OpinionUncategorized

ਕੀ ਮੇਰਾ ਬੱਚਾ ਠੀਕ ਠਾਕ ਵੱਧ ਫੁੱਲ ਰਿਹਾ ਹੈ?

(ਓਟਿਜ਼ਮ ਦੇ ਮੁੱਢਲੇ ਲੱਛਣ)

ਡਾ. ਹਰਸ਼ਿੰਦਰ ਕੌਰ, ਐੱਮ.ਡੀ.,

ਮਾਪਿਆਂ ਲਈ ਇਹ ਆਮ ਜਿਹੀ ਗੱਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਹਾਣ ਦਿਆਂ ਨਾਲ ਜ਼ਰੂਰ ਮੇਚਦੇ ਹਨ ਕਿਉਂਕਿ ਮਨ ਅੰਦਰ ਇਹ ਭਰਮ ਹੁੰਦਾ ਹੈ ਕਿ ਉਨ੍ਹਾਂ ਦਾ ਆਪਣਾ ਬੱਚਾ ਕਿਤੇ ਪਿਛਾਂਹ ਨਾ ਰਹਿ ਜਾਵੇ। ਡਾਕਟਰਾਂ ਕੋਲ ਵੀ ਬੱਚੇ ਸਭ ਤੋਂ ਵੱਧ ਇਸੇ ਲਈ ਲਿਜਾਏ ਜਾਂਦੇ ਹਨ ਕਿ ਉਨ੍ਹਾਂ ਦਾ ਬੱਚਾ ਕਮਜ਼ੋਰ ਹੈ ਜਾਂ ਘੱਟ ਖਾਂਦਾ ਹੈ ਭਾਵੇਂ ਭਾਰ ਵਜੋਂ ਬੱਚਾ ਤਿੰਨ ਗੁਣਾ ਹੀ ਕਿਉਂ ਨਾ ਵੱਧ ਰਿਹਾ ਹੋਵੇ!
ਇਸ ਲੇਖ ਵਿਚ ਬੱਚੇ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿਚਲੇ ਵਿਗਾੜ ਬਾਰੇ ਝਾਤ ਮਰਵਾਈ ਗਈ ਹੈ ਤਾਂ ਜੋ ਮਾਪੇ ਵੇਲੇ ਸਿਰ ਇਹ ਲੱਛਣ ਪਛਾਣ ਕੇ ਡਾਕਟਰੀ ਸਲਾਹ ਲੈ ਸਕਣ। ਇੰਜ ਅਨੇਕ ਬੱਚੇ ਵੇਲੇ ਸਿਰ ਸਹੀ ਇਲਾਜ ਹੋ ਜਾਣ ਸਦਕਾ ਨਾਰਮਲ ਜ਼ਿੰਦਗੀ ਜੀਅ ਸਕਦੇ ਹਨ।

1. ਪਹਿਲੇ ਤੋਂ ਚੌਥੇ ਮਹੀਨੇ ਦੀ ਉਮਰ ਵਿਚ
ਅੱਗੇ ਦੱਸੇ ਲੱਛਣ ਜ਼ਰੂਰ ਹਰ ਮਾਂ ਨੂੰ ਧਿਆਨ ਨਾਲ ਵੇਖਣੇ ਚਾਹੀਦੇ ਹਨ :-
– ਉੱਚੀ ਅਵਾਜ਼ ਵੱਲ ਧਿਆਨ ਨਾ ਦੇ ਰਿਹਾ ਹੋਵੇ ਜਾਂ ਤ੍ਰਭਕ ਨਾ ਰਿਹਾ ਹੋਵੇ
– ਦੋ ਮਹੀਨੇ ਦੀ ਉਮਰ ਉੱਤੇ ਅੱਖਾਂ ਅੱਗੇ ਘੁੰਮਦੀ ਚੀਜ਼ ਵੱਲ ਅੱਖ ਨਾ ਘੁਮਾ ਰਿਹਾ ਹੋਵੇ
– ਦੋ ਮਹੀਨੇ ਦੀ ਉਮਰ ਤੱਕ ਮਾਂ ਦੀ ਆਵਾਜ਼ ਸੁਣ ਕੇ ਮੁਸਕੁਰਾਏ ਨਾ
– ਤਿੰਨ ਮਹੀਨੇ ਦੀ ਉਮਰ ਪੂਰੀ ਹੋ ਜਾਣ ਉੱਤੇ ਵੀ ਹੱਥ ਵਿਚ ਚੀਜ਼ ਜਾਂ ਖਿਡੌਣਾ ਫੜਾਉਣ ਉੱਤੇ
ਫੜੇ ਨਾ।
– ਤਿੰਨ ਮਹੀਨੇ ਦੀ ਉਮਰ ਹੋ ਜਾਣ ਉੱਤੇ ਵੀ ਕਿਸੇ ਵੱਲ ਵੇਖ ਕੇ ਨਾ ਮੁਸਕੁਰਾਏ
– ਤਿੰਨ ਮਹੀਨੇ ਪੂਰੇ ਹੋ ਜਾਣ ਉੱਤੇ ਵੀ ਸਿਰ ਉੱਕਾ ਹੀ ਨਾ ਸੰਭਾਲ ਰਿਹਾ ਹੋਵੇ
– ਚੌਥੇ ਮਹੀਨੇ ਵਿਚ ਵੀ ਚੀਜ਼ ਮੂੰਹ ਵੱਲ ਨਾ ਲਿਜਾ ਰਿਹਾ ਹੋਵੇ।
– ਜੇ ਕੱਛਾਂ ਥੱਲੋਂ ਫੜ ਕੇ ਪੈਰ ਮੰਜੇ ਉੱਤੇ ਲਾਉਣ ਬਾਅਦ ਵੀ ਪੈਰਾਂ ਉੱਤੇ ਉੱਕਾ ਹੀ ਜ਼ੋਰ ਨਾ ਪਾਵੇ।
– ਅੱਖਾਂ ਚਾਰੇ ਪਾਸੇ ਘੁਮਾ ਨਾ ਸਕ ਰਿਹਾ ਹੋਵੇ
– ਲਗਾਤਾਰ ਟੀਰ ਮਾਰਦਾ ਹੋਵੇ।

2. ਚੌਥੇ ਤੋਂ ਸੱਤਵੇਂ ਮਹੀਨੇ ਦੀ ਉਮਰ ਵਿਚ
– ਲੱਤਾਂ ਜਾਂ ਬਾਹਵਾਂ ਜਾਂ ਪਿੱਠ ਅਕੜਾ ਕੇ ਰੱਖਦਾ ਹੋਵੇ
– ਪੱਠਿਆਂ ਵਿਚ ਉੱਕਾ ਹੀ ਜਾਨ ਨਾ ਹੋਵੇ ਤੇ ਬਾਹਵਾਂ ਲੱਤਾਂ ਐਵੇਂ ਹੀ ਲਮਕਦੀਆਂ ਢਿੱਲੀਆਂ ਦਿਸਣ
– ਪੰਜ ਮਹੀਨੇ ਤੱਕ ਵੀ ਸਿਰ ਨਾ ਸੰਭਾਲ ਰਿਹਾ ਹੋਵੇ
– ਬਿਲਕੁਲ ਨਾ ਮੁਸਕੁਰਾ ਰਿਹਾ ਹੋਵੇ ਤੇ ਮਾਂ ਨੂੰ ਵੀ ਨਾ ਪਛਾਣੇ
– ਕਿਸੇ ਵੱਲੋਂ ਚੁੱਕੇ ਜਾਣ ਉੱਤੇ ਚੀਕਾਂ ਮਾਰਨ ਜਾਂ ਰੋਣ ਲੱਗ ਪਵੇ
– ਲਗਾਤਾਰ ਜਾਂ ਵਾਰ-ਵਾਰ ਟੀਰ ਮਾਰਦਾ ਹੋਵੇ।
– ਰੌਸ਼ਨੀ ਵਿਚ ਅੱਖਾਂ ਨਾ ਖੋਲ੍ਹ ਸਕਦਾ ਹੋਵੇ ਜਾਂ ਲਗਾਤਾਰ ਅੱਖ ਵਿੱਚੋਂ ਪਾਣੀ ਵੱਗਦਾ ਰਹੇ।
– ਕਿਸੇ ਵੀ ਆਵਾਜ਼ ਵੱਲ ਧਿਆਨ ਨਾ ਦੇਵੇ ਤੇ ਨਾ ਹੀ ਸਿਰ ਘੁਮਾਏ
– ਮੂੰਹ ਵਿਚ ਚੀਜ਼ ਨਾ ਪਾ ਸਕਦਾ ਹੋਵੇ
– ਛੇ ਮਹੀਨੇ ਦੀ ਉਮਰ ਪੂਰੀ ਹੋ ਜਾਣ ਉੱਤੇ ਪਾਸਾ ਲੈ ਕੇ ਪੁੱਠਾ ਢਿੱਡ ਪਰਨੇ ਨਾ ਹੋ ਸਕਦਾ ਹੋਵੇ
– ਛੇ ਮਹੀਨੇ ਦਾ ਹੋ ਜਾਣ ਉੱਤੇ ਵੀ ਆਪੇ ਬੈਠ ਨਾ ਸਕ ਰਿਹਾ ਹੋਵੇ।
– ਪੰਜ ਛੇ ਮਹੀਨੇ ਤੱਕ ਉੱਕਾ ਹੀ ਕੋਈ ਅਵਾਜ਼ ਨਾ ਕੱਢ ਰਿਹਾ ਹੋਵੇ ਤੇ ਨਾ ਹੀ ਹੱਸ ਰਿਹਾ ਹੋਵੇ।
– ਛੇ ਮਹੀਨੇ ਦਾ ਹੋ ਜਾਣ ਉੱਤੇ ਵੀ ਖਿਡੌਣਾ ਫੜਨ ਦੀ ਕੋਸ਼ਿਸ਼ ਨਾ ਕਰੇ।
– ਛੇ ਮਹੀਨੇ ਦੀ ਉਮਰ ਵਿਚ ਵੀ ਲੱਤਾਂ ਉੱਤੇ ਉੱਕਾ ਹੀ ਭਾਰ ਨਾ ਪਾਵੇ।

3. 8 ਮਹੀਨੇ ਤੋਂ 12 ਮਹੀਨੇ ਤੱਕ ਦੀ ਉਮਰ ਵਿਚ
– ਰੀਂਗਣਾ ਸ਼ੁਰੂ ਨਾ ਕਰੇ
– ਇਕ ਲੱਤ ਘੜੀਸ ਰਿਹਾ ਹੋਵੇ
– ਸਹਾਰੇ ਨਾਲ ਵੀ ਖੜ੍ਹਾ ਨਾ ਹੋਵੇ
– 10 ਮਹੀਨੇ ਦੀ ਉਮਰ ਵਿਚ ਵੀ ਗੁੰਮਿਆ ਹੋਇਆ ਬੌਲ ਨਾ ਲੱਭੇ
– ਮਾਂ-ਮਾਂ ਜਾਂ ਦਾ-ਦਾ ਉੱਕਾ ਹੀ ਲਫਜ਼ ਨਾ ਬੋਲੇ
– ਹੱਥ ਹਿਲਾ ਕੇ ‘ਟਾਟਾ’ ਨਾ ਕਰੇ
– 10 ਮਹੀਨੇ ਦਾ ਹੋ ਕੇ ਵੀ ਬਿਨਾਂ ਸਹਾਰੇ ਦੇ ਬਹਿ ਨਾ ਸਕੇ
– ‘ਨਾ’ ਜਾਂ ‘ਹਾਂ’ ਵਿਚ ਸਿਰ ਨਾ ਹਿਲਾ ਰਿਹਾ ਹੋਵੇ
– ਲੁਕਣ ਮੀਟੀ ਕਰਦੀ ਮਾਂ ਵੱਲ ਰਤਾ ਵੀ ਧਿਆਨ ਨਾ ਕਰੇ।

4. 12 ਤੋਂ 24 ਮਹੀਨਿਆਂ ਦੀ ਉਮਰ ਵਿਚ
– ਡੇਢ ਸਾਲ ਤੱਕ ਦੀ ਉਮਰ ਵਿਚ ਵੀ ਤੁਰਨ ਦੀ ਕੋਸ਼ਿਸ਼ ਨਾ ਕਰੇ।
– ਸਿਰਫ਼ ਪੱਬਾਂ ਭਾਰ ਤੁਰੇ
– ਡੇਢ ਸਾਲ ਤੋਂ ਬਾਅਦ ਦੀ ਉਮਰ ਤੱਕ 15 ਸ਼ਬਦ ਨਾ ਬੋਲ ਸਕਦਾ ਹੋਵੇ
– ਦੋ ਵਰਿ੍ਹਆਂ ਦਾ ਹੋਣ ਬਾਅਦ ਵੀ ਦੋ ਲਾਈਨਾਂ ਨਾ ਬੋਲ ਸਕ ਰਿਹਾ ਹੋਵੇ
– ਡੇਢ ਦੋ ਵਰਿ੍ਹਆਂ ਦੀ ਉਮਰ ਹੋ ਜਾਣ ਉੱਤੇ ਵੀ ਟੈਲੀਫੂਨ, ਚਮਚ, ਚਾਬੀ ਵਰਗੀ ਚੀਜ਼ ਨਾ ਸਮਝੇ
– ਦੋ ਸਾਲਾਂ ਦਾ ਹੋ ਕੇ ਵੀ ਕੋਈ ਬੋਲੀ ਗੱਲ ਨਾ ਦੁਹਰਾਏ ਤੇ ਨਾ ਹੀ ਆਖੇ ਲੱਗ ਰਿਹਾ ਹੋਵੇ।

5. 24 ਤੋਂ 36 ਮਹੀਨਿਆਂ ਦੀ ਉਮਰ ਵਿਚ
– ਵਾਰ-ਵਾਰ ਤੁਰਦਿਆਂ ਡਿੱਗ ਰਿਹਾ ਹੋਵੇ
– ਪੌੜੀਆਂ ਨਾ ਚੜ੍ਹ ਰਿਹਾ ਹੋਵੇ
– ਉੱਕਾ ਹੀ ਨਾ ਬੋਲ ਰਿਹਾ ਹੋਵੇ
– ਮੂੰਹ ਵਿੱਚੋਂ ਲਗਾਤਾਰ ਥੁੱਕ ਬਾਹਰ ਵੱਗਦਾ ਹੋਵੇ
– ਚਾਰ ਬਲੌਕ ਇੱਕ ਦੂਜੇ ਉੱਪਰ ਨਾ ਰੱਖ ਸਕਦਾ ਹੋਵੇ
– ਤਿੰਨ ਸਾਲ ਦਾ ਹੋ ਕੇ ਵੀ ਗੋਲਾ ਨਾ ਵਾਹ ਸਕੇ
– ਖਿਡੌਣਾ ਚੁੱਕ ਕੇ ਸਹੀ ਥਾਂ ਨਾ ਰੱਖ ਸਕੇ
– ਬਿਲਕੁਲ ਕਿਸੇ ਗੱਲ ਦਾ ਜਵਾਬ ਨਾ ਦੇਵੇ
– ਦੂਜੇ ਬੱਚਿਆਂ ਵੱਲ ਉੱਕਾ ਧਿਆਨ ਨਾ ਕਰੇ
– ਦੋ ਚਾਰ ਸ਼ਬਦ ਵੀ ਇਕੱਠੇ ਨਾ ਬੋਲੇ
– ਕਿਸੇ ਗੱਲ ਦੇ ਆਖੇ ਨਾ ਲੱਗੇ।
– ਸਿਰਫ਼ ਮਾਂ ਦੀ ਗੋਦ ਹੀ ਚੜ੍ਹਿਆ ਰਹੇ ਤੇ ਉਤਰਦਿਆਂ ਚੀਕਾਂ ਮਾਰਨ ਲੱਗ ਪਵੇ।

6. ਤਿੰਨ ਤੋਂ 4 ਸਾਲ ਦਾ ਬੱਚਾ
– ਛਾਲ ਨਾ ਮਾਰ ਸਕਦਾ ਹੋਵੇ
– ਛੋਟੀ ਸਾਈਕਲ ਉੱਤੇ ਨਾ ਬੈਠੇ ਤੇ ਨਾ ਹੀ ਚਲਾਏ।
– ਉਂਗਲ ਤੇ ਅੰਗੂਠੇ ਨਾਲ ਪੈਨ ਜਾਂ ਪੈਨਸਿਲ ਨਾ ਫੜੇ।
– ਲਾਈਨ ਮਾਰਨ ਵਿਚ ਜਾਂ ਗੋਲਾ ਵਾਹੁਣ ਵਿਚ ਦਿੱਕਤ ਲੱਗੇ।
– ਇੱਕ ਦੇ ਉੱਪਰ ਦੂਜਾ ਚੌਕੋਰ ਨਾ ਰੱਖ ਸਕੇ
– ਮਾਂ ਦੇ ਪਰ੍ਹਾਂ ਹੁੰਦਿਆਂ ਹੀ ਚੀਕ ਚਿੰਘਾੜਾ ਮਚਾਉਣਾ ਸ਼ੁਰੂ ਕਰ ਦੇਵੇ।
– ਹੋਰ ਬੱਚਿਆਂ ਨਾਲ ਨਾ ਖੇਡੇ
– ਸਾਹਮਣੇ ਪਏ ਖਿਡੌਣੇ ਵੱਲ ਉੱਕਾ ਹੀ ਧਿਆਨ ਨਾ ਦੇਵੇ
– ਓਪਰੇ ਨੂੰ ਵੇਖ ਕੇ ਚੀਕਾਂ ਮਾਰਨ ਲੱਗ ਪਵੇ
– ਗੁਸਲਖਾਨੇ ਜਾਣ, ਕਪੜੇ ਬਦਲਣ ਜਾਂ ਸੌਣ ਵੇਲੇ ਬਹੁਤ ਜ਼ਿਆਦਾ ਤੰਗ ਕਰੇ
– ਚੀਜ਼ਾਂ ਤੋੜਦਾ ਭੰਨਦਾ ਹੋਵੇ ਜਾਂ ਭਰਿਆ ਗਿਲਾਸ ਖਿੱਝ ਕੇ ਰੋੜ੍ਹ ਰਿਹਾ ਹੋਵੇ
– ਉੱਚੀ ਉੱਚੀ ਚੀਕਾਂ ਮਾਰ ਕੇ ਨਿੱਕੀ ਨਿੱਕੀ ਗੱਲ ਉੱਤੇ ਜ਼ਿੱਦ ਕਰਦਾ ਹੋਵੇ।
– ਤਿੰਨ ਸ਼ਬਦਾਂ ਤੋਂ ਵੱਧ ਨਾ ਬੋਲ ਸਕਦਾ ਹੋਵੇ, ਜਿਵੇਂ ‘‘ਮੈਂ ਪਾਣੀ ਪੀਣੈ’’, ਆਦਿ।
– ਆਪਣੇ ਆਪ ਨੂੰ ਮੈਂ ਜਾਂ ਦੂਜੇ ਨੂੰ ਤੁਸੀਂ ਨਾ ਕਹਿ ਰਿਹਾ ਹੋਵੇ ਅਤੇ Çਲੰਗ ਵੀ ਉਲਟ ਬੋਲ ਰਿਹਾ
ਹੋਵੇ।

ਇਨ੍ਹਾਂ ਸਾਰੇ ਲੱਛਣਾਂ ਨੂੰ ਓਟਿਜ਼ਮ ਦੇ ਲੱਛਣ ਮੰਨ ਕੇ ਤੁਰੰਤ ਡਾਕਟਰੀ ਸਲਾਹ ਲੈਣੀ ਜ਼ਰੂਰੀ ਹੁੰਦੀ ਹੈ। ਓਟਿਜ਼ਮ ਵਿਚ ਵੀ ਬੱਚੇ ਨੂੰ ਕਈ ਵੱਖੋ-ਵੱਖ ਕਿਸਮਾਂ ਦੇ ਲੱਛਣ ਹੋ ਸਕਦੇ ਹਨ ਜਿਨ੍ਹਾਂ ਨੂੰ ‘ਓਟਿਜ਼ਮ ਸਪੈਕਟਰਮ ਡਿਸਆਰਡਰ’ ਕਿਹਾ ਜਾਣ ਲੱਗ ਪਿਆ ਹੈ।
ਕਈ ਵਾਰ ਜੰਮਦੇ ਸਾਰ ਬੱਚੇ ਦੇ ਦਿਮਾਗ਼ ਨੂੰ ਪੂਰੀ ਆਕਸੀਜਨ ਨਾ ਪਹੁੰਚਣ ਕਾਰਨ ਵੀ ਅਨੇਕ ਮਾੜੇ ਲੱਛਣਾਂ ਦੇ ਨਾਲ ਦੌਰੇ ਵੀ ਪੈ ਸਕਦੇ ਹਨ। ਅੰਨ੍ਹੇ ਜਾਂ ਬੋਲੇ ਬੱਚੇ ਵੀ ਹੋਰ ਜਮਾਂਦਰੂ ਨੁਕਸ, ਜਿਵੇਂ ਦਿਲ ਦੇ ਰੋਗਾਂ ਨਾਲ ਪੀੜਤ ਹੋ ਸਕਦੇ ਹਨ। ਇਸੇ ਲਈ ਉੱਪਰ ਦੱਸੇ ਲੱਛਣਾਂ ਵਾਲੇ ਬੱਚੇ ਨੂੰ ਬਿਨ੍ਹਾਂ ਦੇਰੀ ਸਪੈਸ਼ਲਿਸਟ ਬੱਚਿਆਂ ਦੇ ਡਾਕਟਰ ਕੋਲ ਤੁਰੰਤ ਚੈਕਅੱਪ ਲਈ ਲੈ ਜਾਣਾ ਚਾਹੀਦਾ ਹੈ।
ਕਮਾਲ ਦੀ ਖੋਜ ਤਾਂ ਇਹ ਵੀ ਦਸਦੀ ਹੈ ਕਿ ਜੱਚਾ ਦਾ ਤਣਾਓ ਵੀ ਬੱਚੇ ਵਿਚ ਓਟਿਜ਼ਮ ਹੋਣ ਦਾ ਖ਼ਤਰਾ ਕਈ ਗੁਣਾ ਵਧਾ ਦਿੰਦਾ ਹੈ। ਸੋ ਖ਼ੁਸ਼ ਰਹੋ, ਤੰਦਰੁਸਤ ਰਹੋ!

ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button