Breaking NewsD5 specialIndiaPolitics

‘ਆਪ’ ਆਗੂਆਂ ਨੇ ਕਣਕ ਦੀ ਫ਼ਸਲ ਦੀ ਸਮੇਂ ਸਿਰ ਅਦਾਇਗੀ ਨਾ ਹੋਣ ‘ਤੇ ਚੁੱਕੇ ਸਵਾਲ

ਚੰਡੀਗੜ੍ਹ : ਕਣਕ ਦੀ ਫ਼ਸਲ ਦਾ ਸਮੇਂ ਸਿਰ ਭੁਗਤਾਨ ਨਾ ਹੋਣ ਅਤੇ ਮੰਡੀਆਂ ‘ਚ ਬੇਹੱਦ ਢਿੱਲੇ ਲਿਫ਼ਟਿੰਗ ਪ੍ਰਬੰਧਾਂ ਕਾਰਨ ਕਿਸਾਨਾਂ, ਮਜ਼ਦੂਰਾਂ-ਪੱਲੇਦਾਰਾਂ, ਆੜ੍ਹਤੀਆਂ ਅਤੇ ਟਰਾਂਸਪੋਰਟਰਾਂ ਨੂੰ ਦਰਪੇਸ਼ ਮੁਸ਼ਕਲਾਂ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

‘ਆਪ’ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਐਸਸੀ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ ਅਤੇ ਸੂਬਾ ਜਨਰਲ ਸਕੱਤਰ ਦਿਨੇਸ਼ ਚੱਢਾ ਨੇ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਕਿ ਸੂਬੇ ਭਰ ਦੀਆਂ ਮੰਡੀਆਂ ‘ਚੋਂ ਔਸਤਨ 50 ਪ੍ਰਤੀਸ਼ਤ ਕਣਕ ਦੀ ਹੀ ਲਿਫ਼ਟਿੰਗ ਹੋਈ ਹੈ, ਜਦਕਿ ਕਈ ਮੰਡੀਆਂ ‘ਚੋਂ ਅਜੇ ਤੱਕ ਮਹਿਜ਼ 30 ਪ੍ਰਤੀਸ਼ਤ ਕਣਕ ਹੀ ਚੁੱਕੀ ਗਈ ਹੈ, ਜਿਸ ਕਾਰਨ ਮੰਡੀਆਂ ‘ਚ ਵਿਕ ਚੁੱਕੀ ਕਣਕ ਦੇ ਅੰਬਾਰ ਲੱਗੇ ਹੋਏ ਹਨ ਅਤੇ ਕਣਕ ਦੀ ਨਵੀਂ ਆਮਦ ਦੇ ਉਤਰਾਅ ਲਈ ਮੰਡੀਆਂ ‘ਚ ਜਗਾ ਹੀ ਨਹੀਂ ਹੈ। ਜੋ ਸਭ ਲਈ ਵੱਡੀ ਪਰੇਸ਼ਾਨੀ ਬਣੀ ਹੋਈ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਮੰਡੀਆਂ ‘ਚ ਲਿਫ਼ਟਿੰਗ ਨਾ ਹੋਣ ਦੀ ਸਮੱਸਿਆ ਲਈ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ। ਜੇਕਰ ਕੇਂਦਰ ਸਰਕਾਰ ਨੇ ਪੰਜਾਬ ਦੇ ਨੱਕੋ-ਨੱਕ ਭਰੇ ਪਏ ਗੁਦਾਮਾਂ ‘ਚ ਜ਼ਰੂਰਤਮੰਦ ਰਾਜਾਂ ਲਈ ਸਮੇਂ ਸਿਰ ਲਿਫ਼ਟਿੰਗ ਕਰਵਾਈ ਹੁੰਦੀ ਤਾਂ ਕੋਰੋਨਾ ਵਾਇਰਸ ਕਾਰਨ ਬਣੇ ਮੁਸ਼ਕਲ ਹਾਲਾਤ ਹੋਰ ਵੀ ਜ਼ਿਆਦਾ ਮੁਸ਼ਕਲ ਨਾ ਹੁੰਦੇ।
‘ਆਪ’ ਆਗੂਆਂ ਅਨੁਸਾਰ ਬਾਰਦਾਣੇ ਦੀ ਕਮੀ ਨੇ ਸਥਿਤੀ ਹੋਰ ਵਿਗਾੜ ਦਿੱਤੀ ਹੈ। ਸੰਧਵਾਂ ਅਤੇ ਮਨਜੀਤ ਸਿੰਘ ਬਿਲਾਸਪੁਰ ਨੇ ਸਵਾਲ ਕੀਤਾ ਕਿ ਜਦ ਆਰਬੀਆਈ ਨੇ ਕੈਸ਼ ਕਰੈਡਿਟ ਲਿਮਟ (ਸੀਸੀਐਲ) ਤਹਿਤ ਫ਼ੰਡ ਜਾਰੀ ਕਰ ਦਿੱਤੇ ਹਨ ਤਾਂ ਕਿਸਾਨਾਂ ਨੂੰ ਅਜੇ ਤੱਕ ਪੂਰਾ ਭੁਗਤਾਨ ਨਾ ਹੋਣ ਲਈ ਕੌਣ ਜ਼ਿੰਮੇਵਾਰ ਹੈ?
ਕੁਲਦੀਪ ਸਿੰਘ ਧਾਲੀਵਾਲ ਅਤੇ ਸੂਬਾ ਜਨਰਲ ਸਕੱਤਰ ਦਿਨੇਸ਼ ਚੱਢਾ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਖ਼ੁਲਾਸਾ ਕੀਤਾ ਕਿ 27 ਅਪ੍ਰੈਲ ਤੱਕ ਸੂਬੇ ਦੇ ਵੱਖ-ਵੱਖ ਜ਼ਿਲਿਆਂ ‘ਚ ਵੱਖ-ਵੱਖ ਏਜੰਸੀਆਂ ਵੱਲੋਂ ਖ਼ਰੀਦੀ ਗਈ ਕਣਕ ਵਿਚੋਂ 70% ਤੱਕ ਮੰਡੀਆਂ ‘ਚ ਹੀ ਲਿਫ਼ਟਿੰਗ ਦਾ ਇੰਤਜ਼ਾਰ ਕਰ ਰਹੀ ਹਨ। ਉਨ੍ਹਾਂ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ‘ਚ ਖ਼ਰੀਦੀ ਗਈ ਕਣਕ ਵਿਚੋਂ 70% ਬਿਨਾਂ ਲਿਫ਼ਟਿੰਗ ਤੋਂ ਪਈ ਹੈ। ਇਸੇ ਤਰਾਂ ਅਮ੍ਰਿਤਸਰ ਸਾਹਿਬ ‘ਚ 66%, ਨਵਾਂਸ਼ਹਿਰ ‘ਚ 64%, ਫਤਹਿਗੜ ਸਾਹਿਬ ‘ਚ 61%, ਕਪੂਰਥਲਾ ‘ਚ 60%, ਮੁੱਖ ਮੰਤਰੀ ਸਾਹਿਬ ਦੇ ਜ਼ਿਲ੍ਹੇ ਪਟਿਆਲਾ ‘ਚ 61% ਅਤੇ ਫੂਡ ਸਪਲਾਈ ਮੰਤਰੀ ਦੇ ਜ਼ਿਲ੍ਹੇ ਲੁਧਿਆਣਾ ‘ਚ 58% ਖ਼ਰੀਦੀ ਗਈ ਕਣਕ ਬਿਨਾਂ ਲਿਫ਼ਟਿੰਗ ਤੋਂ ਪਈ ਹੈ। ਜਦਕਿ ਸੂਬੇ ‘ਚ ਕੁੱਲ 53,82,348 ਟਨ ਕਣਕ ਦੀ ਖ਼ਰੀਦ ਕੀਤੀ ਗਈ। ਜਿਸ ਵਿਚੋਂ 25,04,325 ਟਨ ਕਣਕ ਦੀ ਲਿਫ਼ਟਿੰਗ ਨਹੀਂ ਕੀਤੀ ਗਈ, ਮਤਲਬ ਖ਼ਰੀਦੀ ਗਈ ਕਣਕ ਵਿਚੋਂ ਸਿਰਫ਼ ਕਰੀਬ 50% ਦੀ ਹੀ ਲਿਫ਼ਟਿੰਗ ਕੀਤੀ ਗਈ। ਜਦਕਿ ਕਈ ਜ਼ਿਲਿਆਂ ਦੇ ਵਿੱਚ ਬਹੁਤ ਵੱਡੀ ਮਾਤਰਾ ‘ਚ ਖ਼ਰੀਦੀ ਗਈ ਕਣਕ ਲਿਫ਼ਟਿੰਗ ਦਾ ਇੰਤਜ਼ਾਰ ਕਰ ਰਹੀ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਕਰਫ਼ਿਊ ਦੌਰਾਨ ਸੋਸ਼ਲ ਡਿਸਟੈਂਸਿੰਗ ਬਣਾਉਣ ਲਈ ਮੰਡੀਆਂ ‘ਚ ਸਰਕਾਰ ਟੋਕਨ ਦੇ ਕੇ ਲਿਮਟਿਡ ਕਣਕ ਮੰਗਵਾ ਰਹੀ ਹੈ। ਪਰ ਲਿਫ਼ਟਿੰਗ ਨਾ ਹੋਣ ਕਰਕੇ ਹੋਰ ਕਣਕ ਨੂੰ ਮੰਗਵਾਉਣ ਲਈ ਨਵੇਂ ਕੂਪਨ ਕਿਸਾਨਾਂ ਨੂੰ ਘੱਟ ਗਿਣਤੀ ‘ਚ ਜਾਰੀ ਕੀਤੇ ਜਾ ਰਹੇ ਹਨ, ਜਿਸ ਕਰਕੇ ਕਿਸਾਨਾਂ ਨੂੰ ਆਪਣੀ ਵੱਢੀ ਹੋਈ ਫ਼ਸਲ ਨੂੰ ਸਟੋਰ ਕਰਨ ਲਈ ਹੋਰ ਪ੍ਰਬੰਧ ਕਰਨੇ ਪੈ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button