News

ਅਮਲੋਹ ਵਿਖੇ ਕਰੀਬ 08 ਕਰੋੜ ਰੁਪਏ ਨਾਲ ਕਮਿਊਨਿਟੀ ਹੈਲਥ ਸੈਂਟਰ ਨੂੰ ਉਪ ਮੰਡਲ ਹਸਪਤਾਲ ਵਜੋਂ ਕੀਤਾ ਜਾਵੇਗਾ ਅਪਗਰੇਡ

50 ਬੈੱਡਾਂ ਦਾ ਬਣੇਗਾ ਹਸਪਤਾਲ

ਸਹਿਕਾਰਤਾ ਤੇ ਜੇਲ੍ਹਾਂ ਮੰਤਰੀ, ਸੁਖਜਿੰਦਰ ਸਿੰਘ ਰੰਧਾਵਾ ਨੇ ਰੱਖਿਆ ਨੀਂਹ ਪੱਥਰ

ਅਮਲੋਹ/ ਫ਼ਤਹਿਗੜ੍ਹ ਸਾਹਿਬ, 14 ਅਗਸਤ

ਲੋਕਾਂ ਦੀ ਚਿਰਕੋਣੀ ਮੰਗ ਦੇ ਮੱਦੇਨਜ਼ਰ ਤੇ ਸਿਹਤ ਸੇਵਾਵਾਂ ਵਿੱਚ ਵੱਡੇ ਪੱਧਰ ਉਤੇ ਸਕਾਰਾਤਮਕ ਤਬਦੀਲੀ ਲਿਆਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ 08 ਕਰੋੜ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਹੈਲਥ ਸੈਂਟਰ, ਅਮਲੋਹ ਨੂੰ 50 ਬੈੱਡਾਂ ਦੇ ਉਪ ਮੰਡਲ ਹਸਪਤਾਲ ਵਜੋਂ ਵਿਕਸਤ ਕੀਤਾ ਜਾਵੇਗਾ, ਜਿਸ ਨਾਲ ਲੋਕਾਂ ਨੂੰ ਵੱਡੀ ਗਿਣਤੀ ਸਿਹਤ ਸਹੂਲਤਾਂ ਉਨ੍ਹਾਂ ਨੂੰ ਘਰਾਂ ਨੇੜੇ ਹੀ ਮਿਲ ਸਕਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਿਕਾਰਤਾ ਤੇ ਜੇਲ੍ਹਾਂ ਮੰਤਰੀ, ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।

 

ਇਸ ਮੌਕੇ ਸ. ਰੰਧਾਵਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਪਹਿਲੇ ਚਰਨ ਵਿੱਚ 04 ਕਰੋੜ ਰੁਪਏ ਸਰਕਾਰ ਜਾਰੀ ਕਰ ਦਿੱਤੇ ਗਏ ਹਨ। ਇਸ ਉਪ ਮੰਡਲ ਹਸਪਤਾਲ ਵਿਖੇ ਗਰਾਊਂਫ ਫਲੋਰ ਵਿਖੇ ਰਿਜਸਟਰੇਸ਼ਨ, ਰਿਕਾਰਡ ਰੂਮ, ਫਾਰਮੈਸੀ ਮੈਡੀਕਲ ਸਟੋਰ, ਓ.ਪੀ.ਡੀ., ਟੀਕਾਕਰਨ ਖੇਤਰ, ਅਲਟਰਾਸਾਊਂਡ ਰੂਮ, ਈ.ਸੀ.ਜੀ. ਰੂਮ, ਲੈਬਾਰਟਰੀ, ਐਕਸ ਰੇਅ ਰੂਮ, ਪਲਾਸਟਰ ਰੂਮ, ਐਮਰਜੈਂਸੀ ਖੇਤਰ ਸਮੇਤ ਮਾਈਨਰ ਅਪਰੇਸ਼ਨ ਥੀਏਟਰ ਤੇ ਐਮਰਜੈਂਸੀ ਵਾਰਡ, ਡਾਕਟਰ ਤੇ ਨਰਸ ਰੂਮ ਬਣਾਏ ਜਾਣਗੇ। ਮੌਜੂਦਾ ਵਾਰਡਾਂ ਨੂੰ ਆਈਸੋਲੇਸ਼ਨ ਵਾਰਡਾਂ ਵਿੱਚ ਤਬਦੀਲ ਕੀਤਾ ਜਾਵੇਗਾ ਤੇ ਉਨ੍ਹਾਂ ਲਈ ਐਂਟਰੀ ਵੀ ਵੱਖਰੀ ਰੱਖੀ ਜਾਵੇਗੀ।

ਹਸਪਤਾਲ ਦੀ ਪਹਿਲੀ ਮੰਜ਼ਿਲ ਉਤੇ ਮੈਟਰਨਿਟੀ ਖੇਤਰ ਸਮੇਤ ਟਰਾਈਏਜ਼ ਖੇਤਰ, ਡਾਕਟਰ ਰੂਮ, ਨਰਸ ਰੂਮ, ਮੈਡੀਸਨ ਸਟੋਰ, ਪ੍ਰੀ ਡਲਿਵਰੀ ਰੂਮ, ਪ੍ਰੋਸਟ ਡਲਿਵਰੀ ਰੂਮ, ਲੇਬਰ ਓਟੀ, ਐਮ ਟੀ ਪੀ ਰੂਮ, ਨਵ ਜਨਮੇ ਬੱਚਿਆਂ ਲਈ ਐਸਐਨਸੀਯੂ ਯੂਨਿਟ ਆਦਿ ਬਣਾਏ ਜਾਣਗੇ।

 

ਦੂਜੀ ਮੰਜ਼ਿਲ ਉਤੇ ਐਸ ਐਮ ਓ ਦਫ਼ਤਰ, ਸਟਾਫ ਦਫ਼ਤਰ, ਪੁਰਸ਼ ਵਾਰਡ, ਮਹਿਲਾ ਵਾਰਡ, ਡਾਕਟਰ ਰੂਮ, ਨਰਸ ਸਟੇਸ਼ਨ, ਮੈਡੀਸਨ ਰੂਮ ਅਤੇ ਟਰੀਟਮੈਂਟ ਰੂਮ ਬਣਾਏ ਜਾਣਗੇ।

ਸ. ਰੰਧਾਵਾ ਨੇ ਕਿਹਾ ਕਿ ਪਹਿਲਾਂ ਇਸ ਖੇਤਰ ਦੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਦੂਰ ਜਾਣਾ ਪੈਂਦਾ ਸੀ ਪਰ ਹੁਣ ਇਸ ਹਸਪਤਾਲ ਦੇ ਬਣਨ ਨਾਲ ਲੋਕਾਂ ਦੀਆਂ ਮੁਸ਼ਕਲਾਂ ਘਟਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਰੋਨਾ ਨਾਲ ਨਿੱਠ ਕੇ ਜੰਗ ਲੜੀ ਹੈ ਤੇ ਇਸ ਲੜਾਈ ਨੂੰ ਪੱਕੇ ਤੌਰ ਉੱਤੇ ਜਿੱਤਣ ਲਈ ਸਿਹਤ ਸਹੂਲਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।

 

ਇਸ ਮੌਕੇ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਇਸ ਹਸਪਤਾਲ ਨੂੰ ਅਪਗਰੇਡ ਕਰ ਕੇ ਇੱਥੇ ਸਿਹਤ ਸਹੂਲਤਾਂ ਵਧਾਉਣ ਦੀ ਲੋਕਾਂ ਦੀ ਮੰਗ ਪੂਰੀ ਹੋਣ ਜਾ ਰਹੀ ਹੈ, ਜਿਸ ਸਦਕਾ ਅਮਲੋਹ ਵਾਸੀਆਂ ਦੀਆਂ ਮੁਸ਼ਕਲਾਂ ਘਟਣਗੀਆਂ। ਉਨ੍ਹਾਂ ਕਿਹਾ ਕਿ ਲੋਕਾਂ ਨੇ ਨੁਮਾਇੰਦੇ ਦੇ ਰੂਪ ਵਿੱਚ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ, ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੇ ਹਨ ਤੇ ਹਲਕੇ ਨੂੰ ਮਿਸਾਲੀ ਹਲਕਾ ਬਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੋ ਹਲਕਾ ਵਿਧਾਇਕ ਨੇ ਸੁਖਜਿਦੰਰ ਸਿੰਘ ਰੰਧਾਵਾ ਕੋਲੋ 10 ਲੱਖ ਰੁਪਏ ਦੀ ਮੰਗ ਵੀ ਕੀਤੀ ਜਿਸ ਨਾਲ ਬ੍ਰਾਹਮਣ ਸਭਾ ਦੀ ਧਰਮਸ਼ਾਲਾ ਅਤੇ ਗੁਰਦੁਆਰਾ ਸਾਹਿਬ ਲਈ ਲੰਗਰ ਹਾਲ ਬਣਾਇਆ ਜਾਵੇਗਾ। ਕੈਬਨਿਟ ਮੰਤਰੀ ਵੱਲੋਂ ਇਹ ਮੰਗ ਮੌਕੇ ਤੇ ਹੀ ਪੂਰੀ ਕਰ ਦਿੱਤੀ ਗਈ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ, ਐਸ ਐਸ ਪੀ ਸ਼੍ਰੀਮਤੀ ਅਮਨੀਤ ਕੌਂਡਲ, ਏ ਡੀ ਸੀ (ਜਨਰਲ) ਸ਼੍ਰੀ ਰਾਜੇਸ਼ ਧੀਮਾਨ, ਏ ਡੀ ਸੀ (ਵਿਕਾਸ) ਸ.ਹਰਦਿਆਲ ਸਿੰਘ ਚੱਠਾ, ਐਸ ਡੀ ਐਮ ਸ੍ਰੀ ਨਮਨ ਮੜਕਨ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੈਅਰਮੈਨ ਸ੍ਰੀ ਹਰਿੰਦਰ ਸਿੰਘ ਭਾਂਬਰੀ, ਨਗਰ ਕੌਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ਼, ਨਗਰ ਕੌਸਲ ਅਮਲੋਹ ਦੇ ਪ੍ਰਧਾਨ ਡਾ ਹਰਪ੍ਰੀਤ ਸਿੰਘ, ਸ਼੍ਰੀ ਰਾਮ ਕ੍ਰਿਸ਼ਨ ਭੱਲਾ, ਸ਼੍ਰੀ ਸੰਜੀਵ ਦੱਤਾ ਸਮੇਤ ਹੋਰ ਪੰਤਵੰਤੇ ਵੀ ਹਾਜਰ ਸਨ।

 

ਕੈਪਸ਼ਨ: ਸਹਿਕਾਰਤਾ ਤੇ ਜੇਲ੍ਹਾਂ ਮੰਤਰੀ, ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ, ਹਸਪਤਾਲ ਦੀ ਅਪਗਰੇਡੇਸ਼ਨ ਦਾ ਨੀਂਹ ਪੱਥਰ ਰੱਖਦੇ ਹੋਏ। ਉਨ੍ਹਾਂ ਨਾਲ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਵੀ ਦਿਖਾਈ ਦੇ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button