ਈਡੀ ਵਲੋਂ ਗਾਂਧੀ, ਰਾਹੁਲ ਨੂੰ ਸੰਮਨ ਭੇਜ ਕੇ ਵਿਰੋਧੀਆਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼: ਕਾਂਗਰਸ

ਚੰਡੀਗੜ੍ਹ: ਕਾਂਗਰਸ ਦੀ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰੰਜੀਤ ਰੰਜਨ ਨੇ ਦੋਸ਼ ਲਾਇਆ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਸੰਮਨ ਭੇਜਣਾ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਤੇ ਭਖਦੇ ਮਸਲਿਆਂ ਜਿਨ੍ਹਾਂ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਕਸ਼ਮੀਰ ਚ ਵਿਗੜਦੀ ਸੁਰੱਖਿਆ ਵਿਵਸਥਾ ਅਤੇ ਆਪਸੀ ਭਾਈਚਾਰਕ ਸਾਂਝ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ।
ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਰੰਜਨ ਨੇ ਕਿਹਾ ਕਿ ਈਡੀ ਵੱਲੋਂ ਸੰਮਨ ਜਾਰੀ ਕਰਨਾ ਕਾਨੂੰਨੀ ਅਤੇ ਤਕਨੀਕੀ ਤੌਰ ’ਤੇ ਨਾਜਾਇਜ਼ ਹੈ, ਕਿਉਂਕਿ ਕਿਤੇ ਵੀ ਪੈਸੇ ਦਾ ਲੈਣ-ਦੇਣ ਨਾ ਹੋਣ ਕਾਰਨ ਕੋਈ ਵੀ ਕੇਸ ਸਾਹਮਣੇ ਨਹੀਂ ਬਣ ਸਕਦਾ। ਨੈਸ਼ਨਲ ਹੈਰਾਲਡ ਮਾਮਲੇ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਭਾਰੀ ਘਾਟੇ ਕਾਰਨ ਨੈਸ਼ਨਲ ਹੈਰਾਲਡ ਅਖਬਾਰ ਨੂੰ ਵੇਚਿਆ ਸੀ। ਉਨ੍ਹਾਂ ਕਿਹਾ ਕਿ 90 ਕਰੋੜ ਰੁਪਏ ਵਿੱਚੋਂ 67 ਕਰੋੜ ਰੁਪਏ ਮੁਲਾਜ਼ਮਾਂ ਨੂੰ ਵੀਆਰਐਸ ਅਤੇ ਗਰੈਚੁਟੀ ਲਈ ਦਿੱਤੇ ਗਏ ਸਨ।
ਜਦਕਿ ਬਾਕੀ ਰਕਮ ਕਿਰਾਏ, ਬਿਜਲੀ ਦੇ ਖਰਚੇ ਅਤੇ ਕੁਝ ਬਣਦੀ ਰਕਮ ਸਰਕਾਰ ਨੂੰ ਵੀ ਦਿੱਤੀ ਗਈ ਸੀ। ਕਾਂਗਰਸ ਨੇਤਾ ਨੇ ਸਪੱਸ਼ਟ ਕੀਤਾ ਕਿ ਯੰਗ ਇੰਡੀਆ ਸਿਰਫ ਇਕ ਰਖਿਅਕ ਵਜੋਂ ਕੰਮ ਕਰ ਰਹੀ ਸੀ ਅਤੇ ਇਸਦੇ ਡਾਇਰੈਕਟਰਾਂ ਨੇ ਇਕ ਪੈਸਾ ਵੀ ਨਹੀਂ ਲਿਆ। ਜਦੋਂ ਕੋਈ ਨਕਦੀ ਦਾ ਲੈਣ-ਦੇਣ ਨਹੀਂ ਹੋਇਆ, ਤਾਂ ਮਨੀ ਲਾਂਡਰਿੰਗ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਜਿਸਨੂੰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰੰਜਨ ਨੇ ਕਿਹਾ ਕਿ ਇਹ ਸਪੱਸ਼ਟ ਤੌਰ ‘ਤੇ ਬਦਲਾਖੋਰੀ ਅਤੇ ਪ੍ਰੇਸ਼ਾਨ ਕਰਨ ਵਾਲੀ ਰਾਜਨੀਤੀ ਦਾ ਮਾਮਲਾ ਹੈ, ਕਿਉਂਕਿ ਭਾਜਪਾ ਦੀ ਰਣਨੀਤੀ ਜਾਂ ਤਾਂ ਲੋਕਾਂ ਨੂੰ ਸ਼ਾਮਲ ਕਰਨਾ ਹੈ ਜਾਂ ਸੀਬੀਆਈ ਅਤੇ ਈਡੀ ਵਰਗੀਆਂ ਵੱਖਰੀਆਂ ਕੇਂਦਰੀ ਏਜੰਸੀਆਂ ਨੂੰ ਆਪਣੇ ਸਿਆਸੀ ਵਿਰੋਧੀਆਂ ‘ਤੇ ਛੱਡਣਾ ਹੈ।
ਉਨ੍ਹਾਂ ਦੱਸਿਆ ਕਿ ਕਿਵੇਂ ਇੱਕ ਬੰਗਾਲੀ ਆਗੂ ਨੂੰ ਕਈ ਮਾਮਲਿਆਂ ਵਿੱਚ ਨਾਮ ਆਉਣ ਦੇ ਬਾਵਜੂਦ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਲੀਨ ਚਿੱਟ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਇਸਦੇ ਆਗੂਆਂ ਨੂੰ ਅਜਿਹੀਆਂ ਕਾਰਵਾਈਆਂ ਰਾਹੀਂ ਦਬਾਇਆ ਨਹੀਂ ਜਾ ਸਕਦਾ। ਅਸੀਂ ਤੁਹਾਡੇ ਖ਼ਿਲਾਫ਼ ਕਾਨੂੰਨੀ ਲੜਾਈ ਲੜਾਂਗੇ ਅਤੇ ਤੁਹਾਨੂੰ ਅਰਾਮ ਨਾਲ ਨਹੀਂ ਬੈਠਣ ਦੇਵਾਂਗੇ ਅਤੇ ਤੁਹਾਡਾ ਵਿਰੋਧ ਤੇ ਪਰਦਾਫਾਸ਼ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਰਕਾਰ ‘ਤੇ ਆਪਣਾ ਦਬਾਅ ਬਣਾ ਕੇ ਲੋਕਾਂ ਦਾ ਧਿਆਨ ਇਸ ਦੀਆਂ ਗਲਤ ਨੀਤੀਆਂ ਵੱਲ ਖਿੱਚੇਗੀ।
ਕਾਂਗਰਸੀ ਸੰਸਦ ਮੈਂਬਰ ਨੇ ਦੱਸਿਆ ਕਿ ਕਿਸ ਤਰ੍ਹਾਂ ਸੀਬੀਆਈ ਅਤੇ ਈਡੀ ਦੀ ਦੁਰਵਰਤੋਂ ਕਰਕੇ ਕਾਂਗਰਸ, ਸ਼ਿਵ ਸੈਨਾ, ਡੀਐਮਕੇ, ਟੀਐਮਸੀ ਅਤੇ ਐਨਸੀਪੀ ਵਰਗੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰ ਦੇ ਕਈ ਨੇਤਾਵਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਅਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਈਡੀ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਰੰਜਨ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਵੱਖ-ਵੱਖ ਰਾਜਾਂ ਵਿੱਚ ਭਾਜਪਾ ਦੀਆਂ ਸਰਕਾਰਾਂ ਵੱਖ-ਵੱਖ ਘੁਟਾਲਿਆਂ ਵਿੱਚ ਸ਼ਾਮਲ ਰਹੀਆਂ ਹਨ ਅਤੇ ਉਨ੍ਹਾਂ ਘੁਟਾਲਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਫਸਾਉਂਦੀਆਂ ਹਨ, ਜਿਨ੍ਹਾਂ ਘੁਟਾਲਿਆਂ ਵਿੱਚ ਵਿਆਪਮ ਘੁਟਾਲਾ, ਇਨ੍ਹਾਂ ਦੇ ਖਾਸ ਅਡਾਨੀ ਦੇ ਪੋਰਟ ਤੋਂ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦਾ ਮਾਮਲਾ, ਪੀਪੀਈ ਕਿੱਟ ਘੁਟਾਲਾ, ਲਾਕਡਾਊਨ ਘੁਟਾਲਾ, ਗੁਜਰਾਤ ਮਾਸਕ ਘੁਟਾਲਾ, ਕਰਜ਼ਾ ਘੁਟਾਲਾ ਜਿਸ ਵਿੱਚ ਬੈਂਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ, ਪ੍ਰਧਾਨ ਮੰਤਰੀ ਕੇਅਰਜ਼ ਫੰਡ ਘੁਟਾਲਾ ਕੁਝ ਨਾਮ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.