D5 specialOpinion

ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਯਾਤਰਾ ਦੇ ਮਾਈਨੇ ਕੀ ਸਮਝੇ ਜਾਣ

ਨਵਜੋਤ ਸਿੰਘ ਸਿੱਧੂ ਦੇ ਨਵੇਂ ਸਲਾਹਕਾਰਾਂ ’ਚੋਂ ਇਕ ਹਟਿਆ ਪਿਛੇ 

(ਜਸਪਾਲ ਸਿੰਘ ਢਿੱਲੋਂ)  : ਪੰਜਾਬੀ ਦੀ ਕਹਾਵਤ ਹੈ ਕਿ ‘ਧੀਏ ਗੱਲ ਸੁਣੀ ਨੂੰਹੇ ਕੰਨ ਕਰੀਂ’। ਇਹ ਕਹਾਵਤ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖਰੀ ਉਤਰਦੀ ਹੈ। ਨਵਜੋਤ ਸਿੰਘ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਮੁੱਖ ਮੰਤਰੀ ਦੀ ਪਹਿਲਾਂ ਵਾਲੀ ਸੱਦ ਪੁੱਛ ਨਹੀਂ ਰਹੀ। ਬਹੁ ਗਿਣਤੀ ਕਾਂਗਰਸ ਦੇ ਆਗੂ ਹੁਣ ਨਵਜੋਤ ਸਿੱਧੂ ਦੇ ਦੁਆਲੇ ਘੁੰਮਣ ਲੱਗ ਪਏ ਹਨ। ਕਾਂਗਰਸ ਦੇ ਆਮ ਆਗੂਆਂ ’ਚ ਇਹ ਚਰਚਾ ਦਾ ਵਿਸ਼ਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਹਾਈਕਮਾਨ ਤੋਂ ਟਿਕਟਾਂ ਲੈਣ ਮੌਕੇ ਸੂਬਾ ਕਾਂਗਰਸ ਦਾ ਪ੍ਰਧਾਨ ਹੋਣ ਕਾਰਨ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਜ਼ਿਆਦਾ ਅਹਿਮ ਹੋਵੇਗੀ। ਇਹੋ ਕਾਰਨ ਹੈ ਕਿ ਬਹੁਤ ਸਾਰੇ ਕਾਗਰਸ ਆਗੂ ਜੋ ਕਦੇ ਮੁੱਖ ਮੰਤਰੀ ਦੇ ਆਲੇ ਦੁਆਲੇ ਹੁੰਦੇ ਸਨ ਅੱਜ ਨਵਜੋਤ ਦੇ ਘੇਰੇ ਘੇਰੇ ਦੇਖੇ ਜਾਂਦੇ ਹਨ। ਇਹ ਵੀ ਚਰਚਾ ਹੈ ਕਿ ਬਹੁ ਗਿਣਤੀ ਵਿਧਾਇਕ ਸਿੱਧੂ ਖੇਮੇ ’ਚ ਆਪਣੀ ਹਾਜ਼ਰੀ ਭਰ ਰਹੇ ਹਨ। ਜੇ ਮੰਤਰੀ ਮੰਡਲ ’ਚ ਫੇਰ ਬਦਲ ਹੁੰਦਾ ਹੈ ਤਾਂ ਇਹ ਸਥਿਤੀ ਇਕ ਵਾਰ ਫਿਰ ਬਦਲੇਗੀ, ਸੰਭਾਵਨਾ ਹੈ ਕਿ ਮੁੱਖ ਮੰਤਰੀ ਇਸ ਸਬੰਧੀ ਬੀਬੀ ਸੋਨੀਆਂ ਗਾਂਧੀ ਨਾਲ ਜ਼ਰੂਰ ਗੱਲ ਕਰਕੇ ਆੲੈ ਹੋਣਗੇ।

ਜਿਸ ਵੇਲੇ ਤੋਂ ਨਵਜੋਤ ਸਿੰਘ ਸਿੱਧੂ ਲੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਆਹੁਦਾ ਸੰਭਾਲਿਆ ਹੈ , ਉਹ ਹਰ ਰੋਜ਼ ਕੋਈ ਨਾ ਕੋਈ ਸਮਾਗਮ ਰੱਖੀ ਰੱਖਦੇ ਹਨ। ਉਨਾਂ ਨੇ ਪ੍ਰਦੇਸ਼ ਦੇ ਕਾਂਗਰਸੀ ਆਗੂਆਂ ’ਚ ਕਾਫੀ ਹਲਚੱਲ ਮਚਾ ਦਿੱਤੀ ਹੈ ਤੇ ਕਾਂਗਰਸ ਦੀਆਂ ਸਰਗਰਮੀਆਂ ਵੀ ਵਧਾ ਦਿੱਤੀਆਂ ਹਨ। ਉਨਾਂ ਵੱਲੋਂ ਪੰਜਾਬ ਦੇ ਵੱਖ ਵੱਖ ਖੇਤਰਾਂ ਅੰਦਰ ਕੀਤੀਆਂ ਜਾ ਰਹੀਆਂ ਸਰਗਰਮੀਆਂ ਨੇ ਕਾਂਗਰਸ ਦੇ ਵਰਕਰਾਂ ’ਚ ਇਕ ਕਿਸਮ ਦੀ ਜਾਨ ਹੀ ਪਾ ਦਿੱਤੀ ਹੈ। ਕਾਫੀ ਸਮੇਂ ਤੋਂ ਕਾਂਗਰਸ ’ਚ ਆਈ ਖੜੋਤ ਇਕ ਕਿਸਮ ਨਾਲ ਟੁੱਟੀ ਹੈ। ਹਾਲ ਹੀ ’ਚ ਕੈਪਟਨ ਅਮਰਿੰਦਰ ਸਿੰਘ ਦਾ ਦਿੱਲੀ ਦੌਰਾ ਵੀ ਕਈ ਤਰਾਂ ਦੇ ਇਸ਼ਾਰੇ ਕਰਦਾ ਹੈ ਕਿ ਕਹੀਂ ਪੇ ਨਿਗਾਹੇਂ , ਕਹੀਂ ਪੇ ਇਸਾਰਾ। ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ ਜਦੋਂ ਕਰੋਨਾ ਦੀ ਲਹਿਰ ਆਈ ਹੈ ਆਪਣੀਆਂ ਸਾਰੀਆਂ ਸਰਗਰਮੀਆਂ ਨੂੰ ਸਿਰਫ਼ ਸੀਸਵਾਂ ਫਾਰਮ ਹਾਊਸ ਤੱਕ ਹੀ ਸੀਮਤ ਕਰ ਲਿਆ ਸੀ। ਉਨਾਂ ਨੇ ਪੰਜਾਬ ਦੇ ਆਗੂਆਂ ਤੋਂ ਦੂਰੀ ਬਣਾ ਰੱਖੀ ਸੀ। ਵਿਧਾਇਕ ਤਾਂ ਇਕ ਪਾਸੇ ਰਹੇ, ਮੰਤਰੀਆਂ ਨੂੰ ਵੀ ਉਹ ਮਸਾਂ ਹੀ ਮਿਲਦੇ ਸਨ। ਪੰਜਾਬ ਦੇ ਮੁੱਖ ਮੰਤਰੀ ਵੱਲੋਂ 2017 ਦੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਅੱਜ ਉਨਾਂ ਲਈ ਸਭ ਤੋਂ ਵੱਧ ਮੁਸ਼ਕਲਾਂ ਪੈਦਾ ਕਰ ਰਹੇ ਹਨ।

ਮੁੱਖ ਮੰਤਰੀ ਵੱਲੋਂ ਬੇਅਦਬੀ ਮਾਮਲੇ ਨੂੰ ਇਨਸਾਫ ਤੱਕ ਨਾ ਲੈਕੇ ਜਾਣਾ, ਨਸੇ ਦਾ ਮੁੱਦਾ , ਬਿਜਲੀ ਸਮਝੋਤਿਆਂ ਤੇ ਸਫੈਦ ਪੱਤਰ ਜਾਰੀ ਨਾ ਕਰਨਾ ਅਤੇ ਇਨਾਂ ਨੂੰ ਰੱਦ ਨਾ ਕਰਕੇ ਜਿਉ ਦੀ ਤਿਉ ਰੱਖਣਾ, ਟਰਾਂਸਪੋਰਟ, ਕੇਬਲ, ਖਨਣ ਅਤੇ ਸ਼ਰਾਬ ਦੇ ਮੁੱਦਿਆਂ ਤੇ ਕੰਮ ਨਾ ਕਰਨਾ, ਲਗਾਤਾਰ ਰਾਜ ਦੇ ਖਜ਼ਾਨੇ ਨੂੰ ਲੱਗੀਆਂ ਜੋਕਾਂ ਨੂੰ ਨਾ ਉਤਾਰਨਾ, ਘਰ ਘਰ ਨੌਕਰੀ ਤੇ ਕਿਸਾਨੀ ਕਰਜ਼ੇ ਅਹਿਮ ਮੁੱਦੇ ਹਨ। ਕੈਪਟਨ ਤੋਂ ਇਨਾਂ ਸਾਰੇ ਮਾਮਲਿਆਂ ਤੇ ਜਵਾਬਦੇਹੀ ਮੰਗੀ ਜਾ ਰਹੀ ਹੈ, ਪਰ ਉਨਾਂ ਵੱਲੋਂ ਕੋਂਈ ਜਵਾਬ ਨਹੀਂ ਮਿਲ ਰਿਹਾ। ਸਭ ਤੋਂ ਵੀ ਵੱਡੀ ਗੱਲ ਇਹ ਕਿ ਮੁੱਖ ਮੰਤਰੀ ਦਾ ਬਾਦਲ ਪ੍ਰੀਵਾਰ ਪ੍ਰਤੀ ਨਰਮੀ ਵਾਲਾ ਰਵਈਆ ਦਿਖਾਉਣਾ , ਆਦਿ ਅਜੇਹੇ ਮਸਲੇ ਹਨ , ਜਿਨਾਂ ਦੇ ਜਵਾਬ ਪੰਜਾਬ ਦੀ ਜਨਤਾ ਮੰਗ ਰਹੀ ਹੈ। ਕਿਸਾਨੀ ਅੰਦੋਲਣ ’ਚ ਸਰਕਾਰ ਵੱਲੋਂ ਢੁਕਵੀਂ ਕਾਰਵਾਈ ਨਾ ਕਰਨਾ ਅਤੇ ਕਿਸਾਨਾ ਨਾਲ ਕੀਤੇ ਵਾਅਦੇ ਨਾ ਪੂਰੇ ਕਰਕੇ ਵੀ ਸਰਕਾਰ ਬੁਰੀ ਤਰਾਂ ਫਸੀ ਹੋਈ ਦਿਖਾਈ ਦੇ ਰਹੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਜ ਸਰਕਾਰ ਦਾ ਕਾਨੂੰਨੀ ਸੈਲ ਪੈਰ ਪੈਰ ਤੇ ਕੇਸਾਂ ਦੀ ਸਹੀ ਪੈਰਵਾਈ ਨਹੀ ਕਰ ਸਕਿਆ ਜਿਸ ਕਰਕੇ ਅੱਜ ਸਰਕਾਰ ਹਰ ਪਾਸੇ ਘਿਰੀ ਦਿਖਾਈ ਦੇ ਰਹੀ ਹੈ।

ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਵੀ ਹਾਸੋ ਹੀਣੀ ਹੋਈ ਪਈ ਹੈ , ਕੋਈ ਵੀ ਵਿਆਕਤੀ ਸੁਰਖਿਅਤ ਨਹੀਂ ਹੈ, ਨੌਜ਼ਵਾਨਾਂ ’ਚ ਅਨਿਸਚਿਤਾ ਪਾਈ ਜਾ ਰਹੀ ਹੈ। ਹਾਲ ਹੀ ’ਚ ਹੋਈ ਪਟਵਾਰੀਆਂ ਦੀ ਪ੍ਰੀਖਆ ਲਈ ਸਵਾ ਦੋ ਲੱਖ ਨੌਜ਼ਵਾਨਾਂ ਦਾ ਪਹੁੰਚਣਾ , ਸਰਕਾਰ ਦੀ ਘਰ ਘਰ ਰੋਜ਼ਗਾਰ ਵਾਅਦੇ ਦਾ ਪੋਲ ਖੋਲਦਾ ਹੈ। ਲੋਕਾਂ ’ਚ ਇਸ ਗੱਲ ਦੀ ਚਰਚਾ ਹੈ ਕਿ ਹੁਣ ਮੁੱਖ ਮੰਤਰੀ ਜੋ ਲੰਬੇ ਸਮੇਂ ਪਾਸਾ ਵੱਟ ਕੇ ਬੈਠੇ ਸਨ ਹੁਣ ਕਿਵੇਂ ਦੌਰਿਆਂ ਤੇ ਨਿਕਲ ਪਏ ਹਨ, ਇਹ ਵੀ ਚਰਚਾ ਹੈ ਕਾਂਗਰਸ ਹਾਈਮਾਨ ਵੱਲੋਂ ਕੈਪਟਨ ਦੀ ਥਾਂ ਨਵਜੋਤ ਨੂੰ ਜ਼ਿਆਦਾ ਤਰਜੀਹ ਦੇਣੀ ਵੀ ਕੈਪਟਨ ਦੇ ਮਨ ’ਚ ਕਈ ਖਿਆਲ ਪੈਦਾ ਕਰਦਾ ਹੈ। ਇਸ ਵੇਲੇ ਅਚਾਨਕ ਕੈਪਟਨ ਵੱਲੋਂ ਅਮਿਤ ਸਾਹ, ਸਿਹਤ ਮੰਤਰੀ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਕਈ ਤਰਾਂ ਦੇ ਸੁਆਲ ਪੈਦਾ ਕਰਦਾ ਹੈ। ਭਾਜਪਾ ਵੱਲੋਂ ਇਹ ਕਹਿਣਾ ਕਿ ਉਹ ਹਰ ਹੀਲੇ ਪੰਜਾਬ ’ਚ ਸਰਕਾਰ ਬਣਾਉਣਗੇ, ਕਿਧਰੇ ਇਸ ਗੱਲ ਵੱਲ ਇਸ਼ਾਰਾ ਤਾਂ ਨਹੀਂ ਕਿ 2022 ਦੀਆਂ ਵਿਧਾਨ ਸਭਾ ਚੋਣ ਲਈ ਕੋਈ ਨਵੀਂ ਖਿਚੜੀ ਤਾਂ ਨਹੀਂ ਰਿੱਝ ਰਹੀ। ਸਿਆਸਤ ’ਚ ਸਭ ਕੁੱਝ ਜਾਇਜ਼ ਮੰਨਿਆਂ ਜਾਂਦਾ ਹੈ। ਇਸ ਵੇਲੇ ਪ੍ਰਧਾਨ ਮੰਤਰੀ ਕੋਲ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦਾ ਮੁੱਦਾ ਉਠਾਕੇ ਕਿਧਰੇ ਭਜਪਜ ਕੈਪਟਨ ਨੂੰ ਕਿਸਾਨਾਂ ਦੇ ਹੀਰੋ ਤਾਂ ਨਹੀਂ ਬਣਾਏ ਜਾ ਰਹੀ , ਕਿ ਭਾਜਪਾ ਕਿਸਾਨਾਂ ਦੇ ਖੇਤੀ ਕਾਨੂੰਨ ਰੱਦ ਕਰਨ ਵਾਲਾ ਸਮਝੌਤਾ ਕਿਧਰੇ ਕੈਪਟਨ ਰਾਹੀਂ ਤਾਂ ਨਹੀਂ ਨਜਿਠਣਾ ਚਾਹੁੰਦੇ।

ਇਥੇ ਇਹ ਗੱਲ ਵੀ ਯਾਦ ਕਰਾਉਣਯੋਗ ਹੈ ਕਿ ਪਿਛਲੇ ਦਿਨੀਂ ਰਾਹੁਲ ਗਾਂਧੀ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਜਿਸ ਨੇ ਭਾਜਪਾ ਚ ਜਾਣਾ ਹੈ ਤਾਂ ਜਾ ਸਕਦੇ ਹਨ। ਅਚਾਨਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਦੀ ਦਰਬਾਰ ’ਚ ਜਾ ਪਹੁੰਚਣਾ ਕਈ ਤਰਾਂ ਦੇ ਇਸ਼ਾਰੇ ਕਰ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਕੈਪਟਨ ਨੇ ਬੀਬੀ ਸੋਨੀਆਂ ਗਾਂਧੀ ਕੋਲ ਨਵਜੋਤ ਸਿੰਘ ਸਿੱਧੂ ਦੀ ਕਾਰਗੁਜ਼ਾਰੀ ਤੇ ਵੀ ਨੁਕਤਾਚੀਨੀ ਕੀਤੀ ਹੈ , ਇਸ ਕਰਕੇ ਹੀ ਹੁਣ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਦੋਹਾਂ ਆਗੂਆਂ ਨੂੰ ਇਕਜੁਟ ਹੋਕੇ ਚਲਾਉਣ ਲਈ ਪੰਜਾਬ ਭੇਜਿਆ ਜਾ ਰਿਹਾ ਹੈ। ਮੁੱਖ ਮੰਤਰੀ ਦੀ ਦਿੱਲੀ ਫੇਰੀ ਜਿਸ ਵਿਚ ਉਨਾਂ ਕਿਸਾਨੀ ਮਾਮਲੇ ਨੂੰ ਜੋਰ ਸ਼ੋਰ ਨਾਲ ਉਠਾਇਆ ਹੈ ਕਿਧਰੇ ਇਹ ਤਾਂ ਨਹੀਂ ਕਿ ਕਿਸਾਨੀ ਮਸਲੇ ਦਾ ਹੱਲ ਕੈਪਟਨ ਰਾਹੀਂ ਕਢਾਇਆ ਜਾ ਰਿਹਾ ਹੋਵੇ।

ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ’ਚ ਡਾ: ਅਮਰ ਸਿੰਘ, ਡਾ: ਪਿਆਰੇ ਲਾਲ ਗਰਗ, ਮੁਹੰਮਦ ਮੁਸਤਫਾ ਤੇ ਮਾਲਵਿੰਦਰ ਸਿੰਘ ਮਾਲੀ ਨੂੰ ਸਲਾਹਕਾਰ ਲਾਇਆ ਹੈ ਪਰ ਮੁਹੰਮਦ ਮੁਸਤਫਾ ਇਸ ਆਹੁਦੇ ਮੁਨਕਰ ਹੋ ਗਏ ਹਨ। ਅਗਲੇ ਦਿਨਾਂ ’ਚ ਸਿੱਧੂ ਦੀ ਰਾਜਨੀਤੀ ’ਚੋਂ ਕੀ ਨਿਕਲੇਗਾ ਇਹ ਤਾਂ ਸਮਾਂ ਹੀ ਦੱਸੇਗਾ। ਰਾਜ ਦੀ ਤਾਜ਼ਾ ਸਥਿਤੀ ਦੱਸਦੀ ਹੈ ਕਿ ਅਗਲੇ ਦਿਨਾਂ ’ਚ ਰਾਜਨੀਤਕ ਤੌਰ ਤੇ ਕਾਫੀ ਟੁੱਟ ਭੱਜ ਹੋ ਸਕਦੀ ਹੈ । ਇਸ ਵੇਲੇ ਸਥਿਤੀ ਇਹ ਹੈ ਕਿ ਦਮਗਜ਼ੇ ਭਾਵੇਂ ਸਾਰੀਆਂ ਹੀ ਪਾਰਟੀਆਂ ਦੇ ਆਗੂ ਮਾਰ ਰਹੇ ਹਨ ਪਰ ਅੰਦਰੋਂ ਸਾਰੇ ਹੀ ਡਰੇ ਹੋਏ ਹਨ । ਇਸ ਵੇਲੇ ਅਜੀਬ ਦ੍ਰਿਸ਼ ਬਣਿਆ ਹੋਇਆ ਹੈ, ਕਿਸਾਨੀ ਅੰਦੋਲਣ ਕਿਸ ਮੋੜ ਤੇ ਖਤਮ ਹੋਵੇਗਾ , ਉਸ ਦੀ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਕੀ ਭੂਮਿਕਾ ਹੋਵੇਗੀ । ਹਾਲ ਦੀ ਘੜੀ ਸਥਿਤੀ ਗੁੰਝਲਦਾਰ ਬਣੀ ਹੋਈ ਹੈ। ਪੰਜਾਬ ਦੀ ਸਿਆਸਤ ਦਾ ਊਠ ਕਿਸ ਕਰਵਟ ਬੈਠਦਾ ਹੈ ਸਮਾਂ ਹੀ ਦੱਸੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button