OpinionD5 special

‘ਕਾਲ਼ੀ ਮਿੱਟੀ ਲਾਲ ਲਹੂ’ ਕਹਾਣੀ ਸੰਗ੍ਰਹਿ : ਰੁਮਾਂਸਵਾਦ ਅਤੇ ਸਮਾਜਿਕਤਾ ਦਾ ਸੁਮੇਲ

ਉਜਾਗਰ ਸਿੰਘ
ਤੇਜਿੰਦਰ ਸਿੰਘ ਫਰਵਾਹੀ ਦਾ ਕਹਾਣੀ ਸੰਗ੍ਰਹਿ ‘‘ਕਾਲ਼ੀ ਮਿੱਟੀ ਲਾਲ ਲਹੂ’’ ਕਲਪਨਾ, ਰੁਮਾਂਸਵਾਦ ਅਤੇ ਸਮਾਜਿਕਤਾ ਦਾ ਸੁਮੇਲ ਹੈ। ਇਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਪੁਰਾਤਨ ਅਤੇ ਆਧੁਨਿਕ ਵਿਚਾਰਾਂ ਦੇ ਟਕਰਾਓ ਦੀ ਬਾਖ਼ੂਬੀ ਜਾਣਕਾਰੀ ਦਿੰਦੀਆਂ ਹਨ। ਕਾਲ਼ੀ ਮਿੱਟੀ ਲਾਲ ਲਹੂ ਕਹਾਣੀ ਸੰਗ੍ਰਹਿ ਵਿੱਚ 11 ਕਹਾਣੀਆਂ ਹਨ। ਜਿਨ੍ਹਾਂ ਵਿਚੋਂ 3 ਕਹਾਣੀਆਂ ਕਾਲ਼ੀ ਮਿੱਟੀ ਲਾਲ ਲਹੂ, ਅਸਲੀ ਗਰੀਨ ਕਾਰਡ ਅਤੇ ਬੇਗਾਨੀ ਧਰਤ ਦਾ ਦਰਦ ਪਰਵਾਸ ਦੀ ਜਦੋਜਹਿਦ ਵਾਲੀ ਜ਼ਿੰਦਗੀ ਬਾਰੇ ਹਨ। ਇਨ੍ਹਾਂ ਕਹਾਣੀਆਂ ਵਿਚ ਪਰਵਾਸ ਵਿਚ ਲੜਕੀਆਂ ਨਾਲ ਕੀਤੇ ਜਾਂਦੇ ਦੁਰਵਿਵਹਾਰ ਅਤੇ ਅਣਜੋੜ ਵਿਆਹਾਂ ਅਤੇ ਪਰਵਾਸ ਵਿਚ ਪੱਕੇ ਹੋਣ ਲਈ ਮਰਦ ਪਹਿਲਾਂ ਪੰਜਾਬ ਵਿਚ ਵਿਆਹੇ ਹੋਣ ਦੇ ਬਾਵਜੂਦ ਪਰਵਾਸ ਵਿਚ ਦੂਜਾ ਵਿਆਹ ਕਰਵਾਕੇ ਵਸ ਜਾਂਦੇ ਹਨ। 3 ਕਹਾਣੀਆਂ ਮਲਕਾ, ਰੈਗਿੰਗ ਅਤੇ ਆਡੀਸ਼ਨ ਰੁਮਾਂਟਿਕ ਕਹਾਣੀਆਂ ਹਨ ਪ੍ਰੰਤੂ ਇਨ੍ਹਾਂ ਕਹਾਣੀਆਂ ਵਿੱਚ ਫਿਲਮਾ ਦੇ ਡਾਇਰੈਕਟਰਾਂ ਵੱਲੋਂ ਬਲੈਕ ਮੇਲਿੰਗ, ਰੈਗਿੰਗ ਦੀ ਸਮਾਜਿਕ ਬਿਮਾਰੀ ਅਤੇ ਮਲਕਾ ਵਿੱਚ ਨੌਜਵਾਨ ਲੜਕੇ ਅਤੇ ਲੜਕੀਆਂ ਦਾ ਭਾਵਨਾਵਾਂ ਵਿਚ ਵਹਿ ਜਾਣ ਕਰਕੇ ਪਿਆਰ ਦੇ ਬੰਧਨ ਵਿਚ ਬੱਝ ਜਾਣ ਬਾਰੇ ਹਨ।

ਇਸੇ ਤਰ੍ਹਾਂ 4 ਕਹਾਣੀਆਂ ਹਨ੍ਹੇਰਾ ਕਦ ਤੱਕ, ਬੇਵਸ ਮਿੱਟੀ ਦੀ ਹੂਕ, ਕੂਕਦੀ ਲਾਚਾਰੀ ਅਤੇ ਪਰੀਆਂ ਵਾਲਾ ਖ਼ੂਹ ਸਮਾਜਿਕ ਵਿਸ਼ਿਆਂ, ਜਿਨ੍ਹਾਂ ਵਿਚ ਦਾਜ, ਵਹਿਮਾ ਭਰਮਾ, ਕਿਸਾਨੀ ਕਰਜ਼ੇ, ਨਸ਼ੇ, ਭਰੂਣ ਹੱਤਿਆ ਅਤੇ ਲੜਕੀਆਂ ਦੇ ਪੈਦਾ ਹੋਣ ਨੂੰ ਬੁਰਾ ਮਨਾਉਣ ਬਾਰੇ ਹਨ। ਇਕ ਕਹਾਣੀ ਬੱਦਲਾਂ ਨਾਲ ਇਸ਼ਕ ਪਹਾੜੀ ਜੀਵਨ ਦੀ ਸਖ਼ਤ ਜ਼ਿੰਦਗੀ ਬਾਰੇ ਹੈ, ਜਿਥੇ ਮਰਦ ਅਤੇ ਇਸਤਰੀਆਂ ਸਖ਼ਤ ਮਿਹਨਤ ਕਰਕੇ ਆਨੰਦਮਈ ਜੀਵਨ ਬਤੀਤ ਕਰਦੇ ਹੋਏ ਖ਼ੁਸ਼ ਰਹਿੰਦੇ ਹਨ। ਪਹਾੜਾਂ ਵਿੱਚ ਲੜਕੀਆਂ ਦੇ ਜੰਮਣ ਨੂੰ ਸ਼ੁਭ ਸ਼ਗਨ ਮੰਨਿਆਂ ਜਾਂਦਾ ਹੈ।  ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਕਹਾਣੀਕਾਰ ਨੇ ਲੋਕ ਹਿਤਾਂ ਨਾਲ ਸੰਬੰਧ ਕਹਾਣੀਆਂ ਲਿਖੀਆਂ ਹਨ। ਜਿਹੜੀ ਕਹਾਣੀਆਂ ਰੋਮਾਂਟਿਕ ਹਨ, ਉਨ੍ਹਾਂ ਵਿਚ ਵੀ ਪਾਤਰਾਂ ਦੀ ਸੋਚ ਸਮਾਜਿਕਤਾ ਨਾਲ ਜੁੜੀ ਹੋਈ ਵਿਖਾਈ ਗਈ ਹੈ। ਕਹਾਣੀਕਾਰ ਆਪਣੀਆਂ ਕਹਾਣੀਆਂ ਵਿਚ ਰੌਚਿਕਤਾ ਪੈਦਾ ਕਰਨ ਵਿਚ ਵੀ ਸਫਲ ਰਿਹਾ ਹੈ। ਪਾਠਕ ਦੀ ਕਹਾਣੀ ਨੂੰ ਲਗਾਤਾਰ ਪੜ੍ਹਨ ਲਈ ਅੱਗੇ ਕੀ ਹੋਵੇਗਾ ਦੀ ਚੇਸ਼ਟਾ ਬਣੀ ਰਹਿੰਦੀ ਹੈ? ਇਸ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ਪਰੀਆਂ ਵਾਲ਼ਾ ਖੂਹ ਨੂੰ ਓਪਰੀ ਨਿਗਾਹ ਨਾਲ ਪੜ੍ਹਦਿਆਂ ਵਹਿਮਾਂ ਭਰਮਾ ਵਿੱਚ ਪਾਉਣ ਵਾਲੀ ਲੱਗਦੀ ਹੈ, ਜਦੋਂ ਉਹ ਪਰੀਆਂ ਦੀ ਕਰਾਮਾਤ ਵਾਲੀ ਗੱਲ ਕਰਦਾ ਹੈ।

ਪ੍ਰੰਤੂ ਅਸਲ ਵਿਚ ਕਹਾਣੀਕਾਰ ਲੋਕਾਂ ਨੂੰ ਵਹਿਮਾ ਭਰਮਾ ਵਿੱਚੋਂ ਨਿਕਲਕੇ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੰਦਾ ਹੈ। ਕਹਾਣੀ ਜ਼ਮੀਨੀ ਪਾਣੀ ਦੇ ਜੀਰੀ ਬੀਜਣ ਕਰਕੇ ਧਰਤੀ ਦੇ ਪਾਣੀ ਦਾ ਸਤਰ ਡੂੰਘਾ ਹੋਣ ਦੀ ਚਿੰਤਾ ਦਾ ਪ੍ਰਗਟਾਵਾ ਕਰਦੀ ਹੈ। ਕਿਸਾਨ ਬਜ਼ੁਰਗ ਵਿਰਾਸਤੀ ਪੁਰਾਤਨ ਖੂਹ ਨੂੰ ਆਪਣੇ ਪੁਰਖਿਆਂ ਦੀ ਆਖਰੀ ਨਿਸ਼ਾਨੀ ਦੇ ਤੌਰ ਤੇੇ ਬਰਕਰਾਰ ਰੱਖਣਾ ਚਾਹੁੰਦਾ ਹੈ। ਪ੍ਰੰਤੂ ਕਿਸਾਨ ਦੇ ਦੋਵੇਂ ਸਪੁੱਤਰ ਤਰਿੰਦਰ ਸਿੰਘ ਅਤੇ ਅਮਰਦੀਪ ਸਿੰਘ ਖੂਹ ਦੇ ਵਿੱਚ ਹੀ ਸਬਮਰਸੀਬਲ ਬੋਰ ਕਰਕੇ ਜੀਰੀ ਲਈ ਪਾਣੀ ਦਾ ਪ੍ਰਬੰਧ ਕਰਨ ਲਈ ਬਜਿਦ ਹਨ। ਤਿੰਨ ਕਹਾਣੀਆਂ ਆਡੀਸ਼ਨ, ਰੈਗਿੰਗ ਅਤੇ ਮਲਕਾ ਵਿਚ ਬੇਸ਼ਕ ਦੋ ਪ੍ਰੇਮੀਆਂ ਦੇ ਪ੍ਰੇਮ ਦੀ ਗੱਲ ਵੀ ਕਰਦਾ ਹੈ ਪ੍ਰੰਤੂ ਪ੍ਰੇਮ ਦੀ ਗੱਲ ਕਰਨ ਦਾ ਭਾਵ ਸਿਰਫ ਕਹਾਣੀ ਵਿਚ ਪਾਠਕ ਦੀ ਰੌਚਕਤਾ ਪੈਦਾ ਕਰਨਾ ਹੈ। ਅਸਲ ਵਿਚ ਤਿੰਨਾ ਕਹਾਣੀਆਂ ਵਿਚ ਉਹ ਸਮਾਜਿਕਤਾ ਦਾ ਸੰਦੇਸ਼ ਦੇਣਾ ਚਾਹੁੰਦਾ ਹੈ। ਆਡੀਸ਼ਨ ਕਹਾਣੀ ਵਿਚ ਫਿਲਮ ਜਗਤ ਵਿਚ ਫ਼ਿਲਮਾਂ ਦੇੇ ਡਾਇਰੈਕਟਰਾਂ ਵੱਲੋਂ ਐਕਟਰੈਸਾਂ ਦੀ ਬਲੈਕ ਮੇਲਿੰਗ ਕਰਨ ਦਾ ਪਰਦਾ ਫ਼ਾਸ਼ ਕਰਦਾ ਹੈ। ਫਿਲਮ ਦਾ ਡਾਇਰੈਕਟਰ ਗੁਰਨੂਰ ਕੌਰ ਨੂੰ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਪਾ ਕੇ ਬਲੈਕ ਮੇਲ ਕਰਨਾ ਚਾਹੁੰਦਾ ਸੀ ਪ੍ਰੰਤੂ ਜਸ਼ਨ ਨੇ ਚੁਸਤੀ ਨਾਲ ਕੋਲਡ ਡਰਿੰਕ ਵਾਲਾ ਗਲਾਸ ਬਦਲਕੇ ਡਾਇਰੈਕਟਰ ਅੱਗੇ ਰੱਖ ਦਿੱਤਾ, ਜਿਸ ਦੇ ਪੀਣ ਨਾਲ ਗੁਰਨੂਰ ਕੌਰ ਦੀ ਥਾਂ ਉਹ ਬੇਹੋਸ਼ ਹੋ ਗਿਆ। ਡਾਇਰੈਕਟਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਹ ਕਹਾਣੀ ਉਭਰਦੀਆਂ ਅਦਾਕਾਰਾਂ ਨੂੰ ਫਿਲਮਾ ਵਿਚ ਜਾਣ ਦੇ ਸਪਨੇ ਵੇਖਣ ਵਾਲੀਆਂ ਲੜਕੀਆਂ ਨੂੰ ਆਗਾਹ ਕਰਨ ਦੀ ਪ੍ਰੇਰਨਾ ਦਿੰਦੀ ਹੈ।

ਇਸੇ ਤਰ੍ਹਾਂ ਰੈਗਿੰਗ ਵਿਚ ਭਾਵੇਂਂ ਕਹਾਣੀਕਾਰ ਰਾਜ ਉਰਫ ਰਾਜਿੰਦਰ ਸਿੰਘ ਅਤੇ ਅਵਨੀਤ ਕੌਰ ਦੇ ਪ੍ਰੇਮ ਦੀ ਬਾਤ ਪਾਉਂਦਾ ਹੈ ਪ੍ਰੰਤੂ ਇਹ ਕਹਾਣੀ ਰੈਗਿੰਗ ਵਰਗੀ ਸਮਾਜਿਕ ਬੁਰਾਈ ਰੋਕਣ ਦੀ ਪ੍ਰੇਰਨਾ ਕਰਦੀ ਹੈ। ਜਦੋਂ ਰਾਜ ਕਾਲਜ ਵਿਚ ਦਾਖ਼ਲਾ ਲੈਣ ਜਾਂਦਾ ਹੈ ਤਾਂ ਅਵਨੀਤ ਕੌਰ ਹੀ ਉਸਦੀ ਰੈਗਿੰਗ ਕਰਨ ਵਾਲੀਆਂ ਲੜਕੀਆਂ ਦੀ ਅਗਵਾਈ ਕਰਦੀ ਹੈ ਪ੍ਰੰਤੂ ਅਵਨੀਤ ਕੌਰ ਰਾਜ ਤੋਂ ਮੁਆਫੀ ਮੰਗਦੀ ਹੈ ਅਤੇ ਉਹ ਰੈਗਿੰਗ ਨਾਮ ਦਾ ਨਾਟਕ ਕਾਲਜ ਵਿੱਚ ਖੇਡਦੇ ਹਨ, ਜਿਦਾ ਨਾਇਕ ਰਾਜ ਅਤੇ ਨਾਇਕਾ ਅਵਨੀਤ ਬਣਦੇ ਹਨ। ਉਹ ਨਾਟਕ ਮੁਕਾਬਲਿਆਂ ਵਿਚ ਪਹਿਲੇ ਨੰਬਰ ਤੇ ਆਉਂਦਾ ਹੈ। ਕਾਲਜ ਦੀ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਨਵਜੋਤ ਸਿੰਘ ਨੇ ਐਲਾਨ ਕਰ ਦਿੰਦਾ ਹੈ ਕਿ ਹੁਣ ਕਾਲਜ ਵਿੱਚ ਨਾ ਰੈਗਿੰਗ ਹੋਵੇਗੀ ਅਤੇ ਨਾ ਹੀ ਰੈਗਿੰਗ ਦਾ ਸਮਰਥਨ ਹੋਵੇਗਾ।  ਕਾਲਜ ਵਿਚ ਐਂਟੀ ਰੈਗਿੰਗ ਫੈਡਰੇਸ਼ਨ ਦੀ ਸਥਾਪਨਾ ਕਰਕੇ ਰਾਜ ਉਰਫ ਰਾਜਿੰਦਰ ਸਿੰਘ ਨੂੰ ਇਸਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ। ਬੇਵਸ ਮਿੱਟੀ ਦੀ ਹੂਕ ਵਿੱਚ ਗ਼ਰੀਬ ਕਿਸਾਨਾ ਦੀ ਤ੍ਰਾਸਦੀ ਭਰੀ ਜ਼ਿੰਦਗੀ ਬਾਰੇ ਦੱਸਿਆ ਗਿਆ ਹੈ ਕਿ ਜੱਗਾ ਕਿਸ ਪ੍ਰਕਾਰ ਆਪਣੀ ਲੜਕੀ ਪਾਲੀ ਦੇ ਵਿਆਹ ਲਈ ਕਰਜ਼ਾ ਲੈਂਦਾ ਹੈ ਕਿਉਂਕਿ ਮੌਕੇ ‘ਤੇ ਹੀ ਲੜਕੇ ਵਾਲੇ ਕਾਰ ਦੀ ਮੰਗ ਕਰ ਦਿੰਦੇ ਹਨ। ਜ਼ੈਲਦਾਰ ਹਮੇਸ਼ਾ ਭੋਲੇ ਭਾਲੇ ਕਿਸਾਨਾ ਨੂੰ ਕਰਜ਼ੇ ਲੈਣ ਲਈ ਉਤਸ਼ਾਹਤ ਕਰਕੇ ਉਨ੍ਹਾਂ ਦੀਆਂ ਜ਼ਮੀਨ ਗਹਿਣੇ ਲੈਣ ਲਈ ਜਾਲ ਬੁਣਦਾ ਰਹਿੰਦਾ ਹੈ।

ਕਿਸਾਨ ਬਿਨਾ ਲੋੜ ਤੋਂ ਵਿਖਾਵੇ ਲਈ ਟਰੈਕਟਰ ਲੈਂਦੇ ਹਨ, ਫਿਰ ਕਿਸ਼ਤਾਂ ਨਹੀਂ ਮੁੜਦੀਆਂ। ਅੰਗਰੇਜ਼ੀ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਿਲਕੁਲ ਇਸੇ ਤਰ੍ਹਾਂ ਕੂਕ ਦੀ ਲਾਚਾਰੀ ਵਿਚ ਵੀ ਬੰਤਾ ਸਿੰਘ ਅਤੇ ਹਰਨਾਮ ਕੌਰ ਦੇ ਇਕਲੌਤੇ ਪੁਤਰ ਹਰਦੀਪ ਸਿੰਘ ਦੀ ਪਤਨੀ ਮਨਦੀਪ ਕੌਰ ਨੂੰ ਹਰਨਾਮ ਕੌਰ ਨੇ ਆਂਢਣਾ ਗੁਆਂਢਣਾ ਦੀ ਚੱਕ ਚਕਾਈ ਤੋਂ ਬਾਅਦ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਹਰਦੀਪ ਸਿੰਘ ਨੂੰ ਵੀ ਲੂਤੀਆਂ ਲਾ ਕੇ ਆਪਣੇ ਨਾਲ ਮਿਲਾ ਲਿਆ। ਅਖੀਰ ਕੁੱਟ ਮਾਰ ਕਰਕੇ ਦਾਜ ਵਿਚ ਕਾਰ ਲਿਆਉਣ ਲਈ ਘਰੋਂ ਕੱਢ ਦਿੱਤਾ। ਹਾਲਾਂ ਕਿ ਉਨ੍ਹਾਂ ਨੇ ਵੀ ਆਪਣੀਆਂ ਦੋ ਲੜਕੀਆਂ ਬਿਨਾ ਦਾਜ ਵਿਆਹੀਆਂ ਸਨ। ਕਹਾਣੀਕਾਰ ਨੇ ਬੜੇ ਵਧੀਆ ਢੰਗ ਨਾਲ ਕਹਾਣੀ ਨੂੰ ਸਿਖਰਤੇ ਪਹੁੰਚਾਉਂਦਿਆਂ ਹਰਨਾਮ ਕੌਰ ਦੇ ਜਵਾਈਆਂ ਤੋਂ ਦਾਜ ਦੀ ਮੰਗ ਕਰਵਾਕੇ ਬੰਤਾ ਸਿੰਘ ਅਤੇ ਹਰਨਾਮ ਕੌਰ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ। ਬੰਤਾ ਸਿੰਘ ਅਤੇ ਹਰਨਾਮ ਕੌਰ  ਨੇ ਮਾਫ਼ੀ ਮੰਗਕੇ ਖਹਿੜਾ ਛੁਡਵਾਇਆ। ਇਹ ਕਹਾਣੀ ਵੀ ਬਿਹਤਰ ਸਮਾਜ ਸਿਰਜਣ ਦਾ ਉਪਰਾਲਾ ਹੈ। ਹਨ੍ਹੇਰਾ ਕਦ ਤੱਕ ਕਹਾਣੀ ਸਾਡੀ ਬਿਮਾਰ ਮਾਨਸਿਕਦਾ ਦਾ ਪ੍ਰਗਟਾਵਾ ਕਰਦੀ ਹੈ ਕਿਉਂਕਿ ਆਧੁਨਿਕਤਾ ਦੇ ਸਮੇਂ ਵਿਚ ਵੀ ਸਾਡਾ ਸਮਾਜ ਕੁੜੀਆਂ ਦਾ ਜੰਮਣਾ ਚੰਗਾ ਨਹੀਂ ਸਮਝਦਾ। ਲੜਕੇ ਦੀ ਚਾਹਤ ਲਈ ਪਰਿਵਾਰ ਵਧਾਈ ਜਾਂਦਾ ਹੈ।

ਲੜਕੀਆਂ ਨੂੰ ਕੁੱਖ ਵਿਚ ਕਤਲ ਕਰਨ ਲਈ ਲਿੰਗ ਟੈਸਟ ਤੇ ਪਾਬੰਦੀ ਦੇ ਬਾਵਜੂਦ ਰਿਸ਼ਵਤਾਂ ਦੇ ਕੇ ਟੈਸਟ ਕਰਵਾਈ ਜਾਂਦਾ ਹੈ। ਇਸ ਕਹਾਣੀ ਵਿਚ ਵੀ ਨਵਕਿਰਨ ਸਿੰਘ ਆਪਣੀ ਪਤਨੀ ਦੇ ਗਰਭਵਤੀ ਹੋਣ ‘ਤੇ ਲਿੰਗ ਟੈਸਟ ਕਰਵਾਉਂਦਾ ਹੈ। ਲੜਕੇ ਦੇ ਚਕਰ ਵਿੱਚ ਦੋ ਲੜਕੀਆਂ ਪੈਦਾ ਹੋ ਜਾਂਦੀਆਂ ਹਨ। ਸ਼ਰੀਕਣਾ ਚੁਗਲੀਆਂ ਕਰਕੇ ਦਿਲਪ੍ਰੀਤ ਦੀ ਸੱਸ ਗੁਰਦੀਪ ਕੌਰ ਨੂੰ ਚੁੱਕੀ ਜਾਂਦੀਆਂ ਹਨ ਕਿ ਪਤਾ ਨਹੀਂ ਕਿਹੜੇ ਘਰ ਦੀ ਕਲਹਿਣੀ ਆ ਗਈ। ਨਵਕਿਰਨ ਸਿੰਘ ਇਸੇ ਗ਼ਮ ਵਿਚ ਸ਼ਰਾਬ ਪੀਣ ਲੱਗ ਜਾਂਦਾ ਹੈ। ਜਦੋਂ ਤੀਜੀ ਵਾਰ ਦਿਲਪ੍ਰੀਤ ਦੇ ਲੜਕਾ ਪੈਦਾ ਹੋ ਗਿਆ ਫਿਰ ਉਹੀ ਨੂੰਹ ਚੰਗੀ ਲੱਗਣ ਲੱਗ ਗਈ ਅਤੇ ਖ਼ੁਸ਼ੀਆਂ ਮਨਾਈਆਂ ਜਾਣ ਲੱਗ ਪਈਆਂ। ਇਹ ਕਹਾਣੀ ਸਾਡੇ ਸਮਾਜ ਦੀ ਲੜਕੀਆਂ ਪ੍ਰਤੀ ਭੈੜੀ ਪ੍ਰਵਿਰਤੀ ਨੂੰ ਦਰਸਾਉਂਦੀ ਹੈ। ਕਹਾਣੀਕਾਰ ਦੀ ਕਮਾਲ ਇਸ ਗੱਲ ਵਿਚ ਹੈ ਕਿ ਉਹ ਜਿਸ ਵੀ ਵਿਸ਼ੇ ‘ਤੇ ਕਹਾਣੀ ਲਿਖ ਰਿਹਾ ਹੈ, ਉਸ ਬਾਰੇ ਉਨ੍ਹਾਂ ਦੀ ਜਾਣਕਾਰੀ ਮੁਕੰਮਲ ਹੈ, ਉਦਾਹਰਣ ਲਈ ਪਹਾੜੀ ਲੋਕਾਂ ਦੇ ਜੀਵਨ ਅਤੇ ਰੀਤੀ ਰਿਵਾਜਾਂ, ਹੈਲੀਕਾਪਟਰ , ਨਾਟਕਾਂ ਫਿਲਮਾਂ, ਪਰਵਾਸ ਦੀ ਜ਼ਿੰਦਗੀ, ਕਿਸਾਨੀ, ਇਸ਼ਕ ਮੁਸ਼ਕ ਅਤੇ ਪਿੰਡਾਂ ਦੀਆਂ ਇਸਤਰੀਆਂ ਦੇ ਸੁਭਾਅ ਬਾਰੇ ਵਿਆਖਿਆ ਨਾਲ ਲਿਖਿਆ ਗਿਆ ਹੈ। ਇਸ ਲਈ ਕਹਾਣੀਕਾਰ ਦੀ ਜੇਕਰ ਪ੍ਰਸੰਸਾ ਨਾ ਕੀਤੀ ਜਾਵੇ ਤਾਂ ਜ਼ਾਇਜ਼ ਨਹੀਂ ਹੋਵੇਗਾ। ਇਹ ਉਨ੍ਹਾਂ ਦੀ ਪਹਿਲੀ ਪੁਸਤਕ ਹੈ, ਭਵਿਖ ਵਿਚ ਹੋਰ ਚੰਗੀਆਂ ਕਹਾਣੀਆਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।  118 ਪੰਨਿਆਂ, 250 ਰੁਪਏ ਕੀਮਤ ਵਾਲੀ ਪੁਸਤਕ ਲੋਕ ਗੀਤ ਪ੍ਰਕਾਸ਼ਨ ਮੋਹਾਲੀ ਨੇ ਪ੍ਰਕਾਸ਼ਤ ਕੀਤੀ ਹੈ।

7 24

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button