ਆਜਾਦ ਭਾਰਤ ਦੇ ਗੁਲਾਮ ਮਾਨਸਿਕਤਾ ਵਾਲੇ ਲੋਕਾਂ ਨੂੰ ਲੱਖ ਲਾਹਨਤ ਹੈ !

ਸੁਬੇਗ ਸਿੰਘ, ਸੰਗਰੂਰ
ਦੇਸ਼ ਦੀ ਰਾਜਧਾਨੀ ਦਿੱਲੀ ਚ,ਪਿਛਲੇ ਕੁੱਝ ਦਿਨਾਂ ਤੋਂ ਬੜੀ ਹੀ ਦੁੱਖਦਾਇਕ ਤੇ ਸ਼ਰਮਨਾਕ ਖਬਰ ਆ ਰਹੀ ਹੈ।ਜਿਹੜੀ ਕਿ,ਹਰ ਇਨਸਾਨੀਅਤ ਪਸੰਦ ਮਨੁੱਖ ਦੇ ਹਿਰਦੇ ਨੂੰ ਵਲੂੰਦਰਦੀ ਹੈ।ਕਿਉਂਕਿ,ਜਦੋਂ ਸਮਾਜ ਚ ਕੋਈ ਵੀ ਅਣਮਨੁੱਖੀ ਕਾਰਾ ਵਾਪਰਦਾ ਹੈ ਅਤੇ ਸਮਾਜ ਦੇ ਗੁੰਡਿਆਂ ਵੱਲੋਂ,ਅਜਿਹੇ ਕਾਰੇ ਨੂੰ ਅੰਜਾਮ ਦਿੱਤਾ ਜਾਂਦਾ ਹੈ,ਤਾਂ ਹਰ ਮਨੁੱਖ ਦਾ ਹਿਰਦਾ ਕੰਬ ਉੱਠਦਾ ਹੈ।ਕਿਉਂਕਿ,ਅਸੀਂ ਇੱਕ ਅਜਾਦ ਦੇਸ਼ ਅਤੇ ਇੱਕ ਸੱਭਿਅਕ ਸਮਾਜ ਦੇ ਵਸਿੰਦੇ ਹਾਂ।ਅਗਰ,ਫੇਰ ਵੀ,ਸਮਾਜ ਚ ਕੋਈ ਅਣਮਨੁੱਖੀ ਕਾਰਾ ਹੁੰਦਾ ਹੈ,ਤਾਂ ਉਹਦੇ ਵਿਰੋਧ ਚ ਹਰ ਜਾਗਦੀ ਜਮੀਰ ਵਾਲੇ ਮਨੁੱਖ ਨੂੰ,ਆਪਣੀ ਆਵਾਜ਼ ਉਠਾਉਣੀ ਉਹਦਾ ਇੱਕ ਫਰਜ ਬਣ ਜਾਂਦਾ ਹੈ। ਪਿਛਲੇ ਕੁੱਝ ਦਿਨਾਂ ਤੋਂ, ਸ਼ੋਸਲ ਮੀਡੀਆ ਅਤੇ ਅਖਬਾਰਾਂ ਚ,ਇੱਕ ਖਬਰ ਬੜੀ ਤੇਜੀ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।ਉਹ ਇਹ ਹੈ,ਕਿ ਦਿੱਲੀ ਦੀ ਰਹਿਣ ਵਾਲੀ ਇੱਕ 20-22 ਸਾਲ ਦੀ ਵਿਆਹੁਤਾ ਸਿੱਖ ਲੜਕੀ,ਜਿਸਦੀ ਇੱਕ ਛੋਟੀ ਜਿਹੀ ਬੱਚੀ ਵੀ ਹੈ।ਉਸਨੂੰ, ਗੁਆਂਢ ਚ ਰਹਿੰਦੇ,ਕੁੱਝ ਨੌਜਵਾਨ ਦਰਿੰਦਿਆਂ ਨੇ,ਪਹਿਲਾਂ ਘਰ ਚੋਂ ਅਗਵਾ ਕੀਤਾ।
ਫੇਰ ਉਸਦੇ ਕੇਸ਼ ਕੱਟੇ ਅਤੇ ਉਹਦੇ ਗਲ ਚ ਛਿੱਤਰਾਂ ਦਾ ਹਾਰ ਪਾਇਆ ਅਤੇ ਉਹਦਾ ਮੂੰਹ ਕਾਲਾ ਕਰਕੇ ,ਉਸਨੂੰ ਬਜਾਰ ਚ ਘੁੰਮਾਇਆ।ਜਿਹੜਾ ਕਿ ਬੜਾ ਹੀ ਸ਼ਰਮਨਾਕ ਕਾਰਾ ਸੀ।ਸਭ ਤੋਂ ਵੱਡੀ ਤੇ ਅਣਹੋਣੀ ਗੱਲ ਇਹ ਵੀ ਸੀ,ਕਿ ਇਸ ਦਰਦਨਾਕ ਕਾਰੇ ਚ,ਕੁੱਝ ਨਬਾਲਗ ਅਤੇ ਜਿਆਦਾਤਰ ਔਰਤਾਂ ਵੀ ਸਾਮਲ ਸਨ। ਇਸ ਸਾਰੇ,ਅਣਮਨੁੱਖੀ ਕਾਰੇ ਵਾਰੇ ਜੋ ਵੀ ਜਾਣਕਾਰੀ ਮਿਲੀ ਹੈ,ਉਹ ਇਹ ਹੈ,ਕਿ ਇਸ ਲੜਕੀ ਦੇ ਗੁਆਂਢ ਚ ਰਹਿੰਦਾ ਇੱਕ ਆਵਾਰਾ ਕਿਸਮ ਦਾ 15-16 ਸਾਲ ਦਾ ਲੜਕਾ ਉਹਦੇ ਨਾਲ ਜਬਰੀ,ਇੱਕ ਪਾਸੜ ਸਰੀਰਕ ਸਬੰਧ ਬਣਾਉਣਾ ਚਾਹੁੰਦਾ ਸੀ।ਜਿਸ ਤੋਂ ਇਹ ਲੜਕੀ,ਲਗਾਤਾਰ ਇਨਕਾਰ ਕਰਦੀ ਆ ਰਹੀ ਸੀ।ਪਰ ਅਫਸੋਸ,ਕਿ ਉਸ ਲੜਕੇ ਦੇ ਦਿਮਾਗ ਤੇ ਐਨਾ ਜਨੂੰਨ ਸਵਾਰ ਸੀ,ਕਿ ਉਸਨੇ ਆਪਣੀ ਚਾਲ ਕਾਮਯਾਬ ਨਾ ਹੁੰਦੀ ਵੇਖਕੇ, ਆਤਮ ਹੱਤਿਆ ਕਰ ਲਈ।ਜਿਸਦੇ ਸਾਰੇ ਕਸੂਰ ਦਾ ਭਾਂਡਾ,ਉਸ ਨਿਰਦੋਸ਼ ਲੜਕੀ ਦੇ ਸਿਰ ਮੜ੍ਹ ਦਿੱਤਾ,ਜੋ ਕਿ ਕਿਸੇ ਵੀ ਤਰ੍ਹਾਂ ਜਾਇਜ ਨਹੀਂ ਹੈ।
ਪਰ ਅਫਸੋਸ ਕਿ ਆਪਣੀ ਸੌੜੀ ਮਾਨਸਿਕਤਾ ਅਤੇ ਸਾਰੇ ਸੰਵਿਧਾਨਿਕ ਅਤੇ ਸਮਾਜਿਕ ਅਸੂਲਾਂ ਨੂੰ ਛਿੱਕੇ ਤੇ ਟੰਗ ਕੇ,ਉਸ ਪਰਿਵਾਰ ਦੇ ਕੁੱਝ ਸਿਰਫਿਰੇ ਲੋਕਾਂ ਅਤੇ ਔਰਤਾਂ ਨੇ ਉਸਨੂੰ, ਇਸ ਕਸੂਰ ਦੇ ਬਦਲੇ ਪਹਿਲਾਂ ਬੁਰੀ ਤਰ੍ਹਾਂ ਕੁੱਟਿਆ ਅਤੇ ਫੇਰ ਇਹ ਸਾਰੇ ਅਣਮਨੁੱਖੀ ਕਾਰੇ ਨੂੰ ਅੰਜਾਮ ਦਿੱਤਾ।ਜਿਹੜੇ ਕਿ ਆਜਾਦ ਦੇਸ਼ ਦੇ ਮੱਥੇ ਤੇ ਕਲੰਕ ਤਾਂ ਹਨ ਹੀ,ਸਗੋਂ ਇਹ ਤਾਂ ਇੱਕ ਸੱਭਿਅਕ ਸਮਾਜ ਦੇ ਮੱਥੇ ਤੇ ਵੀ, ਇੱਕ ਬਦ ਨੁਮਾ ਦਾਗ ਹੈ।ਜਿਹੜਾ ਕਿਸੇ ਵੀ ਹਾਲਤ,ਅਤੇ ਕਿਸੇ ਵੀ ਕੀਮਤ ਤੇ ਧੋਇਆ ਨਹੀਂ ਜਾ ਸਕਦਾ ਪਰ ਹੁਣ,ਸੋਚਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ,ਕਿ ਇੱਕ ਆਜਾਦ ਦੇਸ਼ ਦਾ ਕੋਈ ਨਾ ਕੋਈ ਕਾਨੂੰਨ ਵੀ ਤਾਂ ਹੁੰਦਾ ਹੈ।ਵੈਸੇ ਤਾਂ,ਇਸ ਸਬੰਧੀ,ਜੋ ਵੀ ਜਾਣਕਾਰੀ ਮਿਲ ਰਹੀ ਹੈ,ਉਹਦੇ ਮੁਤਾਬਕ ਉਸ ਲੜਕੀ ਦਾ ਕੋਈ ਕਸੂਰ ਨਹੀਂ ਸੀ।ਪਰ ਅਗਰ ਮੰਨ ਵੀ ਲਿਆ ਜਾਵੇ,ਕਿ ਉਸ ਲੜਕੀ ਦਾ ਕੋਈ ਕਸੂਰ ਹੈ,ਤਾਂ ਉਹਨੂੰ ਉਹਦੇ ਕਸੂਰ ਦੀ ਸ਼ਜਾ ਦਿਵਾਉਣ ਲਈ ਦੇਸ਼ ਦੀਆਂ ਅਦਾਲਤਾਂ ਹਨ ਅਤੇ ਉਸ ਸ਼ਜਾ ਲਈ ਕਾਨੂੰਨੀ ਪ੍ਰਕ੍ਰਿਆ ਚੋਂ ਲੰਘਣਾ ਵੀ ਤਾਂ ਜਰੂਰੀ ਹੁੰਦਾ ਹੈ।ਪਰ ਅਫਸੋਸ,ਕਿ ਜੋ ਇਹ ਸਭ ਕੁੱਝ ਹੋਇਆ ਹੈ,ਉਹ ਸਭ ਕੁੱਝ ,ਕਿਸੇ ਵੀ ਤਰ੍ਹਾਂ ਜੰਗਲ ਰਾਜ ਤੋਂ ਭੋਰਾ ਵੀ ਘੱਟ ਨਹੀਂ ਹੈ।
ਸਭ ਤੋਂ ਵੱਡੀ ਤੇ ਵਿਲੱਖਣ ਗੱਲ ਤਾਂ ਇਹ ਹੈ,ਕਿ ਇਹ ਕਾਰਾ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਾਪਰਿਆ ਹੈ।ਜਿਸ ਦਾ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ,ਆਪਣੇ ਆਪਨੂੰ ਦੇਸ਼ ਦੀਆਂ ਔਰਤਾਂ ਦਾ ਰਖਵਾਲਾ ਅਤੇ ਉਹਨਾਂ ਦੇ ਹਰ ਤਰ੍ਹਾਂ ਦੇ ਮਾਣ ਸਤਿਕਾਰ ਨੂੰ ਕਾਇਮ ਰੱਖਣ ਦੇ ਦਮਗਜੇ ਮਾਰਦਾ ਨਹੀਂ ਥੱਕਦਾ।ਇਸ ਤੋਂ ਇਲਾਵਾ,ਦਿੱਲੀ ਦੀ ਪੁਲਿਸ ਦਾ ਸਾਰਾ ਪ੍ਰਬੰਧ ਵੀ ਤਾਂ, ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦੇ ਕੋਲ ਹੈ।ਪਰ ਅਫਸੋਸ,ਕਿ ਕਿੰਨੇ ਦਿਨ ਬੀਤ ਜਾਣ ਦੇ ਬਾਵਜੂਦ,ਕੋਈ ਅਜਿਹੀ ਜਾਣਕਾਰੀ ਨਹੀਂ ਮਿਲੀ।ਜਿਸਦੇ ਅਨੁਸਾਰ,ਦੋਸ਼ੀਆਂ ਨੂੰ ਬਣਦੀ ਸ਼ਜਾ ਦਾ ਕੋਈ ਉੱਚਿੱਤ ਪ੍ਰਬੰਧ ਕੀਤਾ ਗਿਆ ਹੋਵੇ,ਜਿਹੜੀ ਕਿ ਬੜੀ ਹੀ ਮੰਦਭਾਗੀ ਗੱਲ ਹੈ। ਇਸ ਅਣਮਨੁੱਖੀ ਕਾਰੇ ਦੇ ਸਬੰਧ ਚ,ਬਹੁਤ ਸਾਰੀਆਂ ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ,ਕਿ ਕੋਈ ਇਸ ਕਾਂਡ ਨੂੰ ਧਰਮ ਨਾਲ ਜੋੜਕੇ ਵੇਖ ਰਿਹਾ ਹੈ।ਕੋਈ ਇਸਨੂੰ ਹਿੰਦੂਆਂ ਵੱਲੋਂ,ਸਿੱਖਾਂ ਨਾਲ ਜਿਆਦਤੀ ਦਾ ਨਾਮ ਦੇ ਰਿਹਾ ਹੈ।ਭਾਵੇਂ,ਅਸੀਂ ਸਮਾਜ ਚ ਵੱਖ 2 ਧਰਮਾਂ ਦੇ ਲੋਕ ਰਹਿ ਰਹੇ ਹਾਂ ਅਤੇ ਧਰਮ ਸਾਡਾ ਨਿੱਜੀ ਮਾਮਲਾ ਹੈ।ਪਰ ਅਫਸੋਸ ਤਾਂ ਉਸ ਵਕਤ ਹੁੰਦਾ ਹੈ,ਜਦੋਂ ਅਜਿਹੇ ਕਿਸੇ ਅਣਮਨੁੱਖੀ ਕਾਰੇ ਨੂੰ,ਇਨਸਾਨੀਅਤ ਦੀ ਅੱਖ ਨਾਲ ਵੇਖਣ ਦੀ ਵਜਾਏ,ਕਿਸੇ ਧਰਮ ਨਾਲ ਜੋੜਕੇ ਵੇਖਿਆ ਜਾਣ ਲੱਗ ਪੈਂਦਾ ਹੈ,ਜੋ ਕਿ ਬੜਾ ਹੀ ਦੁੱਖਦਾਈ ਹੁੰਦਾ ਹੈ।
ਮੁੱਕਦੀ ਗੱਲ ਤਾਂ ਇਹ ਹੈ,ਕਿ ਇਹ ਜੋ ਅਣਮਨੁੱਖੀ ਕਾਰਾ ਦੇਸ਼ ਦੀ ਰਾਜਧਾਨੀ ਦਿੱਲੀ ਚ ਹੋਇਆ ਹੈ,ਉਹ ਕਿਸੇ ਧਰਮ ਨਾਲ ਸਬੰਧਤ ਹੋਣ ਤੋਂ ਪਹਿਲਾਂ,ਇਨਸਾਨੀਅਤ ਨੂੰ ਲੀਰੋ ਲੀਰ ਕਰਨ ਵਾਲਾ ਹੈ।ਕਿਉਂਕਿ, ਅਗਰ ਅਜਿਹਾ ਕਾਰਾ,ਕਿਸੇ ਵੀ ਧਰਮ ਦੀ ਲੜਕੀ ਜਾਂ ਔਰਤ ਨਾਲ ਹੋਇਆ ਹੁੰਦਾ,ਤਾਂ ਉਹ ਬੜਾ ਹੀ ਨਿੰਦਣਯੋਗ ਸੀ।ਸੋ ਸਾਨੂੰ ਸਾਰੇ ਹੀ ਦੇਸ਼ ਵਾਸ਼ੀਆਂ ਅਤੇ ਇਨਸਾਫ਼ ਪਸੰਦ ਜਥੇਬੰਦੀਆਂ ਨੂੰ ਇਸ ਕਾਰੇ ਦੀ ਪੁਰਜੋਰ ਨਿਖੇਧੀ ਵੀ ਕਰਨੀ ਚਾਹੀਦੀ ਹੈ ਅਤੇ ਉਸ ਪੀੜਤ ਲੜਕੀ ਅਤੇ ਉਹਦੇ ਪਰਿਵਾਰ ਨਾਲ ਖੜ੍ਹਨਾ ਚਾਹੀਦਾ ਹੈ। ਅਗਰ ਅਜਿਹੇ ਮੁੱਦਿਆਂ ਤੇ ਕੋਈ ਧਾਰਮਿਕ ਜਥੇਬੰਦੀ ਜਾਂ ਫਿਰ ਕੋਈ ਰਾਜਨੀਤਕ ਪਾਰਟੀ ਇਸ ਕਾਰੇ ਨੂੰ ਹਿੰਦੂ ਸਿੱਖਾਂ ਦਾ ਮਸਲਾ ਖੜ੍ਹਾ ਕਰਦੀ ਹੈ,ਤਾਂ ਇਸ ਤੋਂ ਜਿਆਦਾ ਨਿੰਦਣਯੋਗ ਅਤੇ ਘਟੀਆ ਹਰਕਤ ਹੋਰ ਕੀ ਹੋ ਸਕਦੀ ਹੈ।ਇਸ ਤੋਂ ਇਲਾਵਾ,ਦੇਸ਼ ਦੀ ਹਰ ਰਾਜਨੀਤਕ ਪਾਰਟੀ ਨੂੰ ਵੀ,ਇਸ ਦੀ ਸਾਰੇ ਸਮਾਜਿਕ ਅਤੇ ਧਾਰਮਿਕ ਮੱਤਭੇਦਾਂ ਤੋਂ ਉੱਪਰ ਉੱਠਕੇ ਨਿਖੇਧੀ ਕਰਨੀ ਚਾਹੀਦੀ ਹੇ,ਤਾਂ ਕਿ ਆਉਣ ਵਾਲੇ ਸਮੇਂ ਚ ਅਜਿਹੇ ਸ਼ਰਾਰਤੀ ਅਤੇ ਗੁੰਡਾ ਅਨਸ਼ਰਾਂ ਨੂੰ ਅਜਿਹੇ ਕਾਰਨਾਮਿਆਂ ਨੂੰ ਅੰਜਾਮ ਦੇਣ ਲਈ ਹੋਰ ਹੱਲਾਸ਼ੇਰੀ ਨਾ ਮਿਲ ਸਕੇ ਅਤੇ ਸਮਾਜ ਦੇ ਹਰ ਵਰਗ ਦੀਆਂ ਲੜਕੀਆਂ/ਔਰਤਾਂ ਦੀ ਇੱਜਤ ਮਹਿਫੂਜ ਰਹਿ ਸਕੇ।ਕਿਉਂਕਿ,ਅਜਿਹੀ ਘਟੀਆ ਸੋਚ ਰੱਖਣ ਵਾਲੇ ਲੋਕ, ਨਾ ਹੀ ਕਿਸੇ ਦੇ ਮਿੱਤ ਹੁੰਦੇ ਹਨ ਅਤੇ ਨਾ ਹੀ ਕਿਸੇ ਦੇ ਸਕੇ ਸੋਧਰੇ ਹੀ ਹੋ ਸਕਦੇ ਹਨ।
93169 10402
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.