ਕੀ ਮਾਨ ਨੂੰ ਅੰਦਰੋਂ ਖ਼ਤਰਾ ਭਾਂਪ ਗਿਆ ਹੈ ? ਸਰਕਾਰ ਦਾ ਵਹੀ-ਖਾਤਾ ਵਿਗੜਿਆ
ਅਮਰਜੀਤ ਸਿੰਘ ਵੜੈਚ (94178-01988)
ਮੁੱਖ-ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ 299 ਦਿਨ ਪਹਿਲਾਂ 16 ਮਾਰਚ 2022 ਨੂੰ 92 ਵਿਧਾਇਕਾਂ ਦੇ ਇਤਿਹਾਸਿਕ ਬਹੁਮੱਤ ਨਾਲ਼ ਬਣੀ ‘ਆਪ’ ਦੀ ਸਰਕਾਰ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਕਈ ਸਵਾਲਾਂ ‘ਚ ਘਿਰ ਚੁੱਕੀ ਹੈ । ਇਕ ਸਾਲ ਦੇ ਅੰਦਰ-ਅੰਦਰ ਹੀ ਮਾਨ ਨੂੰ ਤਿੰਨ ਮੰਤਰੀਆਂ ਦੇ ਕਥਿਤ ਰਵੱਈਏ ਕਾਰਨ ਛਿੱਥਾ ਹੋਣਾ ਪਿਆ ।
ਇਸੇ ਮਹੀਨੇ ਦੀ 16 ਤਾਰੀਖ ਨੂੰ ਸਰਕਾਰ ਦੇ 10 ਮਹੀਨੇ ਪੂਰੇ ਹੋ ਜਾਣਗੇ । ਇਨ੍ਹਾਂ 10 ਮਹੀਨਿਆਂ ਦਾ ਵਹੀ-ਖਾਤਾ ਵੇਖਦਿਆਂ ਮਨ ‘ਚ ਕਈ ਸਵਾਲ ਉੱਠਦੇ ਹਨ । ਇਸ ਸਮੇਂ ਦੌਰਾਨ ਤਿੰਨ ਮੰਤਰੀਆਂ ਕਰਕੇ ਸਰਕਾਰ ਨੂੰ ਝਟਕੇ ਲੱਗੇ । ਪਹਿਲਾਂ ਭਗਵੰਤ ਮਾਨ ਨੇ ਖ਼ੁਦ ਤਤਕਾਲੀ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭਰਿਸ਼ਟਾਚਾਰ ਦੇ ਦੋਸ਼ਾਂ ਹੇਠ ਮੰਤਰੀ ਮੰਡਲ ‘ਚੋਂ ਬਰਖਾਸਤ ਕਰਕੇ ਗ੍ਰਿਫ਼ਤਾਰ ਕਰਵਾ ਦਿਤਾ , ਫਿਰ ਦੂਜੇ ਸਿਹਤ ਮੰਤਰੀ, ਚੇਤਨ ਸਿੰਘ ਜੌੜੇਮਾਜਰਾ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀਸੀ ਨਾਲ਼ ਜੋ ਵਿਵਹਾਰ ਕੀਤਾ ਉਸ ਨਾਲ਼ ਮਾਨ ਸਰਕਾਰ ਦੀ ਕਾਫ਼ੀ ਕਿਰਕਰੀ ਹੋਈ ਤੇ ਫਿਰ ਪਿਛਲੇ ਸਾਲ ਹੀ ਤਤਕਾਲੀ ਮੰਤਰੀ ਫੌਜਾ ਸਿੰਘ ਸਰਾਰੀ ਦੀ ਇਕ ਅਧਿਕਾਰੀ ਨੂੰ ਫੋਨ-ਟ੍ਰੈਪ ਰਾਹੀਂ ਫਸਾਉਣ ਦੀ ਕਥਿਤ ਆਡੀਓ ਨੇ ਮਾਨ ਦੀਆਂ ਮੁਸ਼ਕਿਲਾਂ ਹੋਰ ਵਧਾ ਦਿਤੀਆਂ ਸਨ । ਹੁਣ 7 ਜਨਵਰੀ ਨੂੰ ਸਰਾਰੀ ਦੀ ਵੀ ਛੁੱਟੀ ਕਰ ਦਿਤੀ ਗਈ ਹੈ ।
ਉਪਰੋਕਤ ਤਿੰਨਾ ਮਸਲਿਆਂ ‘ਤੇ ਸਰਕਾਰ ਦੇ ਬੁਲਾਰਿਆਂ ਨੇ ਬਹੁਤ ਜ਼ੋਰ ਲਾ-ਲਾ ਕੇ ਸਪੱਸ਼ਟੀਕਰਨ ਦੇਣ ਦੀਆਂ ‘ਅਣਥੱਕ’ ਕੋਸ਼ਿਸ਼ਾਂ ਕੀਤੀਆਂ ਪਰ ਪੰਜਾਬ ਦੇ ‘ਤਿੰਨ ਕਰੋੜ’ ਲੋਕਾਂ ਨੂੰ ਉਹ ਹਜ਼ਮ ਨਹੀਂ ਹੋਈਆਂ । ਕੱਲ੍ਹ ਅਚਾਨਕ ਸਾਬਕਾ ਪੁਲਿਸ ਅਧਿਕਾਰੀ ਫੌਜਾ ਸਿੰਘ ਸਰਾਰੀ ਦਾ ਛੇ ਮਹੀਨਿਆਂ ਬਾਦ ਹੀ ਅਸਤੀਫ਼ਾ ‘ਤੇ ਨਾਲ਼ ਦੀ ਨਾਲ਼ ਪਟਿਆਲ਼ਾ(ਦਿਹਾਤੀ) ਦੇ ਵਿਧਾਇਕ ਡਾ: ਬਲਬੀਰ ਸਿੰਘ ਨੂੰ ਕੈਬਨਿਟ ਮੰਤਰੀ ਦੀ ਸੌਂਹ ਚੁਕਾ ਦਿਤੀ ਗਈ । ਪਿਛਲੇ ਵਰ੍ਹੇ ਜਦੋਂ ਮਾਨ ਸਰਕਾਰ ਨੇ ਮੰਤਰੀ ਮੰਡਲ ‘ਚ ਵਾਧਾ ਕੀਤਾ ਸੀ ਤਾਂ ਉਸ ਵਕਤ ਡਾ: ਬਲਬੀਰ ਦੇ ਮੰਤਰੀ ਮੰਡਲ ‘ਚ ਸ਼ਾਮਿਲ ਹੋਣ ਦੀਆਂ ਕਿਆਸ ਅਰਾਈਆਂ ਜ਼ੋਰਾਂ ‘ਤੇ ਸਨ ਪਰ ਉਨ੍ਹਾ ਨੂੰ ਉਸ ਵਕਤ ਨਿਰਾਸ਼ਾ ਹੀ ਪੱਲੇ ਪਈ ਸੀ ।
ਪਰਸੋਂ ਡਾ: ਬਲਬੀਰ ਸਿੰਘ ਨੂੰ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਵੱਲੋਂ ਸੌਂਹ ਚੁਕਾਏ ਜਾਣ ਮਗਰੋਂ ਖਿਚਵਾਈ ਤਸਵੀਰ ‘ਚ ਭਗਵੰਤ ਮਾਨ ਵੱਲੋਂ ਜਦੋਂ ਡਾ; ਬਲਵੀਰ ਨੂੰ ਵਧਾਈ ਦਿਤੀ ਗਈ ਤਾਂ ਉਸ ਤਸਵੀਰ ‘ਚ ਇੰਜ ਲੱਗ ਰਿਹਾ ਹੈ ਜਿਵੇਂ ਭਗਵੰਤ ਮਾਨ ਪਹਿਲਾਂ ਵਾਲ਼ੀ ਦੂਰੀ ਬਣਾਕੇ ਹੀ ਰੱਖਣੀ ਚਾਹੁੰਦੇ ਹਨ ।
ਇਸ ਤੋਂ ਪਹਿਲਾਂ ਦੋ ਵਾਰ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਆਸ ਤੋਂ ਉਲਟ ਸਪੀਕਰ ਬਣਾਉਣ ‘ਤੇ ਨਿਰਾਸ਼ ਹੋਣਾ ਪਿਆ ਸੀ । ਉਧਰ ਦੋ ਵਾਰ ਦੇ ਵਿਧਾਇਕ ਅਮਨ ਅਰੋੜਾ ਨੂੰ ਵੀ ਮਾਨ ਨੇ ਬੜੀ ਲੰਮੀ ‘ਸੋਚ ਵਿਚਾਰ’ ਮਗਰੋਂ ਹੀ ਮੰਤਰੀ ਮੰਡਲ ‘ਚ ਸ਼ਾਮਿਲ ਕੀਤਾ ਸੀ । ਇੰਜ ਹੀ ਦੋ ਵਾਰ ਵਿਧਾਇਕ ਬਲਵਿੰਦਰ ਕੌਰ ਅਤੇ ਸਰਬਜੀਤ ਕੌਰ ਮਾਣੂਕੇ ਨੂੰ ਵੀ ਮਾਨ ਤੋਂ ਨਿਰਾਸ਼ਾ ਹੀ ਮਿਲ਼ੀ । ਰਾਜਨੀਤਿਕ ਵਿਸ਼ਲੇਸ਼ਕਾਂ ਨੂੰ ਅਤੇ ‘ਆਪ’ ਦੇ ਵਰਕਰਾਂ ਨੂੰ ਉਸ ਵਕਤ ਬੜਾ ਅਚੰਭਾ ਲੱਗਾ ਜਦੋਂ ਮਾਨ ਨੇ ਮੰਤਰੀ ਮੰਡਲ ਦੇ ਪਹਿਲੇ ਵਿਸਤਾਰ ‘ਚ ਦੋ ਵਾਰ ਦੇ ਬਹੁਤੇ ਵਿਧਾਇਕਾਂ ਨੂੰ ਤਾਂ ਛੱਡ ਦਿਤਾ ਪਰ ਪਹਿਲੀ ਵਾਰ ਜਿਤਕੇ ਆਏ ਕਈ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਬਣਾ ਦਿਤਾ ।
ਸਾਬਕਾ ਮੰਤਰੀ ਸਰਾਰੀ ਦਾ ਜਾਣਾ ਮਾਨ ਲਈ ਇਕ ਵੱਡੇ ਝਟਕੇ ਦਾ ਬਾਇਸ ਇਸ ਲਈ ਹੈ ਕਿਉਂਕਿ ਵਿਰੋਧੀ ਧਿਰ ਵਾਰ-ਵਾਰ ਉਸ ਆਡੀਓ ਤੋਂ ਮਗਰੋਂ ਮਾਨ ‘ਤੇ ਇਲਜ਼ਾਮ ਲਾ ਰਹੀ ਸੀ ਕਿ ਮਾਨ ਸਰਕਾਰ ਆਪਣੇ ਕਥਿਤ ਭਰਿਸ਼ਟ ਮੰਤਰੀ ਨੂੰ ਬਚਾ ਰਹੀ ਹੈ : ਹੁਣ ਪਾਰਟੀ ਦੇ ਅੰਦਰੋਂ ਵੀ ਸਰਾਰੀ ਦੇ ਖਿਲਾਫ਼ ਸੁਰ ਉਠਣ ਲੱਗ ਪਏ ਸਨ ਜਿਸ ਨੂੰ ਮਾਨ ਲਈ ਦਬਾਉਣਾ ਔਖਾ ਹੋ ਗਿਆ । ਮਾਨ ਸਰਕਾਰ ਦੀ ਇਸ ਕਾਰਵਾਈ ਨਾਲ਼ ਜਿਥੇ ਲੋਕਾਂ ‘ਚ ਇਹ ਸੁਨੇਹਾ ਗਿਆ ਹੈ ਕਿ ਮਾਨ ਆਪਣੇ ‘ਭਰਿਸ਼ਟਾਚਾਰ ਲਈ ਜ਼ੀਰੋ ਟੌਲਰੈਂਸ’ ਦੇ ਵਾਅਦੇ ਨੂੰ ਨਿਭਾ ਰਹੀ ਹੈ ਉਥੇ ਇਹ ਵੀ ਪ੍ਰਭਾਵ ਬਣਦਾ ਜਾ ਰਿਹਾ ਹੈ ਕਿ ਚੋਣਾਂ ਸਮੇਂ ਹੋਰ ਵੀ ਕਈ ਭਰਿਸ਼ਟ ਲੋਕ ‘ਆਪ’ ‘ਚ ਦਾਖਲ ਹੋ ਗਏ ਹੋਣਗੇ ਜੋ ਭਵਿਖ ‘ਚ ਸਰਕਾਰ ਲਈ ਹੋਰ ਮੁਸ਼ਕਿਲਾਂ ਪੈਦਾ ਕਰ ਸਕਦੇ ਹਨ । ਮਾਨ ਜੌੜਾਮਾਜਰਾ ਤੋਂ ਵੀ ਖੁਸ਼ ਨਹੀਂ ਹਨ ਪਰ ਉਥੇ ਮੁੱਖ-ਮੰਤਰੀ ਦਾ ਸ਼ਾਇਦ ਜ਼ੋਰ ਨਹੀਂ ਚੱਲਿਆ ।
ਸਰਕਾਰ ਨੂੰ ਹੁਣ ਹੋਰ ਸੁਚੇਤ ਹੋਣ ਦੀ ਲੋੜ ਹੈ : ‘ਆਪ’ ਦੇ ਅੰਦਰ ਵੀ ਕਈ ਨਾਰਜ਼ ਲੋਕ ਹਨ ਇਸ ਲਈ ਉਨ੍ਹਾਂ ਨੂੰ ਸੰਤੁਸ਼ਟ ਕਰਨ ਦੀ ਲੋੜ ਹੈ ਅਤੇ ਜਿਹੜੀਆਂ ਕਾਲ਼ੀਆਂ ਭੇਡਾਂ ਸਰਕਾਰ ਨੂੰ ਭਵਿਖ ‘ਚ ਬਦਨਾਮ ਕਰ ਸਕਦੀਆਂ ਹਨ ਉਨ੍ਹਾਂ ਨੂੰ ਪਹਿਚਾਨਣ ਦੀ ਲੋੜ ਹੈ । ਲੋਕ ਮਾਨ ਤੋਂ ਇਕ ਸਥਿਰ ਸਰਕਾਰ ਦੀ ਆਸ ਰੱਖਦੇ ਹਨ । ਸਰਕਾਰ ਦੇ ਸਾਹਮਣੇ ਬਹੁਤ ਚੁਣੌਤੀਆਂ ਹਨ ਜਿਨ੍ਹਾਂ ਨੂੰ ਨਜਿਠਣ ਲਈ ਪਾਏਦਾਰ ਸਰਕਾਰ ਦੀ ਲੋੜ ਹੈ ਪਰ ਜੇਕਰ ਇੰਜ ਹੀ ਸਰਕਾਰ ਨੂੰ ਨਮੋਸ਼ੀ ਝੱਲਣੀ ਪੈਂਦੀ ਰਹੀ ਤਾਂ ਫਿਰ ਸਰਕਾਰ ਦੀ ਸਥਿਰਤਾ ਨੂੰ ਵੀ ਖਤਰਾ ਪੈ ਸਕਦਾ ਹੈ ।
ਪੰਜਾਬ ਨੂੰ ਵਰਤਮਾਨ ਸਮੇਂ ਅਮਨ ਕਾਨੂੰਨ ਤੇ ਆਰਥਿਕ ਮੁਹਾਜ਼ਾਂ ‘ਤੇ ਕਈ ਸਖਤ ਫ਼ੈਸਲੇ ਲੈਣ ਦੀ ਲੋੜ ਹੈ ਜਿਸ ਤੋਂ ਸਰਕਾਰ ਸ਼ਾਇਦ ਬੱਚਦੀ ਫਿਰਦੀ ਹੈ । ਜੇਕਰ ਸਰਕਾਰ ਇੰਜ ਹੀ ਸੁਸਤ ਰਹੀ ਤਾਂ ਇੰਜ ਪੰਜਾਬ ਦਾ ਬੜਾ ਵੱਡਾ ਨੁਕਸਾਨ ਹੋ ਸਕਦਾ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.