D5 specialOpinion

ਕਿਸਾਨ ਅੰਦੋਲਨ ਅੰਦਰਲਾ ਸੱਚ, ਜੱਟ ਜੱਟਾਂ ਦੇ, ਭੋਲੂ ਨਰਾਇਣ ਦਾ!

ਸੁਬੇਗ ਸਿੰਘ, ਸੰਗਰੂਰ

ਇੱਕ ਬੜੀ ਪੁਰਾਣੀ ਤੇ ਮਸ਼ਹੂਰ ਕਹਾਵਤ ਹੈ ਕਿ,
ਆਪਣਾ ਮਾਰੂੰ,ਛਾਵੇਂ ਸਿੱਟੂ !
ਇਹ ਕਹਾਵਤ ਅਜੋਕੇ ਦੌਰ ਦੇ ਕਿਸਾਨ ਅੰਦੋਲਨ ਤੇ ਬਿਲਕੁਲ ਹੀ ਸਹੀ ਢੁੱਕਦੀ ਹੈ। ਅਜੇ ਹੁਣੇ 2 ਹੀ ਥੋੜੇ ਦਿਨ ਪਹਿਲਾਂ, ਲੱਗਭੱਗ ਸਵਾ ਸਾਲ ਤੋਂ ਪੁਰਾਣਾ ਕਿਸਾਨ ਅੰਦੋਲਨ ਖਤਮ ਹੋਇਆ ਹੈ,ਜੋ ਕਿ ਦੇਸ਼ ਦੇ ਲੱਗਭੱਗ ਹਰ ਸੂਬੇ ਚ ਫੈਲ ਚੁੱਕਿਆ ਸੀ। ਕਿਉਂਕਿ ਇਹ ਅੰਦੋਲਨ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ,ਖੇਤੀ ਨਾਲ ਸਵੰਧਿਤ ਤਿੰਨ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਚਲਾਇਆ ਜਾ ਰਿਹਾ ਸੀ। ਭਾਵੇਂ ਇਸ ਅੰਦੋਲਨ ਦੀ ਅਗਵਾਈ ਕਿਸਾਨਾਂ ਦੀਆਂ 32 ਜਥੇਬੰਦੀਆਂ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਨਾਂ ਹੇਠ ਚਲਾਇਆ ਜਾ ਰਿਹਾ ਸੀ।ਪਰ ਫੇਰ ਵੀ ਦੇਸ਼ ਦੇ ਹਰ ਵਰਗ ਨੇ ਇਸ ਅੰਦੋਲਨ ਚ ਵੱਧ ਚੜ੍ਹਕੇ ਹਿੱਸਾ ਵੀ ਲਿਆ ਅਤੇ ਆਪਣੇ ਤਨ,ਮਨ ਅਤੇ ਧਨ ਦੇ ਨਾਲ ਸਹਿਯੋਗ ਵੀ ਦਿੱਤਾ।ਭਾਵੇਂ ਉਹ ਮਜਦੂਰ ਵਰਗ ਹੋਵੇ, ਵਪਾਰੀ ਹੋਵੇ, ਮੁਲਾਜ਼ਮ ਹੋਵੇ, ਆੜਤੀਆ ਹੋਵੇ, ਵਿਦਿਆਰਥੀ ਵਰਗ ਹੋਵੇ, ਕਲਾਕਾਰ ਵਰਗ ਹੋਵੇ, ਐਨ ਆਰ ਆਈ ਵਰਗ ਹੋਵੇ ਜਾਂ ਕੋਈ ਹੋਰ ਵਰਗ ਹੋਵੇ।

ਸਾਰੇ ਵਰਗਾਂ ਨੇ ਇਸ ਅੰਦੋਲਨ ਚ ਵੱਧ ਚੜ੍ਹਕੇ ਹਿੱਸਾ ਲਿਆ ।ਆਖਰ ਕੇਂਦਰ ਸਰਕਾਰ ਨੂੰ ਮਜਬੂਰ ਹੋ ਕੇ ਇੰਨ੍ਹਾਂ ਖੇਤੀ ਸਵੰਧੀ ਤਿੰਨੋਂ ਕਾਨੂੰਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਵਾਲੇ ਦਿਨ ਵਾਪਸ ਲੈਣ ਦਾ ਐਲਾਨ ਕਰਨਾ ਹੀ ਪਿਆ। ਭਾਵੇਂ ਇਹ ਖੇਤੀ ਸਵੰਧੀ ਤਿੰਨੋਂ ਕਾਨੂੰਨ ਹੀ ਖੇਤੀ ਅਤੇ ਕਿਸਾਨ ਵਰਗ ਨਾਲ ਸਵੰਧਿਤ ਸਨ।ਇਹਨਾਂ ਕਾਨੂੰਨਾਂ ਦਾ ਭਾਵੇਂ, ਦੇਸ਼ ਦੇ ਹਰ ਨਾਗਰਿਕ ਤੇ ਸਿੱਧਾ ਜਾਂ ਅਸਿੱਧਾ ਅਸਰ ਪੈਣ ਦੀ ਸੰਭਾਵਨਾ ਸੀ।ਪਰ ਇਸਦਾ ਸਭ ਤੋਂ ਜਿਆਦਾ ਤੇ ਮਾਰੂ ਅਸਰ ,ਕਿਸਾਨ ਵਰਗ ਤੇ ਹੀ ਪੈਣਾ ਸੀ।ਇਹੋ ਕਾਰਨ ਸੀ,ਕਿ ਸਮੁੱਚੇ ਦੇਸ਼ ਦੇ ਕਿਸਾਨਾਂ ਅਤੇ ਖਾਸ ਕਰਕੇ ਪੰਜਾਬ ਦੇ ਕਿਸਾਨ ਵਰਗ ਨੇ ਇਸ ਅੰਦੋਲਨ ਨੂੰ ਆਪਣੀ ਜਿੰਦਗੀ ਅਤੇ ਮੌਤ ਦਾ ਸਵਾਲ ਬਣਾ ਕੇ ਲੜਿਆ ਅਤੇ ਇਸਦੀ ਸਮੁੱਚੀ ਲੀਡਰਸ਼ਿੱਪ ਨੇ ਬੜੇ ਸੁਚੱਜੇ ਤਰੀਕੇ ਨਾਲ ਇਸ ਅੰਦੋਲਨ ਨੂੰ ਆਖਰ ਤੱਕ ਅਗਵਾਈ ਵੀ ਦਿੱਤੀ।ਜਿਸਦੇ ਨਤੀਜੇ ਵਜੋਂ ਇਸ ਅੰਦੋਲਨ ਨੂੰ ਜਿੱਤ ਨਸੀਬ ਹੋਈ।

ਇਸ ਅੰਦੋਲਨ ਦੀ ਸਭ ਤੋਂ ਵਿਲੱਖਣ ਗੱਲ ਤਾਂ ਇਹ ਸੀ,ਕਿ ਇਸ ਅੰਦੋਲਨ ਚ,ਕਿਸਾਨਾਂ ਤੋਂ ਬਾਅਦ,ਭਾਗ ਲੈਣ ਲਈ ਸਭ ਤੋਂ ਵੱਧ ਮਜਦੂਰ ਵਰਗ ਨੂੰ ਹੀ ਵਰਤਿਆ ਗਿਆ।ਇਹੋ ਕਾਰਨ ਸੀ,ਕਿ ਜਿਆਦਾਤਰ,ਇਸ ਅੰਦੋਲਨ ਨੂੰ ਕਿਰਤੀ ਕਿਸਾਨ ਅੰਦੋਲਨ ਦਾ ਸਾਂਝਾ ਨਾਂ ਵੀ ਦਿੱਤਾ ਗਿਆ ਅਤੇ ਕਿਰਤੀ ਲੋਕਾਂ ਨੇ ਇਸੇ ਕਾਰਨ ਹੀ ਆਪਣੇ ਤਨ,ਮਨ ਅਤੇ ਧਨ ਦੇ ਨਾਲ ਇਸ ਅੰਦੋਲਨ ਚ ਹਿੱਸਾ ਵੀ ਪਾਇਆ।ਇਹੋ ਕਾਰਨ ਹੈ,ਕਿ ਇਸ ਅੰਦੋਲਨ ਦਾ ਇਹ ਤਜਰਬਾ ਕਾਫੀ ਹੱਦ ਤੱਕ ਕਾਮਯਾਬ ਵੀ ਹੋਇਆ ਹੈ। ਜਦੋਂ ਇਹ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ,ਤਾਂ ਮਜਦੂਰਾਂ ਦੀ ਸਮੂਲੀਅਤ ਵਾਰੇ, ਜਿਆਦਾਤਰ ਮਜਦੂਰ ਵਰਗ ਦੋਚਿੱਤੀ ਵਿੱਚ ਵੀ ਸੀ।ਕੁੱਝ ਲੋਕ ਇਸ ਅੰਦੋਲਨ ਚ ਸਾਮਲ ਹੋਣ ਦੇ ਹੱਕ ਚ ਆਪਣੀ ਰਾਇ ਦਿੰਦੇ ਸਨ ਅਤੇ ਬਹੁਤ ਘੱਟ ਲੋਕ ਇਸ ਦਾ ਵਿਰੋਧ ਵੀ ਕਰਦੇ ਸਨ।ਪਰ ਕਿਸਾਨ ਜਥੇਬੰਦੀਆਂ ਦੀਆਂ ਵਾਰ 2 ਕੀਤੀਆਂ ਅਪੀਲਾਂ ਅਤੇ ਬੇਨਤੀਆਂ ਅਤੇ ਇਸ ਅੰਦੋਲਨ ਨੂੰ ਕਿਰਤੀ ਅਤੇ ਕਿਸਾਨਾਂ ਦਾ ਸਾਂਝਾ ਘੋਲ ਦੱਸਣ ਦੇ ਕਾਰਨ,ਕਿਰਤੀ ਲੋਕਾਂ ਨੇ ਇਸ ਅੰਦੋਲਨ ਚ ਵੱਧ ਚੜ੍ਹਕੇ ਹਿੱਸਾ ਲਿਆ।

ਮਜਦੂਰਾਂ ਦੀਆਂ ਜਥੇਬੰਦੀਆਂ, ਖਾਸ ਕਰਕੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਹੋਰ ਜਥੇਬੰਦੀਆਂ ਨੇ ਇਸ ਅੰਦੋਲਨ ਦੀ ਡੱਟਵੀਂ ਹਮਾਇਤ ਵੀ ਕੀਤੀ।ਕੁੱਝ ਇੱਕ ਜਥੇਬੰਦੀਆਂ ਅਤੇ ਗਿਣਤੀ ਦੇ ਮਜਦੂਰਾਂ ਨੇ ਇਸ ਅੰਦੋਲਨ ਦਾ ਸਾਥ ਨਾ ਦੇਣ ਦੀ ਗੱਲ ਵੀ ਆਖੀ।ਕਿਉਂਕਿ ਪੰਜਾਬ ਚ,ਮਜਦੂਰਾਂ ਅਤੇ ਕਿਸਾਨਾਂ ਦੇ ਆਪਸੀ ਰਿਸ਼ਤੇ ਸੁਖਾਵੇਂ ਨਹੀਂ ਸਨ। ਇਸ ਅੰਦੋਲਨ ਦੀ ਸਭ ਤੋਂ ਅਜੀਬ ਗੱਲ ਇਹ ਸੀ,ਕਿ ਜਦੋਂ ਕਿਸਾਨੀ ਵਰਗ ਨਾਲ ਸਵੰਧਿਤ ਕਿਸੇ ਕਿਸਾਨ ਮਰਦ ਜਾਂ ਔਰਤ ਦੀ ਮੌਤ ਹੋ ਜਾਂਦੀ ਸੀ,ਤਾਂ ਸਰਕਾਰ ਤੋਂ ਉਹਦਾ ਹਰ ਪ੍ਰਕਾਰ ਦਾ ਕਰਜਾ ਮੁਆਫ ਕਰਵਾਉਣਾ, ਮਰਨ ਵਾਲੇ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਜਾਂਦੀ ਸੀ ਅਤੇ ਇਹ ਸਭ ਕੁੱਝ ਪੰਜਾਬ ਸਰਕਾਰ ਵੱਲੋਂ ਦਿੱਤਾ ਵੀ ਗਿਆ।ਪਰ ਇਸੇ ਅੰਦੋਲਨ ਦੇ ਦੌਰਾਨ,ਅਗਰ ਕਿਸੇ ਮਜਦੂਰ ਨਾਲ ਅਜਿਹਾ ਹਾਦਸਾ ਵਾਪਰਿਆ,ਤਾਂ ਕਿਸੇ ਮਜਦੂਰ ਸਵੰਧੀ ਕਿਸੇ ਵੀ ਕਿਸਾਨ ਜਥੇਬੰਦੀ ਨੇ ਅਜਿਹੀ ਮੰਗ ਹੀ ਨਾ ਰੱਖੀ,ਫਿਰ ਮੁਆਵਜਾ ਮਿਲਣ ਦੀ ਗੱਲ ਤਾਂ ਦੂਰ ਸੀ।ਅਜਿਹਾ ਵਰਤਾਓ ਦੂਹਰਾ ਵਿਤਕਰਾ ਨਹੀਂ, ਤਾਂ ਹੋਰ ਕੀ ਹੈ।

ਕਿਸਾਨ ਅੰਦੋਲਨ ਦੇ ਦੌਰਾਨ,ਕਿਰਤੀ ਅਤੇ ਕਿਸਾਨ ਨੂੰ ਆਪਸ ਵਿੱਚ ਭਰਾ 2 ਦੀ ਸੰਧਿਆ ਵੀ ਦਿੱਤੀ ਗਈ।ਪਰ ਸੋਚਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ,ਕਿ ਕੀ ਪੰਜਾਬ ਜਾਂ ਹਰਿਆਣੇ ਦਾ ਕਿਸਾਨ,ਸੱਚਮੁੱਚ ਹੀ ਮਜਦੂਰ ਵਰਗ ਨੂੰ ਆਪਣਾ ਭਰਾ ਸਮਝਦਾ ਹੈ ਜਾਂ ਫਿਰ ਆਪਣੇ ਫਾਇਦੇ ਲਈ ਹੀ ਵਰਤਦਾ ਆਇਆ ਹੈ।ਇਹ ਗੱਲ ਹਰ ਮਜਦੂਰ ਜਥੇਬੰਦੀ ਅਤੇ ਹਰ ਮਜਦੂਰ ਨੂੰ ਆਪਣੇ ਮਨ ਚ ਬਿਠਾ ਲੈਣੀ ਚਾਹੀਦੀ ਹੈ।
ਪੰਜਾਬ ਚ ਸਭ ਤੋਂ ਜਿਆਦਾ ਟਕਰਾਅ ਅਕਸਰ, ਮਜਦੂਰਾਂ ਅਤੇ ਕਿਸਾਨਾਂ ਚ ਹੀ ਹੁੰਦਾ ਰਹਿੰਦਾ ਹੈ।ਇਹਦਾ ਮੁੱਖ ਕਾਰਨ ਇਹ ਹੈ,ਕਿ ਪੇਂਡੂ ਮਜਦੂਰ ਵਰਗ ਸਿੱਧੇ ਤੌਰਤੇ ਕਿਸਾਨਾਂ ਤੇ ਨਿਰਭਰ ਕਰਦਾ ਹੈ।ਪਰ ਦੂਸਰੇ ਪਾਸੇ ਇਹ ਗੱਲ ਕਿਸੇ ਤੋਂ ਭੋਰਾ ਭਰ ਵੀ ਭੁੱਲੀ ਹੋਈ ਨਹੀਂ ਹੈ,ਕਿ ਪੰਜਾਬ ਦੇ ਕਿਸਾਨਾਂ ਅਤੇ ਪੇਂਡੂ ਮਜਦੂਰਾਂ ਦੇ ਆਪਸੀ ਸਵੰਧ ਕਿਹੋ ਜਿਹੇ ਹਨ।ਐਵੇਂ ਬਿੱਲੀ ਨੂੰ ਵੇਖਕੇ ਕਬੂਤਰ ਦੇ ਅੱਖਾਂ ਮੀਟ ਲੈਣ ਨਾਲ ਅਸਲੀਅਤ ਨੂੰ ਛੁਪਾਇਆ ਨਹੀਂ ਜਾ ਸਕਦਾ।

ਪੰਜਾਬ ਦੇ ਪਿੰਡਾਂ ਚ ਨਜੂਲ ਜਮੀਨਾਂ ਦੇ ਮਾਲਕਾਨਾ ਹੱਕ,ਸ਼ਾਮਲਾਟ ਜਮੀਨਾਂ ਦਾ ਤੀਜਾ ਹਿੱਸਾ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਦੇਣਾ,ਪਿੰਡਾਂ ਚ ਵੱਖਰੇ ਗੁਰਦੁਆਰੇ ਅਤੇ ਸ਼ਮਸ਼ਾਨ ਘਾਟ,ਪੇਂਡੂ ਮਜਦੂਰਾਂ ਦੀ ਦਿਹਾੜੀ ਸਵੰਧੀ ਹੁੰਦੇ ਬਾਈਕਾਟ,ਖੇਤਾਂ ਚ ਕੱਖ ਕੰਡੇ ਲਈ ਵੜ੍ਹਨ ਤੋਂ ਮਜਦੂਰਾਂ ਨੂੰ ਰੋਕਣਾ ਅਤੇ ਆਪਣੀ ਧੌਂਸ ਦੇ ਜਰੀਏ ਹਰ ਰੋਜ ਗਰੀਬ ਲੋਕਾਂ ਦੀ ਕੁੱਟ ਮਾਰ,ਨਿਮਨੇਤ ਦਾ ਵਰਤਾਰਾ ਹੀ ਤਾਂ ਹੈ ਅਗਰ ਇਹ ਸਭ ਕੁੱਝ ਪਹਿਲਾਂ ਵਾਂਗ ਹੀ ਜਾਰੀ ਹੈ,ਤਾਂ ਫਿਰ ਮਜਦੂਰ ਵਰਗ ਨੇ ਇਸ ਕਿਸਾਨ ਅੰਦੋਲਨ ਦਾ ਸਾਥ ਦੇ ਕੇ ਅਤੇ ਆਪਣਾ ਐਨਾ ਨੁਕਸਾਨ ਕਰਵਾ ਕੇ ਕੀ ਖੱਟਿਆ ਹੈ।ਕੀ ਕੋਈ ਮਜਦੂਰਾਂ ਦੀ ਕੋਈ ਇੱਕ ਮੰਗ ਵੀ ਇਸ ਅੰਦੋਲਨ ਚ ਸਾਮਲ ਸੀ ਜਾਂ ਹੁਣ ਪੰਜਾਬ ਦਾ ਸਮੁੱਚਾ ਕਿਸਾਨ ਵਰਗ, ਮਜਦੂਰਾਂ ਨੂੰ ਉਨ੍ਹਾਂ ਦੇ ਹੱਕ ਦੇਣ ਲਈ ਤਿਆਰ ਹੈ ਜਾਂ ਫਿਰ ਕਿਸਾਨ ਜਥੇਬੰਦੀਆਂ ਨੇ ਆਪਣੇ ਕਿਸਾਨ ਭਰਾਵਾਂ ਨੂੰ ਅਜਿਹਾ ਕਰਨ ਲਈ ਕੋਈ ਮਤਾ ਪਾਸ ਕੀਤਾ ਹੈ।ਅਗਰ ਅਜਿਹਾ,ਕੁੱਝ ਵੀ ਨਹੀਂ ਹੋਇਆ, ਤਾਂ ਫਿਰ ਮਜਦੂਰ ਤੇ ਕਿਸਾਨ ਭਰਾ 2 ਕਿਵੇਂ ਹੋ ਗਏ।ਬੱਸ!ਇਹੋ ਗੱਲ ਹੀ ਸੋਚਣ ਵਾਲੀ ਹੈ।

93169 10402

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button