Opinion

ਕਾਵਿ ਸੰਗ੍ਰਹਿ ‘ਵੜੈਚ ਦੇ ਵਿਅੰਗ’ ਸਮਾਜਿਕ ਕੁਰੀਤੀਆਂ ਦੇ ਮਾਰਦੇ ਡੰਗ

ਉਜਾਗਰ ਸਿੰਘ

ਅਮਰਜੀਤ ਸਿੰਘ ਵੜੈਚ ਦਾ ਪਲੇਠਾ ਵਿਅੰਗ ਕਾਵਿ ਸੰਗ੍ਰਹਿ ‘ਵੜੈਚ ਦੇ ਵਿਅੰਗ’ ਸਮਾਜਿਕ ਤਾਣੇ ਬਾਣੇ ਵਿੱਚ ਬੁਰੀ ਤਰ੍ਹਾਂ ਪੈਰ ਫਸਾਈ ਬੈਠੀਆਂ ਸਮਾਜਿਕ ਕੁਰੀਤੀਆਂ ਦੀ ਲਾਹਣਤ ਉਪਰ ਤਕੜਾ ਵਿਅੰਗ ਕਰਦਾ ਹੋਇਆ, ਇਨ੍ਹਾਂ ਬੁਰਾਈਆਂ ਵਿੱਚ ਗ੍ਰਸੇ ਹੋਏ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰੇਗਾ। ਇਸ ਤੋਂ ਪਹਿਲਾਂ ਅਮਰਜੀਤ ਸਿੰਘ ਵੜੈਚ ਦੀਆਂ ਦੋ ਪ੍ਰੋਫੈਸ਼ਨਲ ਪੁਸਤਕਾਂ ਆਕਾਸ਼ਬਾਣੀ ਸੰਬੰਧੀ ‘ਏਹ ਆਕਾਸ਼ਬਾਣੀ ਏਂ’ ਅਤੇ ‘ਹੁਣ ਤੁਸੀਂ ਖ਼ਬਰਾਂ ਸੁਣੋ’ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਤ ਕੀਤੀਆਂ ਹਨ। ਸਾਹਿਤਕ ਖੇਤਰ ਵਿੱਚ ਉਨ੍ਹਾਂ ਦਾ ਇਹ ਪਹਿਲਾ ਕਾਵਿ ਸੰਗ੍ਰਹਿ ਹੈ, ਜਿਹੜਾ ਵਿਅੰਗ ਦੇ ਖੇਤਰ ਵਿੱਚ ਹਲਚਲ ਪੈਦਾ ਕਰੇਗਾ ਕਿਉਂਕਿ ਵਿਅੰਗ ਕਰਨ ਲੱਗਿਆਂ ਉਸ ਨੇ ਕਿਸੇ ਦਾ ਲਿਹਾਜ ਨਹੀਂ ਕੀਤਾ। ਅਮਰਜੀਤ ਸਿੰਘ ਵੜੈਚ ਬੇਬਾਕ ਸ਼ਾਇਰ ਹੈ। ਉਹ ਹਮੇਸ਼ਾ ਹੱਕ ਤੇ ਸੱਚ ਦੇ ਸਿਧਾਂਤ ‘ਤੇ ਪਹਿਰਾ ਦਿੰਦਾ ਹੈ। ਉਸ ਦੀਆਂ ਕਵਿਤਾਵਾਂ ਦੀ ਵਿਲੱਖਣਾ ਇਹੋ ਹੈ ਕਿ ਉਹ ਸੱਚਾਈ ਦਾ ਪੱਖ ਪੂਰਦਾ ਹੋਇਆ ਲਿਖਦਾ ਹੈ, ਭਾਵੇਂ ਉਸ ਦੀ ਕਵਿਤਾ ਕਿਸੇ ਦੇ ਗੋਡੇ ਜਾਂ ਗਿੱਟੇ ਲੱਗੇ। ਡਰ ਅਤੇ ਭੈਅ ਉਸ ਦੇ ਨੇੜੇ ਤੇੜੇ ਨਹੀਂ, ਇਸ ਕਰਕੇ ਉਸ ਨੇ ਸਮਾਜ ਦੀ ਹਰ ਵਿਸੰਗਤੀ ਬਾਰੇ ਦਲੇਰੀ ਨਾਲ ਲਿਖਿਆ ਹੈ।

ਇੱਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਪੱਤਰਕਾਰੀ ਭਾਈਚਾਰੇ ਵਿੱਚ ਆਈਆਂ ਕੁਰੀਤੀਆਂ ਦੇ ਵੀ ਵੱਖੀਏ ਉਧੇੜ ਦਿੱਤੇ ਹਨ। ਇਸੇ ਤਰ੍ਹਾਂ ਇਨਾਮਾ ਦੀ ਦੌੜ ਵਿੱਚ ਸ਼ਾਮਲ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੂੰ ਵੀ ਨਹੀਂ ਬਖ਼ਸ਼ਿਆ। ਆਮ ਤੌਰ ‘ਤੇ ਅਧਿਕਾਰੀ ਸਾਰੀ ਉਮਰ ਸਰਕਾਰੀ ਨੌਕਰੀ ਵਿੱਚ ਰਹਿਣ ਕਰਕੇ ਸੇਵਾ ਮੁਕਤੀ ਤੋਂ ਬਾਅਦ ਵੀ ਪ੍ਰਣਾਲੀ ਦੇ ਵਿਰੁੱਧ ਬੋਲਣ ਦੀ ਹਿੰਮਤ ਨਹੀਂ ਕਰਦੇ। ਕਿਉਂਕਿ ਉਨ੍ਹਾਂ ਦਾ ਮੱਚ ਮਰ ਜਾਂਦਾ ਹੈ, ਜ਼ਮੀਰ ਖਤਾ ਖਾ ਜਾਂਦੀ ਹੈ ਪ੍ਰੰਤੂ ਅਮਰਜੀਤ ਸਿੰਘ ਵੜੈਚ ਭਾਵੇਂ ਸਾਰੀ ਉਮਰ ਸਰਕਾਰ ਦੀਆਂ ਨੀਤੀਆਂ ਦੀ ਨਾ ਚਾਹੁੰਦਾ ਹੋਇਆ ਵੀ ਪਾਲਣਾ ਕਰਦਾ ਰਿਹਾ ਪ੍ਰੰਤੂ ਉਸ ਦੀਆਂ ਕਵਿਤਾਵਾਂ ਵਿੱਚ ਵਰਤਮਾਨ ਪ੍ਰਣਾਲੀ ਵਿਰੁੱਧ ਬੇਬਾਕੀ ਅਤੇ ਬਗ਼ਾਬਤ ਦੀ ਕਨਸੋਅ ਆ ਰਹੀ ਹੈ। ਦਲੇਰੀ ਸਾਹਿਤਕਾਰ ਦੀ ਲੇਖਣੀ ਦੀ ਸ਼ੋਭਾ ਵਧਾਉਂਦੀ ਹੈ। ਉਸ ਦੇ ਇਸ ਵਿਅੰਗ ਕਾਵਿ ਸੰਗ੍ਰਹਿ ਵਿੱਚ 61 ਵਿਅੰਗਾਤਮਿਕ ਕਵਿਤਾਵਾਂ ਹਨ, ਜਿਹੜੀਆਂ ਸਮਾਜ ਵਿੱਚ ਵਾਪਰ ਰਹੀਆਂ ਗ਼ੈਰ ਸਮਾਜੀ ਤੇ ਅਣਮਨੁਖੀ ਸਰਗਰਮੀਆਂ ਜਿਨ੍ਹਾਂ ਵਿੱਚ ਧੋਖਾ, ਫ਼ਰੇਬ, ਚੋਰੀ ਚਕਾਰੀ, ਲਾਲਚ, ਜ਼ਾਤਪਾਤ, ਧਾਰਮਿਕ ਕੱਟੜਤਾ, ਭਰਿਸ਼ਟਾਚਾਰ, ਰਾਜਨੀਤਕ ਗੰਧਲਾਪਣ ਆਦਿ ਦਾ ਪਰਦਾ ਫਾਸ਼ ਕਰਦੀਆਂ ਹਨ।

ਇਸ ਕਾਵਿ ਵਿਅੰਗ ਸੰਗ੍ਰਹਿ ਨੂੰ ਪੜ੍ਹਨ ਤੋਂ ਬਾਅਦ ਮਹਿਸੂਸ ਹੁੰਦਾ ਹੈ ਕਿ ਇਹ ਵਿਅੰਗਾਤਮਿਕ ਕਵਿਤਾਵਾਂ ਸ਼ਾਇਰ ਦੇ ਗਹਿਰੇ ਅਨੁਭਵ ਦਾ ਪ੍ਰਗਟਾਵਾ ਕਰਦੀਆਂ ਹਨ। ਅਮਰਜੀਤ ਸਿੰਘ ਵੜੈਚ ਦੀ ਤੀਖਣ ਬੁੱਧੀ ਨੇ ਸਮਾਜ ਵਿੱਚ ਵਿਚਰਦਿਆਂ ਜੋ ਆਪਣੀ ਅੱਖੀਂ ਵੇਖਿਆ ਅਤੇ ਲੋਕਾਂ ਤੋਂ ਸੁਣਿਆਂ, ਲੋਕਾਈ ਦੇ ਉਸ ਦਰਦ ਨੂੰ ਉਸ ਨੇ ਆਪਣੀਆਂ ਕਵਿਤਾਵਾਂ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਕਵਿਤਾਵਾਂ ਪੜ੍ਹਨ ਤੋਂ ਬਾਅਦ ਬਹੁਤ ਸਾਰੇ ਕਾਵਿਕ ਰੰਗਾਂ ਦੇ ਪ੍ਰਭਾਵ ਸਤਰੰਗੀ ਪੀਂਘ ਦੀ ਤਰ੍ਹਾਂ ਵਿਖਾਈ ਦਿੰਦੇ ਹਨ, ਜਿਨ੍ਹਾਂ ਦੀ ਮਹਿਕ ਸਾਹਿਤਕ ਵਾਤਾਵਰਨ ਨੂੰ ਖ਼ੁਸ਼ਬੂਦਾਰ ਬਣਾਉਂਦੀ ਹੈ। ਸ਼ਾਇਰ ਨੇ ਸਮਾਜ ਵਿੱਚ ਹੋ ਰਹੀਆਂ ਅਸਮਾਜਿਕ ਕਾਰਵਾਈਆਂ ਦਾ ਕੋਈ ਅਜਿਹਾ ਪੱਖ ਨਹੀਂ ਛੱਡਿਆ ਜਿਨ੍ਹਾਂ ਰਾਹੀਂ ਹੋ ਰਹੇ ਅਤਿਆਚਾਰ ਦਾ ਪ੍ਰਗਟਾਵਾ ਆਪਣੀਆਂ ਕਵਿਤਾਵਾਂ ਵਿੱਚ ਨਹੀਂ ਕੀਤਾ। ਕਿਸਾਨ, ਮਜ਼ਦੂਰ, ਸਿਆਸਤਦਾਨ, ਪਰਿਵਾਰਵਾਦ, ਸਾਧੂ, ਗੁਰੂ ਚੇਲੇ, ਗੋਲਕ ਚੋਰ, ਡੇਰੇ ਵਾਲੇ, ਵਹਿਮ ਭਰਮ, ਪੁਲਿਸ, ਵਿਰਾਸਤ ਦੇ ਅਖੌਤੀ ਪਹਿਰੇਦਾਰ, ਭਰਿਸ਼ਟਾਚਾਰ, ਸਿਆਸਤਦਾਨ, ਚੋਰ ਉਚੱਕੇ, ਧਾਰਮਿਕ ਪਖੰਡੀ ਲੋਕ, ਅਖਾਉਤੀ ਲੇਖਕ, ਪੱਤਰਕਾਰ, ਬੁੱਧੀਜੀਵੀ ਆਦਿ ਦੇ ਵਿਵਹਾਰ ਨੂੰ ਦਿ੍ਰਸ਼ਟਾਂਤਿਕ ਰੂਪ ਵਿੱਚ ਪੇਸ਼ ਕੀਤਾ ਹੈ। ਕਿਸਾਨ ਦੀ ਤ੍ਰਾਸਦੀ ਦਾ ਜ਼ਿਕਰ ਕਰਦਾ ਵੜੈਚ ਆਪਣੀ ਪਹਿਲੀ ਕਵਿਤਾ ਵਿੱਚ ਹੀ ਦਰਸਾਉਂਦਾ ਹੈ ਕਿ ਜਦੋਂ ਉਸ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ ਤਾਂ ਉਹ ਹਥਿਆਰ ਹੀ ਚੁਕੇਗਾ। ਆਪਣੇ ਹੱਕ ਨਾ ਮਿਲਦੇ ਵੇਖ ਕੇ ਉਹ ਹੱਕ ਖੋਹਣ ਦੀ ਕੋਸ਼ਿਸ਼ ਕਰੇਗਾ।

ਜਦੋਂ ਹਲ਼ਾਂ ਦੇ ਮੁੱਠਿਆਂ ‘ਤੇ ਰੱਖੇ ਹੱਥ

ਅੱਟਣਾਂ ਤੋਂ ਤੰਗ ਹੋ ਜਾਂਦੇ ਨੇ

ਤਾਂ ਉਹ ਹੱਥ ਹਲ਼ ਸੁੱਟ ਦਿੰਦੇ ਨੇ

ਹਥਿਆਰ ਚੁੱਕ ਲੈਂਦੇ ਨੇ।

ਇਕ ਕਿਸਮ ਨਾਲ ਇਹ ਵਰਤਮਾਨ ਸ਼ਾਸ਼ਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਸੁਧਰ ਜਾਣ ਨਹੀਂ ਲੋਕ ਆਪਣੇ ਹੱਕ ਖੋਹ ਲੈਣਗੇ। ਅਮਰਜੀਤ ਸਿੰਘ ਵੜੈਚ ਦੇ ਵਿਅੰਗਾਂ ਨੇ ਸਿਆਸਤਦਾਨਾ ਦੇ ਕਾਰਨਾਮਿਆਂ ‘ਤੇ ਬੜੇ ਤਿੱਖੇ ਤੀਰ ਚਲਾਏ ਹਨ। ਸਿਆਸਤਦਾਨ ਵੀ ਅਜਿਹੇ ਢੀਠ ਹਨ, ਜਿਹੜੇ ਅਜਿਹੇ ਵਿਅੰਗਾਂ ਤੋਂ ਝਿਜਕਦੇ ਨਹੀਂ। ਸਿਆਸਤਦਾਨ ਮਖੌਟੇ ਪਾਈ ਫਿਰਦੇ ਹਨ।  ਵੜੈਚ ਨੇ ਆਪਣੀਆਂ ਕਵਿਤਾਵਾਂ ਵਿੱਚ ਸਿਆਸਤਦਾਨਾ ਦੇ ਭਿਉਂ ਭਿਉਂ ਕੇ ਜੁਤੀ ਮਾਰੀਆਂ ਹਨ ਪ੍ਰੰਤੂ ਬੇਸ਼ਰਮ ਲੋਕ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆਉਂਦੇ। ਉਨ੍ਹਾਂ ਦੀਆਂ ਕਵਿਤਾਵਾਂ ਵਿੱਚੋਂ ਸਿਆਸਤਦਾਨਾ ਦੀਆਂ ਮਨਮਰਜੀਆਂ ਸੰਬੰਧੀ ਕੁਝ ਸ਼ਿਅਰ ਇਸ ਪ੍ਰਕਾਰ ਹਨ।

ਸੜਕ, ਸਿਹਤ ਤੇ ਸਿੱਖਿਆ ਚੜ੍ਹ ਗਏ ਭੇਂਟ ਸਿਆਸਤ ਦੀ

ਫਿਰ ਵੀ ਕਹਿੰਦੇ ਤੂਤੀ ਬੋਲੇ ਏਸ ਰਿਆਸਤ ਦੀ।

ਲੀਡਰ ਨੂੰ ਹੁਣ ਭੁੱਖ ਲੱਗੀ ਹੈ ਵੋਟਾਂ ਦੀ

ਲਾਰਿਆਂ ਦਾ ਤੰਦੂਰ ਤਪਾਇਆ ਲੀਡਰ ਨੇ।

ਤੋਪਾਂ, ਕੋਲਾ, ਖੱਫਣ ਡਕਾਰ ਗਿਆ

ਕਰ ਕੇ ਸਭ ਕੁਝ ਹਜ਼ਮ ਵਿਖਾਇਆ ਲੀਡਰ ਨੇ।

ਬਾਪੂ ਤੇਰੇ ਭੇਸ ਵਿਚ ਡਾਕੂ ਮੇਰੇ ਦੇਸ਼ ਵਿਚ

ਨੇਤਾ ਸੁੰਘਣ ਵੋਟਾਂ ਨੂੰ ਸਸਕਾਰਾਂ ਦੇ ਸੇਕ ਵਿਚ

ਬੁੱਕਲ ਦੇ ਵਿਚ ਰੱਖੇ ਸੱਪ ਬਾਬਾ ਆਪਣੇ ਖੇਸ ਵਿਚ।

ਹੁੰਦੇ ਸੀ ਟਕਸਾਲੀ ਲੀਡਰ ਅੱਜ ਕਲ੍ਹ ਬਾਹਲੇ ਜਾਅਲੀ ਲੀਡਰ।

ਉਸੇ ਦੇ ਵਿਚ ਕਰਦੇ ਮੋਰੀ ਖਾਂਦੇ ਨੇ ਜਿਸ ਥਾਲੀ ਵਿਚ ਲੀਡਰ।

ਲੋਕਾਂ ਦੇ ਗਲ਼ ਧਰਮ ਦੀ ਯਾਰੋ ਪਾਈ ਫਿਰਨ ਪੰਜਾਲ਼ੀ ਲੀਡਰ।

ਪਹਿਲਾਂ ਪੰਗੇ ਪਾਉਂਦੇ ਲੀਡਰ, ਦੰਗੇ ਫੇਰ ਕਰਾਉਂਦੇ ਲੀਡਰ।

ਥੁੱਕੀਂ ਵੜੇ ਪਕਾਉਂਦੇ ਲੀਡਰ, ਝੋਟੇ ਨੂੰ ਪਸਮਾਉਂਦੇ ਲੀਡਰ।

ਸ਼ਾਇਰ ਨੇ ਅਖੌਤੀ ਧਾਰਮਿਕ ਲੋਕਾਂ ਅਤੇ ਡੇਰਿਆਂ ਵਾਲਿਆਂ ਵੱਲੋਂ ਧਰਮ ਦੀ ਆੜ ਵਿੱਚ ਚਲਾਈਆਂ ਜਾਂਦੀਆਂ ਚਾਲਾਂ ਨਾਲ ਲੋਕਾਂ ਨੂੰ ਗੁਮਰਾਹ ਕਰਕੇ ਭੜਕਾਉਣ ਬਾਰੇ ਵਿਅੰਗ ਕਸੇ ਹਨ। ਪ੍ਰੰਤੂ ਧਾਰਮਿਕ ਬਾਬੇ ਇਨ੍ਹਾਂ ਵਿਅੰਗਾਂ ਤੋਂ ਵੀ ਬੇਪ੍ਰਵਾਹ ਹਨ, ਉਹ ਭੋਲੇ ਭਾਲੇ ਲੋਕਾਂ ਨੂੰ ਫਿਰਕਾਪ੍ਰਸਤੀ ਜਾਲ ਵਿੱਚ ਫਸਾ ਲੈਂਦੇ ਹਨ। ਇਨ੍ਹਾਂ ਬਾਰੇ ਵੜੇਚ ਦੇ ਵਿਅੰਗ ਇਸ ਪ੍ਰਕਾਰ ਹਨ-

ਧੰਦਿਆਂ ਵਿੱਚੋਂ ਧੰਦਾ ਯਾਰੋ ਧਰਮ ਦਾ ਚੰਗਾ ਧੰਦਾ ਯਾਰੋ

ਹਿੰਗ ਲੱਗੇ ਨਾ ਫਟਕੜੀ ਏਥੇ ਰੰਗ ਲਿਆਵੇ ਚੰਗਾ ਯਾਰੋ।

ਸ਼ੇਅਰ ਬਾਜ਼ਾਰ ਜੇ ਹੋਵੇ ਮੰਦਾ ਚੜ੍ਹਦਾ ਏਥੇ ਚੰਦਾ

ਕਾਮਯਾਬ ਉਹ ਬਾਬਾ ਹੋਵੇ ਜਿਹੜਾ ਸਭ ਤੋਂ ਗੰਦਾ ਯਾਰੋ।

ਕੋਈ ਨਾ ਏਥੇ ਸਾਧੂ ਲੱਗੇ, ਚੇਲਾ ਚੋਰ ਗੁਰੂ ਵੀ ਚੋਰ।

ਜਿਹੜਾ ਗੁਰੂ ਦੀ ਗੋਲਕ ਖਾਵੇ, ਵੱਡਾ ਹੁੰਦਾ ਓਹੀ ਚੋਰ।

ਧਰਮਾਂ ਦੀ ਜੋ ਖੇਡ ਖੇਡਦੇ, ਦੇਸ਼ ਦੇ ਹੁੰਦੇ ਉਹ ਵੀ ਚੋਰ।

ਲੋਕ ਲੁਕਾਉਂਦੇ ਝੂਠ ਦੀ ਗਾਗਰ, ਉੱਤੇ ਲੈ ਕੇ ਧਰਮ ਦੀ ਚਾਦਰ।

ਰੱਬ ਦੇ ਨਾਂ ‘ਤੇ ਵੱਢਣ ਬੰਦੇ, ਧਰਮਾਂ ਵਾਲ਼ੇ ਹੋਗੇ ਜਾਬਰ।

 ਜਿਹੜੇ ਸਾਹਿਤਕਾਰ ਸਰਕਾਰੀ ਮਾਨ ਸਨਮਾਨ ਲੈਣ ਲਈ ਲੇਲ੍ਹੜੀਆਂ ਕੱਢ ਕੇ ਇਨਾਮ ਪ੍ਰਾਪਤ ਕਰਦੇ ਹਨ, ਉਨ੍ਹਾਂ ਬਾਰੇ ਵੜੈਚ ਲਿਖਦਾ ਹੈ-

ਕਰਨ ਸਲਾਮਾਂ ਕਲਮਾਂ, ਸਰਕਾਰੀ ਸਨਮਾਨਾ ਲਈ

ਐਹੋ ਜਿਹੇ ਸਨਮਾਨਾਂ ਨੂੰ ਯਾਰੋ ਦੁਰਗੱਤ ਲਿਖੋ।

 ਅਮਰਜੀਤ ਸਿੰਘ ਵੜੈਚ ਦੀ ਹਰ ਕਵਿਤਾ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਉਸ ਦੇ ਦਿਲ ਦੀ ਆਵਾਜ਼ ਹੋਵੇ। ਉਸ ਦੀਆਂ ਕਵਿਤਾਵਾਂ ਦੀ ਸ਼ਬਦਾਵਲੀ ਦਿਹਾਤੀ ਸਭਿਅਚਾਰ ਵਿੱਚੋਂ ਲਈ ਗਈ ਹੈ। ਬੋਲੀ ਠੇਠ ਪੰਜਾਬੀ ਹੋਣ ਕਰਕੇ ਪਾਠਕ ਦੇ ਦਿਲ ਨੂੰ ਟੁੰਬਦੀ ਹੋਈ ਆਪਣਾ ਪ੍ਰਭਾਵ ਛੱਡਦੀ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਭਵਿਖ ਵਿੱਚ ਵੀ ਅਮਰਜੀਤ ਸਿੰਘ ਵੜੈਚ ਨਵੀਂਆਂ ਪਿਰਤਾਂ ਪਾਵੇਗਾ ਤੇ ਸਮਾਜਿਕ ਬੁਰਾਈਆਂ ਦਾ ਪਰਦਾ ਫਾਸ਼ ਕਰੇਗਾ।

ਸੁੰਦਰ ਮੁੱਖ ਕਵਰ, 88 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਸਪਰੈਡ ਪਬਲੀਕੇਸ਼ਨ ਰਾਮਪੁਰ (ਪੰਜਾਬ) ਨੇ ਪ੍ਰਕਾਸ਼ਤ ਕੀਤਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh48@yahoo.com

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button