਸਿਡੀ ਅਤੇ ਐਸ.ਸੀ/ਐਸਟੀ/ਔਰਤਾਂ ਅਤੇ ਉਹਨਾਂ ਦੀਆਂ ਸਹਿਕਾਰੀ ਸੰਸਥਾਵਾਂ ਨੂੰ 60% ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ।
-NAV GILL
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.