IndiaTop News

ਈਸੀਐੱਚਐੱਸ ਘੁਟਾਲੇ ’ਚ ਖੁਲਾਸਾ: ਸਾਬਕਾ ਫ਼ੌਜੀਆਂ ਤੇ ਉਨ੍ਹਾਂ ਦੇ ਆਸ਼ਰਿਤਾਂ ਦੇ ਇਲਾਜ ’ਚ 100 ਕਰੋੜ ਦਾ ਫਰਜ਼ੀਵਾੜਾ

ਸਾਬਕਾ ਫ਼ੌਜੀਆਂ ਦੇ ਇਲਾਜ ਲਈ ਬਣਾਈ ਗਈ ਐਕਸ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ (ਈਸੀਐੱਚਐੱਸ) ’ਚ ਫ਼ਰਜ਼ੀਵਾੜੇ ਦੀ ਜਾਂਚ ਕਰ ਰਹੀ ਸੀਬੀਆਈ ਨੂੰ ਹੈਰਾਨ ਕਰਨ ਵਾਲੀਆਂ ਜਾਣਕਾਰੀਆਂ ਮਿਲੀਆਂ ਹਨ। ਇਹ ਫ਼ਰਜ਼ੀਵਾੜਾ 100 ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਹੋ ਸਕਦਾ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਮਰੀਜ਼ ਨੂੰ ਬਿਨਾਂ ਜ਼ਰੂਰਤ ਹਸਪਤਾਲ ’ਚ ਦਾਖ਼ਲ ਦਿਖਾ ਕੇ ਸਰਕਾਰ ਤੋਂ ਮੈਡੀਕਲ ਰੀਇੰਬਰਸਮੈਂਟ ਕਲੇਮ ਲਿਆ ਜਾ ਰਿਹਾ ਸੀ। ਇਕ ਹੀ ਮਰੀਜ਼ ਨੂੰ ਅਲੱਗ-ਅਲੱਗ ਸਮੇਂ ਤੇ ਹਸਪਤਾਲਾਂ ’ਚ ਵਾਰ-ਵਾਰ ਦਾਖ਼ਲ ਦਿਖਾਇਆ ਗਿਆ, ਫ਼ਰਜ਼ੀ ਮੈਡੀਕਲ ਤੇ ਟੈਸਟ ਰਿਪੋਰਟ ਤਿਆਰ ਹੋਈ ਤੇ ਦਵਾਈਆਂ ਦੇ ਵਧੇ ਹੋਏ ਬਿੱਲ ਲਗਾ ਕੇ ਭੁਗਤਾਨ ਲਿਆ ਗਿਆ। ਸੀਬੀਆਈ ਇਸ ਮਾਮਲੇ ’ਚ ਛੇਤੀ ਹੀ ਚਾਰਜਸ਼ੀਟ ਦਾਖ਼ਲ ਕਰਨ ਦੀ ਤਿਆਰੀ ’ਚ ਹੈ। ਜਾਂਚ ਏਜੰਸੀ ਨੇ ਮੰਥਨ ਹੈਲਥਕੇਅਰ, ਧਰਮ ਹਸਪਤਾਲ, ਕੇਅਰ ਪਾਰਟਨਰ ਹਾਰਟ ਸੈਂਟਰ ਦੇ ਦੋ ਬਿੱਲ ਕਲਰਕਾਂ ਸਮੇਤ ਅੱਠ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੋਇਆ ਹੈ। ਜਾਂਚ ’ਚ ਮੰਥਨ ਹੈਲਥਕੇਅਰ ਦੇ ਡਾਇਰੈਕਟਰ ਡਾ. ਵਿਕਾਸ ਸ਼ਰਮਾ ਤੇ ਡਾ. ਰਿੰਪਲ ਗੁਪਤਾ ਨੂੰ ਪੂਰੇ ਫ਼ਰਜ਼ੀਵਾੜੇ ਦਾ ਮਾਸਟਰਮਾਈਂਡ ਦੱਸਿਆ ਗਿਆ ਹੈ। ਸੀਬੀਆਈ ਦੀ ਜਾਂਚ ਦੇ ਮੁਤਾਬਕ, ਸੈਕਟਰ 38 ਸਥਿਤ ਮੰਥਨ ਹੈਲਥਕੇਅਰ ਖ਼ੁਦ ਈਸੀਐੱਚਐੱਸ ਦੇ ਦਾਇਰੇ ’ਚ ਨਹੀਂ ਆਉਂਦਾ। ਦੋਸ਼ ਹੈ ਕਿ ਇਸ ਦੇ ਡਾਇਰੈਕਟਰਾਂ ਨੇ ਹੋਰ ਹਸਪਤਾਲਾਂ ਦੇ ਨਾਲ ਕਥਿਤ ਮਿਲੀਭੁਗਤ ਕਰ ਕੇ ਮਰੀਜ਼ਾਂ ਦੇ ਫ਼ਰਜ਼ੀ ਰਿਕਾਰਡ ਤਿਆਰ ਕਰਵਾਏ ਤੇ ਈਸੀਐੱਚਐੱਸ ਦੇ ਤਹਿਤ ਮੈਡੀਕਲ ਰੀਇੰਬਰਸਮੈਂਟ ਕਲੇਮ ਹਾਸਲ ਕੀਤੇ। ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਸੈਕਟਰ-15 ਦੇ ਧਰਮ ਹਸਪਤਾਲ ਤੇ ਸੈਕਟਰ 19 ਦੇ ਕੇਅਰ ਪਾਰਟਨਰ ਹਾਰਟ ਸੈਂਟਰ ਦੇ ਈਸੀਐੱਚਐੱਸ ਡੈਸਕ ਦੀ ਵਰਤੋਂ ਇਸ ਪੂਰੇ ਨੈੱਟਵਰਕ ਲਈ ਕੀਤੀ ਜਾ ਰਹੀ ਸੀ।ਸੀਬੀਆਈ ਨੂੰ ਜਾਂਚ ’ਚ ਇਕ ਸੰਗਠਿਤ ਨੈੱਟਵਰਕ ਦੇ ਸੰਕੇਤ ਮਿਲੇ ਹਨ। ਦੋਸ਼ ਹੈ ਕਿ ਇਸ ਵਿਚ ਮਰੀਜ਼ਾਂ ਦੀ ਐਮਰਜੈਂਸੀ ਐਡਮਿਸ਼ਨ ਪ੍ਰਕਿਰਿਆ ’ਚ ਹੇਰਾਫੇਰੀ ਕੀਤੀ ਜਾਂਦੀ ਸੀ। ਜ਼ਰੂਰਤ ਨਾ ਹੋਣ ’ਤੇ ਵੀ ਮਰੀਜ਼ਾਂ ਨੂੰ ਭਰਤੀ ਦਿਖਾਇਆ ਜਾਂਦਾ ਤੇ ਬਾਅਦ ’ਚ ਰੈਫਰਲ ਦੇ ਨਾਂ ’ਤੇ ਦੂਜੇ ਹਸਪਤਾਲਾਂ ’ਚ ਭੇਜਣ ਦਾ ਰਿਕਾਰਡ ਤਿਆਰ ਕੀਤਾ ਜਾਂਦਾ। ਇਸ ਦੇ ਬਾਅਦ ਫ਼ਰਜ਼ੀ ਮੈਡੀਕਲ, ਡਾਇਗਨੋਸਟਿਕ ਰਿਪੋਰਟ ਤੇ ਦਵਾਈਆਂ ਦੇ ਬਿੱਲ ਤਿਆਰ ਕਰ ਕੇ ਈਸੀਐੱਚਐੱਸ ਦੇ ਤਹਿਤ ਕਲੇਮ ਪੇਸ਼ ਕੀਤੇ ਜਾਂਦੇ ਸਨ।
ਜਾਂਚ ’ਚ ਸੀਬੀਆਈ ਨੂੰ ਕੁਝ ਅਜਿਹੇ ਮਰੀਜ਼ਾਂ ਦੇ ਰਿਕਾਰਡ ਮਿਲੇ ਹਨ, ਜਿਨ੍ਹਾਂ ਨੂੰ ਅਲੱਗ-ਅਲੱਗ ਹਸਪਤਾਲਾਂ ’ਚ ਵਾਰ-ਵਾਰ ਦਾਖ਼ਲ ਦਿਖਾਇਆ ਗਿਆ। ਇਨ੍ਹਾਂ ’ਚ ਹੇਮਾਦੇਵੀ, ਬਲਦੇਵ ਰਾਮ, ਟੇਕ ਚੰਦ ਤੇ ਸੰਧਿਆ ਦੇਵੀ ਦੇ ਨਾਂ ਸ਼ਾਮਲ ਹਨ। ਏਜੰਸੀ ਹੁਣ ਇਹ ਮਿਲਾਨ ਕਰ ਰਹੀ ਹੈ ਕਿ ਸਬੰਧਤ ਤਰੀਕਾਂ ’ਚ ਇਹ ਮਰੀਜ਼ ਅਸਲ ’ਚ ਹਸਪਤਾਲ ’ਚ ਦਾਖ਼ਲ ਹੋਏ ਸਨ ਜਾਂ ਉਨ੍ਹਾਂ ਦੇ ਨਾਂ ਦੀ ਵਰਤੋਂ ਸਿਰਫ਼ ਕਲੇਮ ਹਾਸਲ ਕਰਨ ਲਈ ਕੀਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button