D5 specialOpinion

ਆਲੋਚਨਾ, ਮਨੁੱਖ ਨੂੰ ਅੱਗੇ ਵੱਧਣ ਅਤੇ ਮੁਸੀਬਤਾਂ ਨਾਲ, ਜੂਝਣ ਲਈ ਪ੍ਰੇਰਦੀ ਹੈ !

ਸੁਬੇਗ ਸਿੰਘ, ਸੰਗਰੂਰ

ਸੰਸਾਰ ਦੇ ਹਰ ਪ੍ਰਾਣੀ ਦਾ ਇਹ ਸੁਭਾਅ ਹੁੰਦਾ ਹੈ ਕਿ ਉਹ ਆਪਣੀਆਂ, ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਤੋਂ ਬਾਅਦ, ਮਾਣ ਸਤਿਕਾਰ ਦੀ ਆਸ ਕਰਨ ਲੱਗ ਪੈਂਦਾ ਹੈ। ਮਨੁੱਖ ਦਾ ਇਸ ਗੱਲ ਨਾਲ, ਕੋਈ ਫਰਕ ਨਹੀਂ ਪੈਂਦਾ ਕਿ ਉਹ ਨਿਆਣਾ ਹੈ ਜਾਂ ਫਿਰ ਸਿਆਣਾ ਹੈ। ਕਿਸੇ ਮਨੁੱਖ ਦੀ ਉਮਰ, ਭਾਵੇਂ ਕਿੰਨੀ ਵੀ ਹੋਵੇ ਪਰ ਉਹ ਆਪਣੀ ਜਿੰਦਗੀ ‘ਚ ਮਾਣ ਸਤਿਕਾਰ ਹਰ ਵਕਤ ਹੀ ਭਾਲਦਾ ਹੈ। ਇਹਦੇ ਲਈ ਭਾਵੇਂ ਉਸਨੂੰ ਕੁੱਝ ਵੀ ਕਰਨਾ ਪਵੇ ਜਾਂ ਫਿਰ ਸੰਘਰਸ਼ ਹੀ ਕਿਉਂ ਨਾ ਕਰਨਾ ਪਵੇ।ਪਰ ਹਰ ਮਨੁੱਖ ਦੀ ਇਹ ਤਾਂਘ ਜਰੂਰ ਹੁੰਦੀ ਹੈ ਕਿ ਉਸਨੂੰ ਜਿੰਦਗੀ ਭਰ ਇਹ ਮਾਣ ਸਨਮਾਨ ਮਿਲਦਾ ਹੀ ਰਹੇ। ਮਨੁੱਖ ਦੀ ਮਾਣ ਸਨਮਾਨ ਦੀ ਰੀਝ ਤਾਂ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਜਦੋਂ ਬੱਚਾ ਅਜੇ ਛੋਟਾ ਹੀ ਹੁੰਦਾ ਹੈ ਤਾਂ ਉਹ ਉਸ ਵਿਅਕਤੀ ਵੱਲ ਖਿੱਚਿਆ ਜਾਂਦਾ ਹੈ, ਜਿਹੜਾ ਵਿਅਕਤੀ ਉਸਨੂੰ ਪਿਆਰ ਜਾਂ ਲਾਡ ਨਾਲ ਬੁਲਾਉਂਦਾ ਹੈ। ਇਸੇ ਤਰ੍ਹਾਂ, ਬੱਚੇ ਦੀ ਨਿੱਕੀ 2 ਗੱਲ ਦਾ ਹੁੰਗਾਰਾ ਭਰਨ ਵਾਲਾ ਜਾਂ ਉਹਦੀਆਂ ਛੋਟੀਆਂ 2 ਖਾਹਿਸ਼ਾਂ ਨੂੰ ਪੂਰਾ ਕਰਨ ਵਾਲਾ ਹੀ, ਉਸਦਾ ਦਿਲ ਜਿੱਤਦਾ ਹੈ। ਅਗਰ ਕੋਈ ਵਿਅਕਤੀ ਉਸਨੂੰ ਘੂਰਦਾ ਜਾਂ ਫਿਰ ਉਸਦੀ ਕੋਈ ਗੱਲ ਨਹੀਂ ਮੰਨਦਾ, ਤਾਂ ਬੱਚਾ ਉਸਨੂੰ, ਬਿਲਕੁਲ ਵੀ ਪਸੰਦ ਨਹੀਂ ਕਰਦਾ।

ਜਿੰਦਗੀ ‘ਚ ਪਿਆਰ, ਸਤਿਕਾਰ ਦੇ ਪੱਖੋਂ,ਅਗਰ ਇਨਸਾਨ ਇਹ ਆਸ ਰੱਖਦੇ ਹਨ,ਕਿ ਉਨ੍ਹਾਂ ਦਾ ਹਰ ਵਕਤ ਮਾਣ ਸਨਮਾਨ ਕਾਇਮ ਰੱਖਿਆ ਜਾਵੇ,ਤਾਂ ਇਸ ਪੱਖੋਂ ਤਾਂ,ਦੁਨੀਆਂ ਦਾ ਹਰ ਪਸ਼ੂ,ਪੰਛੀ,ਜੀਵ ਜੰਤੂ ਅਤੇ ਜਾਨਵਰ ਵੀ ਕਿਸੇ ਗੱਲੋਂ ਘੱਟ ਨਹੀਂ ਹੁੰਦਾ।ਸੰਸਾਰ ਦੇ ਪਾਲਤੂ ਪਸ਼ੂ,ਪੰਛੀ ਤੇ ਜਾਨਵਰ, ਇਸੇ ਸ਼੍ਰੇਣੀ ਚ ਹੀ ਆਉਂਦੇ ਹਨ।ਹਰ ਕੋਈ ਪਿਆਰ ਦੇ ਨਾਲ, ਪੁਚਕਾਰਨ ਦੇ ਨਾਲ, ਆਗਿਆਕਾਰ ਹੋ ਜਾਂਦਾ ਹੈ।ਭਾਵੇਂ ਉਹ ਕਿੰਨਾ ਵੀ, ਸ਼ਕਤੀਸ਼ਾਲੀ ਜਾਂ ਫਿਰ ਜਹਿਰੀਲਾ ਹੀ ਕਿਉਂ ਨਾ ਹੋਵੇ। ਇਸੇ ਮਾਣ ਸਨਮਾਨ ਦੇ ਸਬੰਧ ਦੇ ਕਾਰਨ ਹੀ,ਅਗਰ ਕੋਈ ਕੁੱਤੇ ਦੇ ਵੀ ਸੋਟੀ ਮਾਰ ਦੇਵੇ ਤਾਂ ਉਹ ਕਈ 2 ਦਿਨ ਉਸ ਦਰ ਤੇ ਰੋਟੀ ਖਾਣ ਨਹੀਂ ਜਾਂਦਾ।ਇਹ ਸਭ ਮਾਣ ਸਨਮਾਨ ਦੀ ਹੀ ਤਾਂ ਕਰਾਮਾਤ ਹੈ।
ਪਰ ਇਹ ਵੀ ਜਿੰਦਗੀ ਦੀ ਇੱਕ ਅਟੱਲ ਸਚਾਈ ਹੈ,ਕਿ ਹਰ ਕਿਸੇ ਨੂੰ ਜਿੰਦਗੀ ‘ਚ ਮਾਣ ਸਤਿਕਾਰ ਨਹੀਂ ਮਿਲਦਾ। ਅਜੋਕੇ ਦੌਰ ਚ ਤਾਂ,ਉਲਟੀ ਗੰਗਾ ਪਿਹੋਏ ਨੂੰ ਜਾਣ ਲੱਗ ਪਈ ਹੈ। ਅੱਜ ਕੱਲ ਦੁਨੀਆਂ ਚ,ਅਜਿਹੇ ਬੜੇ ਘੱਟ ਲੋਕ ਹਨ,ਜਿੰਨ੍ਹਾਂ ਨੂੰ ਇਹ ਮਾਣ ਸਤਿਕਾਰ,ਸਹੀ ਅਰਥਾਂ ਚ ਮਿਲਦਾ ਹੈ। ਕਿਉਂਕਿ,ਸੰਸਾਰ ਚ ਪੈਸਾ ਪ੍ਰਧਾਨ ਹੋਣ ਦੇ ਨਾਤੇ,ਮਾਣ ਸਤਿਕਾਰ ਦੇ ਹੱਕਦਾਰ ਦੀ ਵਜਾਏ,ਇਹ ਮਾਣ ਸਤਿਕਾਰ ਪੈਸੇ ਵਾਲੇ ਨੂੰ ਹੀ ਮਿਲਦਾ ਹੈ। ਕਿਉਂਕਿ,ਲੋਕ ਆਪਣੇ ਨਿੱਜੀ ਸੁਆਰਥ ਲਈ,ਅਸਲੀ ਹੱਕਦਾਰ ਨੂੰ ਅੱਖੋਂ ਪਰੋਖੇ ਕਰਕੇ,ਪੈਸੇ ਜਾਂ ਸੋਹਰਤ ਵਾਲੇ ਮਨੁੱਖ ਨੂੰ ਐਵੇਂ, ਬਿਨਾਂ ਕਿਸੇ ਕਾਰਨ ਹੀ ਮਾਣ ਸਤਿਕਾਰ ਦੇਣ ਲੱਗ ਪੈਂਦੇ ਹਨ। ਜਿਹੜਾ ਕਿ,ਸਮਾਜ ਲਈ,ਬੜਾ ਹੀ ਘਾਟੇ ਦਾ ਸੌਦਾ ਹੁੰਦਾ ਹੈ ਅਤੇ ਅਸਲੀ ਹੱਕਦਾਰ ਤਾਂ,ਮੂੰਹ ਮਸੋਸ ਕੇ ਹੀ ਰਹਿ ਜਾਂਦਾ ਹੈ।

ਭਾਵੇਂ,ਹਰ ਮਨੁੱਖ ਜਿੰਦਗੀ ਦੇ ਹਰ ਪਲ,ਹਰ ਕਿਸੇ ਕੋਲੋਂ ਆਪਣੇ ਮਾਣ ਸਨਮਾਨ ਦੀ ਉਮੀਦ ਰੱਖਦਾ ਹੈ।ਪਰ ਇੱਕ ਗੱਲ ਜਰੂਰ ਹੈ,ਕਿ ਜਿਸ ਤਰ੍ਹਾਂ ਸਹੀ ਰੂਪ ਚ ਦਿੱਤਾ ਗਿਆ,ਮਾਣ ਸਤਿਕਾਰ ਮਨੁੱਖ ਲਈ,ਫਾਇਦੇਮੰਦ ਹੁੰਦਾ ਹੈ।ਬਿਲਕੁਲ,ਇਸੇ ਤਰ੍ਹਾਂ ਹੀ,ਝੂਠੀ ਮੂਠੀ ਕੀਤੀ ਗਈ ਤਾਰੀਫ ਅਤੇ ਗੁਣਗਾਨ,ਬੰਦੇ ਨੂੰ ਫਾਇਦੇ ਦੀ ਥਾਂ ਡੋਬ ਵੀ ਦਿੰਦੀ ਹੈ।ਜਿਹੜਾ ਕਿ ਆਉਣ ਵਾਲੇ ਸਮੇਂ ਚ,ਮਨੁੱਖ ਦੀ ਬੇੜੀ ਚ ਵੱਟੇ ਪਾਉਣ ਦਾ ਕੰਮ ਕਰਦੀ ਹੈ।ਜਿਸਦੇ ਕਾਰਨ,ਨਾ ਹੀ ਕਿਸੇ ਦੀ ਝੂਠੀ ਮੂਠੀ ਤਾਰੀਫ਼ ਹੀ ਕਰਨੀ ਚਾਹੀਦੀ ਹੈ ਅਤੇ ਨਾ ਹੀ ਕਿਸੇ ਤੋਂ ਇਸਦੀ ਉਮੀਦ ਹੀ ਰੱਖਣੀ ਚਾਹੀਦੀ ਹੈ। ਜਿੰਦਗੀ ‘ਚ ਜਿਸ ਤਰ੍ਹਾਂ, ਹਰ ਵਕਤ ਮਿੱਠਾ ਖਾਣਾ ਵੀ ਫਾਇਦੇਮੰਦ ਨਹੀਂ ਹੁੰਦਾ ਅਤੇ ਨਮਕੀਨ ਖਾਣਾ ਮਨੁੱਖ ਦੀ ਜਿੰਦਗੀ ਨੂੰ ਸੁਆਦਲਾ ਜਿਹਾ ਬਣਾ ਦਿੰਦਾ ਹੈ। ਇਸੇ ਤਰ੍ਹਾਂ, ਮਨੁੱਖ ਦੀ ਜਿੰਦਗੀ ‘ਚ, ਮਾਣ ਸਨਮਾਨ ਦੇ ਨਾਲ 2 ਮਨੁੱਖ ਦੀ ਉਹਦੇ ਕੰਮਾਂ ਲਈ,ਸਹੀ ਆਲੋਚਨਾ ਹੋਣੀ ਵੀ ਜਰੂਰੀ ਹੁੰਦੀ ਹੈ। ਜਿਸ ਤੋਂ ਸਬਕ ਲੈ ਕੇ,ਮਨੁੱਖ ਆਪਣੀਆਂ ਗਲਤੀਆਂ ਨੂੰ ਸੁਧਾਰਦਾ ਹੈ ਅਤੇ ਸਹੀ ਮਾਰਗ ਅਪਣਾਅ ਲੈਂਦਾ ਹੈ,ਜਿਹੜਾ ਉਸ ਦੀ ਜਿੰਦਗੀ ਨੂੰ ਰੁਸ਼ਨਾਅ ਦਿੰਦਾ ਹੈ ਪਰ ਸ਼ਰਤ ਇਹ ਹੈ,ਕਿ ਇਹ ਆਲੋਚਨਾ,ਸੱਚਮੁੱਚ ਹੀ ਸਹੀ ਦਿਸ਼ਾ ‘ਚ ਹੋਵੇ ਨਾ ਕਿ ਕਿਸੇ ਨੂੰ ਨੀਵਾਂ ਵਿਖਾਉਣ ਜਾਂ ਫਿਰ ਸਹੀ ਰਸਤੇ ਤੋਂ ਭਟਕਾਉਣ ਦੇ ਲਈ ਨਾ ਹੋਵੇ।ਕਿਉਂਕਿ ਸਾਰਥਿਕ ਰੂਪ ਚ ਕੀਤੀ ਗਈ ਆਲੋਚਨਾ, ਸੋਨੇ ਤੇ ਸੁਹਾਗੇ ਦਾ ਕੰਮ ਕਰਦੀ ਹੈ।

ਭਾਵੇਂ ਕਿਸੇ ਦੀ ਪ੍ਰਸ਼ੰਸਾ ਕਰਨੀ ਬੁਰੀ ਗੱਲ ਨਹੀਂ ਹੁੰਦੀ।ਪਰ ਲੋੜ ਤੋਂ ਜਿਆਦਾ ਜਾਂ ਫਿਰ ਝੂਠੀ ਮੂਠੀ ਪ੍ਰਸ਼ੰਸਾ,ਮਨੁੱਖ ਨੂੰ ਆਪਣੇ ਰਸਤੇ ਤੋਂ ਭਟਕਾਅ ਜਰੂਰ ਦਿੰਦੀ ਹੈ।ਇਸ ਲਈ,ਸਹੀ ਅਰਥਾਂ ਚ,ਕਿਸੇ ਦੀ ਝੂਠੀ ਮੂਠੀ ਪ੍ਰਸ਼ੰਸਾ ਕਰਨ ਵਾਲਾ,ਅਸਲ ਵਿੱਚ ਉਹਦਾ ਦੋਸਤ ਜਾਂ ਸ਼ੁਭਚਿੰਤਕ ਨਹੀਂ ਹੁੰਦਾ,ਸਗੋਂ ਉਹਦਾ ਦੁਸ਼ਮਣ ਹੁੰਦਾ ਹੈ।ਕਿਉਂਕਿ ਉਹਦੀ ਝੂਠੀ ਮੂਠੀ,ਪ੍ਰਸ਼ੰਸਾ ਦੇ ਕਾਰਨ,ਉਹ ਵਿਅਕਤੀ ਆਪਣੇ ਔਗੁਣਾਂ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦਾ।ਜਿਸਦੇ ਕਾਰਨ,ਮਨੁੱਖ ਦੇ ਅਜਿਹੇ ਔਗੁਣ ਉਹਦੇ ਲਈਵਰ ਦੀ ਥਾਂ ਤੇ,ਜਿੰਦਗੀ ਚ ਸ਼ਰਾਪ ਬਣ ਜਾਂਦੇ ਹਨ। ਇਸਦੇ ਉਲਟ,ਇੱਕ ਸੱਚਾ ਦੋਸਤ ਉਹ ਹੁੰਦਾ ਹੈ,ਜਿਹੜਾ ਆਪਣੇ ਦੋਸਤ ਦੇ ਔਗੁਣਾਂ ਨੂੰ ਉਹਦੇ ਮੂੰਹ ਤੇ ਕਹਿਣ ਦੀ ਹਿੰਮਤ ਰੱਖਦਾ ਹੋਵੇ।ਜਿਸਦੇ ਕਾਰਨ,ਉਹ ਵਿਅਕਤੀ,ਆਪਣੇ ਔਗੁਣਾਂ ਨੂੰ ਸੁਧਾਰ ਕੇ,ਆਪਣੀ ਮੰਜਲ ਵੱਲ ਵੱਧਦਾ ਹੈ।ਅਸਲ ਵਿੱਚ,ਉਹ ਲੋਕ ਹੀ ਇਤਿਹਾਸ ਸਿਰਜਦੇ ਹਨ,ਜਿਹੜੇ ਆਪਣੇ ਔਗੁਣਾਂ ਨੂੰ ਸਵੀਕਾਰ ਕਰਨ ਤੋਂ ਬਾਅਦ,ਇੰਨ੍ਹਾਂ ਨੂੰ ਵਿਸਾਰ ਕੇ,ਆਪਣੀ ਮੰਜਲ ਪ੍ਰਾਪਤ ਕਰਦੇ ਹਨ।
ਮੁੱਕਦੀ ਗੱਲ ਤਾਂ ਇਹ ਹੈ,ਕਿ ਅਗਰ ਜਿੰਦਗੀ ਚ ਮਾਣ ਸਤਿਕਾਰ ਜਰੂਰੀ ਹੈ,ਤਾਂ ਕਿਸੇ ਗਲਤ ਗੱਲ ਲਈ,ਆਲੋਚਨਾ ਹੋਣੀ ਹੋਰ ਵੀ ਜਰੂਰੀ ਹੁੰਦੀ ਹੈ।ਇਸ ਤੋਂ ਵੀ ਵੱਧਕੇ,ਕਿਸੇ ਵਿਅਕਤੀ ਵੱਲੋਂ ਕੀਤੀ ਗਈ ਉਸਾਰੂ ਆਲੋਚਨਾ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ,ਉਹਦੇ ਚ ਸੁਧਾਰ ਕਰ ਲੈਣ ਵਾਲਾ ਵਿਅਕਤੀ ਹੀ ਮਹਾਨ ਹੁੰਦਾ ਹੈ।ਆਪਣੀ ਝੂਠੀ ਮੂਠੀ,ਤਾਰੀਫ ਸੁਣਕੇ,ਐਵੇਂ ਆਫਰ ਜਾਣ ਵਾਲਾ ਵਿਅਕਤੀ,ਜਿੰਦਗੀ ਚ ਕਦੇ ਕਾਮਯਾਬ ਨਹੀਂ ਹੁੰਦਾ। ਸੱਚ ਤਾਂ ਇਹ ਹੈ ਕਿ ਆਲੋਚਨਾ,ਮਨੁੱਖ ਨੂੰ ਅੱਗੇ ਵੱਧਣ ਅਤੇ ਮੁਸ਼ੀਬਤਾਂ ਨਾਲ ਜੂਝਣ ਲਈ ਪ੍ਰੇਰਦੀ ਹੈ! ਪਰ ਕਾਮਯਾਬ ਤਾਂ,ਉਹ ਮਨੁੱਖ ਹੀ ਹੁੰਦਾ ਹੈ,ਜਿਹੜਾ ਆਲੋਚਨਾ ਨੂੰ,ਖਿੜੇ ਮੱਥੇ ਸਵੀਕਾਰ ਕਰਦਾ ਹੈ ਅਤੇ ਇਸਨੂੰ ਇੱਕ ਚੈਲੰਜ ਮੰਨਕੇ,ਆਪਣੀ ਮੰਜਿਲ ਵੱਲ ਵੱਧਦਾ ਹੈ।

93169 10402

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button