‘ਆਮ ਆਦਮੀ ਸਰਕਾਰ ਨੇ ਸਿਰਫ਼ ਪੰਜ ਮਹੀਨਿਆਂ ਵਿੱਚ 17,313 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ’
ਭਗਵੰਤ ਮਾਨ ਨੇ ਪੰਜਾਬ ਪੁਲਿਸ ਵਿੱਚ ਭਰਤੀ ਹੋਏ 4358 ਸਿਪਾਹੀਆਂ ਨੂੰ ਸੌਂਪੇ ਨਿਯੁਕਤੀ ਪੱਤਰ
ਨਵੇਂ ਭਰਤੀ ਹੋਏ ਪੁਲਿਸ ਜਵਾਨਾਂ ਨੂੰ ਅਪਰਾਧ ਤੇ ਅਪਰਾਧੀਆਂ ਨਾਲ ਸਿੱਝਣ ਲਈ ਆਪਣੇ ਹੁਨਰ ਨੂੰ ਲਗਾਤਾਰ ਤਰਾਸ਼ਣ ਲਈ ਆਖਿਆ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਕਿਹਾ ਕਿ ਆਮ ਆਦਮੀ ਸਰਕਾਰ ਨੇ ਸੂਬੇ ਵਿੱਚ ਸੱਤਾ ਸੰਭਾਲਣ ਦੇ ਮਹਿਜ਼ ਪੰਜ ਮਹੀਨਿਆਂ ਵਿੱਚ ਹੀ 17,313 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ ਹਨ। ਇੱਥੇ ਪੰਜਾਬ ਪੁਲਿਸ ਵਿੱਚ ਨਵ-ਨਿਯੁਕਤ 4358 ਸਿਪਾਹੀਆਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਾਰੀ ਭਰਤੀ ਪ੍ਰਕਿਰਿਆ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹੀ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਸ ਸਾਰੀ ਭਰਤੀ ਮੁਹਿੰਮ ਦੌਰਾਨ ਸਿਰਫ਼ ਮੈਰਿਟ ਹੀ ਇਕੋ-ਇਕ ਮਾਪਦੰਡ ਸੀ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪੁਲਿਸ ਵਿਭਾਗ ਵਿੱਚ ਖ਼ਾਲੀ ਪਈਆਂ 5739 ਹੋਰ ਆਸਾਮੀਆਂ ਉਤੇ ਭਰਤੀ ਜਲਦੀ ਸ਼ੁਰੂ ਕੀਤੀ ਜਾਵੇਗੀ।
ਨਵੇਂ ਭਰਤੀ ਹੋਏ ਸਾਰੇ ਜਵਾਨਾਂ ਨੂੰ ਪੰਜਾਬ ਵਿੱਚੋਂ ਅਪਰਾਧ ਤੇ ਅਪਰਾਧੀਆਂ ਦਾ ਖ਼ਾਤਮਾ ਕਰਨ ਲਈ ਆਪਣੀ ਮੁਹਾਰਤ ਨੂੰ ਲਗਾਤਾਰ ਨਿਖਾਰਦੇ ਰਹਿਣ ਲਈ ਆਖਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਹ ਉਨ੍ਹਾਂ ਲਈ ਬੇਹੱਦ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਨਵੇਂ ਭਰਤੀ ਹੋਏ ਜਵਾਨ ਉੱਚ ਵਿੱਦਿਆ ਹਾਸਲ ਹਨ, ਜਿਹੜੇ ਤਕਨੀਕੀ ਗਿਆਨ ਨਾਲ ਭਰਪੂਰ ਹਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਅਜੋਕੇ ਤਕਨੀਕੀ ਯੁੱਗ ਵਿੱਚ ਅਪਰਾਧ ਤੇ ਅਪਰਾਧੀਆਂ ਨਾਲ ਸਿੱਝਣ ਲਈ ਇਨ੍ਹਾਂ ਜਵਾਨਾਂ ਦੀ ਉੱਚ ਵਿਦਿਆ ਕਾਫ਼ੀ ਮਦਦਗਾਰ ਸਾਬਤ ਹੋ ਸਕਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਅਪਰਾਧੀ ਅਪਰਾਧ ਕਰਨ ਲਈ ਨਵੀਆਂ-ਨਵੀਆਂ ਤਕਨੀਕਾਂ ਇਜਾਦ ਕਰ ਰਹੇ ਹਨ ਅਤੇ ਇਨ੍ਹਾਂ ਅਪਰਾਧੀਆਂ ਤੇ ਅਪਰਾਧ ਨਾਲ ਕਾਰਜ-ਕੁਸ਼ਲ ਤਰੀਕੇ ਨਾਲ ਸਿੱਝਣ ਲਈ ਪੁਲਿਸ ਜਵਾਨਾਂ ਨੂੰ ਵੀ ਆਪਣੇ ਹੁਨਰ ਤੇ ਮੁਹਾਰਤ ਨੂੰ ਨਿਖਾਰਦੇ ਰਹਿਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਚੁਣੌਤੀਪੂਰਨ ਨੌਕਰੀ ਲਈ ਉੱਚ ਵਿੱਦਿਅਕ ਯੋਗਤਾ ਪ੍ਰਾਪਤ ਨੌਜਵਾਨਾਂ ਦੇ ਸਫ਼ਲ ਹੋਣ ਕਾਰਨ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕੁੱਲ 4358 ਉਮੀਦਵਾਰਾਂ ਵਿੱਚੋਂ 103 ਪੋਸਟ-ਗਰੈਜੁਏਟ, 2607 ਗਰੈਜੁਏਟ ਅਤੇ 1648 ਸੀਨੀਅਰ ਸੈਕੰਡਰੀ ਪਾਸ ਹਨ। ਭਗਵੰਤ ਮਾਨ ਨੇ ਕਿਹਾ ਕਿ ਕੁੱਲ ਉਮੀਦਵਾਰਾਂ ਵਿੱਚੋਂ 2930 ਉਮੀਦਵਾਰ 18 ਤੋਂ 25 ਸਾਲ ਉਮਰ ਵਰਗ ਦੇ ਹਨ, ਜਦੋਂ ਕਿ 816 ਦੀ ਉਮਰ 26 ਤੋਂ 30 ਸਾਲ ਵਿਚਕਾਰ ਹੈ। ਹਰੇਕ ਖੇਤਰ ਵਿੱਚ ਸਫ਼ਲਤਾ ਦੇ ਝੰਡੇ ਗੱਡ ਰਹੀਆਂ ਲੜਕੀਆਂ ਨੂੰ ਮੁਬਾਰਕਬਾਦ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਵਿੱਚ ਇਸ ਭਰਤੀ ਦੌਰਾਨ ਲੜਕੀਆਂ ਲਈ ਕੁੱਲ 33 ਫੀਸਦੀ ਆਸਾਮੀਆਂ ਰਾਖਵੀਆਂ ਕਰਨ ਦਾ ਇਸ਼ਤਿਹਾਰ ਦਿੱਤਾ ਗਿਆ ਸੀ ਪਰ ਲੜਕੀਆਂ ਨੇ ਸਖ਼ਤ ਮਿਹਨਤ ਨਾਲ ਇਸ ਤੋਂ ਵੀ ਜ਼ਿਆਦਾ ਆਸਾਮੀਆਂ ਹਾਸਲ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਪ੍ਰਗਤੀਸ਼ੀਲ ਤੇ ਖ਼ੁਸ਼ਹਾਲ ਸਮਾਜ ਦੀ ਸਿਰਜਣਾ ਲਈ ਹਾਂ-ਪੱਖੀ ਸੰਕੇਤ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਲੜਕੀਆਂ ਦੀ ਭਲਾਈ ਲਈ ਉਨ੍ਹਾਂ ਨੂੰ ਮਿਆਰੀ ਸਿੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ। ਸੂਬੇ ਦੇ ਸ਼ਾਨਾਮੱਤੇ ਯੋਗਦਾਨ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਤੰਤਰਤਾ ਸੰਗਰਾਮ ਵਿੱਚ ਬਲੀਦਾਨ ਦੇਣ ਵਾਲੇ 90 ਫੀਸਦੀ ਤੋਂ ਵੱਧ ਸ਼ਹੀਦ ਪੰਜਾਬ ਦੇ ਸਨ। ਇਸੇ ਤਰ੍ਹਾਂ ਪੰਜਾਬ ਦੇ ਬਹਾਦਰ ਫੌਜੀ ਅੱਜ ਵੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਆਪਣੇ ਜੀਵਨ ਦਾ ਬਲੀਦਾਨ ਦੇ ਰਹੇ ਹਨ। ਭਗਵੰਤ ਮਾਨ ਨੇ ਦ੍ਰਿੜ੍ਹਤਾ ਨਾਲ ਆਖਿਆ ਕਿ ਸੂਬੇ ਦੇ ਜਵਾਨਾਂ ਨੂੰ ਮਹਾਨ ਸਿੱਖ ਗੁਰੂਆਂ ਦੀ ਸੋਚ ਨੂੰ ਪ੍ਰਣਾਏ ਹੋਏ ਹਨ, ਜਿਨ੍ਹਾਂ ਅੱਤਿਆਚਾਰ ਤੇ ਬੇਇਨਸਾਫ਼ੀ ਖ਼ਿਲਾਫ਼ ਲੜਨ ਦੀ ਸਿੱਖਿਆ ਦਿੱਤੀ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੁਲਿਸ ਵਿੱਚ ਸ਼ਾਮਲ ਹੋਣਾ ਸਿਰਫ਼ ਇਕ ਨੌਕਰੀ ਨਹੀਂ, ਸਗੋਂ ਇਹ ਦੇਸ਼ ਦੀ ਸੇਵਾ ਦੀ ਭਾਵਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਕਈ ਔਖੇ ਹਾਲਾਤ ਵਿੱਚ ਦੇਸ਼ ਦੀ ਸੇਵਾ ਦੀਆਂ ਮਹਾਨ ਰਵਾਇਤਾਂ ਨੂੰ ਕਾਇਮ ਰੱਖਿਆ ਹੈ। ਭਗਵੰਤ ਮਾਨ ਨੇ ਉਮੀਦ ਜਤਾਈ ਕਿ ਇਹ ਨਵੇਂ ਭਰਤੀ ਹੋਏ ਜਵਾਨ ਪੰਜਾਬ ਪੁਲਿਸ ਦੀ ਅਮੀਰ ਵਿਰਾਸਤ ਨੂੰ ਅੱਗੇ ਵਧਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਦੇ ਜਵਾਨਾਂ ਦੀ ਭਲਾਈ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਪੁਲਿਸ ਦੀ ਕਾਰਜਕੁਸ਼ਲਤਾ ਵਧਾਉਣ ਲਈ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਕਰਨ ਵਾਸਤੇ ਫੰਡਾਂ ਦੀ ਕੋਈ ਘਾਟ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਰਕੇ ਸਦੀਆਂ ਤੋਂ ਪੰਜਾਬ ਨੂੰ ਦੁਸ਼ਮਣਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਅਸੀਂ ਭਵਿੱਖ ਵਿੱਚ ਵੀ ਦੁਸ਼ਮਣਾਂ ਦਾ ਹਿੱਕ ਡਾਹ ਕੇ ਸਾਹਮਣਾ ਕਰਨਾ ਜਾਰੀ ਰੱਖਾਂਗੇ।
ਨਵੇਂ ਭਰਤੀ ਹੋਏ ਜਵਾਨਾਂ ਨੂੰ ਭਾਵੁਕ ਸੰਦੇਸ਼ ਦਿੰਦੇ ਹੋਏ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਲੋੜਵੰਦ ਲੋਕਾਂ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਇਨਸਾਫ ਦੇਣ ਲਈ ਡਿਊਟੀ ਨਿਭਾਉਣ ਦਾ ਸੱਦਾ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਜਵਾਨਾਂ ਨੂੰ ਆਪਣੀ ਡਿਊਟੀ ਤਨਦੇਹੀ ਤੇ ਪੇਸ਼ੇਵਰ ਵਚਨਬੱਧਤਾ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ ਅਤੇ ਉਹ ਸੂਬੇ ਵਿਚ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਨ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਨਵੇਂ ਭਰਤੀ ਹੋਏ ਜਵਾਨ ਸੂਬੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਲਈ ਸਿਦਕ ਨਾਲ ਡਿਊਟੀ ਕਰਨਗੇ।
ਨਵੇਂ ਭਰਤੀ ਹੋਏ ਜਵਾਨਾਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨੌਕਰੀ ਲਈ ਉਨ੍ਹਾਂ ਦੀ ਚੋਣ ਸਖ਼ਤ ਮਿਹਨਤ ਅਤੇ ਸੰਜੀਦਾ ਪਹੁੰਚ ਸਦਕਾ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਮਿਹਨਤ ਕਰਕੇ ਹੀ ਇਸ ਨੌਕਰੀ ਦੇ ਹੱਕਦਾਰ ਬਣੇ ਹਨ ਕਿਉਂ ਜੋ ਉਹ ਮੈਰਿਟ ਦੇ ਆਧਾਰ ਉਤੇ ਸਖ਼ਤ ਮੁਕਾਬਲੇ ਵਿੱਚੋਂ ਸਫ਼ਲ ਹੋਏ ਹਨ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਹੋਰ ਭਰਤੀ ਵੀ ਅਜਿਹੀ ਪਾਰਦਰਸ਼ਤਾ ਨਾਲ ਕੀਤੀ ਜਾ ਰਹੀ ਹੈ, ਜੋ ਛੇਤੀ ਮੁਕੰਮਲ ਹੋ ਜਾਵੇਗੀ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਸੂਬੇ ਦੇ ਪੁਲੀਸ ਮੁਖੀ ਗੌਰਵ ਯਾਦਵ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰਮੁੱਖ ਸਕੱਤਰ, ਗ੍ਰਹਿ ਅਨੁਰਾਗ ਵਰਮਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.